(ਸਮਾਜ ਵੀਕਲੀ)
ਭਜਨੋ ਹੱਫੀ ਹੱਫੀ ਘਰ ਆਉਂਦੀ ਐ, ਉਹ ਇੱਕੋ ਸ਼ਬਦ ਰੱਟ ਰਹੀ ਸੀ,”ਜ਼ਾਲਮਾਂ ਮਾਰ ਦਿੱਤੀ, ਜ਼ਾਲਮਾਂ ਮਾਰ ਦਿੱਤੀ।” ਏਨੇ ਵਿਹੜੇ ਵਿਚੋਂ ਔਰਤਾਂ ਦੀਆਂ ਕੂਕਾਂ ਸੁਣਾਈ ਦਿੰਦੀਆਂ ਹਨ। ਪਰਮ ਚੁੰਨੀ ਮੌਢੇ ਉੱਤੇ ਰੱਖ ਦੌੜੀ ਬਾਹਰ ਆਉਂਦੀ ਐ । ਗੁਆਂਢ ਦੀਆਂ ਔਰਤਾਂ ਕੈਲੇ ਦੇ ਘਰ ਵੱਲ ਘੁਸਰ ਮੁਸਰ ਕਰਦੀਆਂ ਕਾਹਲੀ ਪੈਰ ਚੱਕਦੀਆ ਜਾਂਦੀਆਂ ਦਿਖਾਈ ਦਿੱਤੀਆਂ। ਇਹ ਸਭ ਦੇਖ ਪਰਮ ਦਾ ਕਾਲਜਾ ਮੂੰਹ ਨੂੰ ਆਉਂਦਾ ਹੈ, ਤੇ ਉਹ ਬਿਸ਼ਨੀ ਤਾਈਂ ਨੂੰ ਰੋਕ ਕਾਰਨ ਪੁੱਛਦੀ ਐ, ਤਾ ਪਤਾ ਲਗਦਾ ਕਿ ਦੀਪੋ ਸਹੁਰਿਆਂ ਨੇ ਮਾਰ ਦਿੱਤੀ ਹੈ।
ਦੀਪੋ ਨਾਂ ਸੁਣ ਪਰਮ ਦੀ ਚੁੰਨੀ ਮੌਢਿਆ ਤੋਂ ਜ਼ਮੀਨ ਤੇ ਕਦੋਂ ਡਿੱਗ ਪਈ ਉਸ ਨੂੰ ਕੁਝ ਪਤਾ ਹੀ ਨਹੀਂ ਲੱਗਿਆ। ਝੱਟ ਉਹ ਦੀਪੋ ਨੂੰ ਲੈ ਕੇ ਅਤੀਤ ਵਿੱਚ ਗੁਆਚ ਜਾਂਦੀ ਐ। ਅਜੇ ਕੁਝ ਵਰ੍ਹੇ ਪਹਿਲਾਂ ਦੀਆਂ ਤਾਂ ਗੱਲਾਂ ਨੇ ਜਦੋਂ ਅਸੀਂ ਇਕੱਠੀਆਂ ਸਕੂਲੇ ਪੜ੍ਹਨ ਜਾਂਦੀਆਂ ਸਾਂ। ਚਰਖਾ ਕੱਤਦੀਆਂ ਗੁੱਡੀਆਂ ਪਟੋਲੇ ਖੇਡਦਿਆਂ ਝੱਟ ਲੜ ਪੈਂਦੀਆਂ।,”ਦੀਪੋ! ਦੀਪੋ ਸੁਣ ਅੜੀਏ ਕੱਲ੍ਹ ਮਾਸਟਰ ਨੇ ਹਿਸਾਬ ਦਾ ਪਰਚਾ ਲੈਣਾ ਏ। ਨਾਲੇ ਤੂੰ ਏਨੇ ਦਿਨ ਤੋਂ ਸਕੂਲ ਕਿਉਂ ਨਹੀਂ ਆ ਰਹੀ?
ਤੇਰੀ ਭੂਆ ਕਹਿੰਦੀ ਤੈਨੂੰ ਤਾਪ ਚੜਦਾ। ਪਰ ਮੈਨੂੰ ਤਾਂ ਨਹੀਂ ਲਗਦਾ। ਕੀ ਹੋਇਆ ਕਿਉਂ ਸਕੂਲ ਨਾ ਜਾਣ ਦੇ ਬਹਾਨੇ ਬਣਾ ਰਹੀ ਐ? ਤੈਨੂੰ ਪਤਾ ਮੇਰੇ ਪਾਪਾ ਮੈਨੂੰ ਅਗਲੇ ਸਾਲ ਕਾਲਜ ਪੜ੍ਹਨ ਲਗਾਉਣ ਦੀਆਂ ਸਲਾਹਾਂ ਵੀ ਕਰਦੇ ਸੀ। ਮੈਂ ਤਾਂ ਇਥੇ ਹੀ ਸਰਕਾਰੀ ਕਾਲਜ ਲੱਗਣ ਦਾ ਕਹਿ ਦਿੱਤਾ ਐ। ਤੂੰ ਦੱਸ ਤੇਰੀ ਗੱਲ ਵੀ ਕਰ ਲਵਾਂ? ਪਰ ਤੂੰ ਤਾਂ ਕੁੱਝ ਬੋਲਦੀ ਹੀ ਨਹੀਂ। ਕੀ ਹੋਇਆ ਅੜੀਏ ਏਨੀ ਗੁੰਮ ਕਿਉਂ ਬੈਠੀ ਐ। ਕੀ ਸੱਚ ਬਿਮਾਰ ਐ ਤੂੰ? ”
ਦੀਪੋ ! ਨੀ ਦੀਪੋ ! ,,,,,, ਹੂੰ,,,,,”
ਹੂੰ,,, ਕੀ ਤੂੰ ਮੇਰੀ ਕੋਈ ਗੱਲ ਸੁਣੀਂ ਵੀ ਹੈ? ਮੈਨੂੰ ਤੇ ਨਹੀਂ ਲੱਗਦਾ ਤੂੰ ਮੇਰੀ ਗੱਲ ਸੁਣੀਂ ਹੋਣੀ, ਜੇ ਸੁਣੀਂ ਹੁੰਦੀ ਤਾਂ ਐਦਾਂ ਹੂੰ ਹਾਂ ਨਾ ਕਰਦੀ।
ਪਰਮ! ਮੈਂ ਕੀ ਬੋਲਾਂ,,, ਅਗਲੇ ਸਾਲ ਮੈਂ ਵਿਆਹੀ ਜਾਣਾ,”ਕੀ,,, ਤੇਰਾ ਦਿਮਾਗ ਖ਼ਰਾਬ ਐ, ਹੁਣੇ ਵਿਆਹ ਦੇ ਸੁਪਨੇ,,,,, “ਸੁਪਨੇ ਮੈਂ ਨਹੀਂ ਦੇਖ ਰਹੀ। ਮੇਰੀ ਭੂਆ, ਫੁੱਫੜ ਨੂੰ ਕਹਿ ਰਹੀ ਸੀ ਕਿ ਕੁੜੀ ਨੂੰ ਬਾਰ੍ਹਾਂ ਜਮਾਤਾਂ ਪੜਾ ਦਿੱਤੀਆਂ ਬਹੁਤ ਐ। ਹੁਣ ਇਸ ਦੇ ਜੋਗ ਮੁੰਡਾ ਲੱਭ ਕੇ ਵਿਆਹ ਕਰੋ ਅੱਜ ਕੱਲ੍ਹ ਜ਼ਮਾਨਾ ਬਦਲ ਰਿਹਾ।ਨਾਲੇ ਧੀਆਂ ਸਮੇਂ ਸਿਰ ਘਰ ਵਸਦੀਆਂ ਸੋਂਹਦੀਆਂ ਨੇ। ”
“ਫੁੱਫੜ ਨੇ ਤਾਂ ਮੁੰਡਾ ਵੀ ਦੇਖ ਲਿਆ ਤੇ ਉਹ ਕੱਲ ਮੈਨੂੰ ਸ਼ਗਨ ਵੀ ਕਰ ਗਏ ਨੇ। “ਲੈ ਅੜੀਏ ਤੂੰ ਰੋਕਿਆ ਨਹੀਂ? ਆਪਾਂ ਤਾਂ ਪੜ੍ਹ ਕੇ ਮਾਸਟਰ ਲੱਗਣ ਦਾ ਵਾਅਦਾ ਕੀਤਾ ਸੀ।”
ਹਾਂ ਵਾਅਦਾ ਤਾਂ ਕੀਤਾ ਸੀ, ਪਰ ਤੈਨੂੰ ਪਤਾ ਮੇਰੇ ਭੂਆ ਫੁੱਫੜ ਹੀ ਮੇਰੇ ਸਭ ਕੁਝ ਐ, ਮਾਂ ਬਾਪ ਨੂੰ ਤਾਂ ਮੈਂ ਕਦੇ ਦੇਖਿਆ ਨਹੀਂ। ਆਪਣੇ ਪੇਪਰਾਂ ਬਾਦ ਮੇਰਾ ਵਿਆਹ ਪੱਕਾ ਕਰ ਦਿੱਤਾ ਵਿਚੋਲੇ ਨੇ।”
ਦੀਪੋ ਦੇ ਘਰ ਪੈਂਦੇ ਕੀਰਨਿਆਂ ਨੇ ਪਰਮ ਨੂੰ ਬਾਹੋਂ ਪਕੜ ਵਰਤਮਾਨ ਵਿੱਚ ਲਿਆ ਖੜਾ ਕਰ ਦਿੱਤਾ। ਏਨੇ ਦੀਪੋ ਦੀ ਲਾਲ ਫੁੱਲਕਾਰੀ ਨਾਲ ਢੱਕੀ ਲਾਸ਼ ਵਾਲੀ ਗੱਡੀ ਬੂਹੇ ਅੱਗੇ ਖੜ੍ਹਾ ਜਾਂਦੀ ਐ ਵਿਰਲਾਪ ਹੋਰ ਦਰਦਨਾਕ ਹੋ ਜਾਂਦਾ ਹੈ। ਦੀਪੋ ਦੇ ਬਾਂਹੀਂ ਪਾਇਆ ਲਾਲ ਚੂੜਾ ਦੇਖ ਪਰਮ ਨੂੰ ਬੀਤੇ ਦਿਨ ਯਾਦ ਆ ਜਾਂਦੇ ਹਨ, ਜਦੋਂ ਪਹਿਲੀ ਵਾਰ ਦੀਪੋ ਦੀਆਂ ਬਾਂਹਾਂ ਵਿੱਚ ਪਾਇਆ ਲਾਲ ਚੂੜਾ ਦੇਖ ਪਰਮ ਨੇ ਕਿਹਾ ਸੀ, ਨੀ ਦੀਪੋ ਇਹ ਲਾਲ ਰੰਗ ਤਾਂ ਬੜਾ ਰੂਪ ਚੜਾ ਰਿਹਾ ਤੈਨੂੰ। ਬੜੀ ਸੋਹਣੀ ਲਗਦੀ ਐ ਮੇਰੀ ਸਹੇਲੀ। ਤੈਨੂੰ ਦੇਖ ਤਾਂ ਮੇਰਾ ਵੀ ਦਿਲ ਕਰਦਾ ਚੂੜਾ ਚੜ੍ਹਾਉਣ ਨੂੰ।”
ਨਾਂਹ, ਨਾਹ ਪਰਮ ਭੈਣ ਬਣ ਕੇ ਤੂੰ ਪੜ੍ਹ ਲਿਖ ਕੇ ਮਾਸਟਰ ਬਣੇ ਮੇਰਾ ਸੁਪਨਾ ਹੈ। ਇਸ ਤੋਂ ਪਹਿਲਾਂ ਕਿ “ਦੀਪੋ ਦਾ ਉਦਾਸ ਚਿਹਰਾ ਦੇਖ ਪਰਮ ਉਹਨੂੰ ਕੁਝ ਹੋਰ ਪੁੱਛਦੀ ਉਹ ਝੱਟ ਉੱਠ ਭੂਆ ਨਾਲ ਘਰ ਵੱਲ ਚੱਲ ਪਈ। ਪਰਮ ਵੀ ਪੜ੍ਹਾਈ ਵਿਚ ਖੋਹ ਲਈ ਤੇ ਇਕ ਸਾਲ ਕਿਵੇਂ ਗੁਜ਼ਰ ਗਿਆ ਪਤਾ ਹੀ ਨਹੀਂ ਲੱਗਿਆ ਤੇ ਨਾ ਹੀ ਮੁੜ ਦੀਪੋ ਨੇ ਪੇਕੇ ਘਰ ਫੇਰਾ ਪਾਇਆ।
ਫਿਰ ਇਕ ਦਿਨ ਅਚਾਨਕ ਪਰਮ ਨੇ ਆਪਣੀ ਮਾਂ, ਬਾਪੂ ਦੀਆਂ ਗੱਲਾਂ ਸੁਣੀਆਂ। “ਸੁਣਦੇ ਓ ! ਪਰਮ ਦੇ ਡੈਡੀ, ਵਿਚਾਰੀ ਦੀਪੋ ਕੱਲ ਫੇਰ ਕੁੱਟੀ ਸਹੁਰਿਆਂ ਨੇ। ਬਿਸ਼ਨੀ ਤਾਈਂ ਗੱਲਾਂ ਕਰਦੀ ਸੀ ਕਿ ਸਹੁਰੇ ਕਹਿੰਦੇ ਐ, ਅਸੀਂ ਨਹੀਂ ਰੱਖਣੀ। ਸਾਡੇ ਇਕੋ ਇਕ ਮੁੰਡਾ ਐਨੀ ਜ਼ਮੀਨ ਜਾਇਦਾਦ ਦਾ ਮਾਲਕ ਐ। ਜੇਕਰ ਇਹ ਸਾਡੇ ਵੰਸ਼ ਨੂੰ ਅੱਗੇ ਨਹੀਂ ਵਧਾ ਸਕਦੀ ਤਾਂ ਸਾਡੇ ਕਿਸ ਕੰਮ? ਕੁੜੀ ਦਾ ਬਹੁਤ ਕੁਟਾਪਾ ਕੀਤਾ ਉਨਾਂ। ਕੁੜੀ ਵੀ ਵਾਰ ਵਾਰ ਕਹਿ ਰਹੀ ਸੀ ਵੀ ਮੈਂ ਨਹੀਂ ਰਹਿਣਾ ਇਥੇ।”
ਹਾਂ ਪਰਮ ਦੀ ਮਾਂ,, ਉਹ ਤਾਂ ਕਸਾਈ ਨੇ ਕਸਾਈ, ਕੈਲਾ ਵੀ ਗੱਲਾਂ ਕਰਦਾ ਸੀ ਵਿਚੋਲੇ ਕੋਲ ਕਿ ਅਸੀਂ ਕੁੜੀ ਵਾਪਿਸ ਘਰ ਨਹੀਂ ਲੈ ਕੇ ਆਉਣੀ। ਅਸੀਂ ਵਿਆਹ ਉੱਤੇ ਮੂੰਹੋਂ ਮੰਗੀ ਹਰ ਚੀਜ਼ ਦਿੱਤੀ ਹੈ। ਅਗਰ ਕੁੜੀ ਬੱਚਾ ਨਹੀਂ ਦੇ ਸਕਦੇ ਤਾਂ ਸਾਡਾ ਕੀ ਦੋਸ਼? ਬੜਾ ਸਮਝਾਇਆ ਕੈਲੇ ਨੂੰ ਅਗਰ ਕੁੜੀ ਹੋਰ ਪੜ੍ਹ ਲਿਖ ਜਾਂਦੀ ਤਾਂ ਆਪਣੀ ਜੂਨ ਆਪ ਸੁਧਾਰ ਲੈਂਦੀ। ਇਹਨਾਂ ਦੀ ਸੋਚ ਨੇ ਨਰਕ ਵਿੱਚ ਡੋਬ ਦਿੱਤੀ ਗੳੂ ਜਾਈ।”
ਘਰ ਵਿਚ ਪੈਂਦੇ ਕੁਰਲਾਪ ਨੇ ਪਰਮ ਨੂੰ ਫੇਰ ਅਤੀਤ ਵਿਚੋਂ ਕੱਢ ਲਿਆਂਦਾ। ਸਾਹਮਣੇ ਦੀਪੋ ਦੀ ਲਾਸ਼ ਪਈ ਸੀ। ਲੋਕ ਕਹਿ ਰਹੇ ਸਨ ਸਹੁਰਿਆਂ ਤੇ ਪਰਚਾ ਹੋਣਾ ਚਾਹੀਦਾ। ਕਰੰਟ ਲਗਾ ਕੇ ਮਾਰੀ ਐ। ਕੋਈ ਬੋਲ ਰਿਹਾ ਸੀ ਜ਼ਹਿਰ ਦਿੱਤੀ ਐ। ਕੋਈ ਕਹਿ ਰਿਹਾ ਸੀ ਬਹੁਤ ਕੁੱਟਿਆ ਲੱਗਦਾ ਖੌਰੇ ਗਲਾਂ ਦਬਾ ਮਾਰ ਦਿੱਤਾ ਹੋਵੇ। ਜਿੰਨੇ ਮੂੰਹ ਓਨੀਆਂ ਗੱਲਾਂ। ਪਰ ਪਰਮ ਦੀਪੋ ਦੀ ਲਾਸ਼ ਵੱਲ ਇੰਝ ਦੇਖ ਰਹੀ ਸੀ ਜਿਵੇਂ ਪੁੱਛ ਰਹੀ ਹੋਵੇ ਕਿ ਕੀ ਵਾਪਰਿਆ, ਹਾਲੇ ਕੱਲ ਪਰਸੋਂ ਹੀ ਤਾਂ ਤੂੰ ਚਾਈਂ ਚਾਈਂ ਸਹੁਰੇ ਗਈ ਸੀ। ਅਜੇ ਤਾਂ ਤੇਰੇ ਚਾਂਅ ਵੀ ਪੂਰੇ ਨਹੀਂ ਹੋਏ, ਤੇ ਇਹ ਸਭ ਕਿਵੇਂ ਵਾਪਰ ਗਿਆ?
ਰੋਂਦਿਆਂ ਲਾਸ਼ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਸਮਾਂ ਆਪਣੀ ਰਫਤਾਰ ਬੀਤਦਾ ਗਿਆ ਪਤਾ ਲੱਗਾ ਕਿ ਕੈਲੇ ਦੇ ਪਰਿਵਾਰ ਨੇ ਸਹੁਰਿਆਂ ਤੋਂ ਪੈਸੇ ਲੈ ਕੇ ਮਾਮਲਾ ਰਫ਼ਾ ਦਫ਼ਾ ਕਰ ਦਿੱਤਾ ਹੈ। ਕੈਲੇ ਦੀ ਘਰ ਵਾਲੀ ਪੋਤੇ ਦਾ ਮੂੰਹ ਦੇਖਣ ਨੂੰ ਤਰਸਦੀ ਤਰਸਦੀ ਦੁਨੀਆਂ ਤੋਂ ਵਿਦਾ ਹੋ ਗਈ। ਕੈਲਾ ਵਿਹੜੇ ਵਿੱਚ ਮੰਜੀ ਨਾਲ ਵਾਣ ਬਣਿਆ ਪਿਆ। ਕੈਲੇ ਦਾ ਇਕੋ ਇਕ ਮੁੰਡਾ ਘਰ ਧੀਆਂ ਦੀ ਫੌਜ ਦੇਖ ਮੁੰਡੇ ਦੇ ਇੰਤਜ਼ਾਰ ਵਿੱਚ ਦਾ ਪੂਰੀ ਸ਼ਰਾਬੀ ਬਣ ਗਿਆ ਹੈ।
ਤਾਈਂ ਬਿਸ਼ਨੀ ਅਕਸਰ ਕਹਿੰਦੀ ਸੀ ਇਨਸਾਨ ਨੂੰ ਇਨਸਾਨ ਭਲੇ ਮਾਫ਼ ਕਰ ਦੇਵੇ, ਪਰ ਕੁਦਰਤ ਸਜ਼ਾ ਜ਼ਰੂਰ ਦਿੰਦੀ ਐ। ਪਰਮ ਵੀ ਇਹ ਸਭ ਕੁੱਝ ਦੇਖ ਸੋਚਦੀ ਹੈ ਇਹ ਦੀਪੋ ਨਾਲ ਹੋਈ ਜ਼ਿਆਦਤੀ ਦਾ ਇਨਸਾਫ ਹੈ?
ਪ੍ਰੀਤ ਪ੍ਰਿਤਪਾਲ
ਸੰਗਰੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly