
ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) 1958 ਤੋਂ ਹੋਂਦ ਵਿੱਚ ਆਈ ਸਾਹਿਤਕ ਅਤੇ ਸੱਭਿਆਚਾਰਕ ਸੰਸਥਾ ਪੰਜਾਬੀ ਸਾਹਿਤ ਸਭਾ ( ਰਜਿ: ) ਧੂਰੀ ਜ਼ਿਲ੍ਹਾ ਸੰਗਰੂਰ ਵੱਲੋਂ ਆਪਣਾ ਮਹੀਨਾਵਾਰ ਸਾਹਿਤਕ ਸਮਾਗਮ 08 ਨਵੰਬਰ ( ਸ਼ਨੀਵਾਰ ) ਨੂੰ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਭਵਨ ਦਸਮੇਸ਼ ਨਗਰ ਵਿਖੇ ਸਵੇਰੇ 09-30 ਵਜੇ ਕੀਤਾ ਜਾਵੇਗਾ । ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ: ) ਦੇ ਸਹਿਯੋਗ ਨਾਲ਼ ਕੀਤਾ ਜਾਣ ਵਾਲ਼ਾ ਇਹ ਸਮਾਰੋਹ ਮਰਹੂਮ ਪ੍ਰਧਾਨ ਅਤੇ ਸਰਬਾਂਗੀ ਸਾਹਿਤਕਾਰ ਰਾਮ ਲਾਲ ਪ੍ਰੇਮੀ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗਾ । ਸਭ ਤੋਂ ਪਹਿਲਾਂ ਬੀਤੇ ਦਿਨਾਂ ਵਿੱਚ ਸਦੀਵੀ ਵਿਛੋੜਾ ਦੇ ਗਏ ਲੇਖਕਾਂ ਕਲਾਕਾਰਾਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ , ਇੱਕ ਵੱਖਰੇ ਮਤੇ ਰਾਹੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਭੰਗ ਕਰਨ ਦੀ ਨਿਖੇਧੀ ਕਰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ । ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਸੁਆਗਤੀ ਸ਼ਬਦਾਂ ਰਾਹੀਂ ਜੀ ਆਇਆਂ ਨੂੰ ਕਹਿਣਗੇ । ਦੂਸਰੇ ਦੌਰ ਵਿੱਚ ਕਵੀ ਦਰਬਾਰ ਅਤੇ ਮੈਨੇਜਰ ਜਗਦੇਵ ਸ਼ਰਮਾ ਬੁਗਰਾ ਦੇ ਨਾਵਲ ” ਇੱਕ ਸਦੀ ਦੀ ਮੌਤ ” ਦੇ ਖਰੜੇ ਉੱਪਰ ਗੋਸ਼ਟੀ ਕੀਤੀ ਜਾਵੇਗੀ , ਨਾਵਲ ਬਾਰੇ ਪਰਚੇ ਸ. ਗਗਨਦੀਪ ਸਿੰਘ ਬੁਗਰਾ ਅਤੇ ਸ਼੍ਰੀ ਰਾਮ ਚੰਦ ਸ਼ਰਮਾ ਵੱਲੋਂ ਪੜ੍ਹੇ ਜਾਣਗੇ ਅਤੇ ਨਾਵਲ ਦੇ ਰਚੇਤਾ ਵੀ ਆਪਣੇ ਵਿਚਾਰ ਸਾਂਝੇ ਕਰਨਗੇ । ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ ” ਰਾਮ ਲਾਲ ਪ੍ਰੇਮੀ ਯਾਦਗਾਰੀ ਐਵਾਰਡ ” ਜਗਦੇਵ ਸ਼ਰਮਾ ਜੀ ਨੂੰ ਭੇਂਟ ਕੀਤਾ ਜਾਵੇਗਾ ਅਤੇ ਸਭਾ ਵੱਲੋਂ ਨਵੰਬਰ ਮਹੀਨੇ ਵਿੱਚ ਜਨਮੇਂ ਮੈਂਬਰਾਂ ਦੇ ਜਨਮ ਦਿਵਸ ਮਨਾ ਕੇ ਸਨਮਾਨਿਤ ਵੀ ਕੀਤਾ ਜਾਵੇਗਾ । ਇਸ ਵਿਲੱਖਣ ਵਿਚਾਰ ਚਰਚਾ ਅਤੇ ਕਵੀ ਦਰਬਾਰ ਦੇ ਮੁੱਖ ਮਹਿਮਾਨ ਸੁਪ੍ਰਸਿੱਧ ਨਾਵਲਕਾਰ ਸ਼੍ਰੀ ਮਿੱਤਰ ਸੈਨ ਮੀਤ ਅਤੇ ਵਿਸ਼ੇਸ਼ ਮਹਿਮਾਨ ਡਾ. ਸੰਤੋਖ ਸਿੰਘ ਸੁੱਖੀ ਖੋਜ ਅਫ਼ਸਰ ਭਾਸ਼ਾ ਵਿਭਾਗ ਪੰਜਾਬ ਤੇ ਮੈਡਮ ਸਰਬਜੀਤ ਕੌਰ ਢਿੱਲੋਂ ਪ੍ਰਧਾਨ ਹਰਫ਼ਾਂ ਦੀ ਲੋਅ ਪੰਜਾਬੀ ਸਾਹਿਤਕ ਸੱਥ ਹੋਣਗੇ । ਪ੍ਰੈੱਸ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਅਤੇ ਵਿਤ ਸਕੱਤਰ ਗੁਰਮੀਤ ਸਿੰਘ ਸੋਹੀ ਨੇ ਆਪਣੇ ਮੈਂਬਰਾਂ , ਗੁਆਂਢੀ ਸਭਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਦੇ ਸਾਹਿਤ ਪ੍ਰੇਮੀਆਂ ਨੂੰ ਵੀ ਸਮੇਂ ਸਿਰ ਪਹੁੰਚਣ ਦੀ ਸਨਿਮਰ ਬੇਨਤੀ ਕੀਤੀ ਹੈ ।