ਆਉ ਦਿਵਾਲ਼ੀ ਮਨਾਈਏ !

(ਸਮਾਜ ਵੀਕਲੀ)

ਆਉਦੇ ਸੋਮਵਾਰ ਦਿਵਾਲ਼ੀ ਦਾ ਤਿਉਹਾਰ ਹੈ ਤੇ ਪੰਜਾਬ ਵਿੱਚ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਤੇ ਰੰਗ ਬਰੰਗੀਆਂ ਸਜਾਵਟੀ ਮਿਠਾਈਆਂ ਸਜਾਈਆਂ ਹੋਈਆਂ ਹਨ । ਬਾਜ਼ਾਰ ਵਿੱਚ ਲੰਘਣ ਸਮੇਂ ਹਰ ਇੱਕ ਇਨਸਾਨ ਆਪਣੀ ਜੇਬ ਖਾਲੀ ਜ਼ਰੂਰ ਕਰੇਗਾ, ਚਾਹੇ ਉਹ ਉਸ ਦੀ ਆਪਣੀ ਜੀਭ ਦਾ ਲਾਲਚ ਹੋਵੇ , ਚਾਹੇ ਉਸ ਨੇ ਆਪਣੇ ਪਰਿਵਾਰ ਨੂੰ ਖੁਸ਼ ਕਰਨਾ ਹੋਵੇ ਜਾ ਫੇਰ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨਾ ਹੋਵੇ । ਸਹਿਜਤਾ ਹੀ ਹਰ ਦੁਕਾਨਦਾਰ ਦੀ ਕਈ ਕੁਇੰਟਲ ਮਠਿਆਈ ਵਿਕੇਗੀ ਵੀ।

ਕਿਰਪਾ ਕਰਕੇ ਜੇਬ ਵਿੱਚ ਹੱਥ ਪਾਉਣ ਤੋਂ ਪਹਿਲਾ ਇੱਕ ਵਾਰ ਮੇਰੀ ਬੇਨਤੀ ਕਬੂਲ ਕਰਨਾ ਤੇ ਸੋਚਣਾ ਜ਼ਰੂਰ , ਕੀ ਇੱਕ ਦੁਕਾਨਦਾਰ ਲਈ ਐਨੀ ਤਾਦਾਦ ਵਿੱਚ ? ਐਨੀ ਤਰਾਂ ਦੀ ਮਠਿਆਈ ਬਣਾਉਣੀ ਐਨੀ ਛੇਤੀ ਸੰਭਵ ਸੀ ? ਨਿੱਤ ਵਰਤੋਂ ਜਾ ਆਮ ਦਿਨਾਂ ਵਿੱਚ ਪੰਜਾਬ ਵਿੱਚ ਦੁੱਧ ਦੀ ਪੈਦਾਵਾਰ ਪੂਰੀ ਨਹੀਂ ਹੁੰਦੀ ਤਾਂ ਫੇਰ ਦਿਵਾਲ਼ੀ ਦੇ ਇੱਕ ਦਿਨ ਲਈ ਦੁੱਧ ਕਿੱਥੋਂ ਆ ਜਾਂਦਾ ਹੈ ?

ਜੇਕਰ ਤੁਸੀਂ ਮੇਰੇ ਇਸ ਸਵਾਲ ਵਾਰੇ ਇੱਕ ਵਾਰ ਸੋਚ ਲਿਆ ਤਾਂ ਹੋ ਸਕਦਾ ਤੁਹਾਡੇ ਕਈ ਫਾਇਦੇ ਹੋਣ , ਜ਼ਿਹਨਾਂ ਵਿੱਚ ਸਭ ਤੋਂ ਪਹਿਲਾ ਤੁਹਾਡੀ ਜੇਬ ਖਾਲੀ ਨਹੀਂ ਹੋਵੇਗੀ , ਦੂਜਾ ਤੁਹਾਡੇ ਕੋਲ ਦਿਵਾਲ਼ੀ ਵਾਲੇ ਦਿਨ ਵੀ ਵਰਤਣ ਲਈ ਜੇਬ ਖ਼ਰਚਾ ਬੱਚਿਆ ਰਹੇਗਾ , ਤੀਜਾ ਤੁਸੀਂ ਤੇ ਤੁਹਾਡਾ ਪਰਿਵਾਰ ਜੀਭ ਦਾ ਸਵਾਦ ਭਾਵੇ ਨਾ ਚੱਖ ਸਕੇ ਪਰ ਤੰਦਰੁਸਤ ਜ਼ਰੂਰ ਰਹੇਗਾ ਕਿਉਂਕਿ ਅਕਸਰ ਮਠਿਆਈ ਵਾਲੇ ਬਾਜ਼ਾਰ ਖਾਲੀ ਹੋਣ ਮਗਰੋਂ ਹਸਪਤਾਲ ਜ਼ਰੂਰ ਭਰ ਜਾਂਦੇ ਹਨ ।

ਇਹ ਬਨਾਉਟੀ ਮਠਿਆਈ ਇੱਕ ਦਿਨ ਜਾ ਇੱਕ ਹਫ਼ਤੇ ਵਿੱਚ ਨਹੀਂ ਬਣਾਈ ਜਾਂਦੀ ਸਗੋਂ ਕਈ ਹਫ਼ਤੇ ਪਹਿਲਾ ਤੋਂ ਤਿਆਰ ਕਰਕੇ ਰੱਖੀ ਜਾਂਦੀ ਹੈ । ਇਹ ਮਠਿਆਈ ਖ਼ਾਲਸ ਚੀਜ਼ਾਂ ਤੋਂ ਨਾ ਬਣੀ ਹੋਣ ਕਰਕੇ ਕਦੇ ਵੀ ਖਰਾਬ ਨਹੀਂ ਹੁੰਦੀ ਭਾਵੇਂ ਤੁਸੀਂ ਅਗਲੀ ਦਿਵਾਲ਼ੀ ਤੱਕ ਸਟੋਰ ਕਰਕੇ ਬਿਨਾਂ ਫ਼ਰਿੱਜ ਰੱਖ ਲਉ । ਬਹੁਤੀਆਂ ਮਠਿਆਈਆਂ ਤਾਂ ਰਬੜ ਵਾਂਗ ਲੱਗਦੀਆਂ ਹਨ ਜੋ ਲੋਹੇ ਦੇ ਤਵੇ ਤੇ ਗਰਮ ਕਰਨ ਸਮੇਂ ਬਿਲਕੁਲ ਰਬੜ ਵਾਂਗ ਪਹਿਲਾ ਪਿਘਲ ਜਾਂਦੀਆਂ ਹਨ ਤੇ ਬਾਅਦ ਵਿੱਚ ਰਬੜ ਵਾਂਗ ਸਖ਼ਤ ਹੋ ਜਾਂਦੀਆਂ ਹਨ ।

ਤੁਸੀਂ ਇੱਕ ਵੱਡਾ ਸੱਚ ਨਹੀਂ ਜਾਣਦੇ ਜੋ ਮੈਂ ਤੁਹਾਨੂੰ ਦੱਸਦੀ ਹਾਂ ਜੋ ਵੀ ਦੁਕਾਨਦਾਰ ਮਠਿਆਈ ਵੇਚਦਾ ਹੈ ਉਹ ਆਪਣੇ ਘਰ ਕਦੇ ਵੀ ਆਪਣੇ ਪਰਿਵਾਰ ਨੂੰ ਉਹ ਮਠਿਆਈ ਨਹੀਂ ਖੁਆਉਂਦਾ , ਇਸ ਦਾ ਮਤਲਬ ਇਹ ਨਹੀਂ ਕਿ ਉਹ ਮਠਿਆਈ ਤੋਂ ਖ਼ੁਆਰ ਹੋ ਚੁੱਕੇ ਹਨ , ਅਸਲ ਕਾਰਣ ਹੈ ਉਸ ਨੂੰ ਮਠਿਆਈ ਬਣਾਉਣ ਸਮੇਂ ਕੀਤੀ ਖੇਹ ਸੁਆਹ/ ਜ਼ਹਿਰ ਨਜ਼ਰ ਆਉਂਦੀ ਹੈ, ਅਕਸਰ ਉਹ ਲੋਕ ਆਪਣੇ ਘਰ ਸ਼ੁੱਧ ਲੱਡੂ ਜਾਂ ਸੁੱਧ ਵੇਸਣ ਹੀ ਲੈ ਕੇ ਜਾਂਦੇ ਹਨ।

ਗਲਤੀ ਦੁਕਾਨਦਾਰ ਦੀ ਨਹੀਂ ਹੈ । ਗਲਤੀ ਤੁਹਾਡੇ ਸ਼ਹਿਰ ਦੇ ਐਮ ਐਲ ਏ ਦੀ ਵੀ ਨਹੀਂ ਹੈ। ਗਲਤੀ ਤੁਹਾਡੇ ਮੁੱਖ ਮੰਤਰੀ ਸਾਹਿਬ ਦੀ ਵੀ ਬਿਲਕੁਲ ਨਹੀਂ ਹੈ । ਅਸਲ ਗਲਤੀ ਖ਼ਰੀਦਦਾਰ ਦੀ ਆਪਣੀ ਹੈ । ਖ਼ਰੀਦਦਾਰ ਨੂੰ ਦਿਵਾਲ਼ੀ ਦੇ ਦਿਨ ਬਨਾਉਟੀ ਸਮਾਨ ਖ਼ਰੀਦਣਾ ਨਹੀਂ ਚਾਹੀਦਾ ਸਗੋਂ ਜੋ ਕੁਝ ਤੁਹਾਡੇ ਕੋਲ਼ੋਂ ਘਰ ਵਿੱਚ ਆਪ ਬਣ ਸਕੇ /ਪੱਕ ਸਕੇ ਉਹ ਬਣਾ ਕੇ ਖਾਊਂ । ਇਹ ਅਸਲ ਦਿਵਾਲ਼ੀ ਹੋਵੇਗੀ ਜੋ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਅਨੰਦ ਤੇ ਸਕੂਨ ਦੇਵੇਗੀ ।

ਆਉ ਦਿਵਾਲ਼ੀ ਮਨਾਈਏ
ਘਰ ਵਿੱਚ ਸੁੱਖ ਦਾ ਦੀਪ ਜੱਲਾ ਕੇ
ਘਰ ਆਪਣਾ ਰੁਸ਼ਨਾਈਏ
ਆਉ ਦਿਵਾਲ਼ੀ ਮਨਾਈਏ
ਚਾਹ ਪਕੌੜੇ ਆਪ ਬਣਾ ਕੇ
ਇਕੱਠੇ ਬੈਠ ਕੇ ਖਾਈਏ
ਆਉ ਦਿਵਾਲ਼ੀ ਮਨਾਈਏ
ਮਿੱਠਾ ਖਾਣਾ ਤਾਂ ਪ੍ਰਸਾਦ ਬਣਾ ਕੇ
ਗੁਰੂ ਨੂੰ ਭੋਗ ਲਵਾਈਏ
ਆਉ ਦਿਵਾਲ਼ੀ ਮਨਾਈਏ
ਲੱਡੂ ਬੇਸਣ ਸਭ ਬਣ ਸਕਦੇ
ਭਾਵੇ ਦੁੱਧ ਕਿਸੇ ਵਿੱਚ ਨਾ ਪਾਈਏ
ਆਉ ਦਿਵਾਲ਼ੀ ਮਨਾਈਏ
ਪਟਾਕੇ ਚਲਾ ਕੇ ਗੰਦ ਨਾ ਪਾਈਏ
ਨਾਲੇ ਵਾਤਾਵਰਣ ਨੂੰ ਦੁੱਖ ਨਾ ਪਹੁੰਚਾਈਏ
ਆਉ ਦਿਵਾਲ਼ੀ ਮਨਾਈਏ
ਕਹੇ ਸਰਬਜੀਤ ਆਪਣੇ ਛੱਡ ਕੇ ਔਗੁਣ
ਗੁਣਾ ਨਾਲ ਯਾਰੀ ਲਾਈਏ
ਆਉ ਦਿਵਾਲ਼ੀ ਮਨਾਈਏ

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਜਿੰਦਗੀ ਜ਼ਿੰਦਾਬਾਦ “
Next articleਗ਼ਜ਼ਲ