ਪਿਓ ਸੂਰਜ ਦੀ ਤਰ੍ਹਾਂ ਹੁੰਦਾ ਹੈ, ਜੇ ਡੁੱਬ ਜਾਏ ਤਾਂ ਜਿੰਦਗੀ ਵਿੱਚ ਹਨੇਰਾ ਆ ਜਾਂਦਾ ਹੈ

(ਸਮਾਜ ਵੀਕਲੀ)

ਪਿਤਾ ਦੀ ਹਮੇਸ਼ਾ ਅਸੀਂ ਕਦਰ ਕਰੀਏ 

ਆਓ ਪਿਤਾ ਦਾ ਦਿਲੋਂ ਸਤਿਕਾਰ ਕਰਨਾ ਸਿਖੀਏ

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿਚ ਮਾਂ-ਬਾਪ ਦਾ ਅਹਿਮ ਰੋਲ ਹੁੰਦਾ ਹੈ।ਉਨ੍ਹਾਂ ਦੀ ਕਿਰਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਜ਼ਿੰਦਗੀ ਵਿੱਚ ਕਾਮਯਾਬ ਹੋਣ ਪਿੱਛੇ ਪਿਓ ਦਾ ਸਭ ਤੋਂ ਅਹਿਮ ਰੋਲ ਹੁੰਦਾ ਹੈ।ਅਕਸਰ ਪਰਿਵਾਰਾਂ ਵਿੱਚ ਵੀ ਦੇਖਣ ਨੂੰ ਆਉਂਦਾ ਹੈ ਕਿ ਪਿਓ ਵੱਲੋਂ ਪੁੱਤਰ ਨੂੰ ਆਮ ਝਿੜਕਿਆ ਜਾਂਦਾ ਹੈ। ਤਾਂ ਜੋ ਉਹ ਕੱਲ੍ਹ ਨੂੰ ਕੋਈ ਗ਼ਲਤ ਕੰਮ ਨਾ ਕਰੇ।ਹਰ ਪਿਓ ਨੂੰ ਹੁੰਦਾ ਹੈ ਕਿ ਮੇਰਾ ਬੱਚਾ ਮੇਰੇ ਤੋਂ ਵੀ ਜਿਆਦਾ ਲਾਇਕ ਬਣੇ।ਜੇਕਰ ਅਸੀਂ ਪਿਛਲੇ 20 ਸਾਲ ਪਹਿਲਾਂ ਝਾਤ ਮਾਰ ਕੇ ਦੇਖੀਏ ਤਾਂ ਉਹ ਸਮਾਂ ਬਹੁਤ ਹੀ ਵਧੀਆ ਸੀ। ਪਿਓ ਵੱਲੋਂ ਬੱਚੇ ਨੂੰ ਝਿੜਕ ਦਿੱਤਾ ਜਾਂਦਾ ਸੀ ਤੇ ਅੱਗੋਂ ਬੱਚੇ ਬੋਲਦੇ ਵੀ ਨਹੀਂ ਸਨ। ਛਿੱਤਰਾਂ ਨਾਲ ਪਰੇਡ ਕਰ ਦਿੱਤੀ ਜਾਂਦੀ ਸੀ। ਕਈ ਵਾਰ ਤਾਂ ਬੱਚਿਆਂ ਦੀ ਛਿੱਤਰ ਪਰੇਡ ਤੱਕ ਹੋ ਜਾਂਦੀ ਸੀ।

ਆਪ ਹੀ ਪਿਤਾ ਸਕੂਲ ਜਾ ਕੇ ਪ੍ਰਿੰਸੀਪਲ ਨੂੰ ਸ਼ਿਕਾਇਤ ਕਰਕੇ ਆਉਂਦੇ ਸਨ ਕਿ ਸਾਡਾ ਮੁੰਡਾ ਸਾਨੂੰ ਤੰਗ ਕਰਦਾ ਹੈ ,ਜਾਂ ਘਰ ਵਿੱਚ ਬਿਲਕੁਲ ਵੀ ਪੜ੍ਹਾਈ ਨਹੀਂ ਕਰਦਾ ਹੈ।ਜੇਕਰ ਘਰ ਵਿਚ ਮੁੰਡਾ ਕੋਈ ਗ਼ਲਤ ਕੰਮ ਕਰ ਦਿੰਦਾ ਸੀ ਤਾਂ ਤਾਏ ਚਾਚਿਆਂ ਵੱਲੋਂ ਵੀ ਬੱਚੇ ਨੂੰ ਝਿੜਕ ਦਿੱਤਾ ਜਾਂਦਾ ਸੀ ।ਆਮ ਸੁਣਦੇ ਹੀ ਹਨ ਕਿ ਪਿਓ ਕਦੇ ਵੀ ਆਪਣੇ ਬੱਚੇ ਦਾ ਮਾੜਾ ਨਹੀ ਸੋਚਦਾ। ਸਮਾਂ ਬਦਲਿਆ। ਅੱਜ ਦੇ ਸਮੇਂ ਜੇ ਪਿਓ ਬੱਚੇ ਨੂੰ ਝਿੜਕ ਜ਼ਿੰਦਾ ਹੈਂ ਤਾਂ ਬੱਚਾ ਕੋਈ ਗਲਤ ਕਦਮ ਉਠਾ ਲੈਂਦਾ ਹੈ। ਤੇ ਆਪਣੀ ਜ਼ਿੰਦਗੀ ਤੋਂ ਹੱਥ ਵੀ ਧੋ ਲੈਂਦਾ ਹੈ। ਅਜਿਹੀਆਂ ਵਾਰਦਾਤਾਂ ਅਸੀਂ ਆਮ ਸੁਣਦੇ ਹਨ। ਅੱਜ ਕੱਲ ਦੇ ਬੱਚੇ ਤਾਂ ਮਾਂ ਬਾਪ ਨੂੰ ਅੱਖਾਂ ਦਿਖਾਉਣ ਲੱਗ ਪਏ ਹਨ। ਬਿਲਕੁਲ ਵੀ ਉਨ੍ਹਾਂ ਨੂੰ ਡਰ ਨਹੀਂ ਰਿਹਾ ਹੈ। ਮਾਂ ਬਾਪ ਨੂੰ ਪੁੱਛੇ ਬਿਨਾਂ ਹੀ ਆਪਣੀ ਜਿੰਦਗੀ ਦੇ ਫੈਸਲੇ ਕਰਨ ਲੱਗ ਗਏ ਹਨ। ਜੇ ਭਲਾ ਉਹਨਾਂ ਬੱਚਿਆਂ ਨੂੰ ਪੁੱਛਿਆ ਜਾਵੇ ਕਿ ਮਾਂ-ਬਾਪ ਦਾ ਜਿੰਦਗੀ ਵਿੱਚ ਕੀ ਰੋਲ ਹੈ? ਅੱਜ ਤੁਸੀਂ ਮਾਂ ਬਾਪ ਤੋਂ ਬਗੈਰ ਹੀ ਆਪਣੇ ਫੈਸਲੇ ਲੈ ਰਹੇ ਹੋ।

ਕੀ ਤੁਸੀਂ ਆਪਣੇ ਮਾਂ-ਬਾਪ ਤੋਂ ਵੀ ਉੱਪਰ ਹੋ ਚੁੱਕੇ ਹੋ? ਜੋ ਤੁਸੀਂ ਆਪਣੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਲੈ ਰਹੇ ਹੋ। ਇੱਥੋਂ ਤੱਕ ਕਿ ਵਿਆਹ ਵਰਗਾ ਫ਼ੈਸਲਾ ਜੋ ਪਤੀ ਪਤਨੀ ਦਾ ਸਾਰੀ ਉਮਰ ਦਾ ਸਬੰਧ ਹੁੰਦਾ ਹੈ ,ਅਜਿਹੇ ਫ਼ੈਸਲੇ ਵੀ ਅੱਜਕਲ ਦੀ ਪੀੜ੍ਹੀ ਮਾਂ ਬਾਪ ਨੂੰ ਬਿਨਾਂ ਪੁੱਛਿਆਂ ਹੀ ਲੈ ਰਹੀ ਹੈ। ਫਿਰ ਜਦੋਂ ਕੱਲ ਨੂੰ ਕੋਈ ਤਕਰਾਰ ਪੈਦਾ ਹੁੰਦਾ ਹੈ ਜਾਂ ਮੁਸੀਬਤ ਖੜ੍ਹੀ ਹੋ ਜਾਂਦੀ ਹੈ ਤਾਂ ਮਾਂ ਬਾਪ ਨੂੰ ਚੇਤੇ ਕੀਤਾ ਜਾਂਦਾ ਹੈ। ਭਲੇ ਮਾਣਸੋ ਮਾਂ-ਬਾਪ ਆਪਣੀ ਔਲਾਦ ਦਾ ਕਦੇ ਮਾੜਾ ਥੋੜ੍ਹੀ ਸੋਚਦੇ ਨੇ। ਜੇ ਸਮਾਂ ਰਹਿੰਦਿਆਂ ਮਾਂ-ਬਾਪ ਦੀ ਫ਼ੈਸਲਿਆਂ ਵਿਚ ਰਾਏ ਲੈ ਲਈ ਜਾਵੇ ਤਾਂ ਅਜਿਹੇ ਮਾੜੇ ਦਿਨ ਫ਼ਿਰ ਦੇਖਣ ਨੂੰ ਨਹੀਂ ਮਿਲਦੇ। ਜਿਨ੍ਹਾਂ ਦੇ ਸਿਰ ਤੇ ਪਿਓ ਨਹੀਂ ਹਨ, ਉਨ੍ਹਾਂ ਨੂੰ ਪੁੱਛ ਕੇ ਦੇਖੋ ਕਿਵੇਂ ਉਹ ਆਪਣਾ ਸਮਾਂ ਗੁਜਾਰਦੇ ਹਨ। ਪਿਓ ਦੀ ਜਗਾ ਕੋਈ ਨਹੀ ਲੈ ਸਕਦਾ। ਕਈ ਵਾਰ ਦੇਖਣ ਵਿੱਚ ਵੀ ਆਉਂਦਾ ਹੈ ਕਿ ਜਿਨ੍ਹਾਂ ਦੇ ਸਿਰ ਤੇ ਪਿਤਾ ਦਾ ਸਾਇਆ ਨਹੀਂ ਹੁੰਦਾ, ਉਹਨਾਂ ਦੇ ਪਿਤਾ ਦੀ ਜਗ੍ਹਾ ਚਾਹੇ ਤਾਇਆਂ, ਚਾਚਾ ਖੜਦਾ ਵੀ ਹੈ,ਉਹ ਗੱਲ ਨਹੀਂ ਬਣਦੀ। ਵਿਆਹ ਪ੍ਰੋਗਰਾਮਾਂ ਵਿੱਚ ਪਿਤਾ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ । ਅਜਿਹੇ ਵੇਲਾ ਜਦੋਂ ਪਿਓ ਨਹੀਂ ਹੁੰਦਾ ,ਤਾਂ ਕਿਨਾਂ ਮਨ ਭਰਦਾ ਹੋਣਾ। ਪੁੱਛ ਕੇ ਦੇਖੋ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਹਰ ਪਲ ਪਿਤਾ ਦੀ ਕਮੀ ਮਹਿਸੂਸ ਹੁੰਦੀ ਰਹਿੰਦੀ ਹੈ।

ਪਿਤਾ ਹਮੇਸ਼ਾ ਚਾਹੁੰਦਾ ਹੈ ਕਿ ਮੇਰਾ ਬੱਚਾ ਮੇਰੇ ਨਾਲੋਂ ਵਧੀਆ ਮੁਕਾਮ ਹਾਸਲ ਕਰੇ। ਜੇ ਪਿਤਾ ਚਾਰ ਗੱਲਾਂ ਕਹਿ ਵੀ ਲੈਂਦਾ ਹੈ ਤਾਂ ਬੱਚਿਆਂ ਨੂੰ ਆਪਣੇ ਪਿਤਾ ਦੇ ਮੂਹਰੇ ਬਿਲਕੁਲ ਵੀ ਨਹੀਂ ਬੋਲਣਾ ਚਾਹੀਦਾ। ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ। ਪਿਤਾ ਦੀ ਸ਼ਖਤੀ ਨੂੰ ਬਰਦਾਸ਼ ਕਰਨਾ ਸਿੱਖੋ। ਹਮੇਸ਼ਾ ਬੱਚਿਆਂ ਨੂੰ ਆਪਣੇ ਪਿਤਾ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।ਮਾਂ ਪਿਉ ਦੇ ਸਾਹਮਣੇ ਹਮੇਸ਼ਾ ਸ਼ਹਿਣਸ਼ੀਲ ਹੀ ਰਹਿਣਾ ਚਾਹੀਦਾ ਹੈ। ਹਮੇਸ਼ਾ ਆਪਣੇ ਪਿਉ ਦਾ ਸਨਮਾਨ ਕਰਨਾ ਚਾਹੀਦਾ ਹੈ। ਜੋ ਅੱਜ-ਕੱਲ ਦੇ ਬੱਚੇ ਹਨ, ਉਹਨਾਂ ਨੂੰ ਆਪਣੇ ਪਿਤਾ ਦਾ ਹਰ ਹੁਕਮ ਮੰਨਣਾ ਚਾਹੀਦਾ ਹੈ।ਸਵੇਰੇ ਸਵੇਰੇ ਉਠਦੇ ਸਾਰ ਹੀ ਬੱਚਿਆਂ ਨੂੰ ਆਪਣੇ ਪਿਤਾ ਦੇ ਚਰਨ ਸਪਰਸ਼ ਕਰਨੇ ਚਾਹੀਦੇ ਹਨ।ਹਮੇਸ਼ਾ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਨਾਲ ਜੀ ਕਹਿ ਕੇ ਗੱਲ ਕਰਨੀ ਚਾਹੀਦੀ।ਜਦੋ ਵੀ ਕਈ ਵਾਰ ਪਿਤਾ ਨੂੰ ਗੁੱਸਾ ਆ ਜਾਂਦਾ ਹੈ ਤਾਂ ਬੱਚਿਆਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ।ਆਪਣੀਆਂ ਨਜ਼ਰਾਂ ਨੂੰ ਪਿਤਾ ਦੀਆਂ ਨਜ਼ਰਾਂ ਨਾਲ ਨਹੀਂ ਮਿਲਾਉਣਾ ਚਾਹੀਦਾ।

ਅਕਸਰ ਆਮ ਵੀ ਕਿਹਾ ਜਾਂਦਾ ਹੈ ਕਿ ਮਾਂ ਦੇ ਪੈਰਾਂ ਵਿਚ ਸਵਰਗ ਹੁੰਦਾ ਹੈ।ਪਰ ਜੋ ਪਿਓ ਹੁੰਦਾ ਹੈ, ਉਹ ਸਵਰਗ ਦਾ ਦਰਵਾਜ਼ਾ ਹੁੰਦਾ ਹੈ। ਪਿਉ ਹਮੇਸ਼ਾ ਆਪਣੇ ਬੱਚੇ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਚਾਹੇ ਆਪ ਠੰਡ ਵਿੱਚ ਟੁੱਟੀ ਹੋਈ ਜੁੱਤੀਆਂ ਪਾਵੇ,ਪਰ ਪਿਓ ਆਪਣੀ ਔਲਾਦ ਨੂੰ ਹਮੇਸ਼ਾ ਹੀ ਵਧੀਆ ਜੁੱਤੀ ਲੈ ਕੇ ਦਿੰਦਾ ਹੈ। ਆਪਣੇ ਬੱਚਿਆਂ ਨੂੰ ਪਿਓ ਵਧੀਆ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਉਂਦਾ ਹੈ। ਸਿਰਫ ਇੱਕ ਮਾਂ ਪਿਓ ਹੀ ਹਨ ਜੋ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ। ਤਾਏ ਚਾਚੇ, ਮਾਮੇ ਕੋਈ ਵੀ ਲਾਡ ਪਿਆਰ ਨਹੀਂ ਕਰ ਸਕਦਾ। ਸੋ ਬੱਚਿਓ !ਆਪਣੇ ਪਿਤਾ ਦੀ ਸ਼ਕਤੀ ਨੂੰ ਬਰਦਾਸ਼ਤ ਕਰੋ।ਕਹਾਵਤ ਵੀ ਹੈ ਕਿ ਸੂਰਜ ਗਰਮ ਜ਼ਰੂਰ ਹੁੰਦਾ ਹੈ, ਜੇ ਡੁੱਬ ਜਾਏ ਤਾਂ ਹਨੇਰਾ ਛਾ ਜਾਂਦਾ ਹੈ। ਪਿਆਰੇ ਬੱਚਿਓ ਜਿਸ ਤਰ੍ਹਾਂ ਵੀ ਤੁਹਾਡਾ ਪਿਓ ਤੁਹਾਨੂੰ ਕਹਿੰਦਾ ਆਪਣੇ ਪਿਓ ਦੀ ਗੱਲ ਨੂੰ ਖਿੜੇ ਮੱਥੇ ਪ੍ਰਵਾਨ ਕਰੋ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਢੋਲ ਵਾਗੂੰ ਖੜਕਿਆ ਰੋਮੀ ਘੜਾਮੇਂ ਵਾਲ਼ਾ ਦਾ ਖਾਲੀ ਪੀਪਾ ਦੋਗਾਣਾ
Next articleਜ਼ਿੰਦਗੀ