(ਸਮਾਜ ਵੀਕਲੀ)
ਮੇਰੇ ਲੇਖ ਸੰਗ੍ਰਹਿ ‘ਲੁਕਵਾਂ ਸੱਚ’ ਵਿੱਚੋਂ…
ਗੀਤਕਾਰੀ, ਸਾਹਿਤ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਅਨਿੱਖੜਵਾਂ ਅੰਗ ਹੈ। ਸਾਹਿਤ ਕਿਸੇ ਮੁਲਕ ਜਾਂ ਕੌਮ ਦੇ ਸੱਭਿਆਚਾਰ ਦਾ ਇੱਕ ਅਜਿਹਾ ਦਰਪਣ ਹੁੰਦਾ ਹੈ, ਜਿਸ ਰਾਹੀਂ ਅਸੀਂ ਉਸ ਦੀ ਅਸਲੀ ਤਸਵੀਰ ਦੇਖਣ ਦੇ ਸਮਰੱਥ ਹੋ ਸਕਦੇ ਹਾਂ। ਪੰਜਾਬੀ ਸੱਭਿਆਚਾਰ ਵਿੱਚ ਤਾਂ ਇਸ ਦੀ ਮਹੱਤਤਾ ਹੋਰ ਵੀ ਜ਼ਿਆਦਾ ਹੈ ਕਿਉਂਕਿ ਪੰਜਾਬੀ ਸਾਹਿਤ ਦੇ ਮੋਢੀ ਬਾਬਾ ਫ਼ਰੀਦ ਜੀ ਅਤੇ ਦਸ ਸਿੱਖ ਗੁਰੂ ਸਾਹਿਬਾਨ ਦੀ ਰਚਨਾ ਨੂੰ ਗੁਰਬਾਣੀ ਦਾ ਦਰਜਾ ਪ੍ਰਾਪਤ ਹੈ, ਜਿਸ ਨੂੰ ਲੋਕ ਅਕਾਲ ਪੁਰਖ ਦਾ ਹੁਕਮ ਸਮਝ ਕੇ ਸਤਿਕਾਰਦੇ ਹਨ। ਕਾਵਿ-ਰੂਪ ਸਾਹਿਤ ਦਾ ਉਹ ਰੂਪ ਹੈ, ਜਿਹੜਾ ਹਮੇਸ਼ਾ ਹੀ ਲੋਕਾਂ ਵਿੱਚ ਬੇਹੱਦ ਹਰਮਨ ਪਿਆਰਾ ਰਿਹਾ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਨੂੰ ਗਾਇਆ ਜਾ ਸਕਦਾ ਹੈ ਕਿਉਂਕਿ ਸੰਗੀਤ ਇਸ ਦੇ ਰੂਪ ਨੂੰ ਹੋਰ ਵੀ ਨਿਖਾਰ ਦਿੰਦਾ ਹੈ।
ਇਸੇ ਲਈ ਤਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਰੱਖਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਦਰਬਾਰ ਵਿੱਚ ਬਵੰਜਾ ਕਵੀ ਰੱਖੇ ਹੋਏ ਸਨ, ਅਤੇ ਰੋਜ਼ਾਨਾ ਕਵੀ-ਦਰਬਾਰ ਹੋਇਆ ਕਰਦਾ ਸੀ। ਸਾਹਿਤ ਦੇ ਇਸ ਕਾਵਿ-ਰੂਪ ਵਿੱਚੋਂ ਹੀ ਬਾਅਦ ਵਿੱਚ ਗੀਤਕਾਰੀ ਨੇ ਜਨਮ ਲਿਆ। ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਨੰਦ ਲਾਲ ਨੂਰਪੁਰੀ ਅਤੇ ਸੰਤ ਰਾਮ ਉਦਾਸੀ ਆਦਿ ਕਵੀਆਂ ਦੇ ਲਿਖੇ ਗੀਤ ਅੱਜ ਵੀ ਸਾਡੇ ਗੌਰਵਮਈ ਵਿਰਸੇ ਦੀ ਤਰਜ਼ਮਾਨੀ ਕਰਦੇ ਹਨ। ਇਨ੍ਹਾਂ ਲਿਖਾਰੀਆਂ ਨੇ ਆਪਣੇ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਸੱਚੇ-ਸੁੱਚੇ ਰੂਪ ਨੂੰ ਉਘਾੜਿਆ ਅਤੇ ਸੰਵਾਰਿਆ ਸੀ। ਅੱਜ ਵੀ ਅਸੀਂ ਇਨ੍ਹਾਂ ਦੀਆਂ ਲਿਖੀਆਂ ਰਚਨਾਵਾਂ ’ਤੇ ਮਾਣ ਮਹਿਸੂਸ ਕਰਦੇ ਹਾਂ।
ਪੰਜਾਬੀ ਗੀਤਕਾਰੀ ਦਾ ਇਹ ਰੂਪ ਉਦੋਂ ਤੱਕ ਬਰਕਰਾਰ ਰਿਹਾ, ਜਦੋਂ ਤੱਕ ਲਿਖਾਰੀਆਂ ਦੀ ਭਾਵਨਾ ਲੋਕ-ਪੱਖੀ ਅਤੇ ਪ੍ਰਤੀਬੱਧਤਾ ਵਾਲੀ ਰਹੀ ਪਰ ਉਨ੍ਹਾਂ ਵਿੱਚ ਵਪਾਰਿਕ ਸੋਚ ਦੇ ਪੈਦਾ ਹੁੰਦਿਆਂ ਹੀ ਇਸ ਦਾ ਚਿਹਰਾ-ਮੁਹਰਾ ਬਦਲਣਾ ਸ਼ੁਰੂ ਹੋ ਗਿਆ ਅਤੇ ਇਹ ਆਪਣੇ ਪਤਨ ਵੱਲ ਵਧਣ ਲੱਗੀ। ਪੈਸੇ ਦੀ ਦੌੜ ਵਿੱਚ ਅੰਨ੍ਹੇ ਹੋਏ ਇਨ੍ਹਾਂ ਗੀਤਕਾਰਾਂ ਅਤੇ ਗਾਇਕਾਂ ਨੂੰ ਨਾ ਤਾਂ ਆਪਣੇ ਸੱਭਿਆਚਾਰ ਪ੍ਰਤੀ ਕੋਈ ਹੇਜ ਸੀ ਅਤੇ ਨਾ ਹੀ ਗੀਤਕਾਰੀ ਦੀ ਵਿਰਾਸਤ ਪ੍ਰਤੀ ਲੋੜੀਂਦੀ ਜਾਣਕਾਰੀ। ਪੁਰਾਣੇ ਲਿਖਾਰੀਆਂ ਦੇ ਉਲਟ ਇਨ੍ਹਾਂ ਨੇ ਸਾਡੇ ਸਮਾਜ ਵਿੱਚ ਪੈਦਾ ਹੋ ਰਹੀਆਂ ਬੁਰਾਈਆਂ ਦੇ ਸੁਧਾਰ ਵਾਸਤੇ ਲਿਖਣ ਦੀ ਬਜਾਏ, ਸਗੋਂ ਉਨ੍ਹਾਂ ਨੂੰ ਹੋਰ ਉਭਾਰਨਾ ਸ਼ੁਰੂ ਕਰ ਦਿੱਤਾ ਅਤੇ ਮਿਰਚ-ਮਸਾਲੇ ਲਗਾ ਕੇ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਾ ਦਿੱਤਾ। ਇਸ ਤਰ੍ਹਾਂ ਪੰਜਾਬੀ ਗੀਤਕਾਰੀ ਬੁਰੀ ਤਰ੍ਹਾਂ ਅਸ਼ਲੀਲਤਾ ਅਤੇ ਨਿਘਾਰ ਦੀ ਲਪੇਟ ਵਿੱਚ ਆ ਗਈ।
ਸਾਡੇ ਸੱਭਿਆਚਾਰ ਵਿੱਚ ਨੂੰਹ ਅਤੇ ਸਹੁਰੇ ਦਾ ਰਿਸ਼ਤਾ ਪਿਉ-ਧੀ ਵਰਗਾ ਪਵਿੱਤਰ ਮੰਨਿਆ ਜਾਂਦਾ ਹੈ, ਦਿਉਰ ਆਪਣੀ ਵੱਡੀ ਭਰਜਾਈ ਨੂੰ ਮਾਂ ਵਰਗਾ ਦਰਜਾ ਦਿੰਦਾ ਹੈ ਅਤੇ ਜੇਠ ਆਪਣੇ ਛੋਟੇ ਭਰਾ ਦੀ ਪਤਨੀ ਨੂੰ ਆਪਣੀ ਛੋਟੀ ਭੈਣ ਜਾਂ ਧੀ ਸਮਾਨ ਸਮਝਦਾ ਹੈ ਪਰ ਇਨ੍ਹਾਂ ਅਖੌਤੀ ਲੇਖਕਾਂ ਅਤੇ ਗਾਇਕਾਂ ਨੇ ਅਜਿਹੇ ਪਵਿੱਤਰ ਰਿਸ਼ਤਿਆਂ ਨੂੰ ਵੀ ਰੱਜ ਕੇ ਬਦਨਾਮ ਕੀਤਾ ਹੈ। ਜਿੰਨੀ ਅਸ਼ਲੀਲਤਾ ਜਾਂ ਗੰਦਗੀ ਅੱਜ ਸਾਡੀ ਪੰਜਾਬੀ ਗੀਤਕਾਰੀ ਉੱਤੇ ਭਾਰੂ ਹੈ, ਇੰਨੀ ਸ਼ਾਇਦ ਹੀ ਕਿਸੇ ਹੋਰ ਭਾਸ਼ਾ ਵਿੱਚ ਮਿਲਦੀ ਹੋਵੇ। ਸ਼ਰੇਆਮ ਇਹ ਗੰਦੇ ਗੀਤ ਜਨਤਕ ਥਾਵਾਂ ਅਤੇ ਬੱਸਾਂ ਆਦਿ ਵਿੱਚ ਸਫ਼ਰ ਕਰ ਰਹੇ ਲੋਕਾਂ ਨੂੰ ਜ਼ਲੀਲ ਕਰਦੇ ਰਹਿੰਦੇ ਹਨ। ਹਾਲਾਤ ਇੱਥੋਂ ਤੱਕ ਵਿਗੜ ਚੁੱਕੇ ਹਨ ਕਿ ਇੱਕ ਸ਼ਰੀਫ਼ ਵਿਅਕਤੀ ਲਈ ਆਪਣੀ ਧੀ-ਭੈਣ ਨਾਲ ਸਫ਼ਰ ਕਰਨਾ ਵੀ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਸਾਡੀ ਆਪਣੀ ਮਾਨਸਿਕਤਾ ਵੀ
ਇੰਨੀ ਨਿਰਬਲ ਅਤੇ ਘਟੀਆ ਹੋ ਚੁੱਕੀ ਹੈ ਕਿ ਅਸੀਂ ਇਸ ਵਰਤਾਰੇ ਦਾ ਵਿਰੋਧ ਕਰਨ ਦੀ ਹਿੰਮਤ ਹੀ ਗਵਾ ਚੁੱਕੇ ਹਾਂ।
ਪੰਜਾਬ ਦੀ ਖਾੜਕੂ ਲਹਿਰ ਦੀ ਚੜ੍ਹਤ ਵਾਲੇ ਪਿਛਲੇ ਕੁੱਝ ਸਮੇਂ ਵਿੱਚ ਲੋਕਾਂ ਨੂੰ ਇਸ ਗੰਦ-ਮੰਦ ਤੋਂ ਬੜੀ ਰਾਹਤ ਮਿਲੀ। ਲੱਚਰ ਗੀਤਾਂ ਦੀ ਥਾਂ ਪੰਜਾਬ ਦੇ ਮਹਾਨ ਜਰਨੈਲਾਂ ਅਤੇ ਦੇਸ਼-ਕੌਮ ਲਈ ਆਪਾ ਵਾਰਨ ਵਾਲੇ ਸੂਰਬੀਰ ਬਹਾਦਰਾਂ ਦੀਆਂ ਵਾਰਾਂ ਸੁਣਨ ਨੂੰ ਮਿਲੀਆਂ, ਜਿਨ੍ਹਾਂ ਨਾਲ ਲੋਕ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਹੋਏ ਅਤੇ ਮਾਣ ਵੀ ਮਹਿਸੂਸ ਕਰਨ ਲੱਗੇ। ਪਰ ਇਹ ਸਭ ਕੁੱਝ ਜ਼ਿਆਦਾ ਦੇਰ ਤੱਕ ਬਰਕਰਾਰ ਨਾ ਰਹਿ ਸਕਿਆ ਕਿਉਂਕਿ ਖਾੜਕੂ ਲਹਿਰ ਦੇ ਕਮਜ਼ੋਰ ਪੈਂਦਿਆਂ ਹੀ ਇਸ ਪਿਛਾਂਹ ਖਿੱਚੂ ਰੁਝਾਨ ਨੇ ਫਿਰ ਸਿਰੀ ਚੁੱਕ ਲਈ ਅਤੇ ਸਾਡੇ ਸੱਭਿਆਚਾਰ ਵਿੱਚ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ।
ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਇਹ ਤਬਦੀਲੀ ਸਿਰਫ਼ ਡਰ ਕਾਰਨ ਹੀ ਸੀ? ਜੇਕਰ ਇਸ ਦਾ ਜਵਾਬ ਹਾਂ ਵਿੱਚ ਹੈ, ਤਾਂ ਸੱਚਮੁੱਚ ਇਹ ਬਹੁਤ ਹੀ ਚਿੰਤਾ ਅਤੇ ਸ਼ਰਮ ਵਾਲੀ ਗੱਲ ਹੈ ਕਿਉਂਕਿ ਇਸ ਦਾ ਸਿੱਧਾ ਅਤੇ ਸਪੱਸ਼ਟ ਮਤਲਬ ਹੈ ਕਿ ਸਾਡੀ ਆਪਣੀ ਕੋਈ ਵਿਚਾਰਧਾਰਾ ਹੀ ਨਹੀਂ ਹੈ ਜਾਂ ਸਾਡੀ ਜ਼ਮੀਰ ਹੀ ਮਰ ਚੁੱਕੀ ਹੈ। ਡਰ ਜਾਂ ਦਬਾਅ ਦੇ ਕਾਰਨ ਕੀਤੀ ਗੀਤਕਾਰੀ ਅਤੇ ਗਾਇਕੀ ਹਮੇਸ਼ਾ ਹੀ ਮੌਕਾਪ੍ਰਸਤੀ ਦਾ ਪ੍ਰਭਾਵ ਦਿੰਦੀਆਂ ਹਨ। ਪੰਜਾਬੀ ਦੀ ਪ੍ਰਸਿੱਧ ਅਖਾਣ ਹੈ ਕਿ ਗੰਗਾ ਗਏ ਤਾਂ ਗੰਗਾ ਰਾਮ ਅਤੇ ਜਮਨਾ ਗਏ ਤਾਂ ਜਮਨਾ ਦਾਸ। ਇੱਕ ਸੱਚਾ ਸਾਹਿਤਕਾਰ ਤਾਂ ਉਹੀ ਹੁੰਦਾ ਹੈ, ਜਿਹੜਾ ਆਪਣੇ ਆਲੇ-ਦੁਆਲੇ ਜੋ ਕੁੱਝ ਵੀ ਗਲਤ ਦੇਖਦਾ ਹੈ, ਉਸ ਬਾਰੇ ਬਿਨਾਂ ਕਿਸੇ ਡਰ-ਭੈਅ ਜਾਂ ਲਾਲਚ ਦੇ ਸੁਚੱਜੇ ਢੰਗ ਨਾਲ ਲਿਖਣ ਦੀ ਜੁੱਰਅਤ ਰੱਖਦਾ ਹੋਵੇ।
ਅਜਿਹਾ ਵੀ ਨਹੀਂ ਹੈ ਕਿ ਚੰਗੇ ਗੀਤ ਲਿਖੇ ਹੀ ਨਹੀਂ ਜਾ ਰਹੇ ਬਲਕਿ ਸਮੱਸਿਆ ਤਾਂ ਇਹ ਹੈ ਕਿ ਲੱਚਰ ਜਾਂ ਅਸ਼ਲੀਲ ਗੀਤਾਂ ਦੇ ਮੁਕਾਬਲੇ ਇਨ੍ਹਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕ-ਕਵੀ ਸੰਤ ਰਾਮ ਉਦਾਸੀ ਜਾਂ ਪਾਸ਼ ਵਰਗੇ ਗੀਤ ਅੱਜ ਵੀ ਜਨਮ ਲੈ ਰਹੇ ਹਨ। ਕਿਰਤੀ-ਕਿਸਾਨਾਂ ਦੀ ਤਰਸਯੋਗ ਹਾਲਤ, ਆਰਥਿਕ-ਸਮਾਜਿਕ ਨਾ-ਬਰਾਬਰੀ, ਘੱਟ ਗਿਣਤੀਆਂ ਪ੍ਰਤੀ ਬਹੁ-ਗਿਣਤੀ ਦੇ ਮਾਰੂ ਨਜ਼ਰੀਏ, ਕੇਂਦਰ ਅਤੇ ਰਾਜਾਂ ਵਿਚਕਾਰ ਅਧਿਕਾਰਾਂ ਦੀ ਵੰਡ, ਵਹਿਮਾਂ-ਭਰਮਾਂ ਅਤੇ ਅੰਧਵਿਸ਼ਵਾਸਾਂ, ਫ਼ਿਰਕਾਪ੍ਰਸਤੀ ਅਤੇ ਰਿਸ਼ਵਤਖੋਰੀ, ਦਾਜ਼-ਦਹੇਜ਼, ਜਨਮ ਤੋਂ ਪਹਿਲਾਂ ਹੀ ਬੱਚੀਆਂ ਦੇ ਗਰਭਪਾਤ ਵਰਗੇ ਮਹੱਤਵਪੂਰਨ ਮਸਲਿਆਂ ਸਬੰਧੀ ਵੀ ਕਾਫ਼ੀ ਕੁੱਝ ਲਿਖਿਆ ਜਾ ਰਿਹਾ ਹੈ।
ਜੇਕਰ ਸਾਡੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਅਜਿਹੇ ਲੋਕ-ਪੱਖੀ ਲਿਖਾਰੀਆਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਨ ਅਤੇ ਇਨ੍ਹਾਂ ਨੂੰ ਲੋੜੀਂਦਾ ਸਹਿਯੋਗ ਦੇਣ, ਤਾਂ ਸੱਚਮੁੱਚ ਇਸ ਦੇ ਬੜੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ। ਜਨਤਕ ਥਾਵਾਂ ਅਤੇ ਬੱਸਾਂ ਆਦਿ ਵਿੱਚ ਅਸ਼ਲੀਲ ਗੀਤਾਂ ’ਤੇ ਸਰਕਾਰੀ ਤੌਰ ’ਤੇ ਮੁਕੰਮਲ ਪਾਬੰਦੀ ਲਗਾਈ ਜਾਵੇ। ਪ੍ਰਗਤੀਵਾਦੀ ਲੇਖਕਾਂ ਨੂੰ ਇਸ ਲੋਕ-ਦੋਖੀ ਵਰਤਾਰੇ ਦੇ ਖ਼ਿਲਾਫ਼ ਜੱਥੇਬੰਦਕ ਰੂਪ ਵਿੱਚ ਲਾਮਬੰਦ ਹੋਣਾ ਚਾਹੀਦਾ ਹੈ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਦੇ ਮਾਰੂ ਪ੍ਰਭਾਵ ਤੋਂ ਬਚਾਈਆਂ ਜਾ ਸਕਣ ਕਿਉਂਕਿ ਲੱਚਰ ਗੀਤਕਾਰੀ ਬਿਮਾਰ ਸੱਭਿਆਚਾਰ ਦੀ ਨਿਸ਼ਾਨੀ ਹੈ ਅਤੇ ਬਿਮਾਰ ਮਾਨਸਿਕਤਾ ਕਦੇ ਵੀ ਸਫ਼ਲਤਾ ਦਾ ਮੂੰਹ ਨਹੀਂ ਦੇਖ ਸਕਦੀ। ਸਾਹਿਤ ਸਭਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਗੀਤਕਾਰਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਅਤੇ ਰਾਹ-ਦਸੇਰਾ ਬਣ ਕੇ ਇਨ੍ਹਾਂ ਨੂੰ ਸੇਧ ਦੇਣ ਦੀ ਆਪਣੀ ਬਣਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ।
ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly