(ਸਮਾਜ ਵੀਕਲੀ)
ਕਾਹਦੀ ਫੌਜ ਚੋਂ ਪੈਨਸ਼ਨ ਲੈ ਲਈ,
ਬੇਮਤਲਬ ਦੀ ਟੈਨਸ਼ਨ ਲੈ ਲਈ
ਸਾਰਾ ਦਿਨ ਹੁਣ ਤੋਰੀ ਰੱਖਦੇ,
ਜਿਉਂ ਭਾੜੇ ਦਾ ਠੇਲੑਹਾ ਹੈ
ਘਰਦੇ ਕਹਿੰਦੇ ਕੰਮ ਨਾ ਕੋਈ,
ਬਾਪੂ ਤਾਂ ਹੁਣ ਵਿਹਲਾ ਹੈ ……
ਉੱਠ ਸਵੇਰੇ ਦੁੱਧ ਲਿਆ ਦੇਈਂ,
ਡੰਗਰਾਂ ਨੂੰ ਪੱਠੇ ਵੀ ਪਾ ਦੇਈਂ
ਕਹਿੰਦੇ ਚਾਹ ਤੂੰ ਆ ਕੇ ਪੀ ਲਈਂ,
ਨਹੀਂ ਤਾਂ ਹੋਊ ਕਵੇਲਾ ਹੈ
ਘਰਦੇ ਕਹਿੰਦੇ ਕੰਮ ਨਾ ਕੋਈ
ਬਾਪੂ ਤਾਂ ਹੁਣ ਵਿਹਲਾ ਹੈ……
ਬੱਚਿਆਂ ਨੂੰ ਸਕੂਲੇ ਛੱਡ ਦੇਈਂ,
ਆ ਕੇ ਸ਼ਾਮ ਲਈ ਪੱਠੇ ਵੱਢ ਦੇਈਂ
ਰੋਟੀ ਖਾ ਲਈਂ ਬਾਅਦ ‘ਚ ਬਾਪੂ,
ਇਹ ਕੰਮ ਕਰਨੇ ਪਹਿਲਾਂ ਹੈ
ਘਰਦੇ ਕਹਿੰਦੇ ਕੰਮ ਨਾ ਕੋਈ
ਬਾਪੂ ਤਾਂ ਹੁਣ ਵਿਹਲਾ ਹੈ……
ਸੋਚਾਂ ਕੰਮ ਸਾਰੇ ਨਿਪਟਾ ਕੇ,
ਆਰਾਮ ਕਰਾਂ ਪਲ਼ ਮੰਜੀ ਡਾਹ ਕੇ
ਨੂੰਹ ਕਹਿੰਦੀ ਬੱਚਿਆਂ ਨੂੰ ਲੈ ਆਓ,
ਛੁੱਟੀ ਦਾ ਹੋ ਗਿਆ ਵੇਲਾ ਹੈ
ਘਰਦੇ ਕਹਿੰਦੇ ਕੰਮ ਨਾ ਕੋਈ
ਬਾਪੂ ਤਾਂ ਹੁਣ ਵਿਹਲਾ ਹੈ……
ਡੰਗਰਾਂ ਨੂੰ ਘੁੱਟ ਪਾਣੀ ਡਾਹ ਲੈ,
ਫੇਰ ਤੂੰ ਆ ਕੇ ਰੋਟੀ ਖਾ ਲੈ
ਸ਼ਾਮ ਨੂੰ ਬੱਚੇ ਪਾਰਕ ਲੈ ਜਾਈਂ,
ਅਜੇ ਤਾਂ ਬੜਾ ਸਵੇਲਾ ਹੈ
ਘਰਦੇ ਕਹਿੰਦੇ ਕੰਮ ਨਾ ਕੋਈ
ਬਾਪੂ ਤਾਂ ਹੁਣ ਵਿਹਲਾ ਹੈ……
31 ਹੋ ਗਈ ਪੈਨਸ਼ਨ ਲੈ ਆਈਂ,
ਫੀਸ ਵੀ ਬੱਚਿਆਂ ਦੀ ਭਰ ਆਈਂ
ਹਿਸਾਬ ਚੁਕਾ ਆਈਂ ਕਰਿਆਨੇ ਦਾ,
ਫੇਰ ਨਹੀਂ ਬਚਣਾ ਧੇਲਾ ਹੈ
ਘਰਦੇ ਕਹਿੰਦੇ ਕੰਮ ਨਾ ਕੋਈ
ਬਾਪੂ ਤਾਂ ਹੁਣ ਵਿਹਲਾ ਹੈ……
ਪਹਿਲਾਂ ਨਾਲੋਂ ਤੰਗ ਹੋ ਗਿਆਂ
ਖਾਣਾ ਪੀਣਾ ਬੰਦ ਹੋ ਗਿਆ
ਯਾਰ ਬੇਲੀ ਵੀ ਮਿਲਣੋ ਰਹਿ ਗਏ
ਹੁਣ ਨਾ ਕੋਈ ਸਹੇਲਾ ਹੈ
ਘਰਦੇ ਕਹਿੰਦੇ ਕੰਮ ਨਾ ਕੋਈ
ਬਾਪੂ ਤਾਂ ਹੁਣ ਵਿਹਲਾ ਹੈ……
ਥੱਕ-ਟੁੱਟਕੇ ਬੁੱਲ੍ਹ ਸੀਂ ਕੇ ਸੌਂ ਜਾਂ,
ਦਿਲ ਕਰਦਾ ਘੁੱਟ ਪੀ ਕੇ ਸੌਂ ਜਾਂ
ਕੰਮ ਲਈ ਬਾਪੂ ਬਾਪੂ ਲੱਗਦੈ,
ਨਿੰਮ ਦੇ ਉੱਤੇ ਕਰੇਲਾ ਹੈ
ਘਰਦੇ ਕਹਿੰਦੇ ਕੰਮ ਨਾ ਕੋਈ
ਬਾਪੂ ਤਾਂ ਹੁਣ ਵਿਹਲਾ ਹੈ……
“ਦੂਹੜਿਆਂ ਵਾਲਿਆ” ਸਮਝ ਆਈ ਹੁਣ,
ਜ਼ਿੰਦਗੀ ਇੱਕ ਝਮੇਲਾ ਹੈ
ਘਰਦੇ ਕਹਿੰਦੇ ਕੰਮ ਨਾ ਕੋਈ
ਬਾਪੂ ਤਾਂ ਹੁਣ ਵਿਹਲਾ ਹੈ……..
“ਖੁਸ਼ੀ ਦੂਹੜਿਆਂ ਵਾਲਾ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly