ਸਕੂਲਾਂ ਵਿੱਚ ਹੋ ਰਹੀਆਂ ਲਗਾਤਾਰ ਚੋਰੀਆਂ ਸੰਬੰਧੀ ਅਧਿਆਪਕਾਂ ਦਾ ਵਫ਼ਦ ਡੀ ਐਸ ਪੀ ਨੂੰ ਮਿਲਿਆ

(ਸਮਾਜ ਵੀਕਲੀ) ਡੀ ਐਸ ਪੀ ਵੱਲੋਂ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ

ਕਪੂਰਥਲਾ , 8 ਜੁਲਾਈ (ਕੌੜਾ)– ਚੋਰ ਗਿਰੋਹ ਦੀ ਸਰਗਰਮੀ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੌਇਆ ਹੈ। ਸਰਕਾਰੀ ਸਕੂਲ ਚੋਰਾਂ ਦੇ ਨਿਸ਼ਾਨੇ ‘ਤੇ ਹਨ ਅਤੇ ਉਹ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਉਥੋਂ ਬੱਚਿਆਂ ਦੇ ਖਾਣੇ ਸਮੇਤ ਕੀਮਤੀ ਸਮਾਨ ਚੋਰੀ ਕਰਕੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅਜਿਹੇ ਵਿੱਚ ਪ੍ਰੇਸ਼ਾਨ ਅਧਿਆਪਕਾਂ ਦਾ ਇੱਕ ਵਫ਼ਦ ਡੀਐਸਪੀ ਦਫ਼ਤਰ ਪਹੁੰਚਿਆ ਅਤੇ ਮੰਗ ਕੀਤੀ ਕਿ ਚੋਰਾਂ ਨੂੰ ਨੱਥ ਪਾਈ ਜਾਵੇ। ਗੋਰਮਿੰਟ  ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਅਤੇ ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ  ਉਨ੍ਹਾਂ ਨੇ ਡੀਐਸਪੀ ਬਬਨਦੀਪ ਸਿੰਘ ਪਾਸੋਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਅਧਿਆਪਕ ਆਗੂਆਂ ਨੇ ਡੀਐਸਪੀ ਨੂੰ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਚੋਰਾਂ ਨੇ ਸਰਕਾਰੀ ਸਕੂਲਾਂ ਵਿੱਚੋਂ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਹੈ।
ਸਕੂਲ ਖੁੱਲ੍ਹਣ ਤੋਂ ਬਾਅਦ ਵੀ ਚੋਰੀਆਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਉਨ੍ਹਾਂ ਦੱਸਿਆ ਕਿ ਘਟਨਾ ਨਾਲ ਸਬੰਧਤ ਫੁਟੇਜ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ । ਅਧਿਆਪਕਾਂ ਨੇ ਦੱਸਿਆ ਕਿ  ਡੀ ਐਸ ਪੀ ਵੱਲੋਂ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਮਿਲਿਆ ਹੈ। ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਚੌਕੀਦਾਰਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੱਤਰ ਲਿਖਿਆ ਹੈ। ਉਹ ਵੀ ਜਲਦੀ ਹੀ ਪਿੰਡਾਂ ਦੀਆਂ ਪੰਚਾਇਤਾਂ ਦੀ ਮੀਟਿੰਗ ਬੁਲਾ ਕੇ ਸਕੂਲਾਂ ਵਿੱਚ ਚੌਕੀਦਾਰਾਂ ਦੀ ਅਣਹੋਂਦ ਦੀ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਚੋਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਭਾਲ ਵੀ ਪੂਰੇ ਜੋਸ਼ ਨਾਲ ਜਾਰੀ ਹੈ। ਇਸ ਮੌਕੇ ਜੀਟੀਯੂ ਦੇ ਖਜ਼ਾਨਚੀ ਬਲਜੀਤ ਸਿੰਘ ਬੱਬਾ, ਪ੍ਰੈਸ ਸਕੱਤਰ ਕੁਲਦੀਪ ਠਾਕੁਰ, ਅਜੈ ਸ਼ਰਮਾ, ਅਜੇ ਗੁਪਤਾ, ਅਸ਼ਵਨੀ ਕੁਮਾਰ, ਰਮੇਸ਼ ਕੁਮਾਰ, ਰਾਜੀਵ ਪਠਾਨੀਆ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਸੋਹਣੀ ਸੂਰਤ
Next articleਦਿਆਲਪੁਰ ਦੇ ਸਕੂਲ ਵਿੱਚ ਚੱਲ ਰਹੇ ਸਮਰ ਕੈਂਪ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਨਿਰੀਖਣ