ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਅਕਤੂਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 10 ਲੱਖ ਲੋਕਾਂ ਦੀ ਭਰਤੀ ਲਈ ਰੁਜ਼ਗਾਰ ਮੇਲੇ ਦੀ ਸ਼ੁਰੂਆਤ ਕਰਨਗੇ ਅਤੇ ਸਮਾਰੋਹ ਦੌਰਾਨ 75,000 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਵੀਰਵਾਰ ਨੂੰ ਕਿਹਾ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਦੀ ਨਿਰੰਤਰ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇਹ ਇੱਕ ਮਹੱਤਵਪੂਰਨ ਕਦਮ ਹੋਵੇਗਾ।
ਬੇਰੁਜ਼ਗਾਰੀ ਦੇ ਮੁੱਦੇ ’ਤੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਦੀ ਵਿਰੋਧੀ ਧਿਰ ਵੱਲੋਂ ਲਗਾਤਾਰ ਆਲੋਚਨਾ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨਾਲ ਭਾਜਪਾ ਨੂੰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਚੋਣਾਂ ਦੌਰਾਨ ਵਿਰੋਧੀ ਧਿਰ ਦਾ ਟਾਕਰਾ ਕਰਨ ’ਚ ਸਹਾਇਤਾ ਮਿਲੇਗੀ। ਇਸ ਸਾਲ ਜੂਨ ਵਿੱਚ ਸ੍ਰੀ ਮੋਦੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ਨੂੰ ਅਗਲੇ ਡੇਢ ਸਾਲ ਵਿੱਚ 10 ਲੱਖ ਲੋਕਾਂ ਦੀ ਭਰਤੀ ਕਰਨ ਲਈ ਕਿਹਾ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਸਾਰੇ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ’ਚ ਖਾਲੀ ਪਏ ਅਹੁਦਿਆਂ ਦੀ ਸਮੀਖਿਆ ਕਰਨ ਮਗਰੋਂ ਸ੍ਰੀ ਮੋਦੀ ਵੱਲੋਂ ਨਿਰਦੇਸ਼ ਜਾਰੀ ਹੋਏ ਹਨ।
ਦੇਸ਼ ਭਰ ’ਚੋਂ ਭਰਤੀ ਕੀਤੇ ਗਏ ਨੌਜਵਾਨਾਂ ਨੂੰ ਕੇਂਦਰ ਸਰਕਾਰ ਦੇ 38 ਮੰਤਰਾਲਿਆਂ ਜਾਂ ਵਿਭਾਗਾਂ ’ਚ ਗਰੁੱਪ ਏ ਅਤੇ ਬੀ (ਗਜ਼ਟਿਡ), ਗਰੁੱਪ ਬੀ (ਨਾਨ ਗਜ਼ਟਿਡ) ਅਤੇ ਗਰੁੱਪ ਸੀ ’ਚ ਵੱਖ ਵੱਖ ਅਹੁਦਿਆਂ ’ਤੇ ਤਾਇਨਾਤ ਕੀਤਾ ਜਾਵੇਗਾ। ਜਿਹੜੇ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ, ਉਨ੍ਹਾਂ ’ਚ ਕੇਂਦਰੀ ਹਥਿਆਰਬੰਦ ਬਲ ’ਚ ਸਬ-ਇੰਸਪੈਕਟਰ, ਕਾਂਸਟੇਬਲ, ਐੱਲਡੀਸੀ, ਸਟੈਨੋ, ਪੀਏ, ਇਨਕਮ ਟੈਕਸ ਇੰਸਪੈਕਟਰ ਅਤੇ ਐੱਮਟੀਐੱਸ ਆਦਿ ਸ਼ਾਮਲ ਹਨ। ਇਹ ਨਿਯੁਕਤੀਆਂ ਮੰਤਰਾਲਿਆਂ ਅਤੇ ਵਿਭਾਗਾਂ ਵੱਲੋਂ ਖੁਦ ਜਾਂ ਯੂਪੀਐੱਸਸੀ, ਐੱਸਐੱਸਸੀ ਅਤੇ ਰੇਲਵੇ ਭਰਤੀ ਬੋਰਡ ਜਿਹੀਆਂ ਏਜੰਸੀਆਂ ਰਾਹੀਂ ਕੀਤੀ ਜਾਂਦੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly