ਦੀਵਾਲੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦੇਣ ਲਈ ਅਮਰੀਕੀ ਸੰਸਦ ’ਚ ਮਤਾ ਪੇਸ਼

ਵਾਸ਼ਿੰਗਟਨ (ਸਮਾਜ ਵੀਕਲੀ): ਭਾਰਤੀ-ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਦੀਵਾਲੀ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨੂੰ ਮਾਨਤਾ ਦੇਣ ਲਈ ਪ੍ਰਤੀਨਿਧ ਸਭਾ ’ਚ ਮਤਾ ਪੇਸ਼ ਕੀਤਾ ਹੈ। ਮਤਾ ਪੇਸ਼ ਕਰਨ ਮਗਰੋਂ ਕ੍ਰਿਸ਼ਨਾਮੂਰਤੀ ਨੇ ਕਿਹਾ,‘‘ਅਮਰੀਕਾ ਅਤੇ ਦੁਨੀਆ ਭਰ ’ਚ ਵਸਦੇ ਸਿੱਖਾਂ, ਜੈਨੀਆਂ ਤੇ ਮੇਰੇ ਹਿੰਦੂ ਭਰਾਵਾਂ ਲਈ ਦੀਵਾਲੀ ਦਾ ਤਿਉਹਾਰ ਹਨੇਰੇ ’ਤੇ ਰੌਸ਼ਨੀ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਜ਼ਸਨ ਮਨਾਉਣ ਵਾਲਾ ਹੈ।’’ ਉਨ੍ਹਾਂ ਕਿਹਾ ਕਿ ਦੀਵਾਲੀ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਨੂੰ ਮਾਨਤਾ ਦੇਣ ਵਾਲਾ ਇਹ ਮਤਾ ਇਸ ਅਹਿਮ ਮੌਕੇ ’ਤੇ ਭਾਰਤੀ-ਅਮਰੀਕੀਆਂ ਅਤੇ ਦੁਨੀਆ ਭਰ ’ਚ ਪਰਵਾਸੀ ਭਾਰਤੀਆਂ ਪ੍ਰਤੀ ਸਨਮਾਨ ਜ਼ਾਹਿਰ ਕਰਦਾ ਹੈ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਮਤਾ ਪੇਸ਼ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ।

ਉਨ੍ਹਾਂ ਕਿਹਾ,‘‘ਮਹਾਮਾਰੀ ਦੌਰਾਨ ਇਕ ਹੋਰ ਦੀਵਾਲੀ ਮਨਾਉਂਦਿਆਂ ਮੈਨੂੰ ਉਮੀਦ ਹੈ ਕਿ ਅਸੀਂ ਦੇਖਾਂਗੇ ਕਿ ਦੁਨੀਆ ’ਚ ਅੰਧਕਾਰ ’ਤੇ ਪ੍ਰਕਾਸ਼ ਹਾਵੀ ਹੋ ਰਿਹਾ ਹੈ। ਆਪਣੇ ਆਪਣੇ ਘਰਾਂ ’ਚ ਕਰੀਬੀਆਂ ਨਾਲ ਦੀਵੇ ਜਗਾ ਕੇ ਦੀਵਾਲੀ ਮਨਾਉਣ ਲਈ ਇਕੱਤਰ ਹੋਣ ਵਾਲੇ ਪਰਿਵਾਰਾਂ ਲਈ ਮੈਂ ਸੁਰੱਖਿਅਤ ਅਤੇ ਖੁਸ਼ੀਆਂ ਭਰੀ ਦੀਵਾਲੀ ਦੀ ਕਾਮਨਾ ਕਰਨਾ ਚਾਹੁੰਦਾ ਹਾਂ ਅਤੇ ਸਾਰਿਆਂ ਲਈ ਚੰਗੀ ਸਿਹਤ ਤੇ ਸ਼ਾਂਤੀ ਦੀ ਪ੍ਰਾਰਥਨਾ ਕਰਦਾ ਹਾਂ।’’ ਇਕ ਹੋਰ ਸੰਸਦ ਮੈਂਬਰ ਕੈਰੋਲਿਨ ਬੀ ਮੈਲੋਨੀ ਨੇ ਟਵੀਟ ਕਰਕੇ ਦੀਵਾਲੀ ਸਟੈਂਪ ਦੀ ਪੰਜਵੀਂ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਬਣਨ ’ਚ ਸਹਿਯੋਗ ਦੇਣ ਲਈ ਉਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਨੀਆ ਵੱਲੋਂ ਅਮਰਿੰਦਰ ਦਾ ਅਸਤੀਫ਼ਾ ਪ੍ਰਵਾਨ
Next articleਵਿਰੋਧੀ ਧਿਰ ਦਾ ਆਗੂ ਮੈਲਬਰਨ ਦੇ ਗੁਰੂਘਰ ਵਿੱਚ ਨਤਮਸਤਕ