ਐ ਪੰਜਾਬੀਆ_ _ _ _ _ _ _

ਬਨਾਰਸੀ ਦਾਸ
(ਸਮਾਜ ਵੀਕਲੀ) 
ਐ ਪੰਜਾਬੀਆ ਕਰਾਂ ਕੀ ਸਿਫਤ ਤੇਰੀ,
ਹਰ ਖੇਤਰ ‘ਚ ਮੱਲਾਂ ਤੂੰ ਮਾਰੀਆਂ ਨੇ।
ਕੋਈ ਪਾਸਾ ਨਾ ਤੈਥੋਂ ਅਛੂਤ ਰਿਹਾ,
ਜਿਧਰ ਵੇਖਾਂ ਮੈਂ ਉੱਧਰ ਸਰਦਾਰੀਆਂ ਨੇ।
ਤੇਰੀ ਬੀਰਤਾ ਦੇ ਲੋਕੀ ਗਾਉਣ ਕਿੱਸੇ,
ਵਿੱਚ ਯੁੱਧਾਂ ਜੋ ਆਉਣ ਵਿਖਾਈਆਂ ਨੇ।
ਜੰਜ਼ੀਰਾਂ ਜ਼ੁਲਮ ਦੀਆਂ ਕੱਟੀਆਂ ਆਉਣ ਜਦ ਤੂੰ
ਲੰਡਨ ਵਿੱਚ ਵੀ ਪਈਆਂ ਦੁਹਾਈਆਂ ਨੇ।
ਤੇਰੇ ਪੰਜ ਦਰਿਆਵਾਂ ਦੇ ਪਾਣੀਆਂ ਨੇ,
ਇਸ ਧਰਤ ਦੀ ਪਿਆਸ ਬੁਝਾ ਦਿੱਤੀ।
ਅੰਨ ਵਾਲੇ ਭੰਡਾਰ ਸੰਭਾਲ ਕੇ ਤੂੰ,
ਪੂਰੀ ਖਲਕਤ ਦੀ ਭੁੱਖ ਮਿਟਾ ਦਿੱਤੀ।
ਜਿੱਥੇ-ਜਿੱਥੇ ਵੀ ਵਸਿਆ ਤੂੰ ਜਾ ਕੇ,
ਥਾਵਾਂ ਉੱਥੇ ਹੀ ਜਾ ਬਣਾਈਆਂ ਨੇ।
ਕਨੇਡਾ,ਅਮਰੀਕਾ ਵੀ ਸਿੱਕਾ ਮੰਨਦੇ ਨੇ,
ਹਿੰਮਤਾਂ ਜਾ ਜੋ ਉੱਥੇ ਵਿਖਾਈਆਂ ਨੇ।
ਤੇਰੇ ਇਸ਼ਕ ਮਸ਼ੂਕ ਦੇ ਬਣੇ ਕਿੱਸੇ,
ਕੰਨ ਪਾੜ ਜਦ ਮੁੰਦਰਾਂ ਪਾਈਆਂ ਨੇ।
ਸੱਸੀ,ਸੋਹਣੀ ਦੀ ਕੂਕ ਸੁਣਾਵਣੇ ਨੂੰ,
ਹਾਸ਼ਮ,ਫਜ਼ਲ ਨੇ ਕਲਮਾਂ ਉਠਾਈਆਂ ਨੇ।
ਜਿਨ੍ਹਾਂ ਰਾਹਾਂ ਤੋਂ ਤੇਰੇ ਮਸ਼ੂਕ ਲੰਘੇ,
ਉਨ੍ਹਾਂ ਰਾਹਾਂ ‘ਤੇ ਬਹੁਤ ਦੁਸ਼ਵਾਰੀਆਂ ਨੇ।
ਗਿੱਧਾ ਭੰਗੜਾ ਪਾਉਂਦੇ ਲੋਕ ਮਿਲ ਕੇ,
ਜੋਵਨ- ਬਿਰਹਾ ‘ਚ ਟੱਕਰਾਂ ਭਾਰੀਆਂ ਨੇ।
ਸੱਭਿਆਚਾਰ ਦੀ ਅਲੱਗ ਪਹਿਚਾਣ ਤੇਰੀ,
ਗੌਰਵਸ਼ਾਲੀ ਪ੍ਰਭਾਵ ਵਿਖਾ ਰਿਹਾ ਹੈ।
ਰੀਸ ਜਿਹਦੀ ਨਾ ਕੋਈ ਸੰਸਾਰ ਉੱਤੇ,
ਕਲਚਰ ਆਪਣਾ ਅਲੱਗ ਵਿਖਾ ਰਿਹਾ ਹੈ।
ਬਨਾਰਸੀ ਦਾਸ ਵੀ ਤੇਰੀ ਸਿਫਤ ਕਰਦਾ,
ਚਾਤ੍ਰਿਕ ਵੱਲ ਧਿਆਨ ਲਗਾ ਰਿਹਾ ਹੈ।
ਮੋਹਨ,ਮੁਸਾਫ਼ਿਰ ਨੂੰ ਮਨ ‘ਚ ਯਾਦ ਕਰਕੇ,
ਅਮ੍ਰਿਤਾ, ਸ਼ਿਵ ਦਾ ਵਾਰਿਸ ਕਹਾ ਰਿਹਾ ਹੈ।
 ਬਨਾਰਸੀ ਦਾਸ ਅਧਿਆਪਕ ਰੱਤੇਵਾਲ
 ਮੋ: 94635-05286
 ਪਿੰਡ: ਰੱਤੇਵਾਲ      ਤਹਿ: ਬਲਾਚੌਰ
 ਜਿਲਾ: ਐਸ ਬੀ ਐਸ ਨਗਰ ਨਵਾਂਸ਼ਹਿਰ
 ( ਪੰਜਾਬ)
Previous articleਫਿੱਕੇ ਹੋਏ ਨੇ
Next articleਕਵਿਤਾ ਦਾ ਏਟੀਐਮ (ਚੰਨ ਬਠਿੰਡਵੀ)