ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਮੁਸੀਬਤ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ ਤੇ ਮੁਸੀਬਤ ਸਮੇਂ ਅਗਰ ਹਾਲ ਕੋਈ ਨਾ ਪੁੱਛੇ ਤਾਂ ਮੁਸੀਬਤ ਪਹਾੜ ਬਣ ਜਾਂਦੀ ਹੈ। ਇਸ ਤਰਾਂ ਦਾ ਮਾਮਲਾ ਬੀਤ ਇਲਾਕੇ ਦੇ ਪਿੰਡ ਡੱਲੇਵਾਲ ਦਾ ਹੈ। ਇੱਥੇ 33 ਸਾਲ ਦੀ ਮੀਨਾ ਕੁਮਾਰੀ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ, ਜਿਸ ਦਾ ਪਤੀ ਪੇਂਟ ਦਾ ਕੰਮ ਕਰਦਾ ਸੀ। 10 ਸਾਲ ਪਹਿਲਾਂ ਬਲਜੀਤ ਕੁਮਾਰ ਦੀ ਲੱਤ ‘ਚ ਕੀੜੇ ਪੈ ਗਏ ਸਨ, ਜਿਸ ਦਾ ਇਲਾਜ ਸਥਾਨਕ ਡਾਕਟਰ ਤੋਂ ਕਰਵਾਇਆ ਗਿਆ ਸੀ ਅਤੇ ਹੁਣ ਬਲਜੀਤ ਕੁਮਾਰ ਪਿਛਲੇ 2 ਸਾਲਾਂ ਤੋਂ ਮੰਜੇ ‘ਤੇ ਪਿਆ ਹੈ। ਬਲਜੀਤ ਕੁਮਾਰ ਦੇ 2 ਬੇਟੇ ਹਨ ਅਤੇ ਵੱਡੇ ਬੇਟੇ ਦੀ ਉਮਰ 13 ਸਾਲ ਹੈ ਜਿਸ ਦਾ ਅਪੈਂਡਿਕਸ ਦਾ ਅਪ੍ਰੇਸ਼ਨ ਹੋਣਾ ਹੈ ਅਤੇ ਛੋਟੇ ਬੇਟੇ ਦੀ ਉਮਰ 11 ਸਾਲ ਦੀ ਹੈ ਅਤੇ ਪਤਨੀ ਮੀਨਾ ਕੁਮਾਰੀ ਕਿਸੇ ਦੇ ਘਰ ਬਰਤਨ ਸਾਫ਼ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਹੈ। ਮੀਨਾ ਕੁਮਾਰੀ ਨੇ ਦੱਸਿਆ ਕਿ ਅੱਜ ਤੱਕ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ, ਅਸੀਂ ਸਾਰੇ ਸਰਪੰਚਾਂ ਨੂੰ ਅਸੀ ਪਤੀ ਦਾ ਇਲਾਜ ਕਰਵਾਉਣ ਲਈ ਕਹਿ ਚੁੱਕੇ ਹਾਂ ਪਰ ਇਹ ਸਭ ਕਹਿ ਕੇ ਚਲੇ ਗਏ ਪਰ ਕਿਸੇ ਨੇ ਅੱਜ ਤੱਕ ਮਦਦ ਨਹੀਂ ਕੀਤੀ। ਰਾਸ਼ਨ ਕਾਰਡ ਵੀ 15 ਸਾਲ ਬਾਅਦ ਬਣਿਆ ਹੈ, ਉਸ ਦੀ ਰਸੀਦ ਹੀ ਸਾਨੂੰ ਮਿਲੀ ਹੈ ਅਤੇ ਕਾਰਡ ਅਜੇ ਤੱਕ ਨਹੀਂ ਮਿਲਿਆ। ਮੀਨਾ ਕੁਮਾਰੀ ਨੇ ਦੱਸਿਆ ਕਿ ਮੇਰੇ ਪਤੀ ਬਲਜੀਤ ਕੁਮਾਰ ਦਾ ਹੁਣ ਪੀ.ਜੀ.ਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਹੈ, ਪਰ ਪੈਸੇ ਦੀ ਕਮੀ ਕਾਰਨ ਅਸੀਂ ਪੀ.ਜੀ.ਆਈ ਚੰਡੀਗੜ੍ਹ ਨਹੀਂ ਜਾ ਸਕਦੇ ਕਿਉਂਕਿ ਇਸ ‘ਤੇ ਕਾਫੀ ਖਰਚਾ ਆਉਂਦਾ ਹੈ ਅਤੇ ਅਸੀਂ ਸਥਾਨਕ ਡਾਕਟਰ ਤੋਂ ਦਵਾਈ ਲੈਣ ਲਈ ਮਜਬੂਰ ਹਾਂ। ਮੀਨਾ ਕੁਮਾਰੀ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਮੇਰੇ ਪਤੀ ਅਤੇ ਮੇਰੇ ਵੱਡੇ ਪੁੱਤਰ ਦਾ ਇਲਾਜ ਕਰਵਾਉਣ ਵਿੱਚ ਸਾਡੀ ਮਦਦ ਕੀਤੀ ਜਾਵੇ। ਮੀਨਾ ਕੁਮਾਰੀ ਨੇ ਭਰੇ ਮਨ ਨਾਲ ਦੱਸਿਆ ਕਿ ਕਈ ਵਾਰ ਸਾਡੇ ਕੋਲ ਰੋਟੀ ਖਾਣ ਲਈ ਵੀ ਪੈਸੇ ਨਹੀਂ ਹੁੰਦੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly