ਰਾਜ਼ ਦੀ ਗੱਲ

ਸ਼ਿੰਦਾ ਬਾਈ
         (ਸਮਾਜ ਵੀਕਲੀ)
ਕਿਸੇ ਦੇਸ਼ ਵਿੱਚ ਇੱਕ ਬੜਾ ਹੀ ਪ੍ਰਤਾਪੀ ਤੇ ਤਾਕ਼ਤਵਰ ਡਿਕਟੇਟਰ ਰਾਜ ਕਰਦਾ ਸੀ। ਪਤਾ ਨਹੀਂ ਕਿ ਉਹ ਸੱਚੀਓਂ ਆਪਣੀ ਪਰਜਾ ਨੂੰ ਪਿਆਰ ਕਰਦਾ ਸੀ ਜਾਂ ਪਿਆਰ ਦਾ ਦਿਖਾਵਾ ਕਰਦਾ ਸੀ, ਪਰ ਆਪਣੀ ਸੱਤਾ ਤੇ ਕਬਜ਼ਾ ਜਮਾਈ ਰੱਖਣ ਲਈ ਉਹ ਹਮੇਸ਼ਾਂ ਜਨਤਾ ਦੀ ਸੇਵਾ ਵਿੱਚ ਬਿਜ਼ੀ ਰਹਿੰਦਾ ਸੀ ਜਾਂ ਸ਼ਾਇਦ ਬਿਜ਼ੀ ਹੋਣ ਦਾ ਢੋਂਗ ਕਰਦਾ ਸੀ।
ਉਹ ਡਿਕਟੇਟਰ ਜਨਸੇਵਾ ਵਿੱਚ ਐਨਾ ਬਿਜ਼ੀ ਰਹਿੰਦਾ ਸੀ ਕਿ ਕਈ ਵਾਰ ਤਾਂ ਉਸਨੂੰ ਆਪਣੀ ਹਜ਼ਾਮਤ ਬਣਵਾਉਣ ਦਾ ਵੀ ਸਮਾਂ ਨਹੀਂ ਮਿਲ਼ਦਾ ਸੀ। ਦਾੜ੍ਹੀ ਅਤੇ ਸਿਰ ਦੇ ਵਾਲ਼ ਐਨੇ ਵੱਧ ਜਾਂਦੇ ਸਨ ਕਿ ਜਿਹੜਾ ਵੀ ਨਾਈ ਉਸਦੀ ਹਜ਼ਾਮਤ ਬਨਾਉਣ ਲਈ ਆਉਂਦਾ ਹੁੰਦਾ ਸੀ, ਉਹਨੂੰ ਘੱਟ ਤੋਂ ਘੱਟ ਚਾਰ ਜਾਂ ਪੰਜ ਘੰਟੇ ਦਾ ਸਮਾਂ ਲੱਗਦਾ ਹੁੰਦਾ ਸੀ।
ਇੱਕ ਵਾਰ ਇੱਕ ਨਾਈ ਉਸ ਡਿਕਟੇਟਰ ਦੀ ਹਜ਼ਾਮਤ ਪੰਜਾਂ ਮਿੰਟਾਂ ਵਿੱਚ ਹੀ ਬਣਾ ਕੇ, ਮਾਰਕੀਟ ਵਿੱਚ ਆਪਣੇ ਸਲੂਨ ਵਾਪਸ ਪਰਤ ਕੇ ਆ ਗਿਆ। ਇਹ ਇੱਕ ਅਨਹੋਣੀ ਗੱਲ ਸੀ। ਨਾਈਆਂ ਦੇ ਬਜ਼ਾਰ ਵਿੱਚ ਰੌਲ਼ਾ ਪੈ ਗਿਆ। ਸਾਰੀ ਨਾਈ ਬਰਾਦਰੀ ਆਪਣੀਆਂ ਦੁਕਾਨਾਂ ਆਪਣੇ ਚੇਲਿਆਂ ਦੇ ਸਪੁਰਦ ਕਰ ਉਸ ਨਾਈ ਦੇ ਸਲੂਨ ਤੇ ‘ਕੱਠੀ ਹੋ ਗਈ। ਸਾਰੇ ਹੀ ਇਸ ਅਨਹੋਣੀ ਦਾ ਰਹੱਸ ਜਾਨਣ ਲਈ ਬੜੇ ਉਤਾਵਲੇ ਸਨ। ਜਿੱਦਾਂ ਕਿ ਨਾਈਆਂ ਦੀ ਆਦਤ ਹੁੰਦੀ ਹੈ, ਗੱਲਾਂ ਵਿੱਚ ਇਹਨਾਂ ਤੋਂ ਕੌਣ ਜਿੱਤ ਸਕਿਆ ਹੈ, ਉਸ ਨਾਈ ਨੇ ਵੀ ਆਪਣੀ ਬਹਾਦਰੀ ਦਾ ਰਹੱਸ ਖੋਲ੍ਹਦੇ ਹੋਏ ਦੱਸਿਆ — ” ਮੈਂ ਜਦੋਂ ਸ਼੍ਰੀਮਾਨ ਡਿਕਟੇਟਰ ਦੇ ਵਾਲ਼ ਮੁੰਨਣ ਲਈ ਗਿਆ ਤਾਂ ਉਹ ਆਪਣੇ ਦਫ਼ਤਰ ਵਿੱਚ ਫ਼ਾਈਲਾਂ ਦੇ ਢੇਰ ਵਿੱਚ ਉਲਝੇ ਬੈਠੇ ਸੀ। ਉਹਨਾਂ ਨੇ ਓਥੇ ਬੈਠਿਆਂ ਹੀ ਮੈਨੂੰ ਆਪਣੀ ਕਾਰਵਾਈ ਜ਼ਾਰੀ ਰੱਖਣ ਦੀ ਤਾਕੀਦ ਕੀਤੀ। ਮੈਂ ਤੌਲੀਆ ਉਹਨਾਂ ਦੀ ਗਰਦਣ ਦੁਆਲ਼ੇ ਵਲ੍ਹੇਟਦੇ ਹੋਏ ਨੇ, ਉਹਨਾਂ ਦੇ ਕੰਨ ਵਿੱਚ ਇੱਕ ਰਾਜ਼ ਦੀ ਗੱਲ ਕਹਿਣ ਦੀ ਆਗਿਆ ਮੰਗੀ। ਇਹ ਸੁਣ ਉਹਨਾਂ ਫੌਰਨ ਸਵਾਲੀਆ ਨਜ਼ਰਾਂ ਨਾਲ਼ ਹਾਮੀ ਭਰੀ। ਮੈਂ ਉਹਨਾਂ ਦੇ ਕੰਨ ਵਿੱਚ ਕਿਹਾ —‘  ਦੇਸ਼ ਵਿੱਚ ਚੋਣਾਂ ਦੀ ਹਨੇਰੀ ਆਉਣ ਵਾਲ਼ੀ ਏ, ਅਤੇ ਜਨਤਾ ਦਾ ਰੁਖ ਤੁਹਾਡੇ ਵਿਰੋਧੀਆਂ ਦੇ ਖ਼ੇਮੇ ਵੱਲ ਨੂੰ ਜਾ ਰਿਹਾ ਹੈ। ਜਾਤਾਂ ਦੇ ਅਧਾਰ ਤੇ ਹੋਣ ਜਾ ਰਹੀ ਜਨਗਣਨਾ ਤੁਹਾਡੇ ਗਲ਼ੇ ਦੀ ਹੱਡੀ ਬਣ ਜਾਵੇਗੀ। ਛੇਤੀ ਕੁੱਝ ਨਾ ਕੀਤਾ ਤਾਂ , ਨਾਂ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ।’ — ਇਲੈਕਸ਼ਨ ਵਿੱਚ ਜਨਗਣਨਾ ਦੀ ਗੱਲ ਸੁਣਦਿਆਂ ਹੀ ਉਹਨਾਂ ਦੇ ਵਾਲ਼ ਬਿੱਲਕੁੱਲ ਅਟੈਂਸ਼ਨ ਦੀ ਪੋਜੀਸ਼ਨ ਵਿੱਚ ਖੜ੍ਹੇ ਹੋ ਗਏ। ਜਿਉਂ ਹੀ ਉਹਨਾਂ ਦੇ ਵਾਲ਼ ਖੜ੍ਹੇ ਹੋਏ ਮੈਂ ਤਪਾਕ ਨਾਲ਼ ਉਹਨਾਂ ਦੀ ਫ਼ੌਜੀ ਕੱਟ ਦੀ ਹਜ਼ਾਮਤ ਬਣਾ ਕੇ ਆ ਗਿਆ। ਪੰਜ ਮਿੰਟ ਵੀ ਨੀਂ ਲੱਗੇ !!”
ਸ਼ਿੰਦਾ ਬਾਈ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਪਾਰੀ( ਮਿੰਨੀ ਕਹਾਣੀ)
Next articleਫਾਸਟ ਫੂਡ ਸਿਹਤ ਲਈ ਬਣਿਆ ਮਿੱਠਾ ਜ਼ਹਿਰ-