ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )- ਹਾਲ ਹੀ ਵਿੱਚ ਅਮਰੀਕਾ ਅਤੇ ਕਨੇਡਾ ਦੇ ਸਪੈਸ਼ਲ ਟੂਰ ਤੋਂ ਵਾਪਸ ਪਰਤੇ ਪ੍ਰਸਿੱਧ ਗੀਤਕਾਰ , ਸ਼ਾਇਰ ਤੇ ਨਾਵਲਕਾਰ ਮੰਗਲ ਹਠੂਰ ਵਲੋਂ ਆਪਣੇ ਪਰਮ ਮਿੱਤਰ ਸਾਬਕਾ ਪੁਲਿਸ ਅਫ਼ਸਰ ਏ ਆਈ ਜੀ ਸ. ਨਿਰਮਲਜੀਤ ਸਿੰਘ ਸਹੋਤਾ ਨੂੰ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਆਪਣੀ ਨਵੀਂ ਲਿਖੀ 16ਵੀਂ ਕਿਤਾਬ “ਟਿਕਾਣਾ ਕੋਈ ਨਾ” ਭੇਂਟ ਕੀਤੀ ਗਈ। ਇਸ ਮੌਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਮੰਗਲ ਹਠੂਰ ਨੇ ਕਿਹਾ ਕਿ ਉਹਨਾਂ ਨੂੰ ਅਜਿਹੇ ਪੁਲਿਸ ਅਫ਼ਸਰਾਂ ਤੇ ਮਾਣ ਹੈ, ਜਿਨ੍ਹਾਂ ਨੇ ਆਪਣੀ ਡਿਊਟੀ ਦੇ ਨਾਲ ਨਾਲ ਪੰਜਾਬੀ ਸਾਹਿਤ ਕਲਾ ਨੂੰ ਵੀ ਪ੍ਰਫੁੱਲਤ ਕਰਨ ਵਿੱਚ ਆਪਣਾ ਭਰਪੂਰ ਯੋਗਦਾਨ ਦਿੱਤਾ। ਉਹਨਾਂ ਦੱਸਿਆ ਕਿ ਸ. ਸਹੋਤਾ ਵੀ ਪੰਜਾਬੀ ਸਾਹਿਤ ਕਲਾ ਖੇਤਰ ਵਿੱਚ ਬਤੌਰ ਏ ਲੇਖਕ ਆਪਣੀਆਂ ਲਿਖਤਾਂ ਜਰੀਏ ਵਧੀਆ ਯੋਗਦਾਨ ਪਾ ਰਹੇ ਹਨ । ਇਸ ਕਿਤਾਬ ਨੂੰ ਪ੍ਰਾਪਤ ਕਰਕੇ ਸਾਬਕਾ ਏ ਆਈ ਜੀ ਪੰਜਾਬ ਪੁਲਿਸ ਸ. ਨਿਰਮਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਮੰਗਲ ਹਠੂਰ ਦੀ ਇਹ 16ਵੀਂ ਕਿਤਾਬ ਆਪਣੇ ਆਪ ਵਿੱਚ ਇੱਕ ਸੰਪੂਰਨ ਇਤਿਹਾਸ ਹੈ। ਜਿਸ ਵਿੱਚ ਪੰਜਾਬੀ ਮਾਂ ਬੋਲੀ, ਸਾਹਿਤ, ਕਲਾ ਦੀ ਅਜਿਹੀ ਅਮਿੱਟ ਛਾਪ ਛੱਡੀ ਗਈ ਹੈ, ਜੋ ਗੀਤਾਂ ਜ਼ਰੀਏ ਸਰੋਤਿਆਂ ਤੇ ਪਾਠਕਾਂ ਦੇ ਦਿਲਾਂ ਵਿੱਚ ਵਸ ਗਈ ਹੈ । ਸ. ਸਹੋਤਾ ਨੇ ਕਿਹਾ ਕਿ ਮੰਗਲ ਹਠੂਰ ਵਰਗੀਆਂ ਕਲਮਾਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੀਆਂ ਹੋਈਆਂ ਸਾਹਿਤ ਕਲਾ ਖੇਤਰ ਵਿੱਚ ਸੰਦਲੀ ਪੈੜਾਂ ਦਾ ਇਤਿਹਾਸ ਰੱਚ ਜਾਂਦੀਆਂ ਹਨ। ਉਹਨਾਂ ਮੰਗਲ ਹਠੂਰ ਨੂੰ ਆਪਣੇ ਵਲੋਂ “ਟਿਕਾਣਾ ਕੋਈ ਨਾ” ਕਿਤਾਬ ਦੇ ਦੇਸ਼ ਵਿਦੇਸ਼ ਵਿੱਚ ਰਿਲੀਜ਼ ਹੋਣ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਉਹਨਾਂ ਨਾਲ ਪ੍ਰਸਿੱਧ ਗੀਤਕਾਰ ਬੌਬੀ ਧੰਨੋਵਾਲ ਵੀ ਹਾਜ਼ਰ ਸੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly