(ਸਮਾਜ ਵੀਕਲੀ)
ਵਿਰਕ ਪੁਸ਼ਪਿੰਦਰ ਦੇ ਕਾਵਿ-ਸੰਗ੍ਰਹਿ ‘ਜੇਕਰ ਦੇਖਦੀ ਨਾ’ ਨੂੰ ਗਹੁ ਨਾਲ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੇ ਮਨ ਵਿੱਚ ਮਿਹਨਤਕਸ਼ ਲੋਕਾਂ ਪ੍ਰਤੀ ਅਥਾਹ ਪਿਆਰ ਅਤੇ ਦਰਦ ਹੈ। ਪੁਸਤਕ ਵਿੱਚ ਸ਼ਾਮਲ ਉਨ੍ਹਾਂ ਦੀ ਹਰ ਕਵਿਤਾ ਦਾ ਅੱਖਰ-ਅੱਖਰ ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਆਮ ਆਦਮੀ ਦੀ ਗੱਲ ਕਰਦਾ ਹੈ। ਬਹੁਤੀਆਂ ਸਮਕਾਲੀ ਕਵਿੱਤਰੀਆਂ ਵਾਂਗ ਉਹ ਆਪਣੀ ਕਵਿਤਾ ਨੂੰ ਕੇਵਲ ਨਾਰੀਵਾਦੀ ਨਾਅਰਿਆਂ ਜਾਂ ਮਰਦਾਂ ਦੇ ਅੰਨ੍ਹੇਵਾਹ ਵਿਰੋਧ ਤੱਕ ਹੀ ਸੀਮਤ ਨਹੀਂ ਕਰਦੇ ਬਲਕਿ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਵਿਸੰਗਤੀਆਂ ਦੇ ਖ਼ਿਲਾਫ਼ ਪੁਰਜ਼ੋਰ ਆਵਾਜ਼ ਉਠਾਉਂਦੇ ਵੀ ਦਿਖਾਈ ਦਿੰਦੇ ਹਨ। ਔਰਤ ਦੇ ਚਰਿੱਤਰ ਦਾ ਚੀਰ ਹਰਨ ਕਰਨ ਵਾਲੇ ਹਰ ਵਰਤਾਰੇ ਨੂੰ ਉਹ ਬੜੀ ਬਾਰੀਕੀ ਨਾਲ ਸਮਝਣ ਅਤੇ ਜਾਣਨ ਦੀ ਕੋਸ਼ਿਸ਼ ਦੇ ਨਾਲ ਨਾਲ ਉਸ ਦੇ ਸਾਰਥਿਕ ਹੱਲ ਤੱਕ ਪਹੁੰਚਣ ਦਾ ਤਹੱਈਆ ਵੀ ਕਰਦੇ ਹਨ। ਇਤਿਹਾਸਕ ਅਤੇ ਮਿਥਹਾਸਿਕ ਘਟਨਾਵਾਂ ਦਾ ਵਰਤਮਾਨ ਦੇ ਮਨੋਵਿਗਿਆਨਕ ਸੰਦਰਭ ਵਿੱਚ ਮੰਥਨ ਕਰ ਕੇ ਉਹ ਹਰ ਮਸਲੇ ਦੀ ਤਹਿ ਤੱਕ ਜਾਣਾ ਚਾਹੁੰਦੇ ਹਨ, ਜਿਸ ਦਾ ਦ੍ਰਿਸ਼ਟਾਂਤ ਉਨ੍ਹਾਂ ਦੀ ਪੁਸਤਕ ਵਿਚਲੀ ਇਸ ਕਵਿਤਾ ਦੀਆਂ ਇਨ੍ਹਾਂ ਸਤਰਾਂ ਤੋਂ ਭਲੀ-ਭਾਂਤ ਸਾਹਮਣੇ ਆਉਂਦਾ ਹੈ:
ਕਸੂਰ ਤਾਂ ਉਨ੍ਹਾਂ ਬੁਰਸ਼ਾਂ, ਹਥੌੜੀਆਂ ਤੇ ਹੱਥਾਂ ਦਾ ਐ
ਜੋ ਅਜੰਤਾ ਅਤੇ ਅਲੋਰਾ ਦੀਆਂ ਗੁਫ਼ਾਵਾਂ ’ਚ
ਮੈਨੂੰ ਇਕੱਲੀ ਦੇਖ ਘੇਰਦੇ ਰਹੇ
ਤੇ ਕਰਦੇ ਰਹੇ ਮੇਰੇ ਤਨ ਤੇ
ਮਨ ਦਾ ਚੀਰ ਹਰਨ
ਭਾਰਤ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਬਣਾਏ ਗਏ ਤਿੰਨ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਵਿੱਢੇ ਕਿਸਾਨ ਅੰਦੋਲਨ ਦਾ ਵੀ ਉਨ੍ਹਾਂ ਦੀ ਕਵਿਤਾ ’ਤੇ ਬਹੁਤ ਗਹਿਰਾ ਪ੍ਰਭਾਵ ਹੈ। ਕੇਵਲ ਕਿਸਾਨ ਅੰਦੋਲਨ ਹੀ ਨਹੀਂ ਬਲਕਿ ਹਕੂਮਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਕਰ ਰਿਹਾ ਹਰ ਵਿਅਕਤੀ ਹੀ ਉਨ੍ਹਾਂ ਨੂੰ ਆਪਣਾ ਮਹਿਸੂਸ ਹੁੰਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਲਈ ਲਿਖਣਾ ਇੱਕ ਜੰਗ ਬਣ ਗਿਆ ਹੈ, ਹੱਕ-ਸੱਚ ਅਤੇ ਇਨਸਾਫ਼ ਦੀ ਜੰਗ, ਦੱਬੇ-ਕੁਚਲੇ ਲੋਕਾਂ ਦੇ ਅਧਿਕਾਰਾਂ ਦੀ ਜੰਗ:
ਜੇਕਰ ਦੇਖਦੀ ਨਾ
ਸ਼ਾਹੀਨ ਬਾਗ਼ ਵਾਲੀ ਦਾਦੀ ਵਾਂਗ
ਬੇਬੇ ਮਹਿੰਦਰ ਕੌਰ ਦੇ ਹੱਥ ’ਚ ਝੰਡਾ
ਤਾਂ ਦੱਸ ਫੇਰ ਮੇਰੇ ਹੱਥਾਂ ਨੇ ਕੜਛੀ ਛੱਡ
ਕਦੋਂ ਕਲਮ ਘੜਨੀ ਸੀ
ਔਰਤ ਹੀ ਕਿਸੇ ਦੇਸ਼ ਦੇ ਨਸੀਬ ਨੂੰ ਬਣਾਉਣ ਅਤੇ ਉਸ ਨੂੰ ਮੋੜਾ ਦੇਣ ਦੇ ਸਮਰੱਥ ਹੁੰਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਦੇਸ਼ ਦੀ ਮਹਾਨਤਾ ਉਸ ਦੇਸ਼ ਦੀ ਔਰਤ ਦੀ ਸਥਿਤੀ ਅਤੇ ਸਥਾਨ ’ਤੇ ਆਧਾਰਿਤ ਹੁੰਦੀ ਹੈ। ਗ਼ੁਲਾਮ ਅਤੇ ਮਰਦ-ਪ੍ਰਧਾਨ ਦੇਸ਼ ਦੀ ਔਰਤ ਕਦੇ ਵੀ ਸਮਾਜਿਕ ਉਸਾਰੀ ਵਿੱਚ ਹਿੱਸਾ ਨਹੀਂ ਲੈ ਸਕਦੀ। ਆਜ਼ਾਦੀ ਦੀ ਪੌਣੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਅਜੇ ਔਰਤ ਨੂੰ ਆਪਣੇ ਖ਼ਿਲਾਫ਼ ਲਗਾਏ ਜਾ ਰਹੇ ਬੇਬੁਨਿਆਦ ਦੋਸ਼ਾਂ ਨੂੰ ਗਲਤ ਸਾਬਤ ਕਰਨ ਲਈ ਲੜਨਾ ਪੈ ਰਿਹਾ ਹੈ:
ਜੀ ਹਾਂ ਔਰਤਾਂ ’ਚ
ਤਿੰਨ ਸੌ ਪੈਂਹਠ ਚਲਿੱਤਰ ਹੀ ਹੁੰਦੇ
ਬਹਿਰੂਪਨਾਂ ਹੁੰਦੀਆਂ ਔਰਤਾਂ ਬਹਿਰੂਪਨਾ
ਗਿਰਗਟ ਵਾਂਗ ਰੰਗ ਬਦਲਦੀਆਂ
ਗਿਰਗਟ ਵਾਂਗ।
ਵਿਰਕ ਪੁਸ਼ਪਿੰਦਰ ਲਿਖਦੇ ਹਨ ਕਿ ਔਰਤ ਵਿੱਚ ਸਮਰਪਣ ਦੀ ਭਾਵਨਾ ਇੰਨੀ ਪ੍ਰਬਲ ਹੁੰਦੀ ਹੈ ਕਿ ਉਹ ਕਦੇ ਵੀ ਕੇਵਲ ਆਪਣੇ ਲਈ ਨਹੀਂ ਜਿਊਂ ਸਕਦੀ। ਜਿੰਨਾ ਸੁਆਦ ਉਸ ਨੂੰ ਦੂਜਿਆਂ ਨੂੰ ਖਵਾ ਕੇ ਆਉਂਦਾ ਹੈ, ਉਨਾ ਆਪ ਖਾ ਕੇ ਨਹੀਂ ਆਉਂਦਾ। ਹੋਰਨਾਂ ਲਈ ਆਪਣੀ ਹਰ ਖ਼ੁਸ਼ੀ ਕੁਰਬਾਨ ਕਰਨ ਦੇ ਬਾਵਜੂਦ ਵੀ ਉਸ ਨੂੰ ਆਪਣੇ ਲਈ ਖ਼ੁਸ਼ੀ ਦੇ ਦੋ ਪਲ ਨਸੀਬ ਨਹੀਂ ਹੁੰਦੇ। ਆਪਣੇ ਇਸੇ ਸੁਭਾਅ ਕਾਰਨ ਉਸ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਉਹ ਆਪਣੇ ਆਪ ਦੇ ਹੀ ਖ਼ਿਲਾਫ਼ ਖੜ੍ਹੀ ਦਿਖਾਈ ਦਿੰਦੀ ਹੈ:
ਮੈਂ ਆਪਣੀ ਹੀ ਦੁਸ਼ਮਣ ਬਣ
ਆਪਣੀ ਕੁੱਖ ’ਚ
ਆਪਣੇ ਹੀ ਪਰਛਾਵੇਂ ਦਾ ਗਲਾ ਘੁੱਟ ਦਿੰਦੀ
ਤੇ ਤੇਰੇ ਪਰਛਾਵੇਂ ਨੂੰ ਪਾਲ ਸਦਾ ਖ਼ੁਸ਼ ਹੁੰਦੀ
ਮੈਂ, ਮੈਂ ਕਦੇ ਵੀ ਨਹੀਂ ਹੁੰਦੀ
ਔਰਤ ਅਤੇ ਮਰਦ ਉਨ੍ਹਾਂ ਨੂੰ ਇੱਕ ਦੂਜੇ ਦੇ ਉਲਟ ਨਹੀਂ ਬਲਕਿ ਪੂਰਕ ਪ੍ਰਤੀਤ ਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਇਸ ਦੁਨੀਆ ਨੂੰ ਰਹਿਣਯੋਗ ਬਣਾਉਣਾ ਹੈ, ਤਾਂ ਔਰਤ-ਮਰਦ ਸਬੰਧਾਂ ਨੂੰ ਵਧੀਆ ਬਣਾਉਣਾ ਲਾਜ਼ਮੀ ਹੈ। ਜਿਵੇਂ ਨਦੀ ਦੇ ਵਹਿਣ ਲਈ ਦੋਵਾਂ ਕਿਨਾਰਿਆਂ ਦੀ ਜ਼ਰੂਰਤ ਹੁੰਦੀ ਹੈ, ਉਵੇਂ ਜ਼ਿੰਦਗੀ ਦੇ ਪ੍ਰਵਾਹ ਲਈ ਵੀ ਔਰਤ-ਮਰਦ ਦਾ ਆਪਸੀ ਸਹਿਯੋਗ ਹੋਣਾ ਬੇਹੱਦ ਮਹੱਤਵਪੂਰਨ ਹੈ। ਇਹ ਸਹਿਯੋਗ ਜਿੰਨਾ ਮਜ਼ਬੂਤ ਅਤੇ ਨਿਰਛਲ ਹੋਵੇਗਾ, ਜ਼ਿੰਦਗੀ ਉਨੀ ਹੀ ਖ਼ੂਬਸੂਰਤ ਹੋਵੇਗੀ:
ਆ ਅੰਬਰਾਂ ’ਚ ਲਾਉਂਦੇ ਹਾਂ ਉਡਾਰੀਆਂ
ਉੱਡਦੇ ਹੋਏ ਬਾਜਾਂ ਮਗਰ
ਕਰ ਲੈਂਦੇ ਹਾਂ
ਆਸਮਾਨ ਇੱਕ ਹੀ ਦੋਹਾਂ ਲਈ
ਤੇ ਖੁੱਡਿਆਂ ’ਚ ਵਾੜਦੇ ਹਾਂ
ਬੇਅਕਲੀ ਦੇ ਕੁੱਕੜਾਂ ਨੂੰ
ਵਿਆਹੇ ਜਾਣ ਤੋਂ ਬਾਅਦ ਆਪਣੇ ਸਹੁਰੇ ਘਰ ਵਿੱਚ ਪ੍ਰਵੇਸ਼ ਵੀ ਇੱਕ ਤਰ੍ਹਾਂ ਨਾਲ ਔਰਤ ਦਾ ਦੂਜਾ ਜਨਮ ਹੀ ਹੁੰਦਾ ਹੈ। ਇੱਕ ਨਵੇਂ ਪਰਿਵਾਰ ਵਿੱਚ ਪ੍ਰਵਾਨ ਹੋਣ ਲਈ ਅਕਸਰ ਉਸ ਨੂੰ ਵਿਆਹ ਤੋਂ ਪਹਿਲਾਂ ਦੀਆਂ ਆਪਣੀਆਂ ਸਾਰੀਆਂ ਆਦਤਾਂ, ਇੱਛਾਵਾਂ ਅਤੇ ਕਾਮਨਾਵਾਂ ਦੀ ਬਲੀ ਦੇਣੀ ਪੈਂਦੀ ਹੈ। ਕਿਉਂਕਿ ਪੇਕੇ ਪਰਿਵਾਰ ਵੱਲੋਂ ਵੀ ਉਸ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਸ ਨੇ ਹਰ ਹਾਲਤ ਵਿੱਚ ਆਪਣੇ ਸਹੁਰੇ ਪਰਿਵਾਰ ਨੂੰ ਖ਼ੁਸ਼ ਰੱਖਣਾ ਹੈ, ਇਸ ਲਈ ਉਹ ਜੀਵਨ ਭਰ ਹੋਰਨਾਂ ਦੀ ਖ਼ੁਸ਼ੀ ਲਈ ਹੀ ਕਠਪੁਤਲੀ ਬਣੀ ਰਹਿੰਦੀ ਹੈ:
ਜਦ ਮੈਨੂੰ ਨਵੀਂ ਨਵੇਲੀ ਨੂੰ
ਚੌਂਕੇ ਸੀ ਚੜ੍ਹਾਇਆ
ਮੈਂ ਡਰੀ ਨੇ ਰਸੋਈ ’ਚ
ਲੈਨਿਨ, ਮਾਰਕਸ, ਨੇਰੂਦਾ
ਏਂਗਲਜ਼ ਲੌਰਾ ਤੇ ਹੈਨਰੀ ਨੂੰ
ਡੱਬਿਆਂ ਪਿੱਛੇ ਲੁਕੇ ਹੀ ਪਾਇਆ
ਵਿਰਕ ਪੁਸ਼ਪਿੰਦਰ ਆਪਣੀ ਕਵਿਤਾ ਵਿੱਚ ਹਾਲਤਾਂ ਅਨੁਸਾਰ ਬਦਲ ਜਾਣ ਨੂੰ ਨਹੀਂ ਬਲਕਿ ਹਾਲਤਾਂ ਨੂੰ ਬਦਲ ਦੇਣ ਦੀ ਗੱਲ ਕਰਦੇ ਹਨ। ਉਨ੍ਹਾਂ ਦੀ ਧਾਰਨਾ ਹੈ ਕਿ ਮਨੁੱਖ ਦੀ ਆਪਣੀ ਮਾਨਸਿਕ ਅਵਸਥਾ ਹੀ ਉਸ ਦੀ ਜਿੱਤ ਜਾਂ ਹਾਰ ਦਾ ਬਿਰਤਾਂਤ ਸਿਰਜਦੀ ਹੈ। ਹਾਰਿਆ ਹੋਇਆ ਮਨੁੱਖ ਅਕਸਰ ਹੀ ਹਾਰ ਲਈ ਜ਼ਿੰਮੇਵਾਰ ਆਪਣੀਆਂ ਗਲਤੀਆਂ ਅਤੇ ਕਮਜ਼ੋਰੀਆਂ ’ਤੇ ਪਰਦਾ ਪਾਉਣ ਲਈ ਹੋਰਨਾਂ ਨੂੰ ਦੋਸ਼ੀ ਠਹਿਰਾਉਣ ਦਾ ਪਰਪੰਚ ਰਚ ਕੇ ਆਪਣੀ ਹਉਮੈ ਨੂੰ ਉਭਾਰਨ ਦਾ ਯਤਨ ਕਰਦਾ ਹੈ:
ਨਹੀਂ ਡੁਬੋ ਸਕਦਾ ਸਮੁੰਦਰ
ਕਿਸ਼ਤੀ ਨੂੰ
ਜਦ ਤੱਕ ਕਿਸ਼ਤੀ ਨੇ
ਸਮੁੰਦਰ ਦੀ ਹਿੱਕ ਉੱਤੇ
ਨੱਚਣ ਦੀ ਜ਼ਿੱਦ ਫੜੀ ਹੋਵੇ
ਜੂਝ ਰਹੇ ਲੋਕਾਂ ਦੀ ਆਪਣੇ ਸੰਘਰਸ਼ ਲਈ ਪ੍ਰਤੀਬੱਧਤਾ ਹੀ ਉਨ੍ਹਾਂ ਨੂੰ ਲੋਕ-ਨਾਇਕ ਹੋਣ ਦਾ ਮਾਣ ਬਖ਼ਸ਼ਦੀ ਹੈ। ਜੂਝਣਾ ਅਤੇ ਜੁਝਾਰੂ ਹੋਣ ਦੀ ਗੱਲ ਕਰਨਾ ਆਪਣੇ ਆਪ ਵਿੱਚ ਉੱਕਾ ਹੀ ਵੱਖਰੀ ਤਰ੍ਹਾਂ ਦੇ ਵਰਤਾਰੇ ਹਨ। ਕੇਵਲ ਨਾਅਰਿਆਂ ਦੇ ਦਮ ’ਤੇ ਹੀ ਲੋਕਾਂ ਨੂੰ ਕੁੱਝ ਸਮੇਂ ਤੱਕ ਬੁੱਧੂ ਤਾਂ ਬਣਾਇਆ ਜਾ ਸਕਦਾ ਹੈ ਪਰ ਉਨ੍ਹਾਂ ਦੇ ਹਿਰਦਿਆਂ ਵਿੱਚ ਘਰ ਨਹੀਂ ਬਣਾਇਆ ਜਾ ਸਕਦਾ। ਵਿਰਕ ਪੁਸ਼ਪਿੰਦਰ ਲੋਕਾਂ ਲਈ ਸੁਹਿਰਦ ਲੜਾਈ ਲੜਨ ਵਾਲੇ ਜੁਝਾਰੂਆਂ ਨੂੰ ਹਨੇਰਿਆਂ ਖ਼ਿਲਾਫ਼ ਜੂਝਦੇ ਸੂਰਜਾਂ ਦਾ ਨਾਂ ਦਿੰਦੇ ਹਨ:
ਉਦਾਸ ਹਨ ਉਹ ਮਾਈਕ
ਉਦਾਸ ਹਨ ਉਹ ਸਪੀਕਰ
ਤੇ ਉਦਾਸ ਹਨ ਉਹ ਸਟੇਜਾਂ
ਜਿਨ੍ਹਾਂ ਨੂੰ ਮਸਾਂ ਹੀ ਮਿਲੇ ਸੀ
ਲੱਖਾਂ ਸੂਰਜ
ਜੋ ਹਨੇਰੇ ਨੂੰ
ਲਲਕਾਰਦੇ ਰਹੇ
ਜਿਸ ਦਿਨ ਤੋਂ ਮਨੁੱਖ ਨੇ ਪ੍ਰਿਥਵੀ ਨਾਂ ਦੇ ਇਸ ਨਿੱਕੇ ਜਿਹੇ ਗ੍ਰਹਿ ਬਾਰੇ ਸੋਚਣਾ ਸ਼ੁਰੂ ਕੀਤਾ ਹੈ, ਉਸ ਦਿਨ ਤੋਂ ਹੀ ਉਸ ਦੀ ਕੋਸ਼ਿਸ਼ ਰਹੀ ਹੈ ਕਿ ਇਸ ਨੂੰ ਰਹਿਣਯੋਗ ਕਿਵੇਂ ਬਣਾਇਆ ਜਾ ਸਕਦਾ ਹੈ। ਜ਼ਿੰਦਗੀ ਨੂੰ ਸਹੀ ਅਰਥਾਂ ਵਿੱਚ ਪਿਆਰ ਕਰਨ ਵਾਲੇ ਲੋਕਾਂ ਨੇ ਅੰਬਰ ਦੇ ਕਿਸੇ ਕੋਨੇ ਵਿੱਚ ਸਵਰਗ ਦੀ ਭਾਲ ਕਰਨ ਦੀ ਥਾਂ ਇਸ ਧਰਤੀ ਨੂੰ ਹੀ ਸਵਰਗ ਬਣਾਉਣ ਲਈ ਬੜਾ ਸੰਘਰਸ਼ ਕੀਤਾ ਹੈ ਪਰ ਵਿਰਕ ਪੁਸ਼ਪਿੰਦਰ ਮੁਤਾਬਿਕ ਇਸ ਸਵਰਗ ’ਤੇ ਹਮੇਸ਼ਾ ਹੀ ਕੁੱਝ ਕੁ ਮੁੱਠੀ ਭਰ ਲੋਕ ਹੀ ਕਾਬਜ਼ ਰਹੇ ਹਨ:
ਕੌਣ ਕਹਿੰਦਾ ਹੈ ਕਿ
ਧਰਤੀ ਉੱਤੇ ਸਵਰਗ ਨਹੀਂ ਹੁੰਦਾ
ਹੁੰਦਾ ਹੈ ਸਵਰਗ ਧਰਤੀ ਉੱਤੇ ਹੀ
ਪਰ ਉਸ ਸਵਰਗ ਉੱਤੇ ਰਾਜ
ਚਾਂਦੀ ਦਾ ਚਮਚਾ ਲੈ ਕੇ ਜੰਮਦੇ
ਚੰਦ ਕੁ ਲੋਕ ਹੀ ਕਰਦੇ ਨੇ
ਓਸ਼ੋ ਅਕਸਰ ਹੀ ਵਿਅੰਗਾਤਮਿਕ ਲਹਿਜੇ ਵਿੱਚ ਕਿਹਾ ਕਰਦੇ ਸਨ ਕਿ ਦੁਨੀਆ ਦਾ ਹਰ ਮਰਦ ਇਹੋ ਹੀ ਚਾਹੁੰਦਾ ਹੈ ਕਿ ਉਸ ਦੀ ਪਤਨੀ ਸੀਤਾ ਜੀ ਵਾਂਗ ਸਤਿ ਬਚਨ ਕਹਿਣ ਵਾਲੀ ਅਤੇ ਪੁੱਤਰ ਭਗਵਾਨ ਰਾਮ ਚੰਦਰ ਜੀ ਵਾਂਗ ਸਿਰ ਝੁਕਾ ਕੇ ਹਰ ਹੁਕਮ ਮੰਨਣ ਵਾਲਾ ਹੋਵੇ ਪਰ ਅਸਲੀਅਤ ਵਿੱਚ ਜਦੋਂ ਅਜਿਹਾ ਹੁੰਦਾ ਨਹੀਂ ਦਿਸਦਾ, ਤਾਂ ਉਹ ਬੜਾ ਬੇਚੈਨ ਹੋ ਜਾਂਦਾ ਹੈ। ਵਿਰਕ ਪੁਸ਼ਪਿੰਦਰ ਇਸ ਤਰ੍ਹਾਂ ਦੇ ਸਾਊਪੁਣੇ ਨੂੰ ਪ੍ਰਵਾਨ ਕਰਨ ਦੀ ਬਜਾਏ ਆਪਣੇ ਅੰਦਰਲੀ ਆਵਾਜ਼ ਨੂੰ ਸੁਣਨ ਦੇ ਹਮਾਇਤੀ ਹਨ:
ਜੋ ਸੁਰਖੀ ਤੇ ਬਿੰਦੀ ਦੇ ਪਿੱਛੇ
ਅਸਲੀਅਤ ਨੂੰ ਲੁਕੋ ਕੇ ਰੱਖਦੀ ਆ
ਜਿਸ ਦੇ ਤਨ ਅਤੇ ਮਨ ਨਾਲ
ਉਸਦਾ ਮਾਲਕ ਜਿਵੇਂ ਚਾਹਵੇ ਖੇਡੀ ਜਾਵੇ
ਤੇ ਉਹ ਕਠਪੁਤਲੀ ਬਣ ਅੱਗੋਂ ਕੁੱਝ ਨਾ ਬੋਲੇ
ਉਹ ਹਰ ਕੁੜੀ ਸਾਊ ਹੀ ਹੁੰਦੀ ਆ
ਔਰਤ ਨੂੰ ਜੱਗ ਦੀ ਜਣਨੀ ਕਹਿ ਕੇ ਵਡਿਆਇਆ ਗਿਆ ਹੈ। ਉਹ ਸਿਰਜਣਾ ਵੀ ਕਰਦੀ ਹੈ ਅਤੇ ਪਾਲਣਾ ਵੀ। ਇੱਕ ਨਿੱਕੇ ਬੀਜ ਤੋਂ ਇੱਕ ਵਿਸ਼ਾਲ ਬਿਰਖ ਦਾ ਨਿਰਮਾਣ ਕਰ ਦੇਣਾ ਕੇਵਲ ਤੇ ਕੇਵਲ ਉਸੇ ਦੇ ਹੀ ਹਿੱਸੇ ਆਇਆ ਹੈ। ਸਾਡੇ ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ, ਅਵਤਾਰਾਂ ਅਤੇ ਬਹਾਦਰ ਸੂਰਮਿਆਂ ਦੀਆਂ ਰਗਾਂ ਵਿੱਚ ਉਸੇ ਦਾ ਹੀ ਚੁੰਘਿਆ ਦੁੱਧ ਦੌੜ ਰਿਹਾ ਹੈ। ਔਰਤ ਆਪਣੇ ਆਪ ਵਿੱਚ ਇੰਨੀ ਸਮਰੱਥ ਹੈ ਕਿ ਉਸ ਦੇ ਗਰਭ ਵਿੱਚ ਆਉਣ ਤੋਂ ਬਿਨਾਂ ਤਾਂ ਨਿਰਗੁਣ ਵੀ ਸਰਗੁਣ ਨਹੀਂ ਹੋ ਸਕਦਾ:
ਇਹ ਚਾਰ ਦਿਨ ਮੈਨੂੰ
ਮੇਰੇ ਔਰਤ ਹੋਣ ਦਾ ਅਹਿਸਾਸ ਕਰਵਾਉਂਦੇ
ਤੇ ਆਤਮ ਵਿਸ਼ਵਾਸ ਨਾਲ ਭਰ ਦਿੰਦੇ
ਤੇ ਮੈਨੂੰ ਮੇਰੀ ਹੋਂਦ
ਬ੍ਰਹਿਮੰਡ ਤੋਂ ਵੀ ਉੱਚੀ ਮਹਿਸੂਸ ਹੁੰਦੀ
ਤੇ ਇੰਜ ਮਹਿਸੂਸ ਹੁੰਦਾ
ਕਿ ਸਾਰੀ ਕਾਇਨਾਤ ਹੀ
ਮੇਰੀ ਕੁੱਖ ’ਚ ਸਮਾ ਗਈ ਹੋਵੇ।
ਔਰਤ ਕੇਵਲ ਨਿਮਰਤਾ, ਖਿਮਾ ਅਤੇ ਮਿੱਠਤ ਦੀ ਹੀ ਮੂਰਤ ਨਹੀਂ ਬਲਕਿ ਲੋੜ ਪੈਣ ’ਤੇ ਉਹ ਦੁਰਗਾ ਦਾ ਪ੍ਰਚੰਡ ਰੂਪ ਵੀ ਧਾਰਨ ਕਰ ਸਕਦੀ ਹੈ। ਜੀਵਨ ਦੇ ਹਰ ਖੇਤਰ ਵਿੱਚ ਉਹ ਮਰਦ ਨਾਲੋਂ ਦੋ ਕਦਮ ਅੱਗੇ ਚੱਲਦੀ ਦਿਖਾਈ ਦਿੰਦੀ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਵੀ ਮਰਦਾਂ ਨੇ ਹਿੰਮਤ ਹਾਰ ਕੇ ਢੇਰੀ ਢਾਹੀ ਹੈ, ਤਾਂ ਔਰਤ ਨੇ ਨਾ ਕੇਵਲ ਉਨ੍ਹਾਂ ਨੂੰ ਪਹਿਲਾਂ ਵਾਲੀ ਚੜ੍ਹਦੀ ਕਲਾ ਪ੍ਰਦਾਨ ਕਰਨ ਵਿੱਚ ਹੀ ਅਹਿਮ ਭੂਮਿਕਾ ਨਿਭਾਈ ਹੈ ਬਲਕਿ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਉਸ ਦਾ ਸਾਥ ਵੀ ਦਿੱਤਾ ਹੈ:
ਮੈਂ ਤਾਂ ਲੋਚਦੀ ਹਾਂ
ਮਾਈ ਭਾਗ ਕੌਰ ਵਾਂਗ
ਕਲਮ ਦੀ ਨੋਕ ਉੱਤੇ ਸਿਰ ਰੱਖ
ਹਨੇਰਿਆਂ ਨੂੰ ਲਲਕਾਰਨਾ
ਦੁਰਗਾ ਵਾਂਗ
ਮੂੰਹਾਂ ’ਚੋਂ ਅੱਗ ਉਗਲਣ ਵਾਲਿਆਂ ਦੇ
ਗਾਟੇ ਲਾਹੁਣਾ
ਉਨ੍ਹਾਂ ਦੀ ਕਵਿਤਾ ਅਖੌਤੀ ਨਿਰਪੱਖਤਾ ਦਾ ਹੋਕਾ ਵੀ ਨਹੀਂ ਦਿੰਦੀ ਕਿਉਂਕਿ ਨਿਰਪੱਖ ਕਵਿਤਾ ਸਥਾਪਤੀ ਪੱਖ ਵਿੱਚ ਭੁਗਤਦੀ ਹੈ। ਅਸਲ ਵਿੱਚ ਨਿਰਪੱਖ ਹੋਣਾ ਸਭ ਤੋਂ ਵੱਡੀ ਬੇਈਮਾਨੀ ਹੈ। ਜਿਹੜਾ ਹਰ ਕਿਸੇ ਦਾ ਹੋਣ ਦੀ ਗੱਲ ਕਰਦਾ ਹੈ, ਉਹ ਕਿਸੇ ਦਾ ਵੀ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਵੀ ਨਿਰਪੱਖ ਰਹਿਣ ਨਾਲੋਂ ਇੱਕ ਧਿਰ ਨਾਲ ਖੜ੍ਹਨਾ ਪਸੰਦ ਕਰਦੇ ਹਨ। ਇਸੇ ਲਈ ਉਨ੍ਹਾਂ ਨੇ ਮਲਕ ਭਾਗੋ ਦੇ ਛੱਤੀ ਪਕਵਾਨਾਂ ਨੂੰ ਛੱਡ ਕੇ ਭਾਈ ਲਾਲੋ ਦੇ ਘਰ ਦੀ ਰੁੱਖ-ਸੁੱਖੀ ਖਾਣਾ ਸਹੀ ਸਮਝਿਆ। ਜੇਕਰ ਉਹ ਸੱਚਮੁੱਚ ਹੀ ਨਿਰਪੱਖ ਹੁੰਦੇ, ਤਾਂ ਜਿੱਥੇ ਉਨ੍ਹਾਂ ਨੇ ਦੋ ਰੋਟੀਆਂ ਭਾਈ ਲਾਲੋ ਦੇ ਘਰ ਵਿੱਚ ਖਾਧੀਆਂ ਸਨ, ਉੱਥੇ ਦੋ ਪੂੜੀਆਂ ਮਲਕ ਭਾਗੋ ਦੇ ਭੰਡਾਰੇ ਵਿੱਚ ਵੀ ਖਾ ਲੈਣੀਆਂ ਸਨ। ਗੁਰੂ ਸਾਹਿਬ ਦੀ ਸਿੱਖਿਆ ਦੇ ਚਾਨਣ ਵਿੱਚ ਕਲਮਕਾਰਾਂ ਨੂੰ ਵੀ ਡਾਵਾਂਡੋਲਤਾ ਦੀ ਮਾਨਸਿਕਤਾ ਤਿਆਗ ਕੇ ਇੱਕ ਪਾਸੇ ਖੜ੍ਹਨਾ ਚਾਹੀਦਾ ਹੈ। ਤਸੱਲੀ ਵਾਲੀ ਗੱਲ ਹੈ ਕਿ ਵਿਰਕ ਪੁਸ਼ਪਿੰਦਰ ਬੜੇ ਬੇਬਾਕ ਢੰਗ ਨਾਲ ਲੁੱਟੇ-ਪੁੱਟੇ ਜਾਣ ਵਾਲੇ ਲੋਕਾਂ ਦੀ ਗੱਲ ਕਰਦੇ ਹਨ। ਪੰਜਾਬੀ ਪਾਠਕਾਂ ਨੂੰ ਅਜਿਹੀ ਵਡਮੁੱਲੀ ਸੌਗਾਤ ਦੇਣ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਬਣਦਾ ਹੈ।
ਕਰਮ ਸਿੰਘ ਜ਼ਖ਼ਮੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly