ਪੰਜਾਬ ਵਿੱਚ ਕਿਤੇ ਜਾਤੀਵਾਦ ਨਾ ਫੈਲ ਜਾਵੇ

(ਸਮਾਜ ਵੀਕਲੀ)

ਵੈਸੇ ਤਾਂ ਸਾਰੇ ਭਾਰਤ ਵਿੱਚ ਹੀ ਸਮਾਜ ਵਿਰੋਧੀ, ਜਾਤੀਵਾਦ ਅਤੇ ਫਿਰਕਾਪ੍ਰਸਤੀ ਦੇ ਰਾਹੀਂ ਆਪਣੇ ਨਾਪਾਕ ਇਰਾਦਿਆਂ ਵੱਲ ਅੱਗੇ ਵੱਧਣ ਲਈ ਰਾਜਨੀਤਕ ਅਤੇ ਕਈ ਧਾਰਮਿਕ ਸੰਸਥਾਵਾਂ ਵੱਲੋਂ ਕਿਤੇ ਨਾ ਕਿਤੇ ਸ਼ਰਾਰਤੀ ਹਰਕਤਾਂ ਕਰਾਕੇ ਅਤੇ ਫਿਰ ਵਿਡੀਉ ਵਾਇਰਲ ਕਰਕੇ ਆਪਸੀ ਭਾਈਚਾਰਿਕ ਸਾਂਝ ਦੀਆਂ ਪੀਢੀਆਂ ਤੰਦਾਂ ਤੋੜਨ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ।ਪਰ ਪੰਜਾਬ ਵਿੱਚ ਭਾਈਚਾਰਕ ਸਾਂਝ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਇਸ ਨੂੰ ਖੇਰੂੰ ਖੇਰੂੰ ਕਰਨ ਵਾਲੀਆਂ ਤਾਕਤਾਂ ਕਦੇ ਵੀ ਆਪਣੇ ਨਾਪਾਕ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋ ਸਕੀਆਂ। ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਇਹ ਵੀ ਇੱਕ ਵੱਖਰਾ ਅਤੇ ਖਤਰਨਾਕ ਰੂਪ ਸਾਹਮਣੇ ਆ ਰਿਹਾ ਹੈ। ਦਰਅਸਲ ਵਿਡੀਉ ਨੂੰ ਵਾਇਰਲ ਕਰਨ ਵੇਲੇ ਅਤੇ ਐਡਿਟ ਕਰਨ ਵੇਲੇ ਉਸਨੂੰ ਇੰਨਾ ਭੜਕੀਲਾ, ਕਰੂਰ ਅਤੇ ਮਨ ਵਿਚਲਿਤ ਕਰਨ ਵਾਲੀ ਭਾਸ਼ਾ ਵਾਲਾ ਬਣਾਇਆ ਜਾਂਦਾ ਹੈ ਕਿ ਭਾਰਤੀ ਸਮਾਜ ਦੀ ਭਾਵੁਕਤਾ ਦੀ ਕਮਜ਼ੋਰੀ ਉਬਾਲੇ ਖਾਣ ਲੱਗਦੀ ਹੈ। ਲੋਕ ਇਸਨੂੰ ਵੇਗ ਵਿੱਚ ਆ ਕੇ ਹੋਰ ਸ਼ੇਅਰ ਕਰਦੇ ਹਨ ਅਤੇ ਸੂਬੇ ਦੀ ਉਸ ਖਾਸ ਜਿ਼ਲੇ ਦੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ।

ਪੰਜਾਬ ਸੂਬੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਣੀ ਹੈ, ਉੱਦੋਂ ਤੋਂ ਹੀ ਵਿਰੋਧ ਵਿੱਚ ਖੜੀਆਂ ਧਿਰਾਂ ਵੱਲੋਂ ਸਿੱਧੇ ਜਾਂ ਅਸਿੱਧੇ ਤੌਰ ਤੇ ਸਰਕਾਰ ਨੂੰ ਠਿੱਬੀ ਲਾਉਣ ਦੀਆਂ ਸਾਜ਼ਿਸ਼ੀ ਕੋਸ਼ਿਸ਼ਾਂ ਜਾਰੀ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਕਤਲ ਦੇ ਬਾਅਦ ਸਰਕਾਰ ਅਤੇ ਵਿਸ਼ੇਸ਼ ਕਰਕੇ ਪੰਜਾਬ ਪੁਲਿਸ ਨੂੰ ਵੱਡੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ। ਫਿਰ ਡੀਜੀਪੀ ਦੀ ਬਦਲੀ ਦੇ ਬਾਅਦ ਨਵੇਂ ਪੁਲਿਸ ਮੁਖੀ ਗੌਰਵ ਯਾਦਵ ਦੀ ਅਗਵਾਈ ਵਿੱਚ ਗੈਂਗਸਟਰ ਕਲਚਰ ਨੂੰ ਕਾਬੂ ਹੇਠ ਲਿਆਉਣ ਅਤੇ ਖਤਮ ਕਰਨ ਦੇ ਤਹੱਈਏ ਕਰਕੇ ਪੁਲਿਸ ਨੇ ਦੁਬਾਰਾ ਆਪਣੀ ਖੁੱਸਦੀ ਸਾਖ ਬਹਾਲ ਕੀਤੀ ਹੈ। ਅਫਸਰਸ਼ਾਹੀ ਅਤੇ ਸਾਬਕਾ ਮੰਤਰੀਆਂ ਦੇ ਕੁੱਝ ਟੋਲੇ ਦੇ ਭਰਿ਼ਸ਼ਟਾਚਾਰ ਨੂੰ ਜੱਗ ਜਾਹਿਰ ਕਰਨ ਵਿੱਚ ਸਰਕਾਰ ਨੇ ਵੱਡੀ ਸਫਲਤਾ ਵੀ ਹਾਸਲ ਕੀਤੀ ਅਤੇ ਪਿਛਲੀ ਕਾਂਗਰਸੀ ਸਰਕਾਰ ਦੀ ਲੋਕ ਵਿਰੋਧੀ ਕਾਰਗੁਜਾਰੀ ਨੂੰ ਨੰਗਾ ਵੀ ਕੀਤਾ ਹੈ। ਇਹ ਅੱਜ ਤੱਕ ਦੀਆਂ ਪਿਛਲੀਆਂ ਸਰਕਾਰਾਂ ਚਾਹੇ ਉਹ ਅਕਾਲੀ ਜਾਂ ਕਾਂਗਰਸੀ ਹੋਣ ,ਦੇ ਮੁਕਾਬਲੇ ਹਰ ਪੱਖੋਂ ਉੱਤਮ ਅਤੇ ਨੇਕ ਨੀਯਤੀ ਦੀ ਗਵਾਹੀ ਵੀ ਹੈ।

ਪਰ ਭਗਵੰਤ ਮਾਨ ਸਰਕਾਰ ਲਈ ਇਹ ਪੰਜ ਸਾਲਾ ਮਿਆਦ ਚੁਣੌਤੀਆਂ ਭਰਪੂਰ ਹੈ। ਅਕਾਲੀ ਅਤੇ ਕਾਂਗਰਸੀ ਸਰਕਾਰਾਂ ਵਿੱਚ ਮੰਤਰੀ ਅਤੇ ਸੈਕਟਰੀ ਪੱਧਰ ਦੇ ਬਹੁਤੇ ਅਫਸਰ ਅੰਦਰੋਂ ਕੰਬੇ ਹੋਏ ਨੇ ਕਿ ਪਤਾ ਨਹੀਂ ਕਦੇਂ ਵਿਜੀਲੈਂਸ ਉਹਨਾਂ ਘਰ ਤੜਕੇ ਘੇਰਾ ਪਾ ਲਵੇ। ਜਨਤਾ ਦੇ ਪੈਸੇ ਦੀ ਲੁੱਟ ਕੋਈ ਵੀ ਜਾਗਰੂਕ ਸਮਾਜ ਬਰਦਾਸ਼ਤ ਨਹੀਂ ਕਰ ਸਕਦਾ। ਇਸ ਲੇਖ ਵਿੱਚ ਅਸੀਂ ਇੱਕ ਬਹੁਤ ਹੀ ਘਿਨਾਉਣੀ ਪੱਧਰ ਦੀ ਲੁੱਕਵੀਂ ਖੇਡ ਦੀ ਗੱਲ ਕਰਾਂਗੇ ਜੋ ਕੁੱਝ ਸਮਾਜ ਵਿਰੋਧੀ ਅਨਸਰਾਂ ਵਲੋੰ ਇੱਕ ਖਾਸ ਏਜੰਡੇ ਤਹਿਤ ਚਲਾਈ ਜਾ ਰਹੀ ਹੈ। ਉਹਨਾਂ ਦਾ ਪਹਿਲਾ ਕਾਰਾ ਹੈ ਸਮਾਜ ਵਿੱਚ ਫਿਰਕਾਪ੍ਰਸਤੀ ਫੈਲਾ ਕੇ ਲੋਕਾਂ ਵਿੱਚ ਡਰ ਪੈਦਾ ਕਰਨਾ । ਦੂਜਾ ,ਸਰਕਾਰ ਨੂੰ ਬਦਨਾਮ ਕਰਨ ਲਈ ਮੌਕਾ ਲੱਭਣਾ ਕਿ ਸਰਕਾਰ ਕਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਫੇਲ ਹੋਵੇ। ਇਹਨਾਂ ਮਨਸੂਬਿਆਂ ਦੁਆਰਾ ਉਹ ਸਰਕਾਰ ਦੀ ਵਿਆਪਕ ਵੱਢੀਖੋਰੀ ਦੀ ਮੁਹਿੰਮ ਨੂੰ ਤਾਰਪੀਡੋ ਕਰਨਾ ਚਾਹੁੰਦੇ ਹਨ।

ਸਭ ਜਾਣਦੇ ਨੇ ਕਿ ਸੂਬੇ ਵਿੱਚ ਜਨਤਕ ਪੈਸੇ ਦੀ ਵੰਡ ਕਿੰਨੀ ਅਸਾਵੀਂ ਹੋ ਚੁੱਕੀ ਹੈ। ਪੜ੍ਹੇ ਲਿਖੇ ਨੌਜਵਾਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ, ਕੰਮਕਾਜ ਅਤੇ ਰੋਜ਼ਗਾਰ ਪੈਦਾ ਕਰਨ ਵਾਲੇ ਉਦਯੋਗਾਂ ਨੂੰ ਪਿਛਲੇ ਸਮੇਂ ਵਿੱਚ ਸਿਰਫ ਚੁਣਾਵੀ ਨਾਹਰਿਆਂ ਨਾਲ ਬੇਸ਼ਰਮੀ ਨਾਲ ਝੂਠ ਬੋਲਕੇ ਦਰਸਾਇਆ ਗਿਆ ਹੈ । ਉਦਯੋਗਪਤੀਆਂ ਨੂੰ ਸੂਬੇ ਵਿੱਚ ਸਾਫ ਸੁਥਰਾ ਮਹੌਲ ਦੇਣ ਦਾ ਭਰੋਸਾ ਜ਼ਮੀਨੀ ਪੱਧਰ ਤੇ ਨਜ਼ਰ ਨਾ ਆਉਣ ਕਰਕੇ ,ਗੁਆਂਢੀ ਰਾਜ ਲਾਹਾ ਲੈ ਗਏ ਸਨ। ਸ਼ਹਿਰਾਂ ਵਿੱਚ ਤਾਂ ਆਮ ਕਰਕੇ ਸਦਭਾਵਨਾ ਸੰਤੁਸ਼ਟੀ ਭਰਪੂਰ ਹੈ ਪਰ ਪਿੰਡਾਂ ਵਿੱਚ ਕੁੱਝ ਰਾਜਨੀਤੀ ਤੋਂ ਪ੍ਰੇਰਤ ਹਰਕਤਾਂ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਵਿੱਚ ਅਖੌਤੀ ਜੱਟ ਬਨਾਮ ਦਲਿਤ ਵਰਗ ਵਿੱਚ ਪਾੜੇ ਵਧਾਉਣ ਖਾਤਰ ਇਹ ਸਭ ਕੀਤਾ ਜਾ ਰਿਹਾ ਹੈ ।

ਪਿਛਲੇ ਸਮੇਂ ਵਿੱਚ ਵੀ ਸਮਾਜਿਕ ਫਿਜ਼ਾ ਵਿੱਚ ਜ਼ਹਿਰ ਘੋਲਣ ਖਾਤਰ ਇੱਕ ਗੁਰੂਦੁਆਰੇ ਦੇ ਗ੍ਰੰਥੀ ਸਿੰਘ ਦੀ ਵੀਡੀਉ ਵਾਇਰਲ ਹੋਈ , ਪੁਲਿਸ ਕੇਸ ਬਣਿਆ , ਬਦਨਾਮੀ ਅਤੇ ਚਰਚਾ ਕਰਵਾਈ ਪਰ ਸਹੀ ਤੱਥ ਕੁੱਝ ਹੋਰ ਨਿਕਲੇ । ਤਾਜ਼ਾ ਘਟਨਾ ਜਲੰਧਰ ਨੇੜੇ ਕਰਤਾਰਪੁਰ ਤਹਿਸੀਲ ਵਿੱਚ ਕੁੱਝ ਮੁੰਡਿਆਂ ਵਲੋਂ ਦੋ ਬਾਲਮੀਕ ਭਾਈਚਾਰੇ ਦੇ ਮਜਦੂਰ ਪਰਿਵਾਰ ਦੇ ਮੁੰਡਿਆਂ ਨੂੰ ਚੋਰੀ ਦੇ ਇਲਜ਼ਾਮ ਲਗਾ ਕੇ ਪਹਿਲਾਂ ਡੰਡਿਆਂ ਨਾਲ ਖੂਬ ਕੁੱਟਿਆ ਅਤੇ ਨਾਲ ਹੀ ਉਹਨਾਂ ਦੀ ਵਿਡੀਉ ਬਣਾ ਲਈ ਗਈ, ਜਿਸ ਵਿੱਚ ਲੜਕੇ ਮਿੰਨਤਾਂ ਵੀ ਕਰ ਰਹੇ ਨੇ ਕਿ ਉਹ ਚੋਰ ਨਹੀਂ ਹਨ। ਪੂਰੀ ਤਰਾਂ ਕੁੱਟਮਾਰ ਕਰਕੇ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਦੋਂ ਪਰਚਾ ਕੱਟਿਆ ਗਿਆ ਤਾਂ ਅਗਲੇ ਦਿਨ ਉਹ ਕੁੱਟ ਮਾਰ ਵਾਲੀ ਵਿਡੀਉ ਵੀ ਨਸ਼ਰ ਕਰ ਦਿੱਤੀ ਗਈ। ਵਿਡੀਉ ਦੇਖ ਕੇ ਕੋੰਈ ਇਨਸਾਫ ਪਸੰਦ ਪੰਜਾਬੀ ਗੁੱਸੇ ਬਿਨਾ ਨਹੀਂ ਰਹਿ ਸਕਦਾ । ਜਦੋਂ ਪੁਲਿਸ ਨੇ ਸਹੀ ਤਰੀਕੇ ਨਾਲ ਤਹਿਕੀਕਾਤ ਕੀਤੀ ਤਾਂ ਸਭ ਕੁੱਝ ਉਲੱਟਾ ਪਾਇਆ ਗਿਆ । ਹੁਣ ਉਹ ਕੁੱਟਮਾਰ ਕਰਨ ਵਾਲੇ ਜੱਟਾਂ ਦੇ ਮੁੰਡੇ ਪੁਲਿਸ ਠਾਣੇ ਵਿੱਚ ਬੰਦ ਹਨ। ਪਤਾ ਲੱਗਾ ਹੈ ਕਿ ਕੁੱਝ ਧਾਰਮਿਕ ਡੇਰੇਦਾਰਾਂ ਨੇ ਵੀ ਬਲਦੀ ਉੱਤੇ ਤੇਲ ਪਾਉਣ ਲਈ ਇੱਕ ਵਰਗ ਦੇ ਹੱਕ ਵਿੱਚ ਮੋਰਚਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ।

ਇਸ ਤਰਾਂ ਦੀਆਂ ਹਰਕਤਾਂ ਅਕਸਰ ਸ਼ਹਿਰਾਂ ਤੋਂ ਹੱਟਵੇਂ ਪਿੰਡਾਂ ਵਿੱਚ ਵਾਪਰਦੀਆਂ ਹਨ। ਤਕਰਾਰ ਦੀ ਵਜ੍ਹਾ ਕੋਈ ਹੋਰ ਹੁੰਦੀ ਹੈ । ਇਸੇ ਹੀ ਸੰਦਰਭ ਵਿੱਚ ਕੁੱਝ ਪਿੰਡਾਂ ਵਿੱਚ ਜਗੀਰੂ ਸੋਚ ਦੇ ਧਾਰਨੀ ਹੈਂਕੜਬਾਜਾਂ ਵਲੋਂ ਗੁਰੂਘਰਾਂ ਚੋਂ ਝੋਨੇ ਦੀ ਲਵਾਈ ਜਾਂ ਸ਼ਾਮਲਾਟ ਜ਼ਮੀਨ ਵਿੱਚੋਂ ਦਲਿਤਾਂ ਦੇ ਬਣਦੇ ਤੀਜੇ ਹਿੱਸੇ ਦੀ ਜਮੀਨ ਤੋਂ ਕਬਜ਼ਾ ਨਾ ਹਟਾਉਣ ਵਰਗੀਆਂ ਘਟਨਾਵਾਂ ਵੀ ਵਾਪਰਦੀਆਂ ਹਨ । ਦਿੱਲੀ ਬਾਰਡਰ ਉੱਤੇ ਲੜੇ ਗਏ ਲੰਮੇ ਕਿਸਾਨ ਮੋਰਚੇ ਵਿੱਚ ਇਕੱਠੀਆਂ ਰਹੀਆਂ ਕਿਸਾਨ ਜਥੇਬੰਦੀਆਂ ਵੀ ਹੁਣ ਕਈ ਸਮਾਜਿਕ ਮੁੱਦਿਆਂ ਤੇ ਆਹਮੋ ਸਾਹਮਣੇ ਹੋ ਜਾਂਦੀਆਂ ਹਨ।

ਇਹ ਸਭ ਵਰਤਾਰਾ ਇੱਕ ਗੱਲ ਤਾਂ ਪੱਕੀ ਤਰਾਂ ਜ਼ਾਹਿਰ ਕਰਦਾ ਹੈ ਕਿ ਪਿੰਡਾਂ ਵਿੱਚ ਵਸਦੇ ਬੇਜ਼ਮੀਨੇ ਦਲਿਤ ਪਰਿਵਾਰ ਅਕਸਰ ਮ਼ੁਸ਼ਟੰਡੇ ਮੁੰਡਿਆਂ ਦੀ ਜਿ਼ਆਦਤੀਆਂ ਦਾ ਸ਼ਿਕਾਰ ਹੁੰਦੇ ਹਨ। ਭਾਂਵੇ ਕਿ ਪੰਜਾਬ ਦੇ ਲੱਗਭਗ ਤੇਰਾਂ ਹਜਾਰ ਪਿੰਡਾਂ ਵਿੱਚੋਂ ਕੁੱਝ ਕੁ ਇਲਾਕਿਆਂ ਵਿੱਚ ਹੀ ਅਜਿਹੀਆਂ ਵਾਰਦਾਤਾਂ ਰਿਪੋਰਟ ਹੁੰਦੀਆਂ ਹਨ ਪਰ ਸੂਚਨਾ ਦੇ ਫੈਲਣ ਦੀ ਰਫਤਾਰ ਵਿੱਚ ਤੇਜ਼ੀ ਆਉਣ ਕਰਕੇ ਅਤੇ ਨੌਜਵਾਨਾਂ ਵਿੱਚ ਹਰ ਵਿਡੀਉ ਨੂੰ ਸ਼ੇਅਰ ਕਰਨ ਦੀ ਕਾਹਲੀ ਹੋਣ ਕਰਕੇ ਬਹੁਤੀ ਵਾਰੀ ਅਜਿਹੇ ਝਗੜੇ ਤਨਾਅਪੂਰਣ ਸਥਿਤੀ ਬਣਾ ਦਿੰਦੇ ਹਨ।

ਸੋ ਅਸੀਂ ਸਰਕਾਰ , ਸਮਾਜਸੇਵੀ ਜਥੇਬੰਦੀਆਂ , ਧਾਰਮਿਕ ਹਸਤੀਆਂ , ਕਿਸਾਨ ਜਥੇਬੰਦੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਹਨਾਂ ਚੰਗਿਆੜੀਆਂ ਨੂੰ ਤੁਰੰਤ ਸਖਤੀ ਨਾਲ ਬੰਦ ਕੀਤਾ ਜਾਵੇ । ਨਿਰਦੋਸ਼ ਵਿਅਕਤੀਆਂ ਨੂੰ ਹਿਫਾਜ਼ਤ ਦਾ ਅਹਿਸਾਸ ਮਿਲੇ ਅਤੇ ਦੋਸ਼ੀਆਂ ਨੂੰ ਤੁਰੰਤ ਯੋਗ ਧਾਰਾਵਾਂ ਤਹਿਤ ਨਜ਼ਰਬੰਦ ਕੀਤਾ ਜਾਵੇ। ਹਰ ਸੰਸਥਾ ਜਾਂ ਪੰਚਾਇਤਾਂ ਰਾਜਨੀਤੀ ਕਰਨ ਦੀ ਬਜਾਏ, ਪੁਲੀਸ ਨੂੰ ਸਹੀ ਸੂਚਨਾ ਦੇ ਕੇ ਪੰਜਾਬ ਵਿੱਚ ਅਮਨ ਅਤੇ ਸ਼ਾਤੀ ਬਰਕਰਾਰ ਰੱਖਣ ਵਿੱਚ ਭਾਈਚਾਰਕ ਸਦਭਾਵਨਾ , ਪਿਆਰ ਅਤੇ ਸਾਂਝ ਦਾ ਨਿੱਗਰ ਸਬੂਤ ਦੇਣ । ਸਰਹੱਦੀ ਸੂਬਾ ਹੋਣ ਕਰਕੇ ਅਸੀਂ ਜਾਤੀ ਦੰਗਿਆਂ ਦਾ ਖਤਰਾ ਮੁੱਲ ਨਹੀਂ ਲੈ ਸਕਦੇ ।

ਕੇਵਲ ਸਿੰਘ ਰੱਤੜਾ
[email protected]

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਉ ਦਿਵਾਲ਼ੀ ਮਨਾਈਏ !
Next articleਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਾਂ ਦੀ ਚੈਕਿੰਗ