ਹਾਸੇ ਤੋਂ ਮੁਸਕਰਾਹਟ ਤੱਕ ਦਾ ਸਫ਼ਰ

(ਸਮਾਜ ਵੀਕਲੀ) – ਇੱਕ ਸਮਾਂ ਹੁੰਦਾ ਸੀ ਜਦੋਂ ਘਰ ਵੱਡੇ ਵੱਡੇ ਬੋਹੜ ਅਤੇ ਪਿੱਪਲ ਦੇ ਰੁੱਖਾਂ ਵਾਂਗ ਵਿਸ਼ਾਲ ਅਤੇ ਹਰੇ ਹਰੇ ਪੱਤਿਆਂ ਦੀ ਤਰ੍ਹਾਂ ਪਰਿਵਾਰਕ ਮੈਂਬਰਾਂ ਚਾਚੇ , ਚਾਚੀਆਂ , ਤਾਏ ,ਤਾਈਆਂ, ਭਾਈ, ਭੈਣਾਂ, ਭਤੀਜੇ , ਭਤੀਜੀਆਂ ਨਾਲ ਭਰਪੂਰ ਹੁੰਦੇ ਸਨ , ਕਿਸੇ ਨੂੰ ਨਹੀਂ ਸੀ ਪਤਾ ਲੱਗਦਾ ਕਿ ਕੌਣ ਕਿਥੋਂ ਕਦੋਂ ਰੋਟੀ ਖਾ ਗਿਆ, ਨਾ ਕੋਈ ਗੱਲ ਦਾ ਓਹਲਾ ਸੀ ਤੇ ਨਾ ਹੀ ਕੋਈ ਵਿਖਾਵਾ, ਬੱਸ ਦਿਲਾਂ ਵਿੱਚ ਇੱਕ ਹੀ ਚੀਜ਼ ਸੀ, ਓਹ ਸੀ ‘ਪਿਆਰ ਅਤੇ ਆਪਣਾਪਨ’ ।
            ਰਾਤ ਨੂੰ ਤਾਰਿਆਂ ਦੀ ਛਾਵੇਂ ਖੁੱਲੀਆਂ ਛੱਤਾਂ ਉੱਤੇ , ਢਿੱਲੀ ਡੌਣ ਵਾਲੇ ਵਾਣ ਦੇ ਮੰਜਿਆਂ ਤੇ ਸੌਣ ਦਾ ਨਜ਼ਾਰਾ ਹੀ ਵੱਖਰਾ ਸੀ ।
ਮੰਜਿਆਂ ਤੇ ਪੲੇ ਚਾਚੇ, ਤਾਏ ਨਾਲ ਕਿੰਨਾ ਕਿੰਨਾ ਸਮਾਂ ਮਸ਼ਕਰੀਆਂ ਕਰਦੇ ਰਹਿਣਾ, ਬਿਨਾਂ ਕਿਸੇ ਗੱਲੋਂ ਹੀ ਕਿੰਨਾ ਕਿੰਨਾ ਸਮਾਂ ਹਸਦੇ ਹੀ ਨਿਕਲ ਜਾਂਦਾ, ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਹੱਸ ਕਿਹੜੀ ਗੱਲੋਂ ਰਹੇ ਹਾਂ। ਪਤਾ ਹੀ ਨਹੀਂ ਸੀ ਹੁੰਦਾ ਕਿ ਉਹ ਹਾਸਾ ਵੀ ਧੁਰ ਅੰਦਰੋਂ ਕਿਹੜੀ ਖੁੱਡੋਂ ਨਿਕਲਦਾ ਸੀ , ਜਿਸ ਨੂੰ ਰੋਕਣਾਂ ਵੀ ਇੱਕ ਅਸੰਭਵ ਜਿਹੀ ਕਿਰਿਆ ਜਾਪਦੀ ਸੀ। ਫਿਰ ਅੱਧ ਨੀਂਦਰੇ ਸੁੱਤੇ ਪਏ
ਦਾਦੇ ਨੇ ਖੰਘਦੀ ਆਵਾਜ਼ ਵਿੱਚ ਝਿੜਕਣਾ ਅਤੇ ਅਸੀਂ ਸਿਰਾਣੇ ਦਾ ਇੱਕ ਖੂੰਜਾ ਮੂੰਹ ਵਿੱਚ ਤੁੰਨ ਹਾਸੇ ਦੀ ਆਵਾਜ਼ ਨੂੰ ਖਾਮੋਸ਼ ਕਰਨ ਦੀ ਨਾਕਾਮ ਕੋਸ਼ਿਸ਼ ਵਿੱਚ ਜੁੱਟ ਜਾਂਦੇ , ਪਰ ਉਹ ਹਾਸਾ ਸਾਡੇ ਵੱਸੋਂ ਬਾਹਰ ਹੋ ਕਿ ਖੰਗ ਦਾ ਰੂਪ ਧਾਰਨ ਕਰ ਜਾਂਦਾ , ਅਤੇ ਫਿਰ ਕਦੋਂ ਰਾਤ ਅਸਾਂ ਨੂੰ ਨੀਂਦ ਦੀ ਗੋਦ ਵਿੱਚ ਲੈ, ਸੁਪਨਿਆਂ ਦੀ ਸੁਨਹਿਰੀ ਸੈਰ ਕਰਵਾਉਣ ਲੈ ਜਾਂਦੀ ਸਾਨੂੰ ਖ਼ੁਦ ਵੀ ਪਤਾ ਨਾ ਲੱਗਦਾ।
         ਜ਼ਿੰਦਗੀ ਦੇ ਓਹ ਪੁਰਾਣੇ ਦਿਨ ਵੀ ਕਿੰਨੇ ਸੁਨਹਿਰੀ ਸਨ , ਨਾ‌ ਕੋਈ ਫਿਕਰ ਸੀ ਨਾ ਫਾਕਾ , ਸਵੇਰ ਹੋਣ ਸਾਰ ਦਾਤਣ ਦੀ ਡੰਡੀ ਮੂੰਹ ਵਿੱਚ ਰੱਖ ਬਾਹਰ ਬੀਹੀ ਵਿੱਚ ਨਿੱਕਲ ਜਾਣਾ, ਦੋਸਤਾਂ ਮਿੱਤਰਾਂ ਨਾਲ ਬੈਠ ਸਾਰੇ ਮੁਹੱਲੇ ਦੀ ਖਬਰ ਸਾਰ ਉਦੋਂ ਤੀਕਰ ਇੱਕਠੀ ਕਰਨੀ , ਜਦੋਂ ਤੱਕ ਮੂੰਹ ਵਿੱਚ ਰੱਖੀ ਦਾਤਣ ਦੇ ਰੋਡੇ ਹੋਣ ਦਾ ਅਹਿਸਾਸ ਨਾ ਹੋ ਜਾਂਦਾ ਜਾਂ ਫਿਰ ਦੰਦਾਂ ਅਤੇ ਦਾਤਣ ਦੇ ਵਿਚਕਾਰ ਦੀ ਚੀਂ ਚੀਂ ਦੀ ਆਵਾਜ਼ ਕੁਰਲੀ ਦੀ ਮੰਗ ਨਾ ਕਰਨ ਲੱਗ ਪੈਂਦੀ।
ਫਿਰ ਬੀਹੀ ਵਿਚ ਪੲੇ ਕਿਸੇ ਡਲੇ ਨੂੰ ਠੇਡੇ ਮਾਰ ਮਾਰ ਘਰ ਤੀਕ ਲਿਆਣ ਦੀ ਕਿਰਿਆ ਨਿਪਟਾ ਕੇ ਘਰ ਪਹੁੰਚਣ ਦਾ ਮਜ਼ਾ ਹੀ ਵੱਖਰਾ ਸੀ। ਖੁੱਲ੍ਹੇ ਵਿਹੜੇ ਵਿੱਚ ਨਲਕੇ ਹੇਠ ਬੈਠ ਨਹਾਉਣਾ , ਨਲਕਾ ਗੇੜਦੇ ਭਤੀਜੇ ਤੇ ਪਾਣੀ ਦੇ ਛਿੱਟੇ ਮਾਰ ਉਸ ਨੂੰ ਰੁਆਉਣ ਦਾ ਵੀ ਇੱਕ ਅੱਲਗ ਹੀ ਨਜ਼ਾਰਾ ਸੀ। ਫਿਰ ਸਾਰਾ ਦਿਨ ਪਿੰਡ ਦੀਆਂ ਗਲੀਆਂ ਵਿੱਚ ਅਵਾਰਾ ਫਿਰਨਾ, ਗਲੀਆਂ ਦੀਆਂ ਨੁੱਕਰਾਂ ਤੇ ਖੜ੍ਹੇ ਹੋ ਕੇ ਹਰ ਕਿਸੇ ਨੂੰ ਟਿੱਚਰ ਕਰਨਾ, ਕਿਸੇ ਦੀ ਤੋਰ ਨੂੰ ਵੇਖ ਕੋਈ ਵਿਅੰਗ ਕਰ ਹਾਸੇ ਠੱਠੇ ਕਰਨਾ, ਮਖੌਲ ਉਡਾਉਣਾ , ਹਰ ਕਿਸੇ ਦਾ ਸੁਭਾਅ ਸੀ, ਜਿਸ ਦਾ ਗੁੱਸਾ ਵੀ ਕੋਈ ਨਹੀਂ ਸੀ ਕਰਦਾ ਸਗੋਂ ਉਲਟਾ ਮਖੌਲ ਦਾ ਜਵਾਬ ਵੀ ਮਖੌਲ ਵਿੱਚ ਹੀ ਮਿਲਦਾ ਸੀ । ਕਿੰਨੀ ਸਾਦਗੀ ਨਾਲ ਸ਼ਿੰਗਾਰਿਆ ਹੋਇਆ ਜੀਵਨ ਸੀ ,ਹਰ ਵਿਅਕਤੀ ਦੇ ਮੂੰਹ ਤੇ ਅਜੀਬ ਕਿਸਮ ਦੀ ਖੁਸ਼ੀ ਝਲਕਦੀ ਸੀ, ਜੋ ਕੇ ਅਸਲ ਬੇਪਰਵਾਹੀ ਅਤੇ ਬੇਫਿਕਰੀ ਦੀ ਨਿਸ਼ਾਨੀ ਸੀ। ਸਾਰਾ ਦਿਨ ਹਾਸਿਆਂ ਠੱਠਿਆਂ ਵਿੱਚ ਤੀਆਂ ਵਾਂਗ ਨਿਕਲ ਜਾਂਦਾ। ਉਸ ਸਮੇਂ ਦੇ ਹਾਸਿਆਂ ਦੀ ਵੀ ਇੱਕ ਆਵਾਜ਼ ਸੀ , ਜੋਸ਼ ਸੀ , ਆਨੰਦ ਸੀ , ਸਕੂਨ ਸੀ ਅਤੇ ਹਾਸਾ ਵੀ ਇਸ ਹੱਦ ਨੂੰ ਟੱਪ ਜਾਂਦਾ ਕੇ ਹੱਸਦੇ ਸਮੇਂ ਦੂਜੇ ਦੇ ਮੂੰਹ ਅੰਦਰ ਲਮਕਦੀ ਟੱਲੀ ਦੇ ਵੀ ਦਰਸ਼ਨ ਹੋ ਜਾਂਦੇ।
  ਉਸ ਸਮੇਂ ਰੁਸਣ ਦਾ ਰਿਵਾਜ਼ ਵੀ ਬੜਾ ਦਿਲਚਸਪ ਸੀ, ਜਿਸ ਦਾ ਅਹਿਸਾਸ ਰੱਖੜੀ ਵਾਲੇ ਦਿਨ ਹੁੰਦਾ ਸੀ। ਜਿਸ ਦੀ ਕੋਈ ਸਕੀ ਭੈਣ ਨਹੀਂ ਸੀ ਹੁੰਦੀ ,ਕੲੀ ਵਾਰ ਉਸ ਦਾ ਗੁੱਟ , ਦੋ – ਦੋ ਸਕੀਆਂ ਭੈਣਾਂ ਵਾਲੇ ਭਰਾ ਦੇ ਗੁੱਟ ਨਾਲੋਂ ਵਧੇਰੇ ਸਜਿਆ ਹੋਇਆ ਹੁੰਦਾ , ਕਿਉਂ ਕਿ ਚਾਚੇ ਤਾਏ ਦੀ ਕੁੜੀਆਂ , ਭੈਣਾਂ ਬਣ ਸਵੇਰ ਸਾਰ ਇਸ ਕੰਮ ਨੂੰ ਅੰਜਾਮ ਦੇਣ ਆ ਜਾਂਦੀਆਂ । ਪਰ ਕਿਹੜੇ ਸਾਲ ਉਸ ਗੁੱਟ ਦੀ ਸਜਾਵਟ ਕਿੰਨੀ ਹੋਵੇਗੀ ਇਹ ਫੈਸਲਾ ਮਾਂ , ਚਾਚੀ ਅਤੇ ਤਾਈਂ ਵਿਚਕਾਰ ਸਾਲ ਭਰ ਚੱਲੇ ਕਾਟੋ ਕਲੇਸ਼ ਤੇ ਨਿਰਭਰ ਕਰਦਾ ਸੀ, ਇਸ ਮਾਮਲੇ ਵਿੱਚ ਬਾਪੂ ਹੁਰਾਂ ਦਾ ਬੋਲਣਾ ਵੰਚਿਤ ਸੀ। ਪਰ ਪਿਆਰ ਅਤੇ ਸਤਿਕਾਰ ਇੰਨੀਂ ਵੀ ਹੱਦ ਨਹੀਂ ਸੀ ਟੱਪਣ ਦਿੰਦਾ ਕਿ ਕੋਈ ਗੁੱਟ ਸੁੰਨਾ ਹੀ ਰਹਿ ਜਾਂਦਾ। ਆਖਰਕਾਰ ਦਿਲਾਂ ਦੀ ਸਾਂਝ ਤਾਂ ਝਲਕਦੀ ਹੀ ਸੀ, ਸੋ ਸਮਾਂ ਬਹੁਤ ਹੀ ਵਧੀਆ ਸੀ। ਭਾਵੇਂ ਅਜਿਹੇ ਸਮੇਂ ਨੂੰ ਬੀਤਿਆ ਵੀਹ – ਪੰਜੀ ਸਾਲ ਹੀ ਕਿਉਂ ਨਾ ਬੀਤ ਗਏ ਹੋਣ, ਅਜੇ ਵੀ ਜੇਕਰ ਉਸ ਸਮੇਂ ਨੂੰ ਯਾਦ ਕੀਤਾ ਜਾਵੇ ਤਾਂ ਕਿੰਨਾ ਹੀ ਸਮਾਂ, ਇਸ ਦੀਆਂ ਯਾਦਾਂ ਨੂੰ ਯਾਦ ਕਰ ਲੱਖਾਂ ਹੀ ਪਲ ਇੱਕ ਫਿਲਮ ਦੀ ਤਰ੍ਹਾਂ ਅੱਖਾਂ ਅੱਗੇ ਆ ਜਾਂਦੇ ਹਨ, ਜ਼ੋ ਦਿਲ ਨੂੰ ਇੱਕ ਖੁਸ਼ੀ ਅਤੇ ਅੱਖਾਂ ਨੂੰ ਇੱਕ ਹੰਝੂਆਂ ਦੀ ਸੋਗਾਤ ਪ੍ਰਦਾਨ ਕਰ ਦਿੰਦੇ ਹਨ।
                ਪਰ ਸਮੇਂ ਦੀ ਇਸ ਚੱਕੀ ਨੇ ਇਨਸਾਨ ਨੂੰ ਇਸ ਹੱਦ ਤੱਕ ਨਪੀੜ ਕੇ ਰੱਖ ਦਿੱਤਾ ਹੈ ਕਿ ਇਨਸਾਨ ਦਾ ਹਾਸਾ ਸਮਾਂ ਬੱਧ ਹੋ ਕੇ ਰਹਿ ਗਿਆ ਹੈ। ਦਿਨ ਭਰ ਦੇ ਰੁਝੇਵਿਆਂ ਕਾਰਨ ਹੋਈ ਥਕਾਵਟ ਨੂੰ ਬਨਾਵਟੀ ਸਾਧਨਾਂ ਰਾਹੀਂ ਅਾਪਣੇ ਚਿਹਰੇ ਤੇ ਮੁਸਕਰਾਹਟ ਲਿਆ ਕੇ ਉਤਾਰਨ ਦੀ ਕੋਸ਼ਿਸ਼ ਕਰਦਾ ਮਨੁੱਖ ਕਦੋਂ ਸਿਰਾਣੇ ਦੇ ਇੱਕ ਪਾਸੇ ਮੋਬਾਈਲ , ਚਾਰਜਰ, ਰਿਮੋਟ ਆਦਿ ਵਿਚਕਾਰ ਸੌਂ ਜਾਂਦੈ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਹੁਣ ਨਾ ਤਾਂ ਉਸ ਦੇ ਹਾਸਿਆਂ ਦੀ ਕੋਈ ਆਵਾਜ਼ ਹੈ ਅਤੇ ਨਾ ਹੀ ਕੋਈ ਰਸ , ਜੇਕਰ ਕੁਝ ਹੈ ਤਾਂ ਉਹ ਹੈ ਸਿਰਫ ਤੇ ਸਿਰਫ ਸਾੜਾ , ਈਰਖਾ, ਪੈਸੇ ਦੀ ਦੌੜ ,ਦਿਮਾਗੀ ਬੌਝ ਆਦਿ । ਇਸ ਤੋਂ ਵੀ ਕਿਤੇ ਜ਼ਿਆਦਾ ਜ਼ੁਮੇਵਾਰ ਹੈ ਉਸ ਦੇ ਮਨ ਦੀ ਅਸੰਤੁਸ਼ਟੀ । ਕੲੀ ਵਾਰ ਤਾਂ ਸਭ ਕੁੱਝ ਹੁੰਦੇ ਹੋਏ ਵੀ ਉਹ ਆਪਣੇ ਕਮਾਏ ਧਨ ਨੂੰ ਉਪਯੋਗ ਨਹੀਂ ਕਰ ਪਾਉਂਦਾ, ਸੋਚਿਆ ਜਾਵੇ ਤਾਂ ਫਾਇਦਾ ਵੀ ਕੀ ਅਜਿਹੇ ਕਮਾਏ ਧਨ ਦਾ ! ਅਜਿਹੇ ਇਨਸਾਨ ਦੀ ਜ਼ਿੰਦਗੀ ਸਿਰਫ ਬਨਾਵਟੀ ਮੁਸਕਰਾਹਟ ਤੱਕ ਹੀ ਸੀਮਤ ਬਣ ਕੇ ਰਹਿ ਜਾਂਦੀ ਹੈ ਜੋ ਕਿਸੇ ਹੋਰ ਦੀ ਜ਼ਿੰਦਗੀ ਨੂੰ ਵੀ ਕੁਝ ਨਹੀਂ ਦੇ ਪਾਉਂਦੀ ਅਤੇ ਆਲੇ ਜਿੱਡਾ ਮੂੰਹ ਖੋਲ੍ਹ ਕੇ ਹੱਸਣ ਵਾਲਾ ਇਨਸਾਨ ਬੁੱਲਾ ਵਿੱਚ ਹੀ ਦੋ ਇੰਚ ਦੀ ਮੁਸਕਰਾਹਟ ਤੱਕ ਸੀਮਤ ਰਹਿ ਜਾਂਦਾ ਹੈ।
ਜ਼ਰੂਰਤ ਹੈ ਅੱਜ ਦੇ ਇਨਸਾਨ ਨੂੰ ਆਪਣੇ ਆਲੇ-ਦੁਆਲੇ ਅਜਿਹੇ ਮਾਹੌਲ ਨੂੰ ਸਿਰਜਣ ਦੀ ਜੋ ਇਨਸਾਨ ਨੂੰ ਅਸਲ ਖੁਸ਼ੀ ਦੇ ਦਰਸ਼ਨ ਕਰਵਾ ਸਕੇ , ਇਹ ਵੀ ਸੱਚ ਹੈ ਕਿ ਇਨਸਾਨ ਬੀਤ ਚੁੱਕੇ ਵਕ਼ਤ ਨੂੰ ਵਾਪਿਸ ਤਾਂ ਨਹੀਂ ਮੌੜ ਕੇ ਲਿਆ ਸਕਦਾ ਪਰ ਓਹ ਆਪਣੇ ਰਹਿਣ ਸਹਿਣ ਨੂੰ ਕਿਸੇ ਹੱਦ ਤੱਕ ਸੁਖਾਲਾ ਜ਼ਰੂਰ ਬਣਾ ਸਕਦਾ ਹੈ ਤਾਂ ਜੋ ਜ਼ਿੰਦਗੀ ਦੇ ਰੁਝੇਵਿਆਂ ਵਿੱਚ ਵੀ ਆਪਣੀ ਜ਼ਿੰਦਗੀ ਨੂੰ ਖੁਸ਼ੀ ਨਾਲ ਮਾਣ ਸਕੇ , ਉਸ ਨੂੰ ਆਪਣਾ ਜੀਵਨ ਅਜਿਹਾ ਬਣਾਉਣਾ ਚਾਹੀਦਾ ਹੈ ਕਿ ਖੁਸ਼ੀ ਨੂੰ ਲੱਭਣ ਦੀ ਕੋਸ਼ਿਸ਼ ਨਾ ਕਰਨੀ ਪਵੇ ਬਲਕਿ ਖੁਸ਼ੀ ਹਾਸਾ ਠੱਠਾ ਉਸ ਦੇ ਅੰਗ-ਸੰਗ ਹੀ ਰਹੇ ।
ਅਸ਼ੀਸ਼ ਬਜਾਜ
ਪਟਿਆਲਾ (9872656002)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article     ਗ਼ਜ਼ਲ
Next articleਸਮਾਂ