ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ )-ਤਰਕਸ਼ੀਲ ਸੁਸਾਇਟੀ ਪੰਜਾਬ ਰਜਿ ਇਕਾਈ ਬੰਗਾ ਵਲੋਂ ਸਰਕਾਰੀ ਹਾਈ ਸਕੂਲ ਖਟਕੜ ਕਲਾਂ ਦੇ ਵਿਦਿਆਰਥੀਆਂ ਨੂੰ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਸਬੰਧੀ ਜਾਣਕਾਰੀ ਦਿੱਤੀ ਗਈ।
ਇਕਾਈ ਬੰਗਾ ਦੇ ਵਿੱਤ ਮੁਖੀ ਮਾਸਟਰ ਜਗਦੀਸ਼ ਰਾਏ ਪੁਰ ਡੱਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ ਵਲੋਂ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਦੀ ਚੇਤਨਾ ਪਰਖ਼ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਸਾਲ ਇਹ ਪ੍ਰੀਖਿਆ ਅਕਤੂਬਰ 2024 ਦੇ ਦੂਸਰੇ ਹਫਤੇ ਕਰਵਾਈ ਜਾਵੇਗੀ। ਉਹਨਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਸਿਲੇਬਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੀਖਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ, ਉਹਨਾਂ ਨੂੰ ਵਹਿਮਾਂ ਭਰਮਾਂ, ਆਤਮਾਵਾਂ, ਭੂਤਾਂ ਪਰੇਤਾਂ,ਜਾਦੂ-ਟੂਣਿਆਂ,ਧਾਗੇ ਤਵੀਤਾਂ ਆਦਿ ਪ੍ਰਤੀ ਡਰ ਤੋਂ ਮੁਕਤ ਕਰਨਾ, ਦੇਸ਼ ਦੇ ਅਸਲ ਨਾਇਕਾਂ ਜਿਵੇਂ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਜਿਹੇ ਸੂਰਬੀਰਾਂ ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਖਾਤਰ ਸ਼ਹਾਦਤ ਦਿੱਤੀਆਂ ਬਾਰੇ ਜਾਣੂ ਕਰਾਉਣਾ ਹੈ। ਉਹਨਾਂ ਵਿਗਿਆਨੀਆਂ ਬਾਰੇ ਦੱਸਣਾ ਹੈ ਜਿਹਨਾਂ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਉਮਰ ਭਰ ਮਿਹਨਤ ਕਰਕੇ ਨਵੀਆਂ ਨਵੀਆਂ ਖੋਜਾਂ ਕੀਤੀਆਂ ਜਿਹਨਾਂ ਦਾ ਅੱਜ ਅਸੀਂ ਆਨੰਦ ਮਾਣ ਰਹੇ ਹਾਂ। ਵਿਦਿਆਰਥੀਆਂ ਨੂੰ ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਵੀ ਜਾਣੂ ਕਰਾਉਣਾ ਹੈ। ਉਹਨਾਂ ਇਸ ਪ੍ਰੀਖਿਆ ਵਿੱਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਵਿੱਚ ਭਾਗ ਲੈਣ ਲਈ ਅਪੀਲ ਕੀਤੀ ਗਈ। ਸਕੂਲ ਦੇ ਇੰਚਾਰਜ ਮੈਡਮ ਕਿਰਨਜੀਤ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸੁਸਾਇਟੀ ਦੇ ਆਗੂ ਸੁਖਵਿੰਦਰ ਲੰਗੇਰੀ ਨੇ ਜਾਦੂ ਦੇ ਟਰਿੱਕ ਦਿਖਾ ਕੇ ਬੱਚਿਆਂ ਨੂੰ ਹੈਰਾਨ ਕੀਤਾ। ਉਹਨਾਂ ਜਾਦੂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਦੂ-ਮੰਤਰ ਨਾਂ ਦੀ ਦੁਨੀਆਂ ਵਿੱਚ ਕੋਈ ਸ਼ੈਅ ਨਹੀਂ
ਹੁੰਦੀ ਇਹ ਸਿਰਫ਼ ਹੱਥ ਦੀ ਸਫਾਈ ਹੈ, ਧੋਖਾ ਹੈ, ਪ੍ਰੈਕਟਿਸ ਨਾਲ ਇਸ ਨੂੰ ਹਰ ਕੋਈ ਕਰ ਸਕਦਾ ਹੈ।
ਅੰਤ ਵਿੱਚ ਸਕੂਲ ਦੇ ਇੰਚਾਰਜ ਮੈਡਮ ਕਿਰਨਜੀਤ ਕੌਰ ਨੇ ਆਏ ਹੋਏ ਤਰਕਸ਼ੀਲ ਆਗੂਆਂ ਦਾ ਧੰਨਵਾਦ ਕੀਤਾ। ਉਹਨਾਂ ਵਿਸ਼ਵਾਸ ਦੁਆਇਆ ਕਿ ਇਸ ਸਕੂਲ ਦੇ ਵੱਧ ਤੋਂ ਵੱਧ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਵਿੱਚ ਭਾਗ ਲੈਣਗੇ।
ਉਹਨਾਂ ਵਿਦਿਆਰਥੀਆਂ ਨੂੰ ਤਰਕਸ਼ੀਲ ਸਾਹਿਤ ਪੜ੍ਹਨ ਅਤੇ ਪ੍ਰੀਖਿਆ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ, ਜਾਦੂ ਟੂਣਿਆਂ, ਆਤਮਾਵਾਂ, ਵਹਿਮਾਂ ਭਰਮਾਂ ਨੂੰ ਛੱਡ ਕੇ ਆਪਣੀ ਪੜ੍ਹਾਈ ਨਿਡਰ ਹੋ ਕੇ ਕਰਨ ਲਈ ਕਿਹਾ।ਇਸ ਮੌਕੇ ਮਾਸਟਰ ਸੌਰਵ ਸ਼ਰਮਾ, ਕੁਲਵੀਰ ਸਿੰਘ, ਮੈਡਮ ਰੋਜ਼ੀ ਬਾਲਾ, ਪਵਨਦੀਪ, ਸਿਮਰਨਜੀਤ ਕੌਰ, ਅਵਤਾਰ ਕੌਰ, ਅਮਨਦੀਪ ਕੌਰ ਅਤੇ ਕਲਰਕ ਜਸਵੀਰ ਸਿੰਘ ਕਰਨਾਣਾ ਆਦਿ ਹਾਜ਼ਰ ਸਨ।
ਮਾਸਟਰ ਜਗਦੀਸ਼
ਵਿੱਤ ਮੁਖੀ ਇਕਾਈ ਬੰਗਾ।
ਫੋਨ 9417434038
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly