(ਸਮਾਜ ਵੀਕਲੀ)- ਕਾਰਲ ਲੈਂਡਸ਼ਟਾਇਨਰ ਦੇ ਜਨਮ ਦਿਨ, 14 ਜੂਨ 1868, ਨੂੰ ਵਿਸ਼ਵ ਖੂਨ ਦਾਨ ਕਰਤਾ ਦਿਨ (ਵਰਲਡ ਬਲੱਡ ਡੋਨਰ ਡੇ) ਦੇ ਤੌਰ ਤੇ ਮਨਾਇਆ ਜਾਂਦਾ ਹੈ। ਕਾਰਲ ਲੈਂਡਸ਼ਟਾਇਨਰ ਆਸਟਰੀਆ ਦਾ ਇਕ ਡਾਕਟਰ, ਜੀਵ-ਵਿਗਿਆਨੀ ਅਤੇ ਸਰੀਰਿਕ ਰੱਖਿਆਤੰਤਰ ਵਿਗਿਆਨੀ ਸੀ। ਇਹ ਕਾਰਲ ਲੈਂਡਸ਼ਟਾਇਨਰ ਹੀ ਸੀ ਜਿਸਨੇ ਸਾਲ 1900 ਵਿੱਚ ਖੂਨ ਦੀਆਂ ਕਿਸਮਾਂ ਦੀ ਪਛਾਣ ਕੀਤੀ ਸੀ। ਮਨੁੱਖੀ ਖੂਨ ਮੁੱਖ ਤੌਰ ਤੇ ਅੱਠ (O+, O-, A+, A-, B+, B-, AB+ ਅਤੇ AB-) ਕਿਸਮਾਂ ਵਿੱਚ ਵੰਡਿਆ ਹੋਇਆ ਹੈ। ਲੱਗਭੱਗ 35% ਲੋਕਾਂ ਦਾ ਖੂਨ ਗਰੁੱਪ O+, 13% ਦਾ O-, 30% ਦਾ A+, 8% ਦਾ A-, 8% ਦਾ B+, 2% ਦਾ B-, 2% ਦਾ AB+ ਅਤੇ 1% ਦਾ AB- ਹੁੰਦਾ ਹੈ ਅਤੇ 1% ਉਹ ਲੋਕ ਹਨ ਜਿਹਨਾਂ ਦਾ ਖੂਨ ਬਹੁਤ ਘੱਟ ਪਾਏ ਜਾਂਦੇ ਗਰੁੱਪਾਂ ‘ਚ ਹੁੰਦਾ ਹੈ। ਕਾਰਲ ਦੁਆਰਾ ਖੂਨ ਦੀਆਂ ਕਿਸਮਾਂ ਦੀ ਪਹਿਚਾਣ ਕਰਨ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਦੀ ਮੌਤ ਸਿਰਫ਼ ਇਸ ਕਰਕੇ ਹੋ ਜਾਂਦੀ ਸੀ ਕਿਉਂਕਿ ਡਾਕਟਰਾਂ ਨੂੰ ਜਾਣਕਾਰੀ ਨਹੀਂ ਸੀ ਕਿ ਕਿਸ ਵਿਅਕਤੀ ਨੂੰ ਕਿਸ ਗਰੁੱਪ ਦਾ ਖੂਨ ਦਿੱਤਾ ਜਾਣਾ ਚਾਹੀਦਾ ਹੈ। ਕਾਰਲ ਦੀ ਖੂਨ ਦੀਆਂ ਕਿਸਮਾਂ ਬਾਰੇ ਖੋਜ ਨੇ ਅੱਜ ਤੱਕ ਪਤਾ ਨਹੀਂ ਕਿੰਨੇ ਕੁ ਇਨਸਾਨਾਂ ਦੀ ਜਾਨ ਬਚਾਈ ਹੈ। ਸਿਰਫ਼ ਇਹ ਹੀ ਨਹੀਂ ਕਾਰਲ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲਕੇ ਕੀਤੀ ਖੋਜ ਰਾਂਹੀਂ 1909 ਵਿੱਚ ਪੋਲੀਓ ਵਾਇਰਸ ਦਾ ਵੀ ਪਤਾ ਲਗਾਇਆ। ਤਰਕਸ਼ੀਲ ਸੁਸਾਇਟੀ ਇਸ ਮਹਾਨ ਵਿਗਿਆਨੀ ਨੂੰ ਸਜਦਾ ਕਰਦੀ ਹੈ।
ਗੁਰਬਾਣੀ ਆਖਦੀ ਹੈ ਅਕਲੀ ਸਾਹਿਬੁ ਸੇਵੀਐ, ਅਕਲੀ ਪਾਈਏ ਮਾਨੁ॥ ਅਕਲੀ ਪੜ੍ਹਿ ਕੇ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ ਭਾਵ ਸਾਨੂੰ ਦਾਨ ਸੋਚ ਵਿਚਾਰ ਕਰਕੇ ਕਰਨਾ ਚਾਹੀਦਾ ਹੈ। ਦਾਨ ਕਰਨ ਦੇ ਬਹੁਤ ਸਾਰੇ ਢੰਗ ਅਤੇ ਜਰੀਏ ਹੋ ਸਕਦੇ ਹਨ। ਅੱਜ ਜਿਸ ਦਾਨ ਦੀ ਅਸੀਂ ਗੱਲ ਕਰਾਂਗੇ ਉਹ ਯਕੀਨਨ ਹੀ ਇੱਕ ਉੱਤਮ ਦਾਨ ਹੈ। ਉਹ ਹੈ ਖੂਨਦਾਨ। ਦਾਨ ਕਰਨਾ ਪੰਜਾਬੀ ਸੁਭਾਅ ਅਤੇ ਜੀਵਨ ਜਾਂਚ ਦਾ ਅਨਿੱਖੜਵਾਂ ਅੰਗ ਹੈ। ਪੰਜਾਬੀ ਸੁਭਾਅ ਅੱਜ ਵੀ ਆਪਣੇ ਪੁਰਖਿਆਂ ਦੀਆਂ ਪਾਈਆਂ ਪਿਰਤਾਂ ਤੇ ਉਵੇਂ ਹੀ ਖੜਾ ਹੈ ਜਿਵੇਂ ਦਹਾਕਿਆਂ, ਸਦੀਆਂ ਪਹਿਲਾਂ ਖੜਾ ਸੀ। ਪੰਜਾਬੀ ਲੋੜ ਪੈਣ ਤੇ ਵਿਤੋਂ ਬਾਹਰਾ ਦਾਨ ਕਰਨ ਲਈ ਜਾਣੇ ਜਾਂਦੇ ਹਨ। ਇਸਦੀਆਂ ਅਨੇਕਾਂ ਉਦਾਹਰਣਾਂ ਬੀਤਿਆ ਸਮਾਂ ਆਪਣੀ ਬੁੱਕਲ ‘ਚ ਸਮੋਈ ਬੈਠਾ ਹੈ। ਅੱਜ ਵੀ ਜਦੋਂ ਦਿੱਲੀ ਦੇ ਸਤਾਏ ਪੰਜਾਬੀ ਦਿੱਲੀ ਦੀਆਂ ਜੂਹਾਂ ਮੱਲੀ ਬੈਠੇ ਹਨ ਬਾਵਜ਼ੂਦ ਆਪਣੀ ਔਕੜ ਦੇ ਉਹ ਸਥਾਨਿਕ ਲੋਕਾਂ ਨੂੰ ਵੀ ਪੇਟ ਭਰ ਖਾਣ ਲਈ ਦੇ ਰਹੇ ਹਨ।
ਪਰ ਪੰਜਾਬੀ ਭਾਈਚਾਰੇ ‘ਚ ਜਿਸ ਸ਼ਿੱਦਤ ਨਾਲ ਖੂਨ ਦਾਨ ਬਾਰੇ ਗੱਲ ਹੋਣੀ ਚਾਹੀਦੀ ਹੈ ਉਸ ਸ਼ਿੱਦਤ ਨਾਲ ਇਸਨੂੰ ਵਿਚਾਰਿਆ ਨਹੀਂ ਜਾਂਦਾ। ਇਸਦੇ ਬਹੁਤ ਸਾਰੇ ਕਾਰਨ ਹਨ ਉਹਨਾਂ ਬਾਰੇ ਫਿਰ ਕਦੀ ਚਰਚਾ ਕਰਾਂਗੇ।
ਸੰਸਾਰ ਸਿਹਤ ਸੰਸਥਾ ਨੇ ਸੰਸਾਰ ਭਰ ਵਿੱਚ ਖੂਨਦਾਨ ਦੇਣ ਵਾਲੇ ਨਿਯਮਾਂ ਨੂੰ ਇਕਸਾਰ ਰੱਖਣ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ। ਉਦਾਹਰਣ ਦੇ ਤੌਰ ਤੇ ਖੂਨਦਾਨ ਕਰਨ ਵਾਲੇ ਦੀ ਉਮਰ 18 ਸਾਲਾਂ ਤੋਂ 65 ਸਾਲਾਂ ਦੀ ਹੋਵੇ ਅਤੇ ਭਾਰ 50 ਕਿਲੋ ਤੋਂ ਜ਼ਿਆਦਾ ਹੋਵੇ ਆਦਿਕ। ਇਸੇ ਕਰਕੇ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਥੋੜੇ ਬਹੁਤੇ ਫਰਕ ਨਾਲ ਖੂਨਦਾਨ ਕਰਨ ਲਈ ਲੱਗਭੱਗ ਇਕੋ ਜਿਹੇ ਨਿਯਮ ਹੀ ਲਾਗੂ ਹੁੰਦੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਦਾਨ ਕੀਤਾ ਗਿਆ ਖੂਨ ਕਿਸੇ ਵੀ ਬੀਮਾਰੀ, ਲਾਗ, ਇੰਫੈਕਸ਼ਨ ਆਦਿ ਤੋਂ ਰਹਿਤ ਹੋਵੇ, ਅਤੇ ਜਿਸ ਵਿਅਕਤੀ ਨੂੰ ਖੂਨ ਦਿੱਤਾ ਜਾਵੇ ਉਸਨੂੰ ਕੋਈ ਹੋਰ ਬੀਮਾਰੀ ਨਾ ਲੱਗੇ। ਪਰ ਹਰ ਦੇਸ਼ ਇਹਨਾਂ ਦਿਸ਼ਾ ਨਿਰਦੇਸ਼ਾਂ ਦੇ ਆਸ ਪਾਸ ਨਿਯਮ ਲਾਗੂ ਕਰ ਸਕਦਾ ਹੈ। ਜਿਵੇਂਕਿ ਇੰਗਲੈਂਡ ਵਿੱਚ ਤੁਸੀਂ 17 ਦੀ ਉਮਰ ਤੋਂ ਖੂਨ ਦੇ ਸਕਦੇ ਹੋ, ਇੰਡੀਆ ਵਿੱਚ ਘੱਟੋ ਘੱਟ ਭਾਰ ਦੀ ਹੱਦ 45 ਕਿਲੋ ਹੈ। ਇੰਗਲੈਂਡ ਵਿੱਚ ਖੂਨਦਾਨ ਕਰਨ ਲਈ ਸਿਹਤ ਨਾਲ ਸੰਬੰਧਿਤ ਨਿਯਮਾਂ ਤੋਂ ਇਲਾਵਾ ਹੇਠ ਲਿਖੇ ਨਿਯਮ ਲਾਗੂ ਹੁੰਦੇ ਹਨ। ਜੇਕਰ ਤੁਸੀਂ ਖੂਨ ਦੇਣ ਬਾਰੇ ਸੋਚਦੇ ਹੋ ਜਾਂ ਆਪਣਾ ਮਨ ਬਣਾ ਲਿਆ ਹੈ ਤਾਂ ਇਹਨਾਂ ਪ੍ਰਸ਼ਨਾਂ ਦੇ ਜਵਾਬ ਦਿਓ ਤਾਂ ਕਿ ਤੂਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਦਾਨ ਕਰ ਸਕਦੇ ਹੋ ਜਾਂ ਨਹੀਂ।
ਤੁਸੀਂ ਖੂਨ ਦਾਨ ਕਰ ਸਕਦੇ ਹੋ ਅਗਰ
- ਤੁਸੀਂ ਤੁੰਦਰੁਸਤ ਅਤੇ ਸਿਹਤਮੰਦ ਹੋ।
- ਤੁਹਾਡਾ ਭਾਰ 50 ਕਿਲੋ ਤੋਂ ਲੈ ਕੇ 158 ਕਿਲੋ ਹੈ।
- ਤੁਹਾਡੀ ਉਮਰ 17 ਸਾਲ ਤੋਂ ਲੈਕੇ 66 ਸਾਲ ਤੱਕ ਹੈ। ਜੇਕਰ ਤੁਸੀਂ ਪਹਿਲਾਂ ਖੂਨ ਦਾਨ ਕਰ ਚੁੱਕੇ ਹੋ ਤਾਂ ਤੁਸੀਂ 70 ਸਾਲ ਦੀ ਉਮਰ ਤੱਕ ਖੂਨ ਦਾਨ ਕਰ ਸਕਦੇ ਹੋ।
- ਤੁਸੀਂ ਪਿਛਲੇ ਦੋ ਸਾਲਾਂ ਵਿੱਚ ਖੂਨ ਦਿੱਤਾ ਹੈ ਤਾਂ 70 ਸਾਲ ਤੋਂ ਉੱਪਰ ਤੱਕ ਵੀ ਖੂਨ ਦੇ ਸਕਦੇ ਹੋ।
ਤੁਸੀਂ ਖਾਸ ਕਰਕੇ ਖੂਨ ਦਿਓ ਅਗਰ
- ਤੁਸੀਂ ਮਰਦ ਹੋ। ਮਰਦ ਔਰਤਾਂ ਨਾਲੋਂ ਜ਼ਿਆਦਾ ਵਾਰੀ ਖੂਨ ਦੇ ਸਕਦੇ ਹਨ।
- ਤੁਸੀਂ ਅਫਰੀਕਨ ਮੂਲ ਦੇ ਹੋ। ਘੱਟ ਮਿਲਣ ਵਾਲੇ RO ਗਰੁੱਪ ਦੇ ਖੂਨ ਦੀ NHS ਨੂੰ ਲੋੜ ਹੈ। ਇਸ ਗਰੁੱਪ ਦਾ ਖੂਨ ਜ਼ਿਆਦਾਤਰ ਅਫਰੀਕੀ ਮੂਲ ਦੇ ਲੋਕਾਂ ‘ਚ ਪਾਇਆ ਜਾਂਦਾ ਹੈ।
- ਤੁਹਾਡੇ ਖੂਨ ਦਾ ਗਰੁੱਪ O Negative ਹੈ। ਹਸਪਤਾਲਾਂ ਵਿੱਚ O Negative ਗਰੁੱਪ ਵਾਲੇ ਖੂਨ ਦੀ ਹਮੇਸ਼ਾਂ ਲੋੜ ਰਹਿੰਦੀ ਹੈ ਕਿਉਂਕ ਇਸ ਗਰੁੱਪ ਦਾ ਖੂਨ ਸਾਰੇ ਮਰੀਜ਼ਾਂ ਨੂੰ ਦਿੱਤਾ ਜਾ ਸਕਦਾ ਹੈ।
ਇਹ ਜਾਨਣ ਲਈ ਕਿ ਤੁਸੀਂ ਖੂਨ ਦਾਨ ਕਰਨ ਦੇ ਯੋਗ ਹੋ ਇਹਨਾਂ ਪ੍ਰਸ਼ਨਾਂ ਦੇ ਉੱਤਰ ਦਿਓ।
ਸਵਾਲ | ਜਵਾਬ | ||
ਅਗਰ ਇਹਨਾਂ ਵਿੱਚੋਂ ਕਿਸੇ ਵੀ ਸਵਾਲ ਦਾ ਜਵਾਬ ਹਾਂ ਹੈ ਤਾਂ ਤੁਸੀਂ NHS Blood Donation Service
ਨੂੰ 0300 123 23 23 ਤੇ ਫੋਨ ਕਰਕੇ ਪਤਾ ਕਰੋ ਕਿ ਤੁਸੀਂ ਖੂਨਦਾਨ ਕਰ ਸਕਦੇ ਹੋ ਜਾਂ ਨਹੀਂ। |
ਹਾਂ | ਨਹੀਂ | |
1 | ਕੀ ਪਿਛਲੇ 7 ਦਿਨਾਂ ਵਿੱਚ ਤੁਹਾਡੇ ਕੋਵਿਡ-19 ਦਾ ਟੀਕਾ (ਵੈਕਸੀਨੇਸ਼ਨ) ਲੱਗਾ ਹੈ? | ||
2 | ਕੀ ਪਿਛਲੇ 7 ਦਿਨਾਂ ਵਿੱਚ ਤੁਸੀਂ ਕੋਈ ਦੰਦਾਂ ਦਾ ਇਲਾਜ ਕਰਵਾਇਆ ਹੈ ਜਾਂ ਕੋਈ ਇਲਾਜ ਚੱਲ ਰਿਹਾ ਹੈ? | ||
3 | ਕੀ ਪਿਛਲੇ 4 ਮਹੀਨਿਆਂ ਵਿੱਚ ਤੁਸੀਂ ਛੁੱਟੀਆਂ ਜਾਂ ਕੰਮ ਕਰਕੇ ਯੂ.ਕੇ. ਤੋਂ ਬਾਹਰ ਗਏ ਹੋ? | ||
4 | ਕੀ ਪਿਛਲੇ 16 ਹਫ਼ਤਿਆਂ ਵਿੱਚ ਤੁਸੀਂ ਖੂਨ, ਪਲਾਜਮਾ, ਪਲੇਟਲਿਟ ਦਿੱਤਾ ਹੈ? | ||
5 | ਕੀ ਪਿਛਲੇ 28 ਦਿਨਾਂ ਵਿੱਚ ਤੁਹਾਨੂੰ ਖੰਘ, ਗਲ਼ ਪੱਕਣ ਜਾਂ ਠੰਡ ਲੱਗਣ ਦੇ ਲੱਛਣ ਮਹਿਸੂਸ ਹੋ ਰਹੇ ਹਨ? | ||
6 | ਕੀ ਤਹਾਡੇ ਹਾਲੇ ਵੀ ਕੋਲਡ ਸੋਰ (ਬੁੱਲਾਂ ਤੇ ਹਵਾੜ ਕਰਕੇ ਹੋਏ ਛਾਲੇ ਵਰਗਾ) ਹੈ? | ||
7 | ਕੀ ਤੁਹਾਨੂੰ ਪਿਛਲੇ 2 ਹਫ਼ਤਿਆਂ ਵਿੱਚ ਕੋਈ ਇੰਨਫੈਕਸ਼ਨ ਹੋਈ ਹੈ ਜਾਂ ਤੁਸੀਂ ਕੋਈ ਐਂਟੀਬਾਓਟੈਕ ਦਵਾਈ ਲਈ ਹੈ? | ||
8 | ਅਗਰ ਤੁਸੀਂ ਔਰਤ ਹੋ ਤਾਂ ਕੀ ਤੁਸੀਂ ਗਰਭਵਤੀ ਹੋ? ਕੀ ਤੁਸੀਂ ਪਿਛਲੇ 6 ਮਹੀਨਿਆਂ ‘ਚ ਬੱਚੇ ਨੂੰ ਜਨਮ ਦਿੱਤਾ ਹੈ? ਜਾਂ ਗਰਭਪਾਤ ਹੋਇਆ ਜਾਂ ਕਰਵਾਇਆ ਹੈ? | ||
9 | ਕੀ ਤੁਹਾਨੂੰ ਕੋਈ ਦਿਲ ਦੀ ਬੀਮਾਰੀ ਹੈ ਜਾਂ ਸੀ? | ||
10 | ਕੀ ਪਿਛਲੇ 4 ਮਹੀਨਿਆਂ ਵਿੱਚ ਤੁਸੀਂ ਆਪਣਾ ਕੰਨ, ਨੱਕ, ਮੂੰਹ ਜਾਂ ਸਰੀਰ ਦਾ ਕੋਈ ਅੰਗ ਵਿੰਨਵਾਇਆ ਹੈ? | ||
11 | ਕੀ ਪਿਛਲੇ 4 ਮਹੀਨਿਆਂ ਵਿੱਚ ਤੁਸੀਂ Tattoo, Semi-permanent make-up or cosmetic treatment ਕਰਵਾਈ ਹੈ ਜਿਸ ਲਈ ਤੁਹਾਨੂੰ ਆਪਣੀ ਚਮੜੀ ਵਿੰਨਵਾਉਣੀ ਪਈ ਹੋਵੇ? | ||
12 | ਕੀ ਪਿਛਲੇ 4 ਮਹੀਨਿਆਂ ਵਿੱਚ ਤੁਸੀਂ ਐਕੂਪੰਕਚਰ ਇਲਾਜ਼ ਕਰਵਾਇਆ ਹੈ? | ||
13 | ਕੀ ਪਿਛਲੇ 4 ਮਹੀਨਿਆਂ ਵਿੱਚ ਤੁਸੀਂ flexible endoscopy or colonoscopy ਕਰਵਾਈ ਹੈ? | ||
14 | ਕੀ ਪਿਛਲੇ 4 ਮਹੀਨਿਆਂ ਵਿੱਚ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜਿਸਨੂੰ ਲਾਗ ਵਾਲੀ ਬੀਮਾਰੀ ਹੋਈ ਹੋਵੇ? |
ਇਕ ਗੱਲ ਜੋ ਧਿਆਨ ਦੇਣ ਯੋਗ ਹੈ ਉਹ ਇਹ ਕਿ ਉਪਰ ਦਿੱਤੀ ਗਈ ਪ੍ਰਸ਼ਨਾਂ ਦੀ ਲਿਸਟ ਵਿੱਚ ਜਿਸ ਸਮੇਂ (ਜਿਵੇਂਕਿ ਪਿਛਲੇ 7 ਦਿਨ, 4 ਮਹੀਨੇ ਆਦਿ) ਦੀ ਗੱਲ ਕੀਤੀ ਗਈ ਹੈ ਉਹ ਸਮਾਂ ਤੁਹਾਡੇ ਖੂਨਦਾਨ ਕਰਨ ਵਾਲੇ ਦਿਨ ਤੋਂ ਪਿੱਛੇ ਨੂੰ ਗਿਣਿਆ ਜਾਵੇਗਾ।
ਖੂਨ ਵਿੱਚ ਮੁੱਖ ਚਾਰ ਤੱਤ ਹੁੰਦੇ ਹਨ – ਲਾਲ ਸੈੱਲ, ਚਿੱਟੇ ਸੈੱਲ, ਪਲੇਟਲਿਟ ਅਤੇ ਪਲਾਜਮਾ।
ਲਾਲ ਸੈੱਲਾਂ ਦਾ ਕੰਮ ਫੇਫੜਿਆਂ ਤੋਂ ਆਕਸੀਜਨ ਲੈ ਕੇ ਸਰੀਰ ਦੇ ਵੱਖ-ਵੱਖ ਹਿੱਸਆਂ ਤੱਕ ਪਹੁੰਚਾਉਣਾ ਅਤੇ ਕਾਰਬਨ ਡਾਈਓਕਸਾਇਡ ਨੂੰ ਵਾਪਸ ਫੇਫੜਿਆਂ ਤੱਕ ਲੈ ਕੇ ਆਉਣਾ ਹੁੰਦਾ ਹੈ।
ਚਿੱਟੇ ਸੈੱਲ ਸਰੀਰ ਦੇ ਬੀਮਾਰੀਆਂ ਦੇ ਬਚਾਅ ਤੰਤਰ ਦਾ ਪਹਿਲਾ ਘੇਰਾ ਹੁੰਦਾ ਹੈ। ਚਿੱਟੇ ਸੈੱਲ ਸਾਡੇ ਸਰੀਰ ਵਿੱਚ ਬਾਹਰੋਂ ਆਏ ਹਾਨੀਕਾਰਕ ਵਾਇਰਸਜ਼ ਆਦਿ ਨੂੰ ਨਸ਼ਟ ਕਰਕੇ ਸਾਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ।
ਪਲੇਟਲਿਟ ਖੂਨ ਦਾ ਉਹ ਤੱਤ ਹੈ ਜੋ ਖੂਨ ਦੇ ਗੱਤਲੇ ਬਣਾਉਦਾ ਹੈ ਅਤੇ ਸਾਡੇ ਸੱਟ ਚੋਟ ਲੱਗਣ ਕਰਕੇ ਖੂਨ ਨੂੰ ਵਗਣ ਤੋਂ ਰੋਕਣ ਦਾ ਕੰਮ ਕਰਦਾ ਹੈ ਤਾਂਕਿ ਸਾਡੀ ਖੂਨ ਵਹਿ ਜਾਣ ਕਰਕੇ ਮੌਤ ਨਾ ਹੋ ਜਾਵੇ।
ਪਲਾਜਮਾ ਖੂਨ ਵਿੱਚ ਪਾਇਆ ਜਾਣ ਵਾਲਾ ਹਲਕੇ ਪੀਲੇ ਰੰਗ ਦਾ ਪਦਾਰਥ ਹੁੰਦਾ ਹੈ। ਸਾਡੇ ਖੂਨ ਵਿੱਚ ਇਸਦੀ ਮਾਤਰਾ ਲੱਗਭੱਗ 58% ਹੁੰਦੀ ਹੈ। ਪਲਾਜਮੇ ਦਾ ਮੁੱਖ ਮੰਤਵ ਲਾਲ ਤੇ ਚਿੱਟੇ ਸੈੱਲਾਂ, ਹੋਰ ਤੱਤ ਜਿਵੇਂ ਕਿ ਪ੍ਰੋਟੀਨ, ਹਾਰਮੋਨਜ਼, ਸੈੱਲਾਂ ਦੀ ਟੁੱਟ-ਭੱਜ ਤੋਂ ਪੈਦਾ ਹੋਏ ਕੂੜੇ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਅਤੇ ਆਰਗਨਜ਼ ਤੱਕ ਢੋਆ ਢੁਆਈ ਕਰਨਾ ਹੈ।
ਅਗਰ ਤੁਸੀਂ ਸਾਰਾ ਖੂਨ ਦਾਨ ਨਹੀਂ ਕਰਨਾ ਚਾਹੁੰਦੇ ਤਾਂ ਇਹਨਾਂ ਚੌਹਾਂ ਤੱਤਾਂ ਵਿੱਚੋਂ ਇਕ ਜਾਂ ਇੱਕ ਤੋਂ ਵੱਧ ਤੱਤ ਵੀ ਦਾਨ ਕਰ ਸਕਦੇ ਹੋ। ਇਸ ਬਾਰੇ ਬਲੱਡ ਸਰਵਿਸ ਵਾਲੇ ਤੁਹਾਡੀ ਮੱਦਦ ਕਰ ਸਕਦੇ ਹਨ।
ਕਿਸੇ ਨੇ ਠੀਕ ਹੀ ਕਿਹਾ ਹੈ ਕਿ ਖੂਨ ਦੀ ਭਰਪਾਈ ਤਾਂ ਹੋ ਸਕਦੀ ਹੈ ਪਰ ਗਈ ਜਾਨ ਦੁਬਾਰਾ ਨਹੀਂ ਮਿਲ ਸਕਦੀ।
ਸੋ, ਆਓ ਖੂਨਦਾਨ ਕਰਕੇ ਆਪਣਾ ਯੋਗਦਾਨ ਪਾਈਏ ਅਤੇ ਕਿਸੇ ਦੀ ਜਾਨ ਬਚਾਉਣ ਦਾ ਸਾਧਨ ਬਣੀਏ।