(ਸਮਾਜ ਵੀਕਲੀ)
ਅੱਜਕਲ ਜਲੰਧਰ ਦੀਆਂ ਸੜਕਾ ਤੇ ਅਮੇਰਿਕਾ ਦੀ ਗੱਡੀ ਨੰਬਰ UAE2IND ਆਮ ਘੁੰਮਦੀ ਨਜ਼ਰ ਆਉਂਦੀ ਹੈ ਲੋਕ ਇਸ ਗੱਡੀ ਨੂੰ ਦੇਖ ਕੇ ਖੂਬ ਹੈਰਾਨ ਹੁੰਦੇ ਹਨ ਕਿਉਂਕਿ ਇਸ ਦਾ ਸਟੇਅਰਿੰਗ ਖੱਬੇ ਪਾਸੇ ਹੈ। ਬਿਲਕੁੱਲ ਹੀ ਅਲੱਗ ਤਰੀਕੇ ਨਾਲ ਤਿਆਰ ਕੀਤੀ ਇਸ ਗੱਡੀ ਦੇ ਨੰਬਰ ਪਲੇਟ ਤੋਂ ਲੈ ਕੇ ਉੱਪਰ ਲੱਗੇ ਅਲੱਗ ਅਲੱਗ ਦੇਸ਼ਾਂ ਦੇ ਸਟਿੱਕਰ ਦੱਸਦੇ ਹਨ ਕਿ ਗੱਡੀ ਕਿਸੇ ਲੰਬੇ ਸਫ਼ਰ ਲਈ ਨਿਕਲੀ ਹੋਈ ਹੈ। ਜਦੋਂ ਵੀ ਕਿਸੇ ਦੀ ਨਜ਼ਰ ਇਸ ਦੇ ਨੰਬਰ ਅਤੇ ਸਟੇਰਿੰਗ ਤੇ ਪੈਂਦੀ ਹੈ ਤਾਂ ਹਰ ਕੋਈ ਇਸ ਗੱਡੀ ਨਾਲ ਇਕ ਫੋਟੋ ਜਰੂਰ ਲੈਣਾ ਚਾਹੁੰਦਾ ਹੈ।
ਅਸੀਂ ਗਲ ਕਰ ਰਹੇ ਹਾਂ ਲੰਮਾ ਪਿੰਡ ਜਲੰਧਰ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਦੀ, ਜੋਕਿ ਆਪਣਾ ਸ਼ੌਕ ਪੂਰਾ ਕਰਨ ਲਈ ਅਮੇਰਿਕਾ ਤੋ ਜਲੰਧਰ ਲਗਭਗ 25 ਹਜ਼ਾਰ ਕਿਲੋਮੀਟਰ ਤੋ ਵਧ ਆਪਣੀ ਗੱਡੀ ‘ਚ ਸਫ਼ਰ ਤੈਅ ਕਰਕੇ ਜੱਦੀ ਘਰ ਆਏ ਜੋਕਿ ਜਲੰਧਰ ਦੇ ਲੰਮਾ ਪਿੰਡ ਵਿੱਚ ਹੈ।
ਅਮੇਰਿਕਾ ਦੇ ਨਾਗਰਿਕ ਅਤੇ ਮੂਲ ਰੂਪ ਤੋਂ ਜਲੰਧਰ ਦੇ ਲੰਮਾ ਪਿੰਡ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਨੇ ਆਪਣਾ ਇਹ ਸਫਰ ਅਮੇਰਿਕਾ ਤੋਂ ਜਲੰਧਰ ਤੱਕ ਕਰੀਬ ਦੋ ਮਹੀਨਿਆਂ ‘ਚ ਪੂਰਾ ਕੀਤਾ। ਇਸ ਸਫ਼ਰ ਵਿੱਚ ਕਰੀਬ 25 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਕੇ ਵਾਹਗਾ ਬਾਰਡਰ ਰਾਹੀਂ ਭਾਰਤ ਵਿੱਚ ਦਾਖ਼ਲ ਹੋਏ। ਛੋਟੇ-ਵੱਡੇ ਕਈ ਮੁਲਕਾਂ ਵਿੱਚੋਂ ਹੁੰਦੇ ਹੋਏ ਆਪਣੇ ਘਰ ਪਹੁੰਚਣ ਵਾਲ਼ੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬ 35 ਸਾਲਾਂ ਤੋਂ ਕੈਲੀਫੋਰਨੀਆਂ ਵਿਚ ਅਪਣੇ ਪਰਿਵਾਰ ਸਮੇਤ ਰਹਿ ਰਹੇ ਹਨ।
ਦੋ ਸਾਲ ਪਹਿਲਾਂ ਜਦੋਂ ਕਰੋਨਾ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਸੀ, ਉਦੋਂ ਹੀ ਮੇਰੇ ਦਿਮਾਗ ਚ ਇਹ ਗੱਲ ਆਈ ਕਿ ਕੋਈ ਖਾਸ ਕੰਮ ਕੀਤਾ ਜਾਏ ਜਿਹਨੂੰ ਦੁਨੀਆਂ ਦੇ ਨਾਲ ਨਾਲ ਮੇਰੀਆਂ ਆਉਣ ਵਾਲਿਆਂ ਪੀੜ੍ਹੀਆਂ ਵੀ ਯਾਦ ਰੱਖਣ, ਇਸ ਲਈ ਮੈ ਆਪਣੇ ਪੰਜਾਬ ਅਤੇ ਜੱਦੀ ਘਰ ਜਾਣ ਲਈ ਆਪਨੀ ਹੀ ਗੱਡੀ ਤੇ ਮਨ ਬਣਾਇਆ। ਇਹ ਕੰਮ ਜਿਨ੍ਹਾ ਕਹਿਣਾ ਸੌਖਾ ਸੀ ਪਰ ਉਸ ਤੋਂ ਕਿਤੇ ਜ਼ਿਆਦਾ ਕਰਨਾ ਔਖਾ ਸੀ। ਮੇਰੇ ਪਰਿਵਾਰ ਚ ਮੇਰੀ ਘਰਵਾਲੀ ਤੇ ਮੇਰੇ ਬੇਟੇ ਵਲੋਂ ਇਸ ਕੰਮ ਦਾ ਪਹਿਲਾਂ ਤਾਂ ਮਜ਼ਾਕ ਬਣਾਇਆ ਗਿਆ ਅਤੇ ਬਾਅਦ ‘ਚ ਵਿਰੋਧ ਵੀ ਕੀਤਾ ਗਿਆ।
ਕਰੀਬ ਦੋ ਸਾਲ ਤੋਂ ਵਧ ਦਾ ਸਮਾਂ ਲੱਗਾ ਮੈਨੂੰ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ। ਸਭ ਤੋਂ ਪਹਿਲਾਂ ਮੈ ਓਹਨਾਂ ਸਾਰੇ ਦੇਸ਼ਾਂ ਤੋਂ ਵੀਜ਼ਾ ਲਿਆ ਜਿਨ੍ਹਾਂ ਦੇਸ਼ਾਂ ਤੋਂ ਮੈ ਅਪਣੀ ਗੱਡੀ ਤੇ ਸੜਕੀ ਸਫਰ ਕਰਨਾ ਸੀ। ਉਸ ਤੋਂ ਬਾਅਦ ਮੈ ਆਪਣੀ ਲਗਜ਼ਰੀ ਗੱਡੀ ਤੇ ਵਿਸ਼ੇਸ਼ ਨੰਬਰ ਪਲੇਟ UAE2IND ਲਗਵਾ ਕੇ ਅਗਸਤ ਵਿੱਚ ਸਫ਼ਰ ਸ਼ੁਰੂ ਕੀਤਾ, ਜਿਸ ਤੋਂ ਬਾਅਦ ਮੈਂ ਕੈਨੇਡਾ, ਲੰਡਨ, ਬੈਲਜੀਅਮ, ਜਰਮਨੀ, ਸਵਿਸ, ਆਸਟਰੀਆ, ਹੰਗਰੀ, ਸਰਬੀਆ, ਤੁਰਕੀ, ਈਰਾਨ, ਪਾਕਿਸਤਾਨ ਤੋ ਇਲਾਵਾ ਕਈ ਛੋਟੇ ਛੋਟੇ ਦੇਸ਼ਾਂ ਤੋ ਹੁੰਦਾ ਹੋਈਆ ਵਾਹਗਾ ਬਾਰਡਰ ਰਾਹੀਂ ਆਪਨੇ ਦੇਸ਼ ‘ਚ ਅਕਤੂਬਰ ਦੇ ਪਹਿਲੇ ਹਫਤੇ ਦਾਖਿਲ ਹੋਈਆ।
ਲਖਵਿੰਦਰ ਸਿੰਘ ਦਸਦੇ ਹਨ ਕਿ ਆਪਣੇ ਇਸ ਸਫ਼ਰ ਦੌਰਾਨ ਕਰੀਬ 22 ਦੇਸ਼ਾਂ ਦੇ ਲੋਕਾਂ ਨਾਲ ਓਹਨਾਂ ਦੀ ਮੁਲਾਕਾਤ ਹੋਈ। ਜਿਨ੍ਹਾਂ ਤੋਂ ਉਹਨਾਂ ਨੂੰ ਬੇਹੱਦ ਪਿਆਰ ਤੇ ਸਤਿਕਾਰ ਮਿਲਿਆ। ਕਈ ਦੇਸ਼ਾਂ ਵਿੱਚ ਤਾਂ ਲੋਕਾਂ ਨੇ ਮੇਰੀ ਗੱਡੀ ਵਿੱਚ ਤੇਲ ਪਵਾਉਣ ਦੇ ਨਾਲ ਮੈਨੂ ਅਪਣੇ ਘਰ ਰਾਤ ਰਹਿਣ ਤੱਕ ਲਈ ਵੀ ਆਖਿਆ। ਪਰ ਮੈਂ ਇਹਨਾਂ ਸਭ ਨੂੰ ਨਾ ਕਹਿੰਦੇ ਹੋਏ ਆਪਣੀ ਮੰਜ਼ਿਲ ਵੱਲ ਵਧਦਾ ਗਿਆ। ਉਸ ਦੇ ਮੁਤਾਬਿਕ ਰਸਤੇ ਵਿਚ ਲੋਕ ਉਸ ਦੀ ਗੱਡੀ ਦੇ ਨਾਲ ਅਤੇ ਉਸ ਦੇ ਨਾਲ ਫੋਟੋਆਂ ਖਿਚਵਾਉਂਦੇ ਰਹੇ, ਆਪਣੇ ਹੌਂਸਲੇ ਅਤੇ ਲੋਕਾਂ ਦੇ ਪਿਆਰ ਸਦਕਾ ਉਹ ਆਪਣੇ ਪਿੰਡ ਜਲੰਧਰ ਪਹੁੰਚਣ ਵਿੱਚ ਸਫ਼ਲ ਹੋਏ। ਜਿਸ ਤੇ ਅੱਜ ਉਸ ਦਾ ਸਾਰਾ ਪਰਿਵਾਰ ਬੇਹੱਦ ਖੁਸ਼ੀ ਦੇ ਨਾਲ ਅਪਣੇ ਆਪ ਤੇ ਮਾਣ ਵੀ ਮਹਿਸੂਸ ਕਰ ਰਿਹਾ ਹੈ।
ਬਲਦੇਵ ਸਿੰਘ ਬੇਦੀ
ਜਲੰਧਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly