ਤੇਜਿੰਦਰ ਚੰਡਿਹੋਕ (ਸਮਾਜ ਵੀਕਲੀ): ਸਾਹਿਤ ਜਗਤ ਵਿੱਚ ਕਿਸੇ ਭਾਸ਼ਾ ਦਾ ਅਨੁਵਾਦ ਦੋ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਪਹਿਲਾ ਇੱਕ ਭਾਸ਼ਾ ਦਾ ਦੂਜੀ ਭਾਸ਼ਾ ਵਿੱਚ ਭਾਸ਼ਾਈ ਤੌਰ ਤੇ ਅਨੁਵਾਦ ਜਿਸ ਨੂੰ ਤਰਜਮਾ ਵੀ ਕਿਹਾ ਜਾ ਸਕਦਾ ਹੈ ਅਤੇ ਦੂਜਾ ਭਾਸ਼ਾ ਵਿੱਚ ਲਿਪੀ ਅੰਤਰ ਕਰਕੇ ਅਨੁਵਾਦ ਕਰਨਾ। ਕਿਸੇ ਦੂਜੀ ਭਾਸ਼ਾ ਦਾ ਲਿਪੀ ਵਿੱਚ ਅਨੁਵਾਦ ਕਰਨਾ ਜਾਂ ਲਿਪੀ ਅੰਤਰ ਕਰਨਾ ਉਨਾਂ ਮੁਸ਼ਕਿਲ ਨਹੀਂ ਹੁੰਦਾ ਜਿਨਾਂ ਭਾਸ਼ਾ ਵਿੱਚ ਅਨੁਵਾਦ ਕਰਨਾ ਹੁੰਦਾ ਹੈ।
ਰਾਮ ਸਰੂਪ ਸ਼ਰਮਾ ਕਾਰਜਸ਼ੀਲ ਲੇਖਕ ਅਨੁਵਾਦਕ ਪਰੂਫ ਰੀਡਰ ਅਤੇ ਸੰਪਾਦਕ ਹੈ। ਮੂਲ ਰੂਪ ਵਿੱਚ ਉਹ ਗੀਤਾਂ ਦੀ ਸਿਰਜਨਾ ਕਰਦਾ ਹੈ ਅਤੇ ਫਿਰ ਤਰੰਨੁਮ ਵਿੱਚ ਗਾਉਂਣ ਦਾ ਇਲਮ ਵੀ ਰਖਦਾ ਹੈ। ਮਿੱਠੀ ਪਿਆਰੀ ਆਵਾਜ਼ ਕਾਰਨ ਉਸ ਨੂੰ ਬਰਨਾਲੇ ਦਾ ‘ਸ਼ਿਵ’ ਵੀ ਕਿਹਾ ਜਾਂਦਾ ਹੈ। ਉਸ ਵੱਲੋਂ ਕਾਫ਼ੀ ਪੁਸਤਕਾਂ ਦੀ ਪਰੂਫ ਰੀਡਿੰਗ ਦੇ ਨਾਲ ਸੰਪਾਦਨਾ ਅਤੇ ਅਨੁਵਾਦ ਵੀ ਕੀਤਾ ਮਿਲਦਾ ਹੈ। ਹਥਲੀ ਪੁਸਤਕ ‘ਪ੍ਰਸਿੱਧ ਪਾਕਿਸਤਾਨੀ ਗ਼ਜ਼ਲਾਂ ਅਤੇ ਗ਼ਜ਼ਲਗੋ’ ਉਸ ਵੱਲੋਂ ਪਾਕਿਸਤਾਨ ਦੇ ਪ੍ਰਸਿੱਧ ਸ਼ਾਇਰਾਂ ਦੀਆਂ ਚੁਣੀਆਂ ਹੋਈਆਂ ਹਰਮਨ ਪਿਆਰੀਆਂ ਗ਼ਜ਼ਲਾਂ ਦਾ ਅਨੁਵਾਦ ਅਤੇ ਸੰਪਾਦਨਾ ਕੀਤੀ ਗਈ ਹੈ ਜਿਸ ਵਿੱਚ ਉਸ ਨੇ ਫ਼ੈਜ਼ ਅਹਿਮਦ ਫ਼ੈਜ਼ ਤੋਂ ਲੈ ਕੇ ਮਜੀਦ ਅਮਜਦ ਤੱਕ ਕੁਲ 36 ਪਾਕਿਸਤਾਨੀ ਉਰਦੂ ਗ਼ਜ਼ਲਗੋਆਂ (ਮਰਦ ਅਤੇ ਔਰਤ) ਸ਼ਾਇਰਾਂ ਦੀਆਂ ਗ਼ਜ਼ਲਾਂ ਨੂੰ ਸ਼ਾਮਲ ਕੀਤਾ ਹੈ। ਇੰਨਾਂ ਹੀ ਨਹੀਂ ਸਗੋਂ ਉਹਨਾਂ ਦੀਆਂ ਇਹਨਾਂ ਗ਼ਜ਼ਲਾਂ ਦਾ ਲਿਪੀ ਅੰਤਰ ਕਰਕੇ ਪੁਸਤਕ ਨੂੰ ਪੰਜਾਬ ਦੇ ਦਰਿਆਵਾਂ ਦੀ ਸਾਂਝੀ ਵਿਰਾਸਤ ਦੇ ਨਾਂ ਸਮਰਪਿਤ ਕੀਤਾ ਹੈ। ਉਹ ਪੰਜਾਬੀ ਵਿੱਚ ਗੁਰਮੁੱਖੀ ਅਤੇ ਸ਼ਾਹਮੁੱਖੀ ਦੇ ਮੇਲ ਨੂੰ ਸਗਨ ਮੰਨ ਰਿਹਾ ਹੈ। ਦੂਜੀਆਂ ਭਾਸ਼ਾਵਾਂ ਵਿੱਚ ਕਿਸੇ ਭਾਸ਼ਾ ਦਾ ਅਨੁਵਾਦ ਕਰਨਾ ਜਾਂ ਲਿਪੀ ਅੰਤਰ ਕਰਨਾ ਦੂਜੇ ਮੁਲਕ ਦੇ ਮਨੁੱਖਾਂ ਨੂੰ ਸ਼ਾਬਦਿਕ ਰੂਪ ਵਿੱਚ ਨੇੜੇ ਲਿਆਉਣ ਦਾ ਯਤਨ ਹੁੰਦਾ ਹੈ।
ਪੁਸਤਕ ਵਿੱਚ ਜਿਨ੍ਹਾਂ ਸ਼ਾਇਰਾਂ ਦੀ ਸ਼ਾਇਰੀ ਸ਼ਾਮਲ ਕੀਤੀ ਗਈ ਹੈ ਉਹਨਾਂ ਦੀਆਂ ਤਸਵੀਰਾਂ ਦੇ ਨਾਲ ਉਹਨਾਂ ਬਾਰੇ ਸੰਖੇਪ ਪਰ ਮਹੱਤਵਪੂਰਨ ਉਹਨਾਂ ਦੇ ਜਨਮ ਜੀਵਨ ਅਤੇ ਸਾਹਿਤਕ ਪ੍ਰਾਪਤੀਆਂ ਦੀ ਜਾਣਕਾਰੀ ਵੀ ਸ਼ਾਮਲ ਕੀਤੀ ਗਈ ਹੈ। ਇਸ ਤੋਂ ਇਲਾਵਾ ਗ਼ਜ਼ਲਾਂ ਵਿੱਚ ਆਏ ਲਹਿੰਦੇ ਪੰਜਾਬ ਦੇ ਸ਼ਿਅਰਾਂ ਵਿਚਲੇ ਸ਼ਬਦਾਂ ਨੂੰ ਸਰਲ ਤਰੀਕੇ ਨਾਲ ਪੜ੍ਹਨ ਲਈ ਗ਼ਜ਼ਲਾਂ ਦੇ ਥੱਲੇ ਸੌਖੇ ਸ਼ਬਦ ਵੀ ਦਰਜ ਕੀਤੇ ਗਏ ਹਨ।
ਇਹਨਾਂ ਗ਼ਜ਼ਲਾਂ ਵਿੱਚੋਂ ਕੁਝ ਖੂਬਸੂਰਤ ਸ਼ਿਅਰ ਜਿਕਰਯੌਗ ਹਨ-
‘ਤੁਮ ਆਏ ਹੋ ਨਾ ਸ਼ਬੇ-ਇੰਤਜ਼ਾਰ ਗੁਜਰੀ ਹੈ।
ਤਲਾਸ਼ ਮੇਂ ਹੈ ਸ਼ਹਿਰ ਬਾਰ ਬਾਰ ਗੁਜਰੀ ਹੈ।’ (ਫ਼ੈਜ਼ ਅਹਿਮਦ ਫ਼ੈਜ਼-09)
—–
‘ਆਂਖ ਸੇ ਦੂਰ ਨਾ ਹੋ ਦਿਲ ਸੇ ਉਤਰ ਜਾਏਗਾ।
ਵਕਤ ਕਾ ਕਿਆ ਹੈ ਗੁਜ਼ਰਤਾ ਹੈ ਗੁਜਰ ਜਾਏਗਾ।’ (ਅਹਿਮਦ ਫ਼ਰਾਜ਼-41)
—–
‘ਅੰਗੜਾਈ ਪਰ ਅੰਗੜਾਈ ਲੇਤੀ ਹੈ ਰਾਤ ਜੁਦਾਈ ਕੀ।
ਤੁਮ ਕਿਆ ਸਮਝੋ ਤੁਮ ਕਿਆ ਜਾਨੋ ਬਾਤ ਮੇਰੀ ਤਨਹਾਈ ਕੀ।’ (ਕਤੀਲ ਸ਼ਿਫ਼ਾਈ-71)
—–
‘ਮੈਂ ਟੂਟ ਕਰ ਉਸੇ ਚਾਹੂੰ ਯਹ ਇਖ਼ਤਿਆਰ ਭੀ ਹੋ।
ਸਮੇਟ ਲੇਗਾ ਮੂਝੇ ਇਸਕਾ ਇਤਬਾਰ ਭੀ ਹੋ।’ (ਫ਼ਾਤਿਮਾ ਹਸਨ-103)
‘ਐਸੇ ਚੁਪਚਾਪ ਭੀ ਕਿਆ ਜੀਆ ਜਾਏ।
ਅਬ ਕਹੀਂ ਇਸ਼ਕ ਹੀ ਕੀਆ ਜਾਏ।’ (ਮਹਿਮੂਦ ਸ਼ਾਮ-127)
ਇਸ ਤਰ੍ਹਾਂ ਅਨੁਵਾਦਕ ਅਤੇ ਸੰਪਾਦਕ ਰਾਮ ਸਰੂਪ ਸ਼ਰਮਾ ਨੇ ਦੋ ਦੇਸ਼ਾਂ ਨੂੰ ਸ਼ਾਇਰੀ ਦੇ ਲਿਪੀ ਅੰਤਰ ਰਾਹੀ ਜੋੜਨ ਦਾ ਯਤਨ ਕੀਤਾ ਹੈ ਅਤੇ ਉਧਰਲੇ ਸ਼ਾਇਰਾਂ ਦੀਆਂ ਗ਼ਜ਼ਲਾਂ ਕਹਿਣ ਦੇ ਢੰਗ-ਤਰੀਕੇ ਸੋਚ ਅਤੇ ਸ਼ਾਇਰੀ ਦੀ ਸਮੂਲੀਅਤ ਕੀਤੀ ਹੈ। ਇਸ ਲੇਖਕ ਤੋਂ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਉਮੀਦਾਂ ਹਨ।
ਸਾਬਕਾ ਏ.ਐਸ.ਪੀ ਨੈਸ਼ਨਲ ਐਵਾਰਡੀ
ਸੰਪਰਕ 95010-00224
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly