ਇਕ ਰਚਨਾ / ਸ਼ਮਸ਼ੇਰ ਦੀ ਮਾਂ 

ਬਲਰਾਜ ਚੰਦੇਲ ਜਲੰਧਰ
(ਸਮਾਜ ਵੀਕਲੀ)- ਅੱਜ ਸਵੇਰ ਤੋਂ ਸ਼ਮਸ਼ੇਰ ਦੀ ਮਾਂ ਕਮਰੇ ਵਿੱਚੋਂ ਬਾਹਰ ਨਹੀਂ ਆਈ।ਸਾਰੇ ਵੇਹੜੇ ਵਾਲਿਆਂ ਨੂੰ ਹੈਰਾਨੀ ਹੋਈ ਕਿ ਅੱਜ ਛਨਿਛੱਰੀ ਨੇ ਵੇਹੜੇ ਵਿੱਚ ਚਾਦਰ ਵੀ ਨਹੀਂ ਵਿੱਛਾਈ ਜਿਸ ਤੇ ਰਜਾਈਆਂ ਛੰਡ ਕੇ ਉਹ ਨਗੰਦਦੀ ਹੁੰਦੀ ਸੀ। ਉਸਨੇ  ਹਾਲਚਾਲ ਪੁੱਛਣ  ਗਈ ਮੇਰੀ ਸੱਸ ਮਾਂ  ਨੂੰ  ਇੱਕ ਫੋਨ ਨੰਬਰ ਵਾਲੀ  ਪਰਚੀ ਦਿੱਤੀ ਕਿ ਮੈਂ ਉਸਦੇ ਪੁੱਤ ਨੂੰ ਦਿਲੀ ਫੋਨ ਕਰ ਦੇਵਾਂ । ਉਸਦਾ ਅਸਲੀ ਨਾਂ ਸੁਲੱਖਣੀ  ਕੋਈ  ਨਹੀਂ  ਸੀ ਲੈਂਦਾ। ਸ਼ਮਸ਼ੇਰ ਦੀ ਮਾਂ ਕਹਿੰਦੇ ਕਹਿੰਦੇ ਸਾਰੇ ਉਸਨੂੰ ਸ਼ਮਸ਼ੇਰੀ ਤੇ ਫੇਰ ਸ਼ਨਿੱਚਰੀ ਤੇ ਫੇਰ ਪਿੱਠ ਪਿੱਛੇ ਛਨਿਛੱਰੀ ਕਹਿਣ ਲੱਗ ਪਏ।ਕਹਿੰਦੇ  ਹੈ ਨਾ, ਮਾੜੇ ਬੰਦੇ ਦਾ ਲੋਕੀ ਨਾਂ  ਵੀ ਇੱਜਤ ਨਾਲ ਨਹੀਂ  ਲੈੰਦੇ।ਕਈ ਬਾਰ ਖਿੱਝ ਕੇ ਉਹ ਵੀ ਗਾਲਾ ਗੂਲਾਂ ਕੱਢ ਦਿੰਦੀ ਸੀ।ਪਰ ਮੇਰੀ ਬਹੁਤ ਇੱਜਤ  ਕਰਦੀ ਸੀ।ਇੱਕ ਬਾਰ ਉਸਨੇ ਮੈਨੂੰ ਘਰ ਵਿੱਚ ਰਜਾਈ ਨਗੰਦਦੀ ਨੂੰ ਦੇਖ ਲਿਆ ਤਾਂ ਹੈਰਾਨ ਹੋਕੇ ਬੋਲੀ ਧੀਏ ਆਹ ਕੀ ,ਮੇਰੇ ਹੁੰਦਿਆ ਆਪੇ ਲੱਗੀ ਹੋਈ। ਮੇਰੀ ਸੱਸ ਮਾਂ ਨੇ ਕਿਹਾ ਕੋਈ ਨਹੀਂ ਭੈਣ ਇਹ  ਇਹੋ ਜਿਹੇ ਸਾਰੇ ਕੰਮ ਜਾਣਦੀ ਹੈ।ਉਸ ਤੋਂ ਬਾਦ ਉਸਦਾ ਹਰ ਰੋਜ ਮੇਰੇ ਘਰ ਦਾ ਇੱਕ ਚੱਕਰ ਜਰੂਰ ਲੱਗਦਾ। ਕਹਿੰਦੀ ਭੈਣੇ ਤੇਰੀ ਨੂੰਹ ਕੋਲ ਬਹਿ  ਕੇ  ਦਿਲ ਨੂੰ  ਬੜੀ ਧਰਵਾਸ ਜਿਹੀ ਮਿਲਦੀ ਹੈ।ਗੱਲੀ ਬਾਤੀ ਪਤਾ ਲੱਗਿਆ ਕਿ ਸ਼ਮਸ਼ੇਰ ਨੂੰ ਇਸਨੇ ਬੜੀ ਮੁਸ਼ਕਿਲ ਨਾਲ ਮਿਹਨਤਾਂ ਕਰਕੇ ਪੜਾਇਆ ਸੀ। ਸ਼ਮਸ਼ੇਰ ਦਾ ਬਾਪ ਕਿਸੇ ਹੋਰ ਨਾਲ ਵਿਆਹ ਕਰਾਕੇ ਦਿੱਲੀ ਚਲਾ ਗਿਆ ਸੀ।ਉਸਦੇ ਔਲਾਦ ਨਾਂ ਹੋਈ ਤਾ ਪੜੇ ਲਿਖੇ ਸ਼ਮਸ਼ੇਰ ਨੂੰ ਵਰਗਲਾ ਕੇ ਲੈ ਗਿਆ ਸੀ।ਸ਼ਮਸ਼ੇਰ  ਪਹਿਲਾਂ ਪਹਿਲ  ਇੱਕ ਦੋ ਬਾਰ ਆਇਆ,  ਬਾਅਦ  ਵਿੱਚ ਵਿਆਹ ਵੀ ਕਰਵਾ ਲਿਆ ਪਰ  ਮੁੜਕੇ ਮਾਂ ਨੂੰ ਮਿਲਣ ਨਹੀਂ ਆਇਆ। ਕਈ ਬਾਰ ਬਿਚਾਰੀ ਕੋਲੋਂ ਕਮਰੇ ਦਾ ਕਿਰਾਇਆ ਨਹੀਂ  ਦੇ ਹੁੰਦਾ ਸੀ।ਖਰਚੇ ਤੋਂ ਤੰਗ ਆਕੇ ਉਸਨੇ ਅਪਣੇ ਗਹਿਣੇ ਵੇਚ ਕੇ ਪੈਸੇ ਬੈੰਕ ਵਿੱਚ ਜਮਾ ਕਰਵਾ ਦਿੱਤੇ ਸੀ  ਤੇ ਜਦ ਲੋੜ ਪੈਣੀ ਤਾਂ  ਕੱਢਵਾ ਕੇ ਖਰਚ ਲੈਂਦੀ ਸੀ।ਮੈਂ ਇੱਕ ਦਿਨ ਪੁੱਛ ਲਿਆ,ਆਂਟੀ ਕੀ ਖਾਸ ਵਜ਼ਾਹ ਸੀ ਕਿ ਸ਼ਮਸ਼ੇਰ ਦਾ ਬਾਪੂ ਤੁਹਾਨੂੰ ਛੱਡ ਗਿਆ।  ਰੋਂਦੀ  ਰੋਂਦੀ ਕਹਿੰਦੀ ਜਦ ਰੌਲੇ ਪਏ ਸੀ ਤਾਂ ਸ਼ਮਸ਼ੇਰ ਦਾ ਬਾਪੂ ਮੈਨੂੰ  ਲੁੱਟ ਕੇ ਲਿਆਇਆ ਸੀ।  ਸੋਹਣੀ ਜੋ  ਬਹੁਤ ਸੀ।ਉਸਦੇ ਘਰ ਦਿਆਂ ਨੇ ਇਸ ਨੂੰ ਬੇਦਖ਼ਲ ਕਰ ਦਿੱਤਾ  ਸੀ।ਬਾਅਦ ਵਿੱਚ  ਸ਼ਰਾਬ ਪੀਕੇ ਲੜਣ  ਝਗੜਣ  ਲੱਗ ਪਿਆ  ਤੇ ਹੁਣ ਸ਼ਮਸ਼ੇਰ ਨੂੰ ਵੀ ਗਲਤ ਫਹਿਮੀਆਂ ਪਾ ਦਿੱਤੀਆਂ ਹਨ।
ਦੋ ਦਿਨ ਹੋ ਗਏ ਸੀ ਫੋਨ ਕੀਤਿਆਂ ਪਰ ਸ਼ਮਸ਼ੇਰ ਨਹੀਂ ਆਇਆ। ਸੁਲਖਣੀ, ਸ਼ਮਸ਼ੇਰ ਦੀ ਮਾਂ ,ਛਨਿੱਛਰੀ ਰੱਬ ਨੂੰ ਪਿਆਰੀ ਹੋ ਗਈ।ਵੇਹੜੇ ਵਾਲੇ ਸੋਚਣ ਲੱਗੇ ਹੁਣ ਕੀ ਕਰੀਏ।
ਕੁਦਰਤੀ ਸ਼ਮਸ਼ੇਰ ਅਪਣੀ ਘਰਵਾਲੀ ਨਾਲ ਪਹੂੰਚ ਗਿਆ। ਸੰਸਕਾਰ ਕਰ ਦਿੱਤਾ  ਗਿਆ। ਸ਼ਮਸ਼ੇਰ ਨੇ ਚੌਥੇ ਤੇ  ਉਠਾਲਾ ਕਰਕੇ ਹੀ ਭੋਗ ਪਾ ਦੇਣ ਦੀ ਸਲਾਹ ਬਣਾ ਲਈ।
ਹੁਣ ਜਾਣ ਤੋ ਪਹਿਲਾਂ ਕਮਰਾ  ਵੀ ਖਾਲੀ ਕਰਨਾ ਸੀ।ਸ਼ਮਸ਼ੇਰ ਦੀ ਘਰ ਵਾਲੀ ਕਮਰੇ ਵਿੱਚ ਸਮਾਨ  ਦੀ ਫੋੱਲਾ ਫਰਾਲੀ ਕਰਦੀ  ਹੋਈ  ਸਮਾਨ  ਇੱਧਰ ਉੱਧਰ  ਸੁੱਟੀ ਜਾਵੇ। ਵਿਹੜੇ ਵਾਲੇ ਮਾਲਿਕ ਮਕਾਨ ਨੂੰ ਸਾਰਾ ਸਮਾਨ ਕਿਸੇ ਗਰੀਬ ਨੂੰ ਦੇਣ ਲਈ ਹਿਦਾਅਤ ਦੇਣ ਲੱਗੀ।
ਮੇਰੇ ਕੋਲ ਆਕੇ ਹੌਲੀ ਦੇਨੀ ਕਹਿੰਦੀ ਸ਼ਮਸ਼ੇਰ ਦੇ ਬਾਪੂ ਨੇ ਮਰਨ ਤੋਂ ਪਹਿਲਾਂ ਕਿਹਾ ਸੀ ਕਿ ਸੁਲੱਖਣੀ ਕੋਲ ਗਹਿਣੇ ਪਏ ਹਨ।ਮੈਨੂੰ ਤੇ ਕਿਤੇ ਲਭੇ ਨਹੀਂ।  ਭੈਣਜੀ ਜੇ ਮਾਤਾ ਜੀ  ਤੁਹਾਨੂੰ ਕੁੱਝ ਦੱਸ ਗਏ ਹੋਣ।ਜਦ ਤੱਕ ਸ਼ਮਸ਼ੇਰ ਦੀ ਨਜ਼ਰ ਇੱਕ ਬੋਰੀ ਤੇ ਪਈ।ਉਸਨੂੰ ਖੋਲਿਆ ਤਾਂ ਸ਼ਮਸ਼ੇਰ ਦੀਆਂ ਕਿਤਾਬਾਂ ,ਉਹ ਸ਼ਾਲ ਤੇ ਕਪੜੇ ਜੋ ਪਹਿਲਾਂ ਪਹਿਲ ਓਹ ਦੇਕੇ ਗਿਆ  ਸੀ ,ਇੱਕ ਥੈਲੇ ਵਿੱਚ ਲਪੇਟ ਕੇ  ,ਬੋਰੀ ਵਿੱਚ  ਸਾਂਭੇ ਪਏ ਸੀ।ਵਿਚੋਂ ਇੱਕ ਬੈਂਕ ਦੀ  ਕਾਪੀ ਨਿਕਲੀ । ਚੌਥੇ ਤੇ ਉਠਾਲੇ ਨਾਲ ਭੋਗ  ਪਾਓਣ ਦੀ ਸਲਾਹ  ਮਿੰਟੋ ਮਿੰਟੀ ਬਦਲ ਗਈ ਤੇ ਛਨਿਛੱਰੀ ਨੂੰ ਵੱਡੀ ਕਰਨ ਦਾ ਪ੍ਰੋਗਰਾਮ  ਤਿਆਰ ਕਰ ਲਿਆ ਗਿਆ।
ਕਈ ਤਰ੍ਹਾਂ ਦੇ ਪਕਵਾਨ ਬਣਾਉਣ  ਤੇ ਸਾਰੇ ਮਹਿਮਾਨਾਂ ਨੂੰ ਜਲੇਬੀਆਂ ਵੰਡਣ ਦੀ ਲਿਸਟ ਬਣਾਈ ਗਈ।
ਭੋਗ ਦੇ ਕਾਰਡਾ ਤੇ ,ਸ਼ਮਸ਼ੇਰ ਦੀ ਮਾਂ,ਸ਼ਮਸ਼ੇਰੀ, ਸ਼ਨਿਚਰੀ ,ਛਨਿੱਛਰੀ ਨਹੀਂ ,ਸੁਲੱਖਣੀ ਦਾ
ਨਾਂਵ ਛੱਪਵਾਇਆ ਗਿਆ।
ਬਲਰਾਜ ਚੰਦੇਲ ਜਲੰਧਰ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਣਮੁੱਲੇ ਰਿਸ਼ਤੇ ਸਮੇਤ ਤਿੰਨ ਕਿਤਾਬਾਂ ਲੋਕ ਅਰਪਣ ਕੀਤੀਆਂ 
Next articleਕਵਿਤਾ/ ਕਦੇ ਕਦੇ