HOME ਹਸਤ ਕਲਾ ਦਾ ਮਾਹਿਰ ਤੇ ਨੇਕ ਰੂਹ — ਰਾਜ ਮਿਸਤਰੀ ਲੱਖਾ ਸਿੰਘ

ਹਸਤ ਕਲਾ ਦਾ ਮਾਹਿਰ ਤੇ ਨੇਕ ਰੂਹ — ਰਾਜ ਮਿਸਤਰੀ ਲੱਖਾ ਸਿੰਘ

9
ਰਾਜ ਮਿਸਤਰੀ ਲੱਖਾ ਸਿੰਘ

   (ਸਮਾਜ ਵੀਕਲੀ)   ਹਰ ਮਨੁੱਖ ਨੂੰ ਰੱਬ ਕੋਈ ਨਾ ਕੋਈ ਗੁਣ ਬਖਸ਼ ਕੇ ਇਸ ਧਰਤੀ ਤੇ ਭੇਜਦਾ ਹੈ ਪਰ ਫਿਰ ਵੀ ਬਹੁਤ ਥੋੜ੍ਹੇ ਲੋਕ ਹੁੰਦੇ ਹਨ ਜੋ ਆਪਣੇ ਇਸ ਅੰਦਰਲੇ ਗੁਣ ਨੂੰ ਬਾਹਰ ਕੱਢ ਪਾਉਂਦੇ ਹਨ। ਅਜਿਹਾ ਹੀ ਇੱਕ ਹਸਤ ਕਲਾ ਦਾ ਮਾਹਿਰ ਰਾਜ ਮਿਸਤਰੀ ਲੱਖਾ ਸਿੰਘ ਸੀ ਜੋ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ।ਉਨ੍ਹਾਂ ਦੇ ਜਾਣ ਨਾਲ ਨਾ ਕੇਵਲ ਉਨ੍ਹਾਂ ਦੇ ਪਰਿਵਾਰ ਨੂੰ, ਬਲਕਿ ਸਮੁੱਚੇ ਭਾਈਚਾਰੇ ਅਤੇ ਉਸਾਰੀ ਕਲਾ ਦੇ ਖੇਤਰ ਨੂੰ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਲੱਖਾ ਸਿੰਘ ਦਾ ਜਨਮ ਪਿੰਡ ਘੁੱਦੂਵਾਲਾ ਜ਼ਿਲ੍ਹਾ ਮਾਨਸਾ ਵਿਖੇ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ। ਉਸ ਨੇ ਚੜ੍ਹਦੀ ਉਮਰ ਵਿੱਚ ਹੀ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਅਪਣਾ ਲਿਆ ਸੀ। ਜਿਸ ਕਰਕੇ ਉਹ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਹੱਥ ਦੇ ਬਹੁਤ ਹੀ ਨਿਪੁੰਨ ਅਤੇ ਸੁਲਝਿਆ ਹੋਇਆ ਮਿਸਤਰੀ ਬਣ ਗਿਆ ਸੀ।ਉਸ ਦੀ ਨਿਪੁੰਨਤਾ ਦਾ ਪਤਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਸਾਡੇ ਇਲਾਕੇ ਵਿੱਚ ਪੁਰਾਣੇ ਸਮੇਂ ਵਿੱਚ ਵਾਹਣ ਉੱਚੇ ਹੋਣ ਕਰਕੇ ਪਾਣੀ ਝਲਾਰਾਂ ਨਾਲ ਲੱਗਦਾ ਸੀ।ਇਸ ਲਈ ਖੇਤਾਂ ਵਿੱਚ ਸਿੰਚਾਈ ਕਰਨ ਲਈ ਝਲਾਰਾਂ ਲੱਗੀਆਂ ਹੁੰਦੀਆਂ ਸਨ।ਪਰ ਇਹ ਝਲਾਰ ਹਰੇਕ ਮਿਸਤਰੀ ਫਿੱਟ ਨਹੀਂ ਕਰ ਸਕਦਾ ਸੀ।ਪਰ ਲੱਖਾ ਸਿੰਘ ਪੂਰੇ ਇਲਾਕੇ ਵਿੱਚ ਝਲਾਰ ਲਗਾਉਣ ਵਿੱਚ ਵੀ ਮਾਹਿਰ ਮਿਸਤਰੀ ਸੀ।

ਉਨ੍ਹਾਂ ਦੀਆਂ ਉਂਗਲਾਂ ਵਿੱਚ ਉਹ ਜਾਦੂ ਸੀ ਕਿ ਉਹ ਇੱਟਾਂ ਅਤੇ ਗਾਰੇ ਨਾਲ ਅਜਿਹੀਆਂ ਇਮਾਰਤਾਂ ਖੜ੍ਹੀਆਂ ਕਰਦੇ ਸਨ, ਜਿਨ੍ਹਾਂ ਵਿੱਚੋਂ ਮਜ਼ਬੂਤੀ ਅਤੇ ਕਲਾ ਸਪੱਸ਼ਟ ਝਲਕਦੀ ਸੀ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਘਰਾਂ ਦੀਆਂ ਨੀਹਾਂ ਰੱਖੀਆਂ ਅਤੇ ਅਣਗਿਣਤ ਪਰਿਵਾਰਾਂ ਦੀਆਂ ਛੱਤਾਂ ਨੂੰ ਸੰਵਾਰਿਆ। ਉਨ੍ਹਾਂ ਲਈ ਕੰਮ ਸਿਰਫ਼ ਰੋਜ਼ੀ-ਰੋਟੀ ਦਾ ਸਾਧਨ ਨਹੀਂ ਸੀ, ਸਗੋਂ ਇੱਕ ਇਬਾਦਤ ਸੀ।ਮਿਸਤਰੀ ਲੱਖਾ ਸਿੰਘ ਜੀ ਦਾ ਜਾਣਾ ਕੇਵਲ ਇੱਕ ਇਨਸਾਨ ਦਾ ਜਾਣਾ ਨਹੀਂ, ਸਗੋਂ ਪੰਜਾਬ ਦੀ ਇੱਕ ਵਿਲੱਖਣ ਕਲਾ ਦੇ ਯੁੱਗ ਦਾ ਵੀ ਅੰਤ ਹੈ। ਉਹ ਜਿੰਨੇ ਮਾਹਿਰ ਘਰ ਉਸਾਰਨ ਵਿੱਚ ਸਨ, ਉਸ ਤੋਂ ਕਿਤੇ ਵੱਧ ਉਹ ਆਪਣੀ ‘ਬੋਤਲ ਕਲਾ’ (Bottled Art) ਲਈ ਪੂਰੇ ਪੰਜਾਬ ਵਿੱਚ ਮਸ਼ਹੂਰ ਸਨ।ਲੱਖਾ ਸਿੰਘ ਜੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਉਹ ਕੱਚ ਦੀਆਂ ਬੋਤਲਾਂ ਦੇ ਤੰਗ ਮੂੰਹ ਰਾਹੀਂ ਬਿਨਾਂ ਕਿਸੇ ਜੋੜ ਦੇ ਬਹੁਤ ਹੀ ਖੂਬਸੂਰਤ ਕਲਾਕ੍ਰਿਤੀਆਂ ਤਿਆਰ ਕਰਦੇ ਸਨ। ਉਨ੍ਹਾਂ ਵੱਲੋਂ ਬੋਤਲਾਂ ਦੇ ਅੰਦਰ ਬਣਾਏ ਗਏ ਚਰਖੇ, ਪੀਂਘਾਂ, ਹਲ-ਪੰਜਾਲੀ, ਮੰਜੀਆਂ ਅਤੇ ਧਾਰਮਿਕ ਚਿੰਨ੍ਹ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਸੀ।ਬੋਤਲ ਦੇ ਅੰਦਰ ਲੱਕੜ ਜਾਂ ਧਾਗੇ ਨਾਲ ਨਿੱਕੀਆਂ-ਨਿੱਕੀਆਂ ਚੀਜ਼ਾਂ ਨੂੰ ਸੈੱਟ ਕਰਨਾ ਅਜਿਹੀ ਕਲਾ ਹੈ ਜਿਸ ਲਈ ਬੇਅੰਤ ਧੀਰਜ ਅਤੇ ਇਕਾਗਰਤਾ ਦੀ ਲੋੜ ਹੁੰਦੀ ਹੈ।ਉਨ੍ਹਾਂ ਨੇ ਆਪਣੀ ਇਸ ਕਲਾ ਰਾਹੀਂ ਪੰਜਾਬ ਦੇ ਵਿਰਸੇ ਨੂੰ ਕੱਚ ਦੀਆਂ ਬੋਤਲਾਂ ਵਿੱਚ ਸਾਂਭ ਕੇ ਰੱਖਿਆ। ਉਨ੍ਹਾਂ ਦੀਆਂ ਬਣਾਈਆਂ ਇਹ ਕਲਾਕ੍ਰਿਤੀਆਂ ਅੱਜ ਵੀ ਪੰਜਾਬ ਦੇ ਕਈ ਘਰਾਂ ਅਤੇ ਮੇਲਿਆਂ ਦਾ ਸ਼ਿੰਗਾਰ ਹਨ।ਇੱਕ ਰਾਜ ਮਿਸਤਰੀ ਦੇ ਤੌਰ ‘ਤੇ ਉਨ੍ਹਾਂ ਦੀ ਇਮਾਨਦਾਰੀ ਅਤੇ ਨਿਪੁੰਨਤਾ ਦੀਆਂ ਮਿਸਾਲਾਂ ਅੱਜ ਵੀ ਲੋਕ ਦਿੰਦੇ ਹਨ। ਉਨ੍ਹਾਂ ਦੇ ਹੱਥਾਂ ਦੀ ਮਜ਼ਬੂਤੀ ਇਮਾਰਤਾਂ ਵਿੱਚ ਬੋਲਦੀ ਸੀ ਅਤੇ ਉਨ੍ਹਾਂ ਦੀ ਕਲਾਤਮਕ ਸੋਚ ਬੋਤਲਾਂ ਵਿੱਚ ਝਲਕਦੀ ਸੀ। ਉਹ ਸਹੀ ਅਰਥਾਂ ਵਿੱਚ ‘ਕਿਰਤ ਦੇ ਪੁਜਾਰੀ’ ਸਨ।
ਲੱਖਾ ਸਿੰਘ ਜੀ ਦੀ ਪਛਾਣ ਸਿਰਫ਼ ਉਨ੍ਹਾਂ ਦੇ ਹੁਨਰ ਤੱਕ ਸੀਮਤ ਨਹੀਂ ਸੀ। ਉਹ ਇੱਕ ਬਹੁਤ ਹੀ ਨਿਮਰ, ਮਿਲਣਸਾਰ ਅਤੇ ਇਮਾਨਦਾਰ ਇਨਸਾਨ ਸਨ। ਉਨ੍ਹਾਂ ਦੇ ਚਿਹਰੇ ‘ਤੇ ਹਮੇਸ਼ਾ ਰਹਿਣ ਵਾਲੀ ਗੰਭੀਰਤਾ ਅਤੇ ਨੂਰ ਉਨ੍ਹਾਂ ਦੇ ਅਨੁਭਵੀ ਹੋਣ ਦੀ ਗਵਾਹੀ ਦਿੰਦਾ ਸੀ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਵੀ ਉਨ੍ਹਾਂ ਨੇ ਹਮੇਸ਼ਾ ਇਮਾਨਦਾਰੀ ਨਾਲ ਕੰਮ ਕਰਨ ਨੂੰ ਪਹਿਲ ਦਿੱਤੀ। ਸਿਆਣੇ ਕਹਿੰਦੇ ਹਨ ਕਿ ਹੱਥਾਂ ਦੀ ਕਿਰਤ ਕਰਨ ਵਾਲੇ ਇਨਸਾਨ ਅਸਲ ਵਿੱਚ ਰੱਬ ਦੇ ਨੇੜੇ ਹੁੰਦੇ ਹਨ, ਅਤੇ ਲੱਖਾ ਸਿੰਘ ਜੀ ਨੇ ਉਮਰ ਭਰ ਆਪਣੀ ਕਿਰਤ ਨਾਲ ਇਸ ਕਥਨ ਨੂੰ ਸੱਚ ਕਰ ਵਿਖਾਇਆ ਸੀ।
ਮਿਸਤਰੀ ਲੱਖਾ ਸਿੰਘ ਵਰਗੇ ਕਲਾਕਾਰ ਰੋਜ਼-ਰੋਜ਼ ਪੈਦਾ ਨਹੀਂ ਹੁੰਦੇ। ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਨਾ ਕੇਵਲ ਆਪਣਾ ਨਾਮ ਬਣਾਇਆ, ਸਗੋਂ ਆਪਣੇ ਪਿੰਡ ਅਤੇ ਇਲਾਕੇ ਦਾ ਮਾਣ ਵੀ ਵਧਾਇਆ ਹੈ। ਉਨ੍ਹਾਂ ਦੀ ਅਚਾਨਕ ਮੌਤ ਨਾਲ ਸੂਖਮ ਕਲਾ ਜਗਤ ਨੂੰ ਅਜਿਹਾ ਘਾਟਾ ਪਿਆ ਹੈ ਜਿਸ ਨੂੰ ਕਦੇ ਪੂਰਿਆ ਨਹੀਂ ਜਾ ਸਕੇਗਾ।ਭਾਵੇਂ ਅੱਜ ਉਹ ਸਰੀਰਕ ਤੌਰ ‘ਤੇ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਅਤੇ ਉਨ੍ਹਾਂ ਦੀਆਂ ਮਿੱਠੀਆਂ ਯਾਦਾਂ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿਣਗੀਆਂ। ਉਨ੍ਹਾਂ ਦਾ ਜੀਵਨ ਆਉਣ ਵਾਲੀ ਪੀੜ੍ਹੀ ਲਈ ਮਿਹਨਤ ਅਤੇ ਲਗਨ ਦੀ ਇੱਕ ਵੱਡੀ ਮਿਸਾਲ ਹੈ।ਉਨ੍ਹਾਂ ਦੀਆਂ ਬਣਾਈਆਂ ਕਲਾਕ੍ਰਿਤੀਆਂ ਹਮੇਸ਼ਾ ਸਾਡੇ ਦਰਮਿਆਨ ਉਨ੍ਹਾਂ ਦੀ ਯਾਦ ਬਣ ਕੇ ਰਹਿਣਗੀਆਂ। ਅਖੀਰ ਵਿੱਚ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਮਨਜੀਤ ਮਾਨ 
ਪਿੰਡ ਸਾਹਨੇਵਾਲੀ (ਮਾਨਸਾ)
ਮੋਬਾਈਲ 7009898044
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਮੁੰਦਰ ਵਿੱਚ ਫਸੇ 700 ਤੋਂ ਵੱਧ ਤੇਲ ਟੈਂਕਰ, ਕੀ ਭਾਰਤ ਵਿੱਚ ਪੈਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਵਾਲੀਆਂ ਹਨ?
Next articleਮੱਧ ਪੂਰਬ ਵਿੱਚ ਚੱਲ ਰਹੇ ਘਰੇਲੂ ਯੁੱਧ ਕਾਰਨ ਸੀਬੀਐਸਈ ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ