(ਸਮਾਜ ਵੀਕਲੀ)
ਅੱਸੂ ਦਾ ਮਹੀਨਾ ਗਰਮ ਤੇ ਸਰਦ ‘ਦੋ ਰੁੱਤਾਂ ਦੇ ਮੇਲ ਦਾ ਸੁਹਾਵਣਾ ਮਹੀਨਾ ਮੰਨਿਆ ਜਾਂਦਾ ਹੈ। ਹਰ ਰੁੱਤ ਦੀ ਸਾਡੇ ਤੇ ਸਾਡੇ ਵਿਰਸੇ-ਵਿਰਾਸਤ ਨਾਲ ਬੜੀ ਡੂੰਘੀ ਸਾਂਝ ਹੈ। ਸਾਲ ਦਾ ਹਰ ਮਹੀਨਾ ਆਪਣੇ ਨਾਲ ਨਵੀਂ ਰੁੱਤ ਲੈ ਕੇ ਆਉਂਦਾ ਹੈ। ਹਰ ਮਹੀਨੇ, ਹਰ ਰੁੱਤ, ਆਪਣੇ ਆਪ ਵਿਚ ਖਾਸ ਹੈ। ਅੱਸੂ ਦਾ ਮਹੀਨਾ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਧ ਸਤੰਬਰ ਤੋਂ ਸ਼ੁਰੂ ਹੋ ਅੱਧ ਅਕਤੂਬਰ ਤਕ ਦਾ ਹੁੰਦਾ ਹੈ। ਅੱਸੂ ਦੇ ਮਹੀਨੇ ‘ਚ ਜਿੱਥੇ ਰਾਤਾਂ ਮਿੰਨੀਆਂ-ਮਿੰਨੀਆਂ ਠੰਢੀਆਂ ਹੋਈਆਂ ਜਾਪਦੀਆਂ ਹਨ, ਉੱਥੇ ਹੀ ਦਿਨੇ ਧੁੱਪ ਹੁੰਦੀ ਹੈ।
ਪ੍ਰੰਤੂ ਅੱਸੂ ਦੇ ਮਹੀਨੇ ਨਾ ਤਾਂ ਬਹੁਤੀ ਗਰਮੀ ਮਹਿਸੂਸ ਹੁੰਦੀ ਹੈ, ਤੇ ਨਾ ਹੀ ਬਹੁਤੀ ਸਰਦੀ, ਤਾਂ ਹੀ ਤਾਂ ਸਾਡੀਆਂ ਲੋਕ ਬੋਲੀਆਂ ‘ਚ ਅੱਸੂ ਦੇ ਮਹੀਨੇ ਦਾ ਜਿਕਰ ਕਰਦੇ ਕਿਹਾ ਜਾਂਦਾ ਹੈ ਕਿ ‘ਅੱਸੂ ਮਾਹ ਨਿਰਾਲਾ, ਦਿਹੁੰ ਧੁੱਪ ਤੇ ਰਾਤੀਂ ਪਾਲਾ’ ਇਸ ਮਹੀਨੇ ਮਿੰਨੀਆਂ-ਮਿੰਨੀਆਂ ਠੰਢੀਆਂ ਰਾਤਾਂ ਸਿਆਲੂ ਰੁੱਤ ਦੇ ਆਗਾਜ਼ ਦੀ ਦਸਤਕ ਦਿੰਦੀਆਂ ਜਾਪਦੀਆਂ ਹਨ। ਇਸ ਮਹੀਨੇ ਹੋਏ ਸੁਹਾਵਣੈ ਮੌਸਮ ‘ਚ ਕੁਦਰਤ ਚਹੂ ਪਾਸੀਂ ਹਰਿਆਵਲ ਬਿਖੇਰਦੀ ਨਜ਼ਰ ਆਉਂਦੀ ਹੈ।
ਅੱਸੂ ਦਾ ਮਹੀਨਾ ਚੜ੍ਹਦੇ-ਚੜ੍ਹਦੇ ਤਕਰੀਬਨ ਬਰਸਾਤੀ ਮੌਸਮ ਖ਼ਤਮ ‘ਹੋ ਚੁੱਕਾ ਹੁੰਦਾ ਹੈ। ਪ੍ਰੰਤੂ ਜੇ ਕਿਧਰੋਂ ਅਸਮਾਨ ‘ਚ ਬੱਦਲੀ ‘ਆ ਜਾਵੇ ਕਿਸਾਨਾਂ ਦੇ ਸਾਹ-ਸੂਤੇ ਜਾਂਦੇ ਹਨ, ਕਿਉਂ ਕਿ ਅੱਸੂ ਦੇ ਮਹੀਨੇ ‘ਚ ਫਸਲਾ ਭਰ-ਜੋਬਨ ਤੇ ਹੁੰਦੀਆਂ ਹਨ ਤੇ ਹਰੀ ਤੋਂ ਸੁਨਿਹਰੀ ਹੁੰਦੇ ਜੀਰੀ ਦੇ ਸਿੱਟੇ ਵਾਤਾਵਰਣ ‘ਚ ਆਪਣਾ ਅਲੱਗ ਹੀ ਸੁਨਿਹਰੀ ਦਰਿਸ਼ ਪੇਸ਼ ਕਰਦੇ ਨਜ਼ਰੀ ਪੈਂਦੇ ਹਨ, ਨਾਲ ਹੀ ਸ਼ੁਰੂ ਹੋ ਜਾਂਦੇ ਨੇ ਅੱਸੂ ਦੇ ਮਹੀਨੇ ‘ਚ ਤਿਉਹਾਰ ਉੰਜ ਤਾਂ ਸਾਡੇ ਪੰਜਾਬੀ ਸੱਭਿਆਚਾਰ ‘ਚ ਸਾਰਾ ਸਾਲ ਹੀ ਕੋਈ ਨਾ ਕੋਈ ਤਿੱਥ, ਤਿਉਹਾਰਾਂ ਅਤੇ ਮੇਲੇ ਆਉਂਦੇ ਰਹਿੰਦੇ ਹਨ ਪ੍ਰੰਤੂ ਅੱਸੂ ਦਾ ਮਹੀਨਾ ਚੜ੍ਹਦੇ ਹੀ ਸਾਡੇ ਸਿਆਲੂ ਰੁੱਤ ਦੇ ਤਿੱਥ -ਤਿਉਹਾਰਾਂ ਦਾ ਆਗਾਜ਼ ‘ਹੋ ਜਾਂਦਾ ਹੈ।
ਕਈ ਵਾਰ ਸਾਡੀ ਅਰਥ ਹੀਣ ਹੋਈ ਜਿੰਦਗੀ ਨੂੰ ਇਨ੍ਹਾਂ ਮਹੀਨਿਆਂ ‘ਚ ਆਏ ਇਹ ਮੌਸਮ, ਇਹ ਤਿੱਥ-ਤਿਉਹਾਰਾਂ ਅਤੇ ਮੇਲੇ ਸਾਡੀ ਜਿੰਦਗੀ ਨੂੰ ਇਕ ਇਹੋ ਜਿਹਾ ਸੰਦੇਸ਼, ਇਕ ਇਹੋ ਜਿਹਾ ਹੁਲਾਰਾ ਦੇ ਜਾਂਦੇ ਹਨ ਕਿ ਸਾਡੀ ਅਰਥ ਹੀਣ ਹੋਈ ਜਿੰਦਗੀ ਅਰਥ ਭਰਭੂਰ ਹੋ ਨਿੱਬੜਦੀ ਹੈ। ਜੇ ਅੱਸੂ ਦੇ ਮਹੀਨੇ ‘ਚ ਆਏ ਮੇਲਿਆਂ ਦੀ ਗੱਲ ਕਰੀਏ ਤਾਂ, 12ਵੀਂ ਸਦੀ ਦੇ ਸੂਫੀ ਸੰਤ ਬਾਬਾ ਫ਼ਰੀਦ ਜੀ ਦੀ ਯਾਦ ‘ਚ ਫ਼ਰੀਦਕੋਟ (ਪੰਜਾਬ) ਦੀ ਧਰਤੀ ਤੇ ਬੜਾ ਭਾਰੀ ਮੇਲਾ ਲੱਗਦਾ ਹੈ।
ਇੱਥੇ ਗੁਰੂਦਵਾਰਾ ਟਿੱਲਾ ਬਾਬਾ ਫ਼ਰੀਦ ਜੀ ਹੈ ਜਿੱਥੇ ਸੰਗਤਾਂ ਨਕ-ਮਸਤਕ ਹੁੰਦੀਆਂ ਹਨ। ਇਸੇ ਤਰਾਂ ਅੱਸੂ ਦੇ ਮਹੀਨੇ ‘ਚ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਸਥਾਨ ਤੇ ਕਾਫ਼ੀ ਭਾਰੀ ਮੇਲਾ ਭਰਦਾ ਹੈ। ਇਹ ਸਥਾਨ ਪੰਜਾਬ ਦੇ ਸ਼ਹਿਰ ਜਲੰਧਰ ਵਿਚ ਸਤਿਥ ਹੈ। ਇਸ ਮੇਲੇ ‘ਚ ਪਹੁਚੇ ਸ਼ਰਧਾਲੂ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਸਥਾਨ ਤੇ ਬਣੇ ਮੰਦਿਰ ‘ਚ ਹਾਜ਼ਰੀ ਲਵਾਉਂਦੇ ਹਨ। ਅੱਸੂ ਦੇ ਮਹੀਨੇ ਨਾਮਧਾਰੀ ਸਿੱਖ ਸੰਗਤ ਵਲੋਂ ਸ਼੍ਰੀ ਭੈਣੀ ਸਾਹਿਬ, ਲੁਧਿਆਣਾ (ਪੰਜਾਬ) ਦੀ ਧਰਤੀ ਤੇ ਇਕ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿਚ ਸੰਗਤਾਂ ਕੱਠੀਆਂ ‘ਹੋ ਨਾਮ ਸਿਮਰਨ ਕਰਦੀਆਂ ਹਨ, ਸ਼੍ਰੀ ਭੈਣੀ ਸਾਹਿਬ ਲੱਗਣ ਵਾਲੇ ਇਸ ਮੇਲੇ ਨੂੰ ‘ਅੱਸੂ ਦਾ ਮੇਲਾ’ ਕਿਹਾ ਜਾਂਦਾ ਹੈ।
ਇਸੇ ਤਰਾਂ ਮੇਲਾ ਛਪਾਰ ਜੋ ਕਿ ਭਾਰਤ ਦੇ ਅਲੱਗ-ਅਲੱਗ ਪ੍ਰਦੇਸ਼ ‘ਚ ਲੱਗਦਾ ਹੈ, ਭਾਦੋਂ ਦੇ ਮਹੀਨੇ ਸ਼ੁਰੂ ‘ਹੋ ਅੱਸੂ ਦੇ ਮਹੀਨੇ ਵਿਚ ਸਮਾਪਤ ਹੁੰਦਾ ਹੈ। ਇਹ ਮੇਲਾ ਗੁੱਗਾ ਪੀਰ ਜੀ ਦੀ ਯਾਦ ਵਿਚ ਲੱਗਦਾ ਹੈ, ਜਿਸ ਨੂੰ ਗੋਗਾ ਜੀ ਵੀ ਕਿਹਾ ਜਾਂਦਾ ਹੈ ਅਤੇ ਨਾਗ ਦੇਵਤਾ ਵਜੋਂ ਪੂਜਿਆ ਜਾਂਦਾ ਹੈ। ਇਨ੍ਹਾਂ ਮੇਲਿਆਂ ਤੋਂ ਇਲਾਵਾ ਵੀ ਅੱਸੂ ਦੇ ਮਹੀਨੇ ਕਈ ਧਾਰਮਿਕ ਇਕੱਠ ਹੁੰਦੇ ਹਨ ਜਿਵੇ: ਸ਼੍ਰੀ ਖਡੂਰ ਸਾਹਿਬ ਵਿਖੇ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾਗੱਦੀ ਦਿਵਸ ਮਨਾਇਆ ਜਾਂਦਾ ਹੈ, ਭਾਈ ਘਨੱਈਆ ਜੀ ਦੀ ਬਰਸੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਈ ਜਾਂਦੀ ਹੈ, ਸ਼੍ਰੀ ਗੋਇੰਦਵਾਲ ਸਾਹਿਬ ਦਾ ਜੋੜ ਮੇਲਾ, ਸ਼੍ਰੀ ਦੁਰਗਾ ਅਸ਼ਟਮੀ ਜੀ ਦੀ ਪੂਜਾ, ਮੇਲਾ ਜਵਾਲਾ ਮੁਖੀ ਜੀ ਤੇ ਤਾਰਾ ਦੇਵੀ ਜੀ ਹਿਮਾਚਲ ਪ੍ਰਦੇਸ਼ ‘ਚ ਮਨਾਇਆ ਜਾਂਦਾ ਹੈ, ਅਤੇ ਇਸੇ ਅੱਸੂ ਦੇ ਮਹੀਨੇ ਸ਼ਰਾਧ ਸ਼ੁਰੂ ਹੋਕੇ ਖਤਮ ਹੁੰਦੇ ਹਨ, ਨੌਂ ਨਰਾਤਿਆਂ ਦਾ ਆਗਮਨ ਵੀ ਅੱਸੂ ਦੇ ਮਹੀਨੇ ਵਿੱਚ ਹੀ ਹੁੰਦਾ ਹੈ ਤੇ ਦੀਵਾਲੀ ਤੋਂ ਵੀਹ ਦਿਨ ਪਹਿਲਾਂ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਵੀ ਇਸੇ ਅੱਸੂ ਦੇ ਮਹੀਨੇ ਵਿੱਚ ਹੀ ਆਉਂਦਾ ਹੈ।ਅੱਸੂ ਦੇ ਮਹੀਨੇ ਵਿੱਚ ਬਹੁਤ ਸਾਰੇ ਤਿਉਹਾਰਾਂ ਦੀ ਆਮਦ ਹੋਣ ਕਰਕੇ ਅੱਸੂ ਦੇ ਮਹੀਨੇ ਨੂੰ ਭਾਗਾਂ ਵਾਲਾ ਦੇਸੀ ਮਹੀਨਾ ਮੰਨਿਆ ਜਾਂਦਾ ਹੈ।
ਅੱਸੂ ਆਸਾਂ ਦਾ ਮਹੀਨਾ ਇੰਜ ਛੜੀਦਾ ਹੋ ਚੀਨਾ,
ਅਸੀਂ ਬਕਲੀਆਂ ਧਰੀਆਂ ਪੱਟ ਚੂਪੀਆਂ ਵੀ ਚਰੀਆਂ,
ਸਾਡੇ ਖੇਤੀਂ ਸਿੱਟੇ ਪੱਕੇ ਤੇ ਕਪਾਹ ਪਈ ਹੱਸੇ,
ਮੱਕੀਆਂ ਨੇ ਕੱਢੇ ਬਾਬੂ ਹੋਇਆ ਜੋਬਨ ਬੇ-ਕਾਬੂ,
ਹਰ ਟਾਹਣੀ ਮੂੰਹ ਚੁੱਕ ਜਿਵੇਂ ਹਰੀ ਭਰੀ ਕੁੱਖ,
ਵਾਂਗ ਫਨੀਅਰ ਮੇਲੇ ਪਏ ਘੂਕਣ ਗਲੇਲੇ।(ਗਿਆਨੀ ਗੁਰਦਿੱਤ ਸਿੰਘ)
ਅੱਸੂ ਦੇ ਮਹੀਨੇ ਨੂੰ ਆਸਾਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ, ਕਿਉ ਕਿ ਇਸ ਮਹੀਨੇ ਕਈ ਫਸਲਾ ਪੱਕ ਚੁੱਕੀਆਂ ਹੁੰਦੀਆਂ ਹਨ ਤੇ ਕਈ ਪੱਕਣ ਦੀ ਤਿਆਰੀ ‘ਚ ਹੁੰਦੀਆਂ ਹਨ। ਜਿਵੇਂ ਤਿਉਹਾਰਾਂ ਦੀ ਆਮਦ ਇਸ ਮਹੀਨੇ ਹੁੰਦੀ ਹੈ, ਉਵੇਂ ਹੀ ਫ਼ਸਲ ਦੀ ਆਮਦ ਵੀ ਇਸੇ ਮਹੀਨੇ ਤੋਂ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਸੂ ਦੇ ਮਹੀਨੇ ‘ਚ ਆਈ ਫ਼ਸਲ ਦੇਖ ਕਿਸਾਨਾਂ, ਮਜਦੂਰਾਂ ਦੀਆ ਆਸਾਂ ਨੂੰ ਵੀ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਮਨ ਹੀ ਮਨ ਆਉਂਦੇ ਸਿਆਲ ਤੋਂ ਪਹਿਲਾਂ-ਪਹਿਲਾਂ ਘਰੇਲੂ ਕਾਰ-ਵਿਹਾਰ ਨੇਪਰੇ ਚਾੜ੍ਹਨ ਦੇ ਨਾਲ -ਨਾਲ ਅਗਲੀ ਫ਼ਸਲ ਦੀ ਬਿਜਾਈ ਦੀਆ ਵੀ ਵਿਉਂਤਾਂ ਬਣਾਉਣ ਲੱਗ ਪੈਂਦੇ ਹਨ।
ਪੰਜਾਬ ਖੇਤੀ ਪ੍ਰਧਾਨ ਪ੍ਰਦੇਸ਼ ਹੋਣਾ ਕਾਰਨ ਇੱਥੇ ਵੱਸਦੇ ਕਿਸਾਨ, ਮਜਦੂਰ, ਆੜਤੀ ਅਤੇ ਕਾਰੋਬਾਰੀ ਵਪਾਰੀ ਸਭ ਖੇਤੀ ਆਮਦਨ ਤੇ ਨਿਰਭਰ ਹਨ ਜੋ ਕਿਸਾਨ ਦੇ ਖੇਤ ‘ਚੋ ਹੁੰਦੀ ਹੋਈ ਪੂਰੇ ਬਜ਼ਾਰ ‘ਚ ਘੁੰਮਦੀ ਹੈ। ਫ਼ਸਲੀ ਪੈਸਾ ਹੱਥ ਆਉਣਾ ਨਾਲ ਜਿੱਥੇ ਅੱਸੂ ਦੇ ਮਹੀਨੇ ਆਏ ਤਿਉਹਾਰ ਮਨਾਏ ਜਾਂਦੇ ਹਨ ਉੱਥੇ ਹੀ ਠੰਡੀ-ਮਿੱਠੀ ਰੁੱਤ ਹੋਣ ਕਾਰਨ ਵਿਆਹ, ਮੁਕਲਾਵਿਆਂ ਦੀਆਂ ਤਿਆਰੀਆਂ ਵੀ ਜ਼ੋਰ ਫੜਨ ਲੱਗਦੀਆਂ ਹਨ। ਇਕ ਲੋਕ ਗੀਤ ‘ਚ ਮੁਟਿਆਰ ਆਪਣੇ ਬਾਬਲ ਨੂੰ ਇਉਂ ਕਹਿੰਦੀ ਹੈ :
ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ ।
ਤੇਰਾ ਅੰਨ ਨਾ ਤਰੱਕੇ ਕੋਠੜੀ, ਤੇਰਾ ਦਹੀਂ ਨਾ ਅਮਲਾ ਜਾਵੇ ।
ਬਾਬਲ ਮੈਂ ਬੇਟੀ ਮੁਟਿਆਰ, ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।
ਪੁਰਾਤਨ ਸਮਿਆਂ ‘ਚ ਅੱਸੂ ਦੇ ਮਹੀਨੇ ਨੂੰ ਵਿਆਹ-ਸ਼ਾਦੀਆਂ ਲਈ ਚੰਗਾ ਸਮਝਿਆ ਜਾਂਦਾ ਸੀ, ਕਿਉਂ ਕਿ ਵਿਆਹ-ਸ਼ਾਦੀਆਂ ਲਈ ਬਣੀਆ ਮਠਿਆਈਆ, ਸਬਜ਼ੀਆਂ- ਭਾਜੀਆਂ ਤੇ ਦੁੱਧ,ਦਹੀ ਖ਼ਰਾਬ ਹੋਣ ਦਾ ਖ਼ਤਰਾ ਘੱਟ ਹੁੰਦਾ ਸੀ। ਉਨ੍ਹਾਂ ਸਮਿਆਂ ‘ਚ ਖਾਨ-ਪੀਣ ਦਾ ਇੰਨਾ ਸਮਾਨ ਸਾਂਭ-ਸੰਭਾਲ ਲਈ ਢੁਕਵੇਂ ਸਾਧਣ ਨਹੀਂ ਸਨ ਹੁੰਦੇ, ਇਸ ਲਈ ਬਹੁਤੇ ਕਾਰ-ਵਿਹਾਰ ਮੌਸਮਾਂ ਨੂੰ ਦੇਖਕੇ ਹੀ ਕਰਨੇ ਪੈਂਦੇ ਸਨ। ਅੱਸੂ ਦੇ ਮਹੀਨੇ ਰਾਤਾਂ ਨੂੰ ਪੈਂਦੀ ਤਰੇਲ ਮੌਸਮ ਨੂੰ ਠੰਡਾ ਕਰ ਦਿੰਦੀ। ਅੱਸੂ ਮਨੁੱਖੀ ਮਨ ‘ਚ ਪ੍ਰੇਮ ਪੈਦਾ ਕਰਨ ਵਾਲਾ ਮਹੀਨਾ ਮੰਨਿਆ ਜਾਂਦਾ ਹੈ।
ਮਨੁੱਖੀ ਮਨ ਤੇ ਮੌਸਮਾਂ ਦਾ ਅਸਰ ਬਹੁਤ ਜਲਦੀ ਪੈਂਦਾ ਹੈ, ਅੱਸੂ ਦੇ ਮਹੀਨੇ ਠੰਡੀ-ਮਿੱਠੀ ਰੁੱਤ ਹੋਣ ਕਾਰਨ ਮਨੁੱਖੀ ਮਨ ‘ਚ ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਉਹ ਮਿਲਾਪ ਦੀ ਤਾਂਘ ਦੁਨਿਆਵੀ ਰਿਸ਼ਤਿਆਂ ਤੋਂ ਇਲਾਵਾ, ਉਸ ਪ੍ਰਮੇਸ਼ਵਰ, ਉਸ ਪ੍ਰਭੂ ਪਿਆਰੇ ਦੇ ਮਿਲਾਪ ਦੀ ਤਾਂਘ ਵੀ ਹੋ ਸਕਦੀ ਹੈ। ਜਿਨ੍ਹਾਂ ਆਪਣੇ ਪੁਰਖਿਆਂ ਦੀ ਸੰਗਤ ‘ਚ ਬੀਤੇ ਵੇਲਿਆਂ ਦੌਰਾਨ ਇਨ੍ਹਾਂ ਦੇਸੀ ਮਹੀਨਿਆਂ ਦਾ ਅਨੰਦ ਮਾਣਿਆ ਹੋਵੇਗਾ, ਉਹ ਅੱਜ ਆਪਣੀ ਉਮਰ ਦੇ ਇਸ ਪੜਾਅ ਤੇ ਪਹੁੰਚ ਜਰੂਰ ਮਹਿਸੂਸ ਕਰਦੇ ਹੋਣਗੇ, ਕਿ ਅਸੀਂ ਬਹੁਤ ਕੁਝ ਪਿੱਛੇ ਛੱਡ ਆਏ ਹਾਂ ਪ੍ਰੰਤੂ ਉਹ ਖੱਟੀਆਂ -ਮਿੱਠੀਆਂ ਕੀਮਤੀ ਯਾਦਾਂ ਅੱਜ ਵੀ ਨਾਲ ਹਨ।
ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ: ਫ਼ਤਹਿਗੜ੍ਹ ਸਾਹਿਬ,
ਸੰਪਰਕ : 98550 10005
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly