ਚੰਨੋ

(ਸਮਾਜ ਵੀਕਲੀ)

ਚੰਨੋਸੋਹਣੀ ਸੁਨੱਖੀ ਮੁਟਿਆਰ ਜਿਸ ਦੀ ਜਵਾਨੀ ਦਾ ਜੋਬਨ ਸਿਖਰਾਂ ਤੇ ਸੀ ।ਉਹ ਗ਼ਰੀਬ ਮਾਪਿਆਂ ਦੀ ਧੀ ਸੀ। ਉਸ ਦਾ ਬਾਪੂ ਸ਼ਾਹੂਕਾਰਾਂ ਦੇ ਘਰ ਕੰਮ ਕਰਦਾ ਅਤੇ ਖੇਤਾਂ ਵਿੱਚ ਜਾ ਕੇ ਵੀ ਹੱਥ ਵਟਾਉਂਦਾ ਸੀ ।

ਚੰਨੋ ਨੇਕ ਦਿਲ ਤੇ ਸਾਊ ਸੁਭਾਅ ਦੀ ਕੁੜੀ ਸੀ ।ਉਸ ਦੀ ਮਾਂ ਬਚਪਨ ਵਿੱਚ ਹੀ ਉਸ ਨੂੰ ਸਦੀਵੀ ਵਿਛੋੜਾ ਦੇ ਗਈ ।ਉਹ ਆਪਣੇ ਪਿਤਾ ਦੀ ਇਕਲੌਤੀ ਧੀ ਸੀ।ਕਦੇ ਵੀ ਉਸ ਨੂੰ ਉਸ ਦਾ ਪਿਤਾ ਇਕੱਲੀ ਨਹੀਂ ਛੱਡਦਾ ਸੀ, ਜਿਸ ਕਾਰਨ ਉਹ ਪੜ੍ਹੀ -ਲਿਖੀ ਵੀ ਨਹੀਂ ਸੀ। ਚੰਨੋ ਦਾ ਬਾਪੂ ਕੰਮ ਤੇ ਜਾਣ ਲੱਗਿਆ ।ਉਸ ਨੂੰ ਵੀ ਸ਼ਾਹੂਕਾਰ ਦੇ ਘਰ ਲੈ ਜਾਂਦਾ, ਉਹ ਸ਼ਾਹੂਕਾਰ ਦੀ ਧੀ ਅੰਬੋ ਨਾਲ ਖੇਡਦੀ ਰਹਿੰਦੀ ।

ਚੰਨੋ ਹੌਲੀ-ਹੌਲੀ ਮੁਟਿਆਰ ਹੋ ਗਈ ।ਉਸ ਦੇ ਹੁਸਨ ਦੇ ਚਰਚੇ ਹੋਣ ਲੱਗੇ, ਸਾਰਾ ਪਿੰਡ ਚੰਨੋ ਦੀ ਸੁੰਦਰਤਾ ਤੇ ਉਸ ਦੇ ਸੁਭਾਅ ਦੀ ਤਾਰੀਫ਼ ਕਰਦਾ। ਜਦੋਂ ਉਹ ਘਰੋਂ ਬਾਹਰ ਜਾਂਦੀ ਤਾਂ ਗਲੀ ਵਿੱਚ ਮੁੰਡੇ ਉਸ ਦਾ ਰਾਹ ਰੋਕਦੇ ।ਚੰਨੋ ਉਨ੍ਹਾਂ ਤੇ ਬਹੁਤ ਖਿੱਝਦੀ ,ਇੱਕ ਦਿਨ ਜੋ ਮੁੰਡਾ ਹਰ ਰੋਜ਼ ਉਸ ਨੂੰ ਪ੍ਰੇਸ਼ਾਨ ਕਰਦਾ ਸੀ।ਚੰਨੋ ਨੇ ਉਸ ਦੇ ਥੱਪੜ ਮਾਰਿਆ। ਉਹ ਮੁੰਡਾ ਚੰਨੋ ਵੱਲ ਬਿਟਰ- ਬਿਟਰ ਦੇਖਦਾ ਰਿਹਾ ਜਿਵੇਂ ਉਸ ਦੀਆਂ ਨਜ਼ਰਾਂ ਵਿੱਚ ਬਦਲਾ ਭਰ ਗਿਆ ਹੋਵੇ, ਫਿਰ ਉੱਥੋਂ ਚਲਾ ਗਿਆ ।

ਹੁਣ ਆਪਣੀ ਜਵਾਨ ਧੀ ਨੂੰ ਉਸ ਦਾ ਬਾਪੂ ਘਰ ਹੀ ਛੱਡ ਜਾਂਦਾ। ਉਹ ਘਰ ਦਾ ਸਾਰਾ ਕੰਮਕਾਜ ਸੰਭਾਲਦੀ ।

ਚੰਨੋ ਦੀ ਤਰ੍ਹਾਂ ਸ਼ਾਹੂਕਾਰ ਦੀ ਧੀ ਚੰਨੋ ਦੀ ਸਹੇਲੀ ਅੰਬੋ ਵੀ ਜਵਾਨ ਹੋ ਗਈ ਸੀ। ਸ਼ਾਹੂਕਾਰ ਨੇ ਉਸ ਦਾ ਵਿਆਹ ਆਪਣੇ ਤੋਂ ਵੀ ਤਕੜੇ ਘਰ ਤੈਅ ਕਰ ਦਿੱਤਾ । ਵਿਆਹ ਵਿੱਚ ਕੁਝ ਕੁ ਦਿਨ ਹੀ ਬਾਕੀ ਸਨ ।ਚੰਨੋ ਹਰ ਰੋਜ਼ ਅੰਬੋ ਨੂੰ ਮਿਲ ਜਾਂਦੀ ਤੇ ਕੰਮਕਾਜ ਵਿੱਚ ਵੀ ਹੱਥ ਵਟਾਉਂਦੀ।

ਅੰਬੋ ਦੇ ਵਿਆਹ ਵਾਲੇ ਦਿਨ ਉਸ ਦੇ ਕੱਪੜੇ ਤੇ ਗਹਿਣੇ ਦੇਖ ਕੇ ਚੰਨੋ ਹੈਰਾਨ ਹੋ ਗਈ ਕਿ ਇਹ ਕਿੰਨੇ ਸੁੰਦਰ ਹਨ ।ਇਹ ਦੇਖ ਕੇ ਚੰਨੋ ਆਪਣੇ ਵਿਆਹ ਦੇ ਸਜਣ ਸਵਰਨ ਦੇ ਚਾਅ ਦੀਆਂ ਅੰਗੜਾਈਆਂ ਲੈਣ ਲੱਗ ਪਈ ।

ਅੰਬੋ ਨੇ ਆਪਣੇ ਵਿਆਹ ਤੋਂ ਬਾਅਦ ਪੁਰਾਣੇ ਕੱਪੜੇ ਚੰਨੋ ਨੂੰ ਦੇ ਦਿੱਤੇ ।ਸ਼ਾਹੂਕਾਰ ਦੀ ਧੀ ਹੋਣ ਕਾਰਨ ਉਸ ਦੇ ਕੱਪੜੇ ਮਹਿੰਗੇ ਤੇ ਸਾਫ -ਸੁਥਰੇ ਹੀ ਸਨ ,ਚੰਨੋ ਰੋਜ਼ ਇਨ੍ਹਾਂ ਨੂੰ ਪਾ -ਪਾ ਕੇ ਦੇਖਦੀ ਤੇ ਸ਼ੀਸ਼ੇ ਅੱਗੇ ਖੜ੍ਹ ਕੇ ਖ਼ੁਦ ਨੂੰ ਨਿਹਾਰਦੀ ।

ਕੁਝ ਸਮਾਂ ਲੰਘਿਆ ਤਾਂ ਇੱਕ ਦਿਨ ਅਚਾਨਕ ਚੰਨੋ ਦੇ ਬਾਪੂ ਨੇ ਆ ਕੇ ਖ਼ਬਰ ਸੁਣਾਈ, ਕਿ ਉਸ ਦੀ ਸਹੇਲੀ ਇਸ ਦੁਨੀਆਂ ਵਿੱਚ ਨਹੀਂ ਰਹੀ। ਉਹ ਦਾਜ ਦੀ ਬਲੀ ਚੜ੍ਹ ਗਈ। ਇਸ ਸੁਣ ਕੇ ਚੰਨੋ ਜਿਵੇਂ ਸੁੱਧ- ਬੁੱਧ ਖੋ ਬੈਠੀ। ਜੋ ਉਸ ਦੇ ਮਨ ਵਿੱਚ ਵਿਆਹ ਦਾ ਸੀ ਚਾਅ ਮੱਠਾ ਜਿਹਾ ਪੈ ਗਿਆ।

ਰਾਤ ਨੂੰ ਉਹ ਪਈ ਆਸਮਾਨ ਵੱਲ ਇੰਜ ਤੱਕ ਰਹੀ ਸੀ ਜਿਵੇਂ ਉਸ ਨਾਲ ਆਪਣਾ ਦੁੱਖ- ਸੁੱਖ ਸਾਂਝਾ ਕਰ ਰਹੀ ਹੋਵੇ ਅਚਾਨਕ ਚੰਨੋ ਨੇ ਆਪਣੇ ਬਾਪੂ ਨੂੰ ਪੁੱਛਿਆ” ਆਪਾਂ ਤਾਂ ਗਰੀਬ ਹਾਂ ਕੁਝ ਵੀ ਨਹੀਂ ਆਪਣੇ ਕੋਲ, ਕੀ ਮੇਰੇ ਨਾਲ ਵੀ ਅਜਿਹਾ ਹੀ ਹੋਵੇਗਾ” ਚੰਨੋ ਦਾ ਬਾਪੂ ਸੁਣ ਕੇ ਸਹਿਮ ਗਿਆ ਤੇ ਕੁਝ ਦੇਰ ਬਾਅਦ ਖ਼ੁਦ ਨੂੰ ਸੰਭਾਲਦਾ ਹੋਇਆ ਬੋਲਿਆ, “ਨਹੀਂ ਧੀਏ” ਤੂੰ ਸੁੰਦਰ ਤੇ ਸੁਸ਼ੀਲ ਧੀਏ ਮੇਰੀ, ਤੈਨੂੰ ਸਭ ਪਿਆਰ ਕਰਨਗੇ। ਤੂੰ ਸਭ ਦਾ ਮਨ ਜਿੱਤ ਲਵੇਗੀ ।ਚੰਨੋ ਚੁੱਪ ਤਾਂ ਹੋ ਗਈ ਪਰ ਉਸ ਦਾ ਮਨ ਦਾ ਜਵਾਲਾ ਸ਼ਾਂਤ ਨਹੀਂ ਹੋ ਰਿਹਾ ਸੀ।

ਸਮਾਂ ਬੀਤ ਗਿਆ ਤੇ ਚੰਨੋ ਇਸ ਸਦਮੇ ਤੋਂ ਬਾਹਰ ਆ ਗਈ। ਉਹ ਫੇਰ ਪਹਿਲਾਂ ਵਾਂਗ ਚਹਿਕਣ ਲੱਗੀ।

ਇੱਕ ਦਿਨ ਅਚਾਨਕ ਸੁਨੇਹਾ ਆਇਆ ਕਿ ਚੰਨੋ ਦੇ ਬਾਪੂ ਨੇ ਛੇਤੀ ਹੀ ਉਸ ਨੂੰ ਸ਼ਾਹੂਕਾਰ ਦੇ ਖੇਤਾਂ ਵਿਚ ਬੁਲਾਇਆ ਹੈ, ਉਹ ਉੱਥੇ ਜਲਦੀ ਪਹੁੰਚੇ ।

ਚੰਨੋ ਘਬਰਾ ਗਈ ਕਿਉਂਕਿ ਉਸ ਦਾ ਬਾਪੂ ਬਜ਼ੁਰਗ ਹੋ ਗਿਆ ਸੀ ਤੇ ਬਿਮਾਰ ਰਹਿਣ ਲੱਗਾ ਸੀ। ਕੰਮਕਾਰ ਲਈ ਜਾਂਦਾ ਸੀ ਕਿਉਂਕਿ ਉਸ ਨੇ ਆਪਣੀ ਧੀ ਦਾ ਵਿਆਹ ਕਰਨਾ ਸੀ ।ਚੰਨੋ ਭੱਜਦੀ ਹੋਈ ਸ਼ਾਹੂਕਾਰ ਦੇ ਖੇਤਾਂ ਵਿਚ ਪਹੁੰਚੀ। ਜਦੋਂ ਜਾ ਕੇ ਦੇਖਿਆ ਤਾਂ ਉਸ ਨੂੰ ਕੋਈ ਨਜ਼ਰ ਨਹੀਂ ਆਇਆ ਚੰਨੋ ਆਪਣੇ ਬਾਪੂ ਨੂੰ ਆਵਾਜ਼ਾਂ ਮਾਰ ਰਹੀ ਸੀ ਤੇ ਘਬਰਾਹਟ ਕਾਰਨ ਬੇਹੋਸ਼ ਹੋ ਗਈ ।

ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਪਹਿਲਾਂ ਵਾਲੀ ਚੰਨੋ ਨਹੀਂ ਰਹੀ ਸੀ। ਉਸ ਦਾ ਲਹੂ- ਲੁਹਾਣ ਜ਼ਖ਼ਮੀ ਸਰੀਰ ਸੀ ਤਨ ਤੇ ਕੱਪੜੇ ਲੀਰਾਂ ਬਣ ਚੁੱਕੇ ਸਨ।

ਉਹ ਬੌਂਦਲੀ ਹੋਈ ਪਿੰਡ ਵਿੱਚ ਆਣ ਵੜੀ ।ਸਾਰਾ ਪਿੰਡ ਉਸ ਨੂੰ ਦੇਖ ਕੇ ਹੈਰਾਨ ਸੀ ,ਲੋਕ ਇਕੱਠੇ ਹੋ ਗਏ ਤੇ ਓਸ ਵੱਲ ਜਲੀਨ ਭਰੀਆਂ ਨਜ਼ਰਾਂ ਨਾਲ ਤੱਕਣ ਲੱਗੇ ।

ਪਰ ਚੰਨੋ ਦੀਆਂ ਮਾਸੂਮ ਅੱਖਾਂ ਵਿਚਲਾ ਦਰਦ, ਕੁਰਲਾਹਟਾਂ ਸਭ ਦਾ ਸੀਨਾ ਚੀਰ ਰਹੀਆਂ ਸਨ। ਕਿਸੇ ਦੀ ਹਿੰਮਤ ਨਹੀਂ ਸੀ ਕਿ ਇਸ ਨੂੰ ਕੋਈ ਸਵਾਲ ਕਰਦਾ ।ਅਚਾਨਕ ਉਸ ਦਾ ਬਾਪੂ ਆ ਗਿਆ ਜੋ ਉਸ ਨੂੰ ਦੇਖਦੇ ਸਾਰ ਹੀ ਮਿੱਟੀ ਹੋ ਗਿਆ ।

ਉਹ ਸ਼ਾਂਤ ਨਜ਼ਰਾਂ ਕੁਰਲਾ ਉੱਠੀਆਂ ਬੰਦ ਜ਼ੁਬਾਨ ਭਾਂਬੜ ਬਣ ਗਈ ਜੋ ਹਰ ਇਨਸਾਨ ਨੂੰ ਸਵਾਲ ਪੁੱਛ ਰਹੀ ਸੀ ਕਿ ਧੀ ਦਾ ਜੰਮਣਾ ਉਸ ਦਾ ਸੁੰਦਰ ਹੋਣਾ ਗੁਨਾਹ ਹੈ ?ਕਿਉਂ ਇਹ ਲੋਕ ਸੁੰਦਰ ਧੀਆਂ ਤੇ ਨੂੰਹਾਂ ਚਾਹੁੰਦੇ ਨੇ ਤਾਂ ਕੀ ਮਰਦ ਆਪਣਾ ਹਵਸ ਮਿਟਾ ਸਕਣ? ਜਾਂ ਫੇਰ ਨੂੰਹਾਂ ਨੂੰ ਦਾਜ ਦੀ ਬਲੀ ਚੜ੍ਹਾ ਸਕਣ ?

ਅਗਲੀ ਗੱਲ ਸੁਣ ਕੇ ਸਾਰਿਆਂ ਦਾ ਮਨ ਵਲੂੰਧਰਿਆ ਗਿਆ। ਚੰਨੋ ਨੇ ਚੀਰਵੀਂ ਆਵਾਜ਼ ਵਿਚ ਕਿਹਾ ਕਿ ਇਕ ਦਿਨ ਅਜਿਹਾ ਹੋਵੇਗਾ, ਹਰ ਧੀ ਦੀ ਕੁੱਖ ਬੰਜ਼ਰ ਹੋਵੇਗੀ। ਉਹ ਧੀ ਪੈਦਾ ਕਰਨ ਤੋਂ ਕੰਬੇਗੀ, ਹਵਸ਼ੀ ਮਰਦ ਬਾਰੇ ਸੋਚ ਕੇ ਆਪਣੇ ਪੁੱਤਰ ਤੋਂ ਡਰੇਗੀ ।

ਇਹ ਗੱਲਾਂ ਪਿੰਡ ਵਾਲਿਆਂ ਨੂੰ ਸਰਾਫ ਜਿਹਾ ਜਾਪਿਆ ਉਹ ਸੁੰਨ-ਸਾਨ ਹੋ ਗਏ। ਚੰਨੋ ਧਰਤੀ ਤੇ ਢਹਿ ਢੇਰੀ ਹੋ ਗਈ। ਪਰ ਉਸ ਦੀਆਂ ਦਰਦ ਭਰੀਆਂਆਵਾਜ਼ਾਂ ਪਿੰਡ ਵਾਲਿਆਂ ਦੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ ।

ਕੰਵਰਪ੍ਰੀਤ ਕੌਰ ਮਾਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਲਾ
Next article“ਏਹੁ ਹਮਾਰਾ ਜੀਵਣਾ ਹੈ -108