(ਸਮਾਜ ਵੀਕਲੀ)
ਦਿਲ ਦੇ ਸ਼ਹਿਰ ਹਜ਼ਾਰਾਂ ਕਾਅਬੇ
ਵਿਚ ਇਕ ਕਾਅਬਾ ਤੇਰਾ
ਹੁੰਦਾ ਜਾਵੇ ਸ਼ਾਮ ਢਲ਼ੀ ਤੋਂ
ਇਸ਼ਕ ਦਾ ਝੱਲ ਘਨੇਰਾ
ਖ਼ਲਕਤ ਵੱਲੋਂ ਅੰਨ੍ਹੇ ਬੋਲ਼ੇ
ਸਿਰ ਬਿਰਹੇ ਦੀ ਆਰੀ
ਦੀਵੇ ਦੇ ਨਾਲ਼ ਦੀਵਾ ਲੱਭਾਂ
ਮੱਤ ਗਈ ਏ ਮਾਰੀ
ਉਹ ਦਿਲਬਰ ਉਰਵਾਰ ਨਾ ਪਾਰਾ
ਨਾ ਹੀ ਬਲਖ਼-ਬੁਖ਼ਾਰੇ
ਉਸਦੀ ਛੋਹ ਨੂੰ ਤਰਸਣ ਟਿੱਲੇ
ਰੋਵਣ ਤਖ਼ਤ ਹਜ਼ਾਰੇ
ਵਗਦੇ ਰਹਿਣ ਅਠਾਰਾਂ ਤੀਰਥ
ਜਿਸਦੇ ਪੈਰਾਂ ਥੱਲੇ
ਉਸਦੇ ਅੱਗੇ ਰੂਹ ਮੇਰੀ ਦੀ
ਪੇਸ਼ ਨਾ ਕੋਈ ਚੱਲੇ
ਬਹਿ ਗਿਆ ਹਿਜਰ ਜਮਾਤ ਰੂਹਾਨੀ
ਲੈ ਕੇ ਕ਼ਾਇਦਾ, ਫੱਟੀ
ਵਾਹਵਾ ਖ਼ੂਬ! ਇਸ਼ਕ ਨੇ ਖੋਲ੍ਹੀ
ਅੱਖਾਂ ਉੱਤੋਂ ਪੱਟੀ
ਉਸਦੀ ਖ਼ਬਰ ਸੁਣਾਵੇ ਜਿਹੜਾ
ਨੌ ਲੱਖ ਤਾਰਾ ਦੇਵਾਂ
ਝੁਕ ਕੇ ਕਰਾਂ ਤਵਾਫ਼ ਤੇ ਨਾਲ਼ੇ
ਚੂਲ਼ੀ ਭਰ ਕੇ ਪੀਵਾਂ
ਦਿਲ ਦੇ ਚੈਨ ਨੇ ਹਿਜਰਤ ਕੀਤੀ
ਸਰਫ਼ਾ ਕੀਤਾ ਸਾਹਵਾਂ
ਕਿਬਲੇ ਵਿਚ ਹੁਜ਼ੂਰ ਨੀ ਲਗਦੇ
ਕਿੱਥੇ ਕਰਾਂ ਦੁਆਵਾਂ?
ਜਿਹੜੇ ਘਰ ਦਿਲਦਾਰ ਨਹੀਂ
ਉਸ ਦਰ ਦੇ ਨਾਲ਼ ਕੀ ਖਹਿਣਾ
ਉਸ ਮੇਹਰਾਬ ਦੇ ਹੇਠਾਂ ਕ਼ਲਮਾ
ਪੜ੍ਹ ਕੇ ਵੀ, ਕੀ ਕਰਨਾ?
ਆਲਿਮ ਹੋ ਕੇ ਤਾੜੀ ਮਾਰੀ
ਰੋਂਦਾ ਜੱਗ ਹਸਾਇਆ
ਜਾਹਿਲ ਮਨ ਦੇ ਹੱਥੋਂ
ਰੂਹ ਦਾ ਖ਼ਿਰਕਾ ਪਾੜ ਗੰਵਾਇਆ
ਕਰ ਕੇ ਫ਼ਨਾ ਗ਼ਰੂਰ ਦੀ ਹਸਤੀ
ਭਰ ਲਈੰ ਵਿਚ ਕਲਾਵੇ
ਵੇਖੀਂ ਇੰਤਜ਼ਾਰ ਵਿਚ ਕੋਈ
ਜਿਉਂਦਾ ਨਾ ਮਰ ਜਾਵੇ
~ ਰਿਤੂ ਵਾਸੂਦੇਵ