ਸ਼ਰੀਫ ਬੰਦਾ ਕਮਜ਼ੋਰ ਨਹੀਂ ਹੁੰਦਾ

(ਸਮਾਜ ਵੀਕਲੀ)

ਲੋਕ ਅਕਸਰ ਸਾਹਮਣੇ ਵਾਲੇ ਨੂੰ ਬੇਵਕੂਫ਼ ਸਮਝਦੇ ਹਨ। ਉਹ ਸੋਚਦੇ ਹਨ ਕਿ ਉਹ ਕੁਝ ਨਹੀਂ ਜਾਣਦਾ। ਹਮੇਸ਼ਾ ਅਜਿਹਾ ਨਹੀਂ ਹੁੰਦਾ। ਦੂਜੇ ਨੂੰ ਸਭ ਕੁਝ ਪਤਾ ਹੁੰਦਾ ਹੈ ਪਰ ਉਹ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕਰਦਾ ਹੈ।ਓਸਦਾ ਨਜ਼ਰ ਅੰਦਾਜ਼ ਕਰਨਾ ਵੀ ਇਕ ਕਲਾ ਹੈ। ਦੇਖਣਾ ਚਾਹੁੰਦਾ ਹੈ ਕਿ ਮੇਰਾ ਫਰੇਬੀ ਮਿੱਤਰ ਕਿੱਥੇ ਤਕ ਜਾ ਸਕਦਾ ਹੈ। ਕਈ ਵਾਰ ਅਸੀਂ ਜਾਣਬੁੱਝ ਕੇ ਪਤੰਗ ਦੀ ਡੋਰ ਢਿੱਲੀ ਛੱਡ ਦਿੰਦੇ ਹਾਂ ਤਾਂ ਕਿ ਪੇਚਾ ਪਾ ਕੇ ਸਾਹਮਣੇ ਵਾਲੀ ਪਤੰਗ ਕੱਟੀ ਜਾ ਸਕੇ।

ਕਿਸੇ ਦੀ ਅਸਲੀਅਤ ਨੂੰ ਜਾਨਣ ਲਈ ਉਸ ਨੂੰ ਕੁਝ ਢਿੱਲ ਦੇਣੀ ਪੈਂਦੀ ਹੈ। ਚਲਾਕ ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੁੰਦੀ ਹੈ ਕਿ ਦੂਜਿਆਂ ਨੂੰ ਬੇਵਕੂਫ਼ ਸਮਝਦਾ ਹੈ। ਕਈ ਵਾਰ ਮਨੁੱਖ ਆਪਣੀ ਸਰਾਫ਼ਤ ਵਿੱਚ ਚੁੱਪ ਹੁੰਦਾ ਹੈ। ਸ਼ਰਾਫਤ ਕਿਸੇ ਦੀ ਕਮਜ਼ੋਰੀ ਨਹੀਂ ਹੁੰਦੀ। ਇੱਕ ਸ਼ਰੀਫ ਬੰਦਾ ਬਹੁਤ ਹੱਦ ਤੱਕ ਸਹਿਣਸ਼ੀਲ ਹੁੰਦਾ ਹੈ। ਪਰ ਹਰ ਚੀਜ਼ ਇੱਕ ਹੱਦ ਹੁੰਦੀ ਹੈ। ਰਬੜ ਨੂੰ ਹੱਦ ਤੋਂ ਵੱਧ ਖਿੱਚਣ ਨਾਲ ਉਹ ਟੁੱਟ ਜਾਂਦੀ ਹੈ। ਠੀਕ ਇਸੇ ਤਰ੍ਹਾਂ ਸਹਿਣਸ਼ੀਲਤਾ ਹੁੰਦੀ ਹੈ।

ਹਰ ਮਨੁੱਖ ਗੱਲ ਦੇ ਸਾਰੇ ਪੱਖ ਸਮਝਦਾ ਹੈ। ਅਖੀਰ ਇਕ ਦਿਨ ਉਹ ਕਿਨਾਰਾ ਕਰ ਲੈਂਦਾ ਹੈ। ਬੇਜ਼ਮੀਰੇ ਲੋਕਾਂ ਨਾਲ ਉਲਝਣ ਨਾਲੋ ਚੰਗਾ ਹੈ ਓਹਨਾਂ ਤੋਂ ਦੂਰੀ ਬਣਾ ਲੈਣਾ। ਔਰਤਾਂ ਨੂੰ ਅਜਿਹੇ ਪੁਰਸ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਉਨ੍ਹਾਂ ਨੂੰ ਸਰੀਰਕ ਤੌਰ ਤੇ ਇਸਤੇਮਾਲ ਕਰਨਾ ਚਾਹੁੰਦੇ ਹਨ। ਇਸੇ ਤਰ੍ਹਾਂ ਪੁਰਸ਼ ਨੂੰ ਵੀ ਉਨ੍ਹਾਂ ਔਰਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਆਪਣੇ ਜ਼ਾਤੀ ਮੁਫ਼ਾਦ ਲਈ ਇਸਤੇਮਾਲ ਕਰਨਾ ਚਾਹੁੰਦੀਆਂ ਹਨ। ਅਜਿਹੇ ਪੁਰਸ਼ ਬਾਅਦ ਵਿੱਚ ਮਿੱਤਰਾਂ ਦੀ ਢਾਣੀ ਵਿਚ ਬੈਠ ਕੇ ਹੁੱਬ ਕੇ ਆਪਣੇ ਰਿਸ਼ਤੇ ਬਾਰੇ ਦੱਸਦੇ ਹਨ। ਜਦੋਂ ਲੱਗੇ ਕਿ ਸਾਡੀ ਬੇਕਦਰੀ ਕੀਤੀ ਜਾ ਰਹੀ ਹੈ ਤਾਂ ਓਥੋਂ ਪਰੇ ਹੋ ਜਾਣਾ ਹੀ ਬੇਹਤਰ ਹੈ।

ਅਜਿਹੇ ਰਿਸ਼ਤਿਆਂ ਵਿੱਚ ਦੂਜੇ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ। ਮਤਲਬਪ੍ਰਸਤ ਲੋਕਾਂ ਤੋਂ ਵਫ਼ਾਦਾਰੀ ਦੀ ਉਮੀਦ ਕਰਨਾ ਹੀ ਗਲਤ ਹੈ। ਆਪ ਹੀ ਸਮਝਦਾਰ ਬਣਨਾ ਚਾਹੀਦਾ ਹੈ। ਜੋ ਕੰਧ ਤੇ ਲਿਖਿਆ ਸਾਫ ਦਿਖਾਈ ਦਿੰਦਾ ਹੈ ਉਸ ਨੂੰ ਨਕਾਰ ਦੇਣ ਵਾਲੇ ਅਕਸਰ ਧੋਖਾ ਖਾਂਦੇ ਹਨ। ਸੱਚ ਨੂੰ ਸਮਝ ਲੈਣ ਤੇ ਆਪਣਾ ਰਸਤਾ ਬਦਲ ਲੈਣ ਵਿਚ ਹੀ ਸਮਝਦਾਰੀ ਹੈ।

ਹਰਪ੍ਰੀਤ ਕੌਰ ਸੰਧੂ

 

Previous articleਨਵਤੇਜ ਸਿੰਘ ਹਨੀ ਸਹੋਲੀ ਦੀ ਬੇਵਕਤੀ ਮੌਤ ਤੇ ਵੱਖ ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
Next articleਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ