HOME ਬਿਹਤਰੀਨ ਕਵਿਤਾਵਾਂ ਦਾ ਗੁਲਦਸਤਾ- ਕਵਿਤਾ…ਮੈਨੂੰ ਮੁਆਫ਼ ਕਰੀਂ”

ਬਿਹਤਰੀਨ ਕਵਿਤਾਵਾਂ ਦਾ ਗੁਲਦਸਤਾ- ਕਵਿਤਾ…ਮੈਨੂੰ ਮੁਆਫ਼ ਕਰੀਂ”

2

                       
ਪੁਸਤਕ ਦਾ ਨਾਂ –       ਕਵਿਤਾ…ਮੈਨੂੰ ਮੁਆਫ਼ ਕਰੀਂ।
ਗ਼ਜ਼ਲਕਾਰ –            ਬਲਜਿੰਦਰ ਸੰਘਾ
ਪੰਨੇ –                      99 ਕੀਮਤ – 100/- ਰੁਪਏ
ਪ੍ਰਕਾਸ਼ਕ –               ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਰਿਵਿਊਕਾਰ –           ਤੇਜਿੰਦਰ ਚੰਡਿਹੋਕ    

(ਸਮਾਜ ਵੀਕਲੀ)   ਕਵਿਤਾ ਮਨੁੱਖ ਦੇ ਜੀਵਨ ਨਾਲ ਮੁੱਢ ਤੋਂ ਹੀ ਜੁੜੀ ਹੋਈ ਹੈ। ਬੱਚੇ ਦਾ ਰੋਣਾ, ਹੱਸਣਾ, ਕਿਲਕਾਰੀਆਂ ਮਾਰਨਾ ਇਕ ਸੰਗੀਤ ਪੈਦਾ ਕਰਦਾ ਹੈ ਤੇ ਸੰਗੀਤ ਹਮੇਸ਼ਾਂ ਕਵਿਤਾ ਨਾਲ ਹੀ ਉਪਜਦਾ ਹੈ। ਬਹੁਤੇ ਲੋਕ ਸੰਗੀਤ ਨੂੰ ਗੀਤਾਂ ਨਾਲ ਜੋੜਦੇ ਹਨ ਪਰ ਗੀਤ ਵੀ ਕਾਵਿ ਵਿਧਾ ਦਾ ਇਕ ਰੂਪ ਹੀ ਹੁੰਦਾ ਹੈ। ਬਲਜਿੰਦਰ ਸੰਘਾ ਦੀਆਂ ਕਵਿਤਾਵਾਂ ਵੀ ਸੰਗੀਤ ਨਾਲ ਇਕਮਿਕ ਹੁੰਦੀਆਂ ਜਾਪਦੀਆਂ ਹਨ।
ਮੂਲ ਰੂਪ ਵਿੱਚ ਪੰਜਾਬੀ ਪਰ ਪ੍ਰਵਾਸੀ ਕਵੀ ਬਲਜਿੰਦਰ ਸੰਘਾ ਦਾ ਹਥਲਾ ਕਾਵਿ ਸੰਗ੍ਰਹਿ ” ਕਵਿਤਾ …..ਮੈਨੂੰ ਮੁਆਫ਼ ਕਰੀਂ” ਸਾਲ 2008 ਵਿਚ ਭਾਰਤ ਦੀ ਧਰਤੀ ਤੇ ਪਲੇਠੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ। ਇਥੇ ਰਹਿੰਦਿਆਂ ਉਸ ਨੇ ਕਵਿਤਾਵਾਂ, ਗੀਤ ਤੇ ਕਹਾਣੀਆਂ ਵੀ ਸਿਰਜੀਆਂ। ਫਿਰ ਉਸ ਨੇ ਭਾਰਤ ਤੋਂ 2021 ਵਿਚ ਕੈਨੇਡਾ ਲਈ ਪ੍ਰਸਥਾਨ ਕਰ ਲਿਆ।
ਇਸ ਕਾਵਿ ਸੰਗ੍ਰਹਿ ਦਾ ਪਾਠ ਕਰਦਿਆਂ ਇਹ ਪੁਸਤਕ ਬਹੁ ਰੰਗੀ ਵਿਸ਼ਿਆਂ ਨਾਲ ਪੇਸ਼ ਹੁੰਦੀ ਜਾਪਦੀ ਹੈ। ਇਸ ਪੁਸਤਕ ਬਾਰੇ ਕੇਸਰ ਸਿੰਘ ਨੀਰ ਨੇ ਮੁੱਖ ਬੰਦ ‘ ਇਕ ਨਵੇਂ ਕਵੀ ਦਾ ਜਨਮ ‘ ਵਿਚ ਲਿਖਿਆ ਹੈ ਕਿ ਉਸਨੇ ਅਜੋਕੇ ਸਮੇਂ ਦੇ ਭਖਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਰੋਕਾਰਾਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਕਵੀ ਨੇ ਵੀ ਆਪਣੇ ਸ਼ਬਦਾਂ ਵਿਚ ਮਲਾਲ ਜਾਹਿਰ ਕੀਤਾ ਹੈ ਕਿ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਬਾਨੀ ਅਤੇ ਉਸਤਾਦ ਸਵਰਗੀ ਇਕਬਾਲ ਅਰਪਨ ਉਸ ਦੀ ਹਥਲੀ ਪੁਸਤਕ ਦਾ ਮੁਖਬੰਦ ਲਿਖਣ ਤੋਂ ਪਹਿਲਾਂ ਹੀ ਸਦੀਵੀ ਵਿਛੋੜਾ ਦੇ ਗਏ। ਇਸ ਪੁਸਤਕ ਵਿਚ ਉਸ ਦੀਆਂ ਛੋਟੀਆਂ ਅਤੇ ਵੱਡੀਆਂ ਕਵਿਤਾਵਾਂ ਸ਼ਾਮਲ ਹਨ।
ਉਸ ਦੀ ਪੁਸਤਕ ਸਿਰਲੇਖਤ ਕਵਿਤਾ ਪੁਸਤਕ ਦੀ ਆਖਰੀ ਕਵਿਤਾ ਹੈ। ਪੁਸਤਕ ਵਿਚਲੀਆਂ ਕਵਿਤਾਵਾਂ ਵਿਚ ਉਸ ਨੇ ਪਰਿਵਾਰਾਂ ਦਾ ਬੱਚਿਆਂ ਪ੍ਰਤੀ ਚਿੰਤਨ, ਮੁਹੱਬਤ, ਤੜਪ, ਕਰਜੇ ਦਾ ਬੋਝ, ਦਹਿਸ਼ਤਵਾਦ, ਨਸ਼ਾ, ਬੇਰੁਜਗਾਰੀ ਅਤੇ ਭਰਿਸ਼ਟਾਚਾਰ ਵਰਗੇ ਵਿਸ਼ਿਆਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਪੁਸਤਕ ਦੀ ਕਵਿਤਾ ਫ਼ਿਕਰ ਵਿਚ ਰਾਜਨੀਤਕ ਵਰਤਾਰੇ ਦੀ ਗੱਲ ਕਰਦਿਆਂ ਉਹਨਾਂ ਰਾਜਨੀਤਕਾਂ ਨੂੰ ਵੰਗਾਰਿਆ ਹੈ ਜਿਹੜੇ ਵੋਟ ਲੈਣ ਲਈ ਤਰੋਲ ਮੱਛੀ ਹੁੰਦੇ ਹਨ ਅਤੇ ਪਿੱਛੋ ਜਨਤਾ ਨੂੰ ਦਿਖਾਈ ਵੀ ਨਹੀਂ ਦਿੰਦੇ। ਕਵਿਤਾ ਦਾ ਬੰਦ ਦੇਖੋ –
” ਮੇਰੇ ਪਿੰਡ ਦੇ ਪੁਰਾਣੇ ਥੜ੍ਹੇ ਤੇ
ਪੰਜ ਸਾਲ ਬਾਅਦ ਆ ਕੇ
ਇਹ ਕਹਿਣ ਵਾਲਿਓ
ਸਾਨੂੰ ਜਨਤਾ ਦਾ ਫ਼ਿਕਰ ਹੈ
ਅਸਲ ਵਿਚ ਤੁਸੀ ਨਹੀਂ ਜਾਣਦੇ
ਕਿ ਫ਼ਿਕਰ ਕਿਸ ਸ਼ੈਅ ਦਾ ਨਾਂ ਹੈ…”  (ਪੰਨਾ 21)
ਸਾਡੀ ਸਮਾਜਿਕ ਤ੍ਰਾਸਦੀ ਬੇਰੁਜਗਾਰੀ ਅਤੇ ਕਿਸਾਨੀ ਮਸਲਿਆਂ ਨੂੰ ਦਰਸਾਉਂਦੀ ਕਵਿਤਾ ਝੂਠੀ ਤਸੱਲੀ ਦੋਨਾਂ ਪੱਖਾਂ ਦੀ ਤੁਲਨਾ ਵੀ ਕਰਦੀ ਜਾਪਦੀ ਹੈ। ਦਿਨੋਂ ਦਿਨ ਪ੍ਰਾਪਤ ਕੀਤੀਆਂ ਡਿਗਰੀਆਂ ਤੇ ਫ਼ਸਲ ਦੇ ਢੇਰ ਤੇ ਬੈਠਾ ਨੌਜਵਾਨ ਬੇਰੁਜਗਾਰ ਅਤੇ ਜੇਬੋਂ ਖਾਲੀ ਹੀ ਰਹਿੰਦਾ ਹੈ। ਇਹਨਾਂ ਦੋਨਾਂ ਸਥਿਤੀਆਂ ਵਿੱਚ ਇੱਕ ਦੂਜੇ ਦੀ ਥਾਂ ਲੈਣ ਦੀਆਂ ਝੂਠੀਆਂ ਤਸੱਲੀਆਂ ਦਿੰਦਾ ਜਾਪਦਾ ਹੈ ਕਿ ਜੇਕਰ ਮੈਂ ਛੇ ਮਹੀਨੇ ਕਮਾਈ ਕਰ ਲੈਂਦਾ ਜਾਂ ਹਰ ਮਹੀਨੇ ਤਨਖਾਹ ਲੈ ਲੈਂਦਾ। ਇਵੇਂ ਹੀ ਮਨੁੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਯੁੱਧਾਂ ਵਿੱਚ ਘਿਰਿਆ ਮਨੁੱਖ ਜਿਸ ਨੂੰ ਪਤਾ ਹੈ ਕਿ ਸੰਸਾਰ ਵਿਚ ਕੁਝ ਵੀ ਸਥਾਈ ਨਹੀਂ ਹੈ ਫਿਰ ਵੀ ਪਿਆਰ ਮੁਹੱਬਤ ਨੂੰ ਭੁਲਾ ਕੇ ਲੜਾਈਆਂ ਕਰਨ, ਵਸਤਾਂ ਨੂੰ ਹਥਿਆਉਣ ਵਿਚ ਫ਼ਖ਼ਰ ਮਹਿਸੂਸ ਕਰਦਾ ਹੈ। ਕਵਿਤਾ ਅੱਗੇ – ਪਿੱਛੇ ਦੀਆਂ ਸਤਰਾਂ ਦੇਖੋ –
” ਅਸੀਂ ਅੱਗੇ ਹਾਂ, ਅਸੀਂ ਅੱਗੇ ਹਾਂ
ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ
ਅਸੀਂ ਪਿੱਛੇ ਹਾਂ ਅਸੀਂ ਪਿੱਛੇ ਹਾਂ
ਇਨਸਾਨੀਅਤ ਦੀ ਕਦਰ ਵਿਚ ਪਿੱਛੇ ਹਾਂ…” (ਪੰਨਾ 55)
ਕਵਿਤਾ ਪੰਜਾਬਣ ਗੀਤਾਂ ਦੇ ਹਵਾਲੇ ਦੇ ਕੇ ਲਿਖੀ ਗਈ ਹੈ ਕਿ ਅੱਜ ਦੇ ਹਾਲਾਤਾਂ ਵਿੱਚ ਹੁਣ  ਮੁਟਿਆਰ ਦਾ ਲੱਕ ਹੁਲਾਰੇ ਨਹੀਂ ਖਾਂਦਾ, ਨੈਣ ਉਨੀਂਦਰੇ ਦੇ ਭੰਨੇ ਪਏ ਹਨ, ਨੈਣਾ ਨੂੰ ਮਟਕਾਉਣ ਦੀ ਮਨਾਹੀ ਹੈ, ਆਦਿ। ਇਸ ਤਰ੍ਹਾਂ ਪੰਜਾਬ ਤੇ ਕੈਨੇਡਾ ਦੇ ਫਰਕ ਨੂੰ ਪੇਸ਼ ਕੀਤਾ ਹੈ। ਇਕ ਕਵਿਤਾ ਹੋਰ ਕੈਨੇਡਾ ਨੂੰ ਵਿਚ ਵੀ ਦੇਸ਼ ਤੇ ਪ੍ਰਦੇਸ਼ ਦੇ ਫਰਕਾਂ ਨੂੰ ਦਰਸਾਇਆ ਗਿਆ ਹੈ। ਉੱਧਰ ਕਵਿਤਾ ਅਸੀਂ ਪਰਦੇਸੀ ਵਿਚ ਕਵੀ ਪਰਦੇਸ ਵਿਚ ਵੀ ਆਪਣੇ ਦੇਸ਼ ਨੂੰ ਯਾਦ ਰੱਖਣਾ ਜਾਣਦਾ ਹੈ। ਦੇਸ਼ ਦੇ ਵਾਤਾਵਰਨ ਨੂੰ ਧਿਆਨ ਵਿਚ ਰੱਖਦਾ ਹੈ ਤੇ ਮੁੜ ਦੇਸ਼ ਵਾਪਸ ਮੁੜਨਾ ਲੋਚਦਾ ਹੈ। ਇਸ ਦੀ ਕਵਿਤਾ ਦਾ ਬੰਦ ਗੌਰ ਤਲਬ ਹੈ –
” ਐ ਵਤਨ!
ਅਸੀਂ  ਪਰਦੇਸੀ ਭੁੱਲੇ ਨਹੀਂ ਤੈਨੂੰ
ਤੇਰੇ ਕੱਚੇ ਰਾਹਾਂ ਦੀ ਧੂੜ ਅੱਜ ਵੀ
ਸਾਡੇ ਸਾਹਾਂ ਵਿਚ ਸਮਾਈ ਹੋਈ ਹੈ…” (ਪੰਨਾ 53)
ਕਵਿਤਾਵਾਂ ਵਿਚ ਹੋਰ ਵਿਸੰਗਤੀਆਂ ਦਾਜ ਅਤੇ ਬੁਜ਼ਦਿਲੀ ਨੂੰ ਬਿਆਨ ਕੀਤਾ ਗਿਆ ਹੈ। ਕਵਿਤਾ ਦਾਜ ਵਿਚ ਦਾਜ ਦੀ ਸਮੱਸਿਆ ਨੂੰ ਹੱਲ ਕਰਨ ਦਾ ਮੰਤਰ ਦਿੰਦਿਆਂ ਲਿਖਦਾ ਹੈ ਕਿ –
” ਦਾਜ ਦੀ ਸਮੱਸਿਆ
ਇਸ ਦਿਨ ਹੱਲ ਹੋ ਜਾਵੇਗੀ
ਜਦੋਂ ਔਰਤ ਇਕੋ ਸਮੇਂ
ਆਪਣੇ ਆਪ ਨੂੰ
ਮਾਂ, ਧੀ, ਨੂੰਹ ਅਤੇ ਸੱਸ
ਦੇ ਰੂਪ ਵਿਚ ਦੇਖਣ ਲਗੇਗੀ। ” (ਪੰਨਾ 77)
ਅਤੇ ਮੈਂ ਜੀਵਾਂਗਾ ਵਿੱਚ ਮਨੁੱਖੀ ਜ਼ਿੰਦਗੀ ਨੂੰ ਕੀਮਤੀ ਦਸਿਆ ਹੈ। ਮਨੁੱਖ ਦੀ ਜ਼ਿੰਦਗੀ ਇੰਨੀ ਸਸਤੀ ਨਹੀਂ ਜਿੰਨੀ ਲੋਕ ਸਮਝ ਲੈਂਦੇ ਹਨ।
ਕਵੀ ਦੀ ਸੋਚ ਸਕਰਾਤਮਿਕ ਹੈ। ਉਹ ਹਮੇਸ਼ਾਂ ਹਾਂ ਪੱਖੀ ਨਜ਼ਰੀਆ ਰੱਖਦਾ ਹੈ। ਉਸ ਦੀ ਕਵਿਤਾ ਹਾਂ ਪੱਖੀ ਇਸ ਗੱਲ ਨੂੰ ਪ੍ਰਮਾਣਿਤ ਕਰਦੀ ਹੈ। ਜਿਹੜੀ ਮਨੁੱਖ ਨੂੰ ਸਕਰਾਤਮਿਕ ਬਣਾਉਣਾ ਚਾਹੁੰਦੀ ਹੈ। ਪਰ ਫਿਰ ਵੀ ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਮਨੁੱਖ ਨਿਰਾਸ਼ਾਵਾਦ ਵੱਲ ਤੁਰ ਪੈਂਦਾ ਹੈ। ਇਹ ਮਨੁੱਖੀ ਫਿਤਰਤ ਦੀ ਗੱਲ ਹੈ। ਅਖੀਰ ਵਿੱਚ ਪੁਸਤਕ ਦੀ ਆਖਰੀ ਕਵਿਤਾ ‘ ਕਵਿਤਾ ..ਮੈਨੂੰ ਮੁਆਫ਼ ਕਰੀਂ’ ਕਵਿਤਾ ਤੋਂ ਮੁਆਫੀ ਇਸ ਲਈ ਮੰਗਦਾ ਹੈ ਕਿ ਜਿਸ ਰੂਪ ਵਿਚ ਕਵਿਤਾ ਮਨ ਅੰਦਰ ਉਤਪੰਨ ਹੋਈ ਉਸ ਰੂਪ ਵਿੱਚ ਪੇਸ਼ ਨਹੀਂ ਕਰ ਸਕਿਆ।
ਸਮੁੱਚੀ ਕਵਿਤਾ ਵਿਚੋਂ ਵਿਚਰਦੇ ਹੋਏ ਮਹਿਸੂਸ ਹੁੰਦਾ ਹੈ ਕਿ ਉਸ ਦੀ ਕਵਿਤਾ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ। ਅਸ਼ਲੀਲਤਾ ਨਾ ਹੋਣ ਦੇ ਬਾਵਜੂਦ ਵੀ ਪਾਠਕਾਂ ਵਿਚ ਦਿਲਚਸਪੀ ਪੈਦਾ ਕਰਦੀ ਹੈ। ਭਾਵੇਂ ਪੁਸਤਕ ਅਠਾਰਾਂ ਸਾਲ ਪਹਿਲਾਂ ਦੀ ਪ੍ਰਕਾਸ਼ਨਾ ਹੈ ਪਰ ਹੁਣ ਹੋਰ ਵੀ ਉੱਚ ਪੱਧਰੀ ਕਵਿਤਾ ਹੋਣ ਦੀ ਆਸ ਕੀਤੀ ਜਾਂਦੀ ਹੈ।
ਸਾਬਕਾ ਏ ਐਸ ਪੀ ਅਤੇ

ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ 
ਸੰਪਰਕ 95010-00224
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 14/04/2026
Next articleਸਰਦਾਰ ਰਣਧੀਰ ਸਿੰਘ ਖਟੜਾ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ