(ਸਮਾਜ ਵੀਕਲੀ)
ਇਹ ਕਿਸਮਤ ਸੀ ਜਾਂ ਵਧੀ ਮੇਰੀ ਜੋ ਬਚ ਨਿੱਕਲੇ
ਉਂਝ ਕਸਰ ਕੋਈ ਯਾਰਾਂ ਛੱਡੀ ਨਹੀਂ ਸੀ, ਮਾਰਨ ਦੀ
ਉਹ ਆਪਣੇ ਈ ਸਨ, ਪਰ ਮੈਂ ਕਿੰਝ ਆਪਣੇ ਸਮਝ ਲਵਾਂ
ਜੋ ਹੱਸ-ਹੱਸ ਖੁਸ਼ੀ ਮਨਾਉਂਦੇ ਰਹੇ, ਮੇਰੇ ਹਾਰਨ ਦੀ
ਅੱਜ-ਕੱਲ੍ਹ ਦੇ ਰਾਂਝੇ-ਹੀਰਾਂ ਚਾਰਨ ਮਾਪਿਆਂ ਨੂੰ
ਉਹ ਹੋਰ ਸੀ ਜੋ ਗੱਲ ਕਰਦੇ, ਮੱਝੀਆਂ ਚਾਰਨ ਦੀ
ਮੈਂ ਤਾਂ ਅੱਜ ਤੱਕ ਹਰ ਇੱਕ ਨਾਲ ਵਫ਼ਾ ਨਿਭਾਈ ਹੈ
ਕਿਉਂ ਮੋੜ ਗਏ ਮੁਖ ਸਮਝ ਨਾ ਆਈ ਕਾਰਨ ਦੀ
ਸਾਨੂੰ ਵਿੱਚ ਮੰਝਧਾਰ ਲੈਜਾ ਕੇ, ‘ਕੱਲਿਆਂ ਛੱਡ ਆਏ
ਗੱਲ ਕਰਦੇ ਸੀ ਜੋ ਹਰਦਮ, ਪਾਰ ਉਤਾਰਨ ਦੀ
ਖੁਦ ਚੜ੍ਹਕੇ ਵਿੱਚ ਜਹਾਜ ਉਡਾਰੀ ਮਾਰ ਗਏ
ਸਾਨੂੰ ਦੇ ਕੇ ਗੁੜ੍ਹਤੀ, “ਨਾਮ ਜਹਾਜ” ਉਚਾਰਨ ਦੀ
ਖੁਦ ਬਣਕੇ ਬਾਬੇ, ਘੁੰਮਦੇ ਲਗ਼ਜਰੀ ਕਾਰਾਂ ‘ਚ
ਲੋਕਾਂ ਨੂੰ ਸਿੱਖਿਆ, ਸਾਦਾ ਜੀਵਨ ਗੁਜ਼ਾਰਨ ਦੀ
ਬੜਾ ਸੌਖਾ ਹੁੰਦਾ ਦੂਜਿਆਂ ਨੂੰ ਉਪਦੇਸ਼ ਦੇਣਾ
“ਖੁਸ਼ੀ” ਲੋੜ ਹੈ ਪਹਿਲਾਂ ਆਪਣਾ ਆਪ ਸੰਵਾਰਨ ਦੀ
ਖੁਸ਼ੀ ਮੁਹੰਮਦ “ਚੱਠਾ”
9779025356
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly