ਇੱਕ ਸਿਰਮੌਰ ਅੰਬੇਡਕਰੀ ਤੇ ਬੋਧੀ ਸਖਸ਼ੀਅਤ – ਸ਼੍ਰੀ ਲਾਹੌਰੀ ਰਾਮ ਬਾਲੀ ਜੀ

L.R. Balley

– ਪ੍ਰਿੰਸੀਪਲ ਪਰਮਜੀਤ ਜੱਸਲ

(ਸਮਾਜ ਵੀਕਲੀ)- ਅੱਜ ਸ਼੍ਰੀ ਲਾਹੌਰੀ ਰਾਮ ਬਾਲੀ ਜੀ, ਸਰੀਰਕ ਤੌਰ ’ਤੇ ਭਾਵੇਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ| ਪਰ ਉਹਨਾਂ ਦੀਆਂ ਲਿਖਤਾਂ ਅਤੇ ਵਿਚਾਰਧਾਰਾ ਅੰਬੇਡਕਰੀ ਤੇ ਬੋਧੀਆਂ ਦੇ ਦਿਲਾਂ ’ਚ ਯਾਦ ਬਣ ਕੇ ਹਮੇਸ਼ਾ ਕਾਇਮ ਰਹਿਣਗੀਆਂ| ਇੱਕ ਯੁੱਗ ਦੇ ਅੰਤ ਨੇ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਹੁਣ ਬਾਬਾ ਸਾਹਿਬ ਜੀ ਦੇ ਕਾਫ਼ਲੇ ਨੂੰ ਮੰਜ਼ਿਲ ’ਤੇ ਪਹੁੰਚਾਉਣ ਲਈ ਸਾਨੂੰ ਇਕਮੁੱਠ ਹੋ ਕੇ, ਚੱਲਣਾ ਪਵੇਗਾ| ਆਪਣੇ ਆਪ ’ਚ ਮਜ਼ਬੂਤੀ ਲਿਆਉਣੀ ਹੋਵੇਗੀ| ਆਪਣੇ ’ਚੋਂ ਈਰਖਾ ਭਾਵਨਾ ਨੂੰ ਤਿਆਗ ਕੇ ਇੱਕ ਮੰਚ ’ਤੇ ਇਕੱਠੇ ਹੋਣਾ ਪਵੇਗਾ ਤਾਂ ਹੀ ਬਾਬਾ ਸਾਹਿਬ ਜੀ ਦੇ ਅਧੂਰੇ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਹੈ|

ਪਰਿਵਾਰਿਕ ਪਿਛੋਕੜ — ਚੌਧਰੀ ਇੰਦਰ ਰਾਮ (ਬਾਬਾ) ਆਦਿ-ਧਰਮ ਮੰਡਲ ਦੇ ਸਿਰ ਕੱਢ ਮੈਂਬਰ ਸਨ| ਉਹ ਮਹਾਂਰਾਸ਼ਟਰ-ਗੁਜਰਾਤ ਤੋਂ ਪੰਜਾਬ ਆਏ ਸਨ| ਉਹਨਾਂ ‘‘ਭਰਮ ਤੋੜ’’ ਰਚਨਾ ਵੀ ਲਿਖੀ| ਉਹ ਗਰੀਬਾਂ ਤੇ ਪੀੜਤਾਂ ਦੀ ਮੱਦਦ ਕਰਦੇ ਤੇ ਕਈ ਵਾਰੀ ਉਹਨਾਂ ਦੇ ਹੱਕ ’ਚ ਮੁਕੱਦਮੇ ਵੀ ਲੜਦੇ| ਉਹਨਾਂ ਦੇ 3 ਬੇਟੇ – ਹਰਨਾਮ ਦਾਸ, ਭਗਵਾਨ ਦਾਸ, ਗੁਰਸ਼ਰਨ ਦਾਸ ਤੇ ਇੱਕ ਬੇਟੀ ਸਨ, ਜੋ ਪੜ੍ਹੇ-ਲਿਖੇ ਸਨ| ਦਾਦੇ ਦਾ ਸੁਭਾਅ ਕੁਝ ਸਖਤ ਸੀ, ਜਿਸ ਕਰਕੇ ਸਾਰੇ ਪਰਿਵਾਰ ਵਾਲੇ ਉਸ ਤੋਂ ਡਰਦੇ ਸਨ| ਘਰ ਦੇ ਉਪਰ ਚੁਬਾਰਾ ਸੀ| ਗੁਰਸ਼ਰਨ ਦਾਸ ਹਕੀਮ ਸਨ| ਭਗਵਾਨ ਦਾਸ ਜੀ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ| ਉਹਨਾਂ ਨੂੰ ਗਾਉਣ-ਵਜਾਉਣ ਦਾ ਵੀ ਸ਼ੌਕ ਸੀ| ਔਰਤਾਂ ਨੂੰ ਘਰ ’ਚ ਚੱਕੀ ’ਤੇ ਆਟਾ ਪੀਸਣਾ ਪੈਂਦਾ ਸੀ, ਜੋ ਬਹੁਤ ਮੇਹਨਤੀ ਸਨ|

ਜਨਮ ਤੇ ਮਾਤਾ-ਪਿਤਾ – ਆਪ ਜੀ ਦਾ ਜਨਮ 20 ਜੁਲਾਈ 1930 ਨੂੰ, ਜਿਲ੍ਹਾ ਜਲੰਧਰ, ਤਹਿਸੀਲ ਨਵਾਂਸ਼ਹਿਰ (ਜੋ ਜਿਲ੍ਹਾ ਬਣ ਗਿਆ ਹੈ) ’ਚ ਪਿਤਾ ਸਤਿਕਾਰਯੋਗ ਭਗਵਾਨ ਦਾਸ ਜੀ ਦੇ ਗ੍ਰਹਿ ਵਿਖੇ, ਮਾਤਾ ਸਤਿਕਾਰਯੋਗ ਪ੍ਰੇਮੀ ਜੀ ਦੀ ਕੁੱਖੋਂ ਹੋਇਆ| ਪਿਤਾ ਜੀ ਵਧੀਆ ਕਾਰੀਗਰ ਤੇ ਕਵੀ ਵੀ ਸਨ| ਸ਼ਿਕਾਰ ਖੇਡਣ ਦਾ ਵੀ ਸ਼ੌਂਕ ਸੀ|

ਭੈਣ-ਭਰਾ – ਆਪ 6 ਭਰਾ – ਜਗਨ ਨਾਥ, ਬਿਹਾਰੀ ਲਾਲ ਖਾਰ, ਲਾਹੌਰੀ ਰਾਮ ਬਾਲੀ, ਰਾਜ ਕੁਮਾਰ, ਮਦਨ ਲਾਲ, ਰਾਮ ਸਰੂਪ ਤੇ ਭੈਣ ਸੱਤਿਆ ਸਨ|

ਪੜ੍ਹਾਈ – ਆਪ ਜੀ ਦੀ ਮੁੱਢਲੀ ਪੜ੍ਹਾਈ ਆਰੀਆ ਸਮਾਜ ਸਕੂਲ- ਨਵਾਂ ਸ਼ਹਿਰ ’ਚ ਹੋਈ| ਦੋਆਬਾ ਆਰੀਆ ਸਕੂਲ ’ਚੋਂ 1947 ’ਚ ਮੈਟ੍ਰਿਕ, 610 ਅੰਕ ਲੈ ਕੇ ਫਸਟ ਡਿਵੀਜਨ ’ਚ ਪਾਸ ਕੀਤੀ|

ਵਿਆਹ ਤੇ ਸੰਤਾਨ – ਆਪ ਜੀ ਦਾ ਵਿਆਹ ਮਿਲਖੀ ਰਾਮ ਹਕੀਮਪੁਰ ਦੀ ਸਪੁੱਤਰੀ ਅਜੀਤ ਕੌਰ ਨਾਲ ਹੋਇਆ| ਸਹੁਰੇ ਪਰਿਵਾਰ ਦਾ ਪਾਕਿਸਤਾਨ ’ਚ ਚਮੜਾ ਰੰਗਾਈ ਦਾ ਤਕੜਾ ਕਾਰੋਬਾਰ ਸੀ| 15-20 ਆਦਮੀ ਕੰਮ ਕਰਦੇ ਸਨ| 1947 ਦੀ ਭਾਰਤ-ਪਾਕਿਸਤਾਨ ਵੰਡ ਸਦਕਾ, ਉਹਨਾਂ ਨੂੰ ਸਾਰਾ ਕਾਰੋਬਾਰ ਛੱਡਣਾ ਪਿਆ, ਉਹ ਅੰਮ੍ਰਿਤਸਰ ਆ ਗਏ|

ਆਪ ਜੀ ਦੇ ਦੋ ਬੇਟੇ-ਰਾਹੁਲ ਕੁਮਾਰ, ਅਨੰਦ ਕੁਮਾਰ ਤੇ ਤਿੰਨ ਬੇਟੀਆਂ- ਸ਼ਕੁੰਤਲਾ, ਸੁਨੀਤਾ ਤੇ ਸੁਜਾਤਾ ਹਨ| ਇੱਕ ਬੇਟੀ ਆਪ ਜੀ ਗ੍ਰਹਿ ਦੇ ਸਾਹਮਣੇ ਅਬਾਦਪੁਰਾ ’ਚ ਰਹਿ ਰਹੀ ਹੈ| ਜਿਸ ਦੇ ਪਤੀ ਸ਼੍ਰੀ ਬਲਦੇਵ ਰਾਜ ਭਾਰਦਵਾਜ, ਜੋ ਬੜੇ ਨੇਕ, ਮਿੱਠੇ ਸੁਭਾਅ ਤੇ ਮਿਲਣਸਾਰ ਹਨ| ਉਹਨਾਂ ਬਾਲੀ ਜੀ ਦੀ ਕਾਫ਼ੀ ਸੇਵਾ ਕੀਤੀ ਹੈ|

ਅੰਬੇਡਕਰੀ ਚਿਣਗ – ਆਪ ਜੀ ਨੂੰ ‘‘ਅੰਬੇਡਕਰੀ ਚਿਣਗ’’ ਆਪ ਜੀ ਦੇ ਚਾਚਾ ਗੁਰਸ਼ਰਨ ਦਾਸ ਜੀ ਦੀ ਪ੍ਰੇਰਨਾ ਤੋਂ ਪਈ, ਜੋ ਸੇਠ ਕਿਸ਼ਨ ਦਾਸ ਕਲੇਰ, ਬੂਟਾਂ ਮੰਡੀ ਦੇ ਬਹੁਤ ਨੇੜੇ ਦੇ ਸਹਿਯੋਗੀ ਸਨ| 28 ਅਕਤੂਬਰ 1951 ਨੂੰ, ਜਦੋਂ ਡਾ. ਅੰਬੇਡਕਰ ਜੀ ਜਲੰਧਰ (ਪੰਜਾਬ) ਪਧਾਰੇ ਸਨ| ਬਾਬਾ ਸਾਹਿਬ ਜੀ ਨੇ ਡੀ.ਏ.ਵੀ. ਕਾਲਜ ਜਲੰਧਰ ’ਚ ‘‘ਸੰਸਦੀ ਲੋਕਤੰਤਰ ਦਾ ਭਵਿੱਖ’’ ਵਿਸ਼ੇ ’ਤੇ ਆਪਣਾ ਇਤਿਹਾਸਕ ਭਾਸ਼ਣ ਦਿੱਤਾ ਸੀ| ਇਸ ਤੋਂ ਬਾਅਦ ਬੂਟਾਂ ਮੰਡੀ, ਜਲੰਧਰ ਗਏ ਜਿਥੇ ਅੱਜ ‘‘ਡਾ. ਅੰਬੇਡਕਰ ਭਵਨ, ਜਲੰਧਰ’’ ਉਹਨਾਂ ਦੀ ਯਾਦ ’ਚ ਉਸਾਰਿਆ ਗਿਆ ਹੈ| ਇਸ ਤੋਂ ਬਾਅਦ ਰਾਤ ਸੇਠ ਕਿਸ਼ਨ ਦਾਸ ਜੀ ਦੇ ਗ੍ਰਹਿ ਵਿਖੇ ਰਹੇ| ਚੰਦੋ ਦੀ ਮਜਾਰ ਲੁਧਿਆਣਾ, ਪਟਿਆਲੇ ਵੀ ਆਪਣੇ ਭਾਸ਼ਣ ਦਿੱਤੇ ਸਨ| ਬਾਬਾ ਸਾਹਿਬ ਜੀ ਦਾ ਪੰਜਾਬ ’ਚ ਥਾਂ-ਥਾਂ ਸਵਾਗਤ ਕੀਤਾ ਗਿਆ| ਉਹਨਾਂ ਨੂੰ ਫੁੱਲਾਂ ਦੇ ਹਾਰ, ਗੁਲਦਸਤੇ ਭੇਂਟ ਕੀਤੇ ਗਏ| ਆਪਣੇ ਰਹਿਬਰ ਦੇ ਦਰਸ਼ਣ ਕਰਕੇ ਸ਼ਰਧਾਲੂਆਂ ’ਚ ਜੋਸ਼ ਝਲਕ ਰਿਹਾ ਸੀ| ਉਹ ਬਾਬਾ ਸਾਹਿਬ ਜੀ ਦੀ ਜੈ-ਜੈ ਕਾਰ ਕਰ ਰਹੇ ਸਨ| ਇਹ ਦ੍ਰਿਸ਼ ਦੇਖਣ ਵਾਲਾ ਸੀ, ਜੋ ਸਾਨੂੰ ਤਾਂ ਨਸੀਬ ਨਹੀਂ ਹੋਇਆ, ਪਰ ਸਾਡੇ ਬਜੁਰਗਾਂ ਨੂੰ ਇਹ ਸਮਾਂ ਦੇਖਣ ਨੂੰ ਜਰੂਰ ਮਿਲਿਆ| ‘‘ਜ਼ਿੰਦਗੀ ਦੇ ਕਿੰਨੇ ਹਸੀਨ ਪਲ ਹੋਣਗੇ, ਜੋ ਉਸ ਮੌਕੇ ਦੇ ਪੈਰੋਕਾਰਾਂ ਨੂੰ ਨਸੀਬ ਹੋਏ ਹੋਣਗੇ|’’ ਯਾਦ ਰਹੇ ਕਿ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਗੋਪੀ ਚੰਦ ਭਾਰਗਵ ਨੇ ਨਹਿਰੂ ਮੰਡਲ ਦੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਇੱਕ ਪੱਤਰ ਲਿਖਿਆ ਕਿ ਬਾਬਾ ਸਾਹਿਬ ਨੂੰ ਪੰਜਾਬ ਜਾਣ ਤੋਂ ਰੋਕਿਆ ਜਾਵੇ| ਪਰ ਬਾਬਾ ਸਾਹਿਬ ਤਾਂ ਚੱਟਾਨ ਵਾਂਗ ਸਨ, ਉਹ ਇਹਨਾਂ ਤੋਂ ਨਹੀਂ ਰੁਕੇ| ਸਗੋਂ 3 ਦਿਨਾਂ ਲਈ ਪੰਜਾਬ ਦਾ ਦੌਰਾ ਕੀਤਾ|

ਅੰਬੇਡਕਰੀ ਸਹਿਯੋਗੀ – ਆਪ ਜੀ ਦੇ ਅੰਬੇਡਕਰੀ ਸਹਿਯੋਗੀਆਂ ’ਚ ਸ਼੍ਰੀ ਆਰ.ਸੀ. ਪਾਲ, ਰਿਟਾ. ਜੱਜ, ਸ਼੍ਰੀ ਕੇ.ਸੀ. ਸੁਲੇਖ, ਚੰਡੀਗੜ੍ਹ, ਰਿਟਾ. ਅਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਸਨ| ਜੋ ਆਪ ਜੀ ਦੇ ਨਾਲ ਅੰਬੇਡਕਰੀ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਲਈ ਹਮੇਸ਼ਾ ਹੀ ਖੜ੍ਹੇ ਸਨ| ਸ਼੍ਰੀ ਕੇ.ਸੀ. ਸੁਲੇਖ ਰਾਹੀਂ ਸ਼੍ਰੀ ਬਾਲੀ ਜੀ ਵੀ ਬਾਬਾ ਸਾਹਿਬ ਜੀ ਨੂੰ ਕਈ ਵਾਰ ਮਿਲੇ ਸਨ| ਸ਼੍ਰੀ ਸੁਲੇਖ ਜੀ ‘‘ਉਜਾਲਾ’’ ਉਰਦੂ ਅਖਬਾਰ (ਹਫਤਾਵਾਰੀ) ਕੱਢਦੇ ਸਨ|

ਕਾਰੋਬਾਰ – ਆਪ ਨੌਕਰੀ ਦੀ ਤਲਾਸ਼ ’ਚ ਦਿੱਲੀ ਗਏ| ਉਥੇ ਕੋਇਲੇ ਦੇ ਡਿੱਪੂ ’ਤੇ ਕੰਮ ਕੀਤਾ| ਉਥੋਂ ਹੀ ਕਿਸਮਤ ਜਾਗੀ, ਇੱਕ ਭੱਦਰਪੁਸ਼ ਕੋਇਲਾ ਲੈਣ ਆਇਆ| ਉਸਨੇ ਪੜ੍ਹਿਆ ਲਿਖਿਆ ਦੇਖ ਕੇ ਠਾਕੁਰ ਦਾਸ, ਪ੍ਰਕਾਸ਼ਕ ਗੌਰਮਿੰਟ ਪ੍ਰੈਸ, ਮਿੰਟੋ ਰੋਡ, ਨਵੀਂ ਦਿੱਲੀ ’ਚ 8 ਦਸੰਬਰ 1948 ਨੂੰ ‘‘ਕਾਪੀ ਹੋਲਡਰ’’ ਦੀ ਨੌਕਰੀ ’ਤੇ ਨਿਯੁਕਤ ਕਰ ਦਿੱਤਾ| ਉਥੇ 1948 ਤੋਂ 1954 ਤੱਕ ਰਹੇ| ਜਲੰਧਰ ’ਚ ਡਾਕ ਵਿਭਾਗ ’ਚ ਵੀ ਨੌਕਰੀ ਕੀਤੀ|

ਬੁੱਧ ਜੈਅੰਤੀ ’ਤੇ ਭਾਸ਼ਣ ਤੋਂ ਪ੍ਰਭਾਵਿਤ — 02 ਮਈ, 1950 ’ਚ ਬਾਬਾ ਸਾਹਿਬ- ਲਕਸ਼ਮੀ ਨਰਾਇਣ ਮੰਦਰ (ਬਿਹਾਰ) ਦੇ ਲਾਗੇ ਬਣੇ ‘‘ਬੁੱਧ ਵਿਹਾਰ’’ ’ਚ ਬੁੱਧ ਜੈਅੰਤੀ ਮੌਕੇ ਪਧਾਰੇ ਸਨ| ਉਥੇ ਲਾਹੌਰੀ ਰਾਮ ਬਾਲੀ ਜੀ ਵੀ ਮੌਜੂਦ ਸਨ| ਬਾਬਾ ਸਾਹਿਬ ਜੀ ਦਾ ਸੰਖੇਪ ਭਾਸ਼ਣ ਸੁਣਿਆ, ਜਿਸ ਤੋਂ ‘‘ਬੁੱਧ ਧੰਮ’’ ਪ੍ਰਤੀ ਰੁਚੀ ਪੈਦਾ ਹੋਈ ਤੇ ਆਪ 1963 ’ਚ ‘ਬੋਧੀ’ ਬਣ ਗਏ|

16 ਅਪ੍ਰੈਲ, 1951 ’ਚ ਨਵੀਂ ਦਿੱਲੀ ਵਿਖੇ ‘‘ਡਾ. ਅੰਬੇਡਕਰ ਭਵਨ’’ ਦਾ ਨੀਂਹ ਪੱਥਰ ਬਾਬਾ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ, ਜੋ ਝਾਂਸੀ ਰੋਡ ’ਤੇ ਹੈ| ਬਾਬਾ ਸਾਹਿਬ ਜੀ ਦੀ ਸੁਰੱਖਿਆ ਲਈ ਦੇਵੀ ਸਿੰਘ ਦੇ ਨਾਲ ਮੰਚ ’ਤੇ ਪਿਛੇ ਮੈਂ (ਲਾਹੌਰੀ ਰਾਮ ਬਾਲੀ) ਖੜ੍ਹਾ ਸੀ|

ਸਰਕਾਰੀ ਨੌਕਰੀ ਤੋਂ ਅਸਤੀਫਾ – 6 ਦਸੰਬਰ 1956 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਪ੍ਰੀਨਿਰਵਾਣ ਹੋਇਆ| ਮੈਂ (ਬਾਲੀ) ਉਥੇ ਦਿਨ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਅੰਬੇਡਕਰ ਮਿਸ਼ਨ ਦੇ ਕਾਰਜ ’ਚ ਹਮੇਸ਼ਾ ਲਈ ਜੁੱਟ ਗਿਆ|

17 ਅਕਤੂਬਰ 1966 ਨੂੰ ‘‘ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅੰਬੇਡਕਰੀ) ਦੀ ਸਥਾਪਨਾ ਕੀਤੀ| ਮੈਨੂੰ ਕਈ ਕਾਂਗਰਸੀ ਲੀਡਰਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ| ਪਰ ਮੈਂ ਆਪਣੇ ਨਿਸ਼ਾਨੇ ’ਤੇ ਖੜ੍ਹਾ ਰਿਹਾ|
ਭੀਮ ਪੱਤ੍ਰਿਕਾ – ਭੀਮ ਪੱਤ੍ਰਿਕਾ 14 ਅਪ੍ਰੈਲ 1958 ਨੂੰ ਸ਼ੁਰੂ ਹੋਇਆ| ਇਹ ਉਰਦੂ ਭਾਸ਼ਾ ’ਚ ਮਾਸਿਕ ਪੇਪਰ ਸੀ| ਭੀਮ ਪੱਤ੍ਰਿਕਾ ਦਾ ਮੁੱਖ ਦਫ਼ਤਰ ਜਲੰਧਰ ’ਚ ਨਕੋਦਰ ਰੋਡ (ਹੁਣ ਅੰਬੇਡਕਰ ਮਾਰਗ) ’ਤੇ ਸਥਿਤ ਸੀ| ਦਸੰਬਰ 1964 ’ਚ ਪੁਲਿਸ ਨੇ ਦਫਤਰ ’ਤੇ ਛਾਪੇਮਾਰੀ ਕੀਤੀ ਤੇ ਸਾਰੇ ਰਿਕਾਰਡ ਨੂੰ ਨਸ਼ਟ ਕਰ ਦਿੱਤਾ| ਇਹ ਪੇਪਰ ਅਜੇ ਤੱਕ ਵੀ ਜਲੰਧਰ ਤੋਂ ਪ੍ਰਕਾਸ਼ਤ ਹੋ ਰਿਹਾ ਹੈ, ਪੰਜਾਬੀ, ਅੰਗਰੇਜੀ, ਹਿੰਦੀ ਭਾਸ਼ਾ ’ਚ ਛਪ ਰਿਹਾ ਹੈ|

ਸ਼੍ਰੀ ਲਾਹੌਰੀ ਰਾਮ ਬਾਲੀ ਜੀ ’ਤੇ ਕਈ ਮੁਕੱਦਮੇ ਹੋਏ| 1964 ’ਚ ‘‘ਰਿਪਬਲਿਕਨ ਪਾਰਟੀ’’ ਵਲੋਂ ਅੰਦੋਲਨ ਅਰੰਭਿਆ ਗਿਆ| ਜਿਸ ’ਚ ਲਾਹੌਰੀ ਰਾਮ ਬਾਲੀ ਜੀ ਨੇ ਆਪਣੀ ਪਤਨੀ ਅਜੀਤ ਕੌਰ ਤੇ 2 ਛੋਟੇ ਬੱਚਿਆਂ ਸਮੇਤ 70 ਦਿਨਾਂ ਦੀ ਜੇਲ੍ਹ ਕੱਟੀ| ਪਰ ਬਾਲੀ ਜੀ ਕਦੇ ਵੀ ਡੋਲੇ ਨਹੀਂ| ਸ਼੍ਰੀ ਸੋਹਣ ਲਾਲ ਸਾਂਪਲਾ – ਜਰਮਨੀ ਨੇ ਵੀ ਬਾਲੀ ਜੀ ਨਾਲ ਜੇਲ੍ਹ ਕੱਟੀ|

ਸ਼੍ਰੀ ਬਾਲੀ ਜੀ ਨੇ ਕਈ ਵਾਰ ਇਲੈਕਸ਼ਨ ਵੀ ਲੜੇ| ਸ਼੍ਰੀ ਬਾਲੀ ਨੂੰ ਕਈ ਮੁਕੱਦਮੇ ਵੀ ਸਹਿਣੇ ਪਏ|

ਪ੍ਰਸਿੱਧ ਕਿਤਾਬਾਂ – ਡਾ. ਅੰਬੇਡਕਰ ਜੀਵਨ ਅਤੇ ਮਿਸ਼ਨ, ਰੰਗੀਲਾ ਗਾਂਧੀ, ਮਹਾਤਮਾ ਰਾਵਣ, ਅੰਬੇਡਕਰੀ ਹੋਣ ਦਾ ਅਰਥ (ਆਤਮ ਕਥਾ) ਹਿੰਦੀ ’ਚ, ਹਿੰਦੂ ਧਰਮ ਜਾਂ ਕਲੰਕ, ਬਾਗੀ ਰਹਿਬਰ- ਗੁਰੂ ਰਵਿਦਾਸ, ਡਾ. ਅੰਬੇਡਕਰ ਅਤੇ ਭਾਰਤੀ ਸੰਵਿਧਾਨ, ਆਦਿ ਪ੍ਰਸਿੱਧ ਪੁਸਤਕਾਂ ਸ਼੍ਰੀ ਲਾਹੌਰੀ ਰਾਮ ਬਾਲੀ ਜੀ ਵਲੋਂ ਲਿਖੀਆਂ ਗਈਆਂ ਹਨ|

ਵਿਸ਼ੇਸ਼ ਸਨਮਾਨ – ਸਾਲ 2002-03 ’ਚ ਸ਼੍ਰੀ ਲਾਹੌਰੀ ਰਾਮ ਬਾਲੀ ਜੀ ਨੂੰ ਮੱਧ ਪ੍ਰਦੇਸ਼ ਸਰਕਾਰ ਵਲੋਂ ‘‘ਡਾ. ਬਾਬਾ ਸਾਹਿਬ ਅੰਬੇਡਕਰ ਸਿਮਰਤੀ ਸਨਮਾਨ’’ ਪੁਰਸਕਾਰ ਦਿੱਤਾ ਗਿਆ| ਜਿਸ ’ਚ ਇੱਕ ਲੱਖ ਰੁਪਏ ਦਾ ਚੈਕ ਅਤੇ ਪ੍ਰਸੰਸ਼ਾ ਪੱਤਰ ਦਿੱਤਾ ਗਿਆ|

ਸਮਤਾ ਸੈਨਿਕ ਦਲ – ਸ਼੍ਰੀ ਬਾਲੀ ਜੀ ਨੇ ‘‘ਸਮਤਾ ਸੈਨਿਕ ਦਲ’’ ਪੰਜਾਬ ਇਕਾਈ ਦੀ ਸਥਾਪਨਾ ਕੀਤੀ| ਜਲੰਧਰ ਇਕਾਈ ਦੇ ਸ਼੍ਰੀ ਜਸਵਿੰਦਰ ਵਰਿਆਣਾ ਜੀ ਪ੍ਰਧਾਨ ਹਨ|

ਯਾਤਰਾਵਾਂ – ਸ਼੍ਰੀ ਬਾਲੀ ਜੀ ਨੇ ਕਈ ਦੇਸ਼ਾਂ-ਵਿਦੇਸ਼ਾਂ ’ਚ ਯਾਤਰਾਵਾਂ ਕੀਤੀਆਂ ਹਨ| ਜਿਹਨਾਂ ’ਚ ਉਹਨਾਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਪ੍ਰਚਾਰ ਕੀਤਾ ਹੈ| ਯਾਤਰਾਵਾਂ ’ਚ ਇੰਗਲੈਂਡ, ਕੈਨੇਡਾ, ਪਾਕਿਸਤਾਨ ਆਦਿ| 20 ਜੂਨ 2015 ’ਚ ਕੈਲਗਰੀ ਯੂਨੀਵਰਸਿਟੀ ’ਚ ‘‘ਡਾ. ਅੰਬੇਡਕਰ ਨੇ ਲੋਕਾਂ ਨੂੰ ਕਿਸ ਤਰ੍ਹਾਂ ਪ੍ਰਬੁੱਧ ਕੀਤਾ’’ ਵਿਸ਼ੇ ’ਤੇ ਅੰਗਰੇਜ਼ੀ ’ਚ 35 ਮਿੰਟ ਭਾਸ਼ਣ ਦਿੱਤਾ ਤੇ 25 ਮਿੰਟ ਸਰੋਤਿਆਂ ਦੇ ਸਵਾਲਾਂ ਦੇ ਜੁਆਬ ਦਿੱਤੇ| ਸ਼੍ਰੀ ਹਰਜਿੰਦਰ ਮੱਲ ਅਤੇ ਸ਼੍ਰੀਮਤੀ ਚੈਂਚਲ ਮੱਲ, ਬੀਮਾਰ ਹੋਣ ਦੇ ਕਾਰਣ ਵੀ ਸਮਾਗਮ ’ਚ ਸ਼ਾਮਿਲ ਹੋਏ|

ਬੁੱਧ ਵਿਹਾਰ – ਪੰਜਾਬ ’ਚ ਸਭ ਤੋਂ ਵੱਡੇ ਬੁੱਧ ਵਿਹਾਰਾਂ ’ਚ ਤਕਸ਼ਿਲਾ ਬੁੱਧ ਵਿਹਾਰ, ਲੁਧਿਆਣਾ, ਬੁੱਧਿਸ਼ਟ ਰਿਸੋਰਸ ਸੈਂਟਰ ਤੇ ਡਾ. ਅੰਬੇਡਕਰ ਪੀਸ ਪਗੌਂਡਾ ਸਥਾਪਿਤ ਹੈ|
‘‘ਡਾ. ਅੰਬੇਡਕਰ ਪੀਸ ਪਗੌਂਡਾ ਅਤੇ ਦੀਵਨ ਸਿੰਘ ਮੁਕਤੀ ਧਾਮ’’ ਦਾ ਉਦਘਾਟਨ 1 ਅਪ੍ਰੈਲ 2012 ਨੂੰ ਕੀਤਾ ਗਿਆ| ਇਸ ਦਾ ਇੱਕ ਏਕੜ ਭੂਮੀ ’ਤੇ ਨਿਰਮਾਣ ਕੀਤਾ ਗਿਆ ਹੈ|

ਪ੍ਰੀਨਿਰਵਾਣ – ਸ਼੍ਰੀ ਲਾਹੌਰੀ ਰਾਮ ਬਾਲੀ ਜੀ 6 ਜੁਲਾਈ 2023 ਨੂੰ, ਦਿਲ ਦਾ ਦੌਰਾ ਪੈਣ ’ਤੇ ਸਾਨੂੰ ਸਦੀਵੀ ਵਿਛੋੜਾ ਦੇ ਗਏ| ਜੋ ਕਿ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ| ਸ਼੍ਰੀ ਬਾਲੀ ਜੀ ਸਰੀਰਕ ਤੌਰ ’ਤੇ ਭਾਵੇਂ ਸਾਡੇ ਦਰਮਿਆਨ ਨਹੀਂ ਹਨ| ਪਰ ਵਿਚਾਰਕ ਤੌਰ ’ਤੇ ਸਾਡੇ ਦਿਲਾਂ ’ਚ ਹਮੇਸ਼ਾ ਵਸੇ ਰਹਿਣਗੇ| ਸ਼੍ਰੀ ਬਾਲੀ ਜੀ ਦੁਆਰਾ ‘‘ਡਾ. ਅੰਬੇਡਕਰ ਭਵਨ ਜਲੰਧਰ’’ ਦੇ ਨਿਰਮਾਣ ’ਚ ਬਹੁਤ ਵੱਡਾ ਯੋਗਦਾਨ ਰਿਹਾ ਹੈ| ਇਹ ਇੱਕ ਇਤਿਹਾਸਿਕ ਅਸਥਾਨ ਬਣ ਗਿਆ ਹੈ| ਹਰ ਵਿਅਕਤੀ ਸ਼੍ਰੀ ਬਾਲੀ ਜੀ ਦੇ ਬੋਲਾਂ ਨੂੰ ਸੁਨਣ ਲਈ, ਕਈ-ਕਈ ਘੰਟੇ ਸਮਾਗਮ ’ਚ ਬੈਠੇ ਰਹਿੰਦੇ ਸਨ| ਆਖਿਰ ਬਾਲੀ ਜੀ ਜਦੋਂ ਸਟੇਜ ’ਤੇ ਆਪਣੀ ਤਕਰੀਰ ਕਰਦੇ ਤਾਂ ਸਰੋਤੇ ਚੁੱਪ ਕਰਕੇ ਬੜੇ ਧਿਆਨ ਨਾਲ ਸੁਣਦੇ| 5 ਮਈ 2023 ਨੂੰ ਬੁੱਧ ਜੈਅੰਤੀ ’ਤੇ ਦਿੱਤੇ ਭਾਸ਼ਣ ’ਚ ਸ਼੍ਰੀ ਬਾਲੀ ਨੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੁਆਰਾ ਲਿਖਤ ਪੁਸਤਕ ‘‘ਬੁੱਧਾ ਐਂਡ ਹਿੱਜ਼ ਧੰਮਾ’’ ਦੇ ਅਧਾਰ ’ਤੇ ਕਿਹਾ, ‘‘ਬੁੱਧ ਧਰਮ ਦੋ ਗੱਲਾਂ ’ਤੇ ਅਧਾਰਿਤ ਹੈ ‘‘ਤਰਕਸ਼ੀਲਤਾ ਤੇ ਨੈਤਿਕਤਾ’’| ਇਸ ਲਈ ਬੁੱਧ ਧੰਮ ਦੇ ਸੰਦੇਸ਼ ’ਤੇ ਪਹਿਰਾ ਦਿਓ|

ਅੱਜ ਸ਼੍ਰੀ ਬਾਲੀ ਜੀ, ਭਾਵੇਂ 93 ਸਾਲ ਦੀ ਉਮਰ ਭੋਗ ਕੇ ਚਲੇ ਗਏ ਹਨ| ਉਹਨਾਂ ਦਾ ਇੱਕ-ਇੱਕ ਬੋਲ ਸਾਡੇ ਹਿਰਦਿਆਂ ਤੇ ਦਿਮਾਗਾਂ ’ਚ ਹਮੇਸ਼ਾ ਗੂੰਜਦਾ ਰਹੇਗਾ| ਅੱਜ ਉਹਨਾਂ ਦਾ ਸ਼ਰਧਾਂਜਲੀ ਸਮਾਗਮ ‘ਬੁੱਧ ਰੀਤੀ’ ਨਾਲ ਕੀਤਾ ਜਾ ਰਿਹਾ ਹੈ| ਉਹ ਇੱਕ ਸਿਰਮੌਰ ਅੰਬੇਡਕਰੀ ਤੇ ਬੋਧੀ ਸ਼ਖਸ਼ੀਅਤ ਸਨ| ਉਹਨਾਂ ਦੀ ਵਿਚਾਰਧਾਰਾ ਸਦਾ ਅਮਰ ਰਹੇਗੀ|

ਪ੍ਰਿੰਸੀਪਲ ਪਰਮਜੀਤ ਜੱਸਲ
– ਡਾ. ਅੰਬੇਡਕਰ ਪਬਲਿਕ ਸਕੂਲ, ਬੁਲੰਦਪੁਰ, ਜਲੰਧਰ|
ਮੋਬਾਇਲ – 98721-80653

Previous articleਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਆਯੋਜਿਤ
Next article6,727 kg seized drugs destroyed in Jammu