(ਸਮਾਜ ਵੀਕਲੀ)
ਮਨੁੱਖ ਸਰੀਰਕ ਮਾਰ ਨੂੰ ਝੱਲ ਲੈਂਦਾ ਹੈ।ਸਰੀਰ ਕਿਸੇ ਵੀ ਤਰ੍ਹਾਂ ਜ਼ਖ਼ਮੀ ਹੋ ਜਾਵੇ ਕੁਝ ਸਮਾਂ ਪਾ ਕੇ ਠੀਕ ਹੋ ਜਾਂਦਾ ਹੈ।ਸਰੀਰਕ ਦਰਦ ਕਿੰਨਾ ਵੀ ਅਸਹਿ ਨਾ ਕਿਉਂ ਨਾ ਹੋਵੇ ਭੁੱਲ ਜਾਂਦਾ ਹੈ।ਪਰ ਮਨ ਨਾਲ ਅਜਿਹਾ ਸੰਭਵ ਹੀ ਨਹੀਂ।ਮਨ ਟੁੱਟ ਜਾਵੇ ਤਾਂ ਜੁੜਦਾ ਨਹੀਂ।ਸੰਭਲ ਵੀ ਜਾਵੇ ਪਰ ਪਹਿਲਾਂ ਜਿਹਾ ਨਹੀਂ ਹੁੰਦਾ।ਮਾਨਸਿਕ ਪੀਡ਼ਾ ਅਸਹਿ ਹੋਣ ਦੇ ਨਾਲ ਨਾਲ ਅਭੁੱਲ ਵੀ ਹੁੰਦੀ ਹੈ।
ਕਿਹਾ ਜਾਂਦਾ ਹੈ ਸਰੀਰ ਦੇ ਜ਼ਖ਼ਮ ਭਰ ਜਾਂਦੇ ਹਨ ਪਰ ਮਨ ਦੇ ਨਹੀਂ।ਸਰੀਰ ਦੇ ਜ਼ਖ਼ਮ ਨੂੰ ਦਵਾਈਆਂ ਠੀਕ ਕਰ ਦਿੰਦੀਆਂ ਹਨ ਪਰ ਮਨ ਦੇ ਦਰਦ ਦਾ ਕੋਈ ਮਰਹਮ ਨਹੀਂ।ਟੁੱਟ ਹੋਏ ਹੱਥ ਨਾਲ ਮਨੁੱਖ ਕੰਮ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਲੈਂਦਾ ਹੈ ਪਰ ਟੁੱਟੇ ਹੋਏ ਦਿਲ ਨਾਲ ਅਜਿਹਾ ਨਹੀਂ ਹੋ ਸਕਦਾ।
ਭਾਵਨਾਵਾਂ ਜਦੋਂ ਆਹਤ ਹੁੰਦੀਆਂ ਹਨ ਤਾਂ ਸਾਡੀ ਸੋਚ ਸਮਝ ਤੇ ਬੱਦਲ ਜਿਹੇ ਛਾ ਜਾਂਦੇ ਹਨ।ਇਹ ਮਨੁੱਖਤਾ ਤੋਂ ਸਾਡਾ ਵਿਸ਼ਵਾਸ ਵੀ ਚੁੱਕ ਦਿੰਦੀਆਂ ਹਨ।ਅਸੀਂ ਦੁਬਾਰਾ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ।ਮਨ ਵਿੱਚ ਸਹਿਮ ਬੈਠ ਜਾਂਦਾ ਹੈ।ਇਸ ਸਹਿਮ ਸਾਨੂੰ ਅੰਦਰੋਂ ਅੰਦਰ ਖਾਈ ਜਾਂਦਾ ਹੈ।ਸਾਡੀ ਸ਼ਖ਼ਸੀਅਤ ਪਹਿਲਾਂ ਵਰਗੀ ਨਹੀਂ ਰਹਿੰਦੀ।ਮਨ ਧਾਗੇ ਵਾਂਗ ਹੈ ਜੇਕਰ ਇੱਕ ਵਾਰ ਟੁੱਟ ਜਾਵੇ ਤਾਂ ਬਿਨਾਂ ਗੰਢ ਪਏ ਜੁੜ ਨਹੀਂ ਸਕਦਾ।
ਸਰੀਰਕ ਤੌਰ ਤੇ ਲੱਗੀ ਸੱਟ ਸਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਨਹੀਂ ਕਰਦੀ।ਪਰ ਮਾਨਸਿਕ ਸੱਟ ਮਨ ਦੇ ਨਾਲ ਨਾਲ ਸਰੀਰ ਤੇ ਵੀ ਪ੍ਰਭਾਵ ਪਾਉਂਦੀ ਹੈ।ਸਰੀਰਕ ਸੱਟ ਲੱਗਣ ਦੇ ਬਾਵਜੂਦ ਅਸੀਂ ਉਹੀ ਕੰਮ ਦੁਬਾਰਾ ਕਰਨ ਲੱਗਦੇ ਹਾਂ ਜੋ ਸੱਟ ਲੱਗਣ ਤੋਂ ਪਹਿਲਾਂ ਕਰਦੇ ਸੀ।ਪਰ ਮਾਨਸਿਕ ਤੌਰ ਤੇ ਟੁੱਟਿਆ ਵਿਅਕਤੀ ਡਰਦਾ ਹੈ ਮਨੁੱਖੀ ਰਿਸ਼ਤਿਆਂ ਤੋਂ,ਵਿਸ਼ਵਾਸ ਤੋਂ।ਉਸ ਦੇ ਮਨ ਵਿੱਚ ਇੱਕ ਡਰ ਬੈਠ ਜਾਂਦਾ ਹੈ ਮੈਨੂੰ ਉਮਰ ਭਰ ਉਸ ਨੂੰ ਪ੍ਰੇਸ਼ਾਨ ਕਰਦਾ ਹੈ।
ਟੁੱਟੇ ਹੱਥ ਨਾਲ ਮਕਾਨ ਬਣਾਇਆ ਜਾ ਸਕਦਾ ਹੈ ਪਰ ਟੁੱਟੇ ਦਿਲ ਨਾਲ ਘਰ ਨਹੀਂ ਬਣਦੇ।ਕੋਸ਼ਿਸ਼ ਕਰੋ ਕਿ ਕਿਸੇ ਨੂੰ ਮਾਨਸਿਕ ਤੌਰ ਤੇ ਆਹਤ ਨਾ ਕਰੋ ।ਮਨ ਤੇ ਲੱਗੀ ਸੱਟ ਮਨੁੱਖ ਨੂੰ ਜ਼ਿੰਦਗੀ ਭਰ ਪਰੇਸ਼ਾਨ ਕਰਦੀ ਹੈ ।ਨਾ ਉਹ ਜ਼ਖ਼ਮ ਭਰਦੇ ਹਨ ਅਤੇ ਨਾ ਮੁੜ ਵਿਸ਼ਵਾਸ ਹੁੰਦਾ ਹੈ।ਮਾਨਸਿਕ ਸੱਟ ਦਿਖਾਈ ਨਹੀਂ ਦਿੰਦੀ ਪਰ ਦਰਦ ਡੂੰਘਾ ਦਿੰਦੀ ਹੈ।
ਯਤਨ ਕਰਨਾ ਚਾਹੀਦਾ ਹੈ ਕੀ ਅਸੀਂ ਕਿਸੇ ਨੂੰ ਮਾਨਸਿਕ ਪ੍ਰੇਸ਼ਾਨੀ ਦੇਣ ਦਾ ਸਬੱਬ ਨਾ ਬਣੀਏ।ਪਿਆਰ ਤੇ ਅਪਣੱਤ ਵੰਡੀਏ।ਇਸ ਜਹਾਨ ਤੇ ਅਸੀਂ ਬਹੁਤ ਥੋੜ੍ਹੇ ਸਮੇਂ ਲਈ ਹਾਂ ਇਸ ਲਈ ਜੀਅ ਭਰ ਕੇ ਜ਼ਿੰਦਗੀ ਨੂੰ ਜੀਅ ਲਈਏ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly