(ਸਮਾਜ ਵੀਕਲੀ)
ਮਹਾਨ ਸਮਾਜਵਾਦੀ ਅਕਤੂਬਰ ਇਨਕਲਾਬ, 1917 ਦਾ ਰੂਸ ਅੰਦਰ ਸਫ਼ਲ ਹੋਣਾ ਦੁਨੀਆਂ ਦੀ ਪਹਿਲੀ ਮਾਰਕਸਵਾਦੀ ਲੈਨਿਨਵਾਦੀ ਜਿੱਤ ਸੀ, ਜਿਸਨੇ ਕਿਰਤੀ ਜਮਾਤ ਨੂੰ ਪਹਿਲੀ ਵਾਰ ਰਾਜਸਤਾ ਤੇ ਬੈਠਾਇਆ ਸੀ ! ਮਨੁੱਖੀ ਇਤਿਹਾਸ ਅੰਦਰ 7-ਨਵੰਬਰ, 1917 (ਉਸ ਵੇਲੇ ਦੇ ਕਲੰਡਰ ਮੁਤਾਬਿਕ ਰੂਸੀ 25-ਅਕਤੂਬਰ) ਇਕ ਪਹਿਲੀ ਸਮਾਜਕ-ਆਰਥਿਕ ਤੇ ਰਾਜਨੀਤਕ ਘਟਨਾ ਸੀ ਜਿਸ ਨੇ ਸਮਾਜ ਅੰਦਰ ਰਾਜਸਤਾ ‘ਤੇ ਕਾਬਜ਼ ਪੂੰਜੀਵਾਦੀ ਵਿਵੱਸਥਾ ਦੀ ਥਾਂ ਸਮਾਜਵਾਦੀ ‘ਤੇ ਅੱਗੋ ਵਲ ‘ਸਾਮਵਾਦੀ` ਰਾਹ ਨੂੰ ਮੋੜਾ ਕੱਟਿਆ। ਰੂਸ ਅੰਦਰ ਇਹ ਸਮਾਜਵਾਦੀ ਇਨਕਲਾਬ ਇਤਿਹਾਸਕ ਨਿਯਮਾਂ ਅਧੀਨ ਇਕ ਜਮਾਤੀ ਬਦਲਾਅ ਸੀ।
ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਇਹ ਪਹਿਲਾ ਕਿਰਤੀ ਜਮਾਤ ਵੱਲੋਂ ਕਿਸਾਨੀ ਭਾਈਵਾਲੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਸੰਪੰਨ ਹੋਇਆ ਸਮਾਜਵਾਦੀ ਇਨਕਲਾਬ ਸੀ ਜਿਸ ਦੀ ਅਗਵਾਨੀ ਲੈਨਿਨ ਨੇ ਕੀਤੀ ਸੀ, ਜਿਸ ਦੀ ਵਾਂਗਡੋਰ ਰੂਸੀ ਸੋਸ਼ਲ ਡੈਮੋਕਰੈਟਿਕ ਲੇਬਰ ਪਾਰਟੀ (ਬਾਲਸ਼ਵਿਕ) ਪਾਸ ਸੀ। ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ, 1917 ਨੇ ਦੁਨੀਆਂ ਅੰਦਰ ਆਵਾਮ ਦੇ ਭੱਖਵੇਂ ਬੁਨਿਆਦੀ ਮੱਸਲਿਆਂ ਦੇ ਹਲ ਲਈ ‘ਤੇ ਕਿਰਤੀ ਜਮਾਤ ਦੀ ਮੁਕਤੀ ਦਾ ਰਾਹ ਖੋਲ੍ਹਿਆ। ਸਮਾਜ ਦੇ ਭਵਿੱਖੀ ਪੇਸ਼ ਸਮੱਸਅਿਾਵਾਂ ਦੇ ਵਿਧੀਵਤ ਹੱਲ, ਸੰਸਾਰ ਅਮਨ, ਜੰਗ ਵਿਰੁਧ ਅਤੇ ਮਨੁੱਖਤਾ ਦੀ ਭਲਾਈ ਲਈ ਸਮਾਜਵਾਦੀ ਢੰਗ-ਤਰੀਕਿਆਂ ਨੂੰ ਉਜਾਗਰ ਕੀਤਾ।
ਮਹਾਨ ਅਕਤੂਬਰ ਸਮਾਜਵਾਦੀ ਰੂਸੀ ਇਨਕਲਾਬ 1917, 20-ਵੀੇਂ ਸਦੀ ਦੀ ਸਭ ਤੋਂ ਵੱਧ ਜਮਾਤੀ ਇਤਿਹਾਸਕ ਘਟਨਾ ਸੀ, ਜਿਸ ਨੇ ਰੂਸ ਦੀ ਕਿਰਤੀ-ਜਮਾਤ ਦੀ ਮੁਕਤੀ ਲਈ ਹੀ ਨਹੀਂ ਸਗੋਂ ਦੁਨੀਆਂ ਅੰਦਰ ਪੂੰਜੀਵਾਦੀ ਲੁੱਟ-ਚੋਂਘ ਦੇ ਨਿਜ਼ਾਮ ਤੋਂ ਕਿਰਤੀ ਜਮਾਤ ਨੂੰ ਸ਼ੋਸ਼ਣ ਵਿਰੁਧ ਲੜਨ ਲਈ ਹੱਲਾਸ਼ੇਰੀ ਦਿੱਤੀ।ਇਸ ਤਬਦੀਲੀ ਨੇ ਦੁਨੀਆਂ ‘ਚ ਲੁੱਟ ਖਸੁੱਟ ਅਤੇ ਸਾਰੀਆਂ ਨਾ-ਬਰਾਬਰੀ ਵਾਲੀਆਂ ਧਾਰਨਾਵਾਂ ਨੂੰ ਲਲਕਾਰਿਆ। ਸਦੀਆਂ ਤੋਂ ਚਲੇ ਆ ਰਹੇ ਪੁਰਾਣੇ ਵਰਗੀ ਗਲਸੜੇ ਰਾਜ-ਪ੍ਰਬੰਧਾਂ ਵਿਰੁਧ, ਕਿਰਤੀਆਂ, ਕਿਸਾਨਾਂ, ਇਸਤਰੀਆ, ਨੌਜਵਾਨਾਂ, ਗਰੀਬ ਕੌਮਾਂ ‘ਤੇ ਗੁਲਾਮ ਦੇਸ਼ਾਂ ਅੰਦਰ ਹੁੰਦੀ ਲੁੱਟ-ਚੋਂਘ ਵਾਲੀ ਰਾਜਸੀ ਮਾਨਸਿਕਤ ਦੇ ਖਾਤਮੇ ਲਈ ਮੁਕਤੀ ਪਾਉਣ ਲਈ ਲੜਨ ਅਤੇ ਸੰਘਰਸ਼ ਕਰਨ ਲਈ ਕਿਰਤੀ ਵਰਗ ਦੀਆਂ ਅਥਾਹ ਸੰਭਾਵਨਾਵਾਂ ਨੂੰ ਬਲ ਬਖਸ਼ਿਆ। ਇਸ ਪ੍ਰਕਿਰਿਆ ਨੇ ਪਹਿਲੀ ਵਾਰ ਰੂਸ ਅੰਦਰ ਕਿਰਤੀ ਜਮਾਤ ਨੂੰ ਰਾਜਸਤਾ ਤੱਕ ਪੁੱਜਣ ਲਈ ਬਲ ਦਿੱਤਾ।
ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ-1917 ਨੇ, ਸੰਸਾਰ ਅੰਦਰ ਪਹਿਲੀ ਵਾਰ ਕਿਰਤੀ ਜਮਾਤ ਦੀ ਅਗਵਾਈ ਵਿੱਚ ਪ੍ਰੋਲਤਾਰੀ ਰਾਜਸਤਾ ਦੀ ਸਥਾਪਨਾ ਦਾ ਮੁਢ ਬੰਨ੍ਹਿਆ। ਕਾਰਲ ਮਾਰਕਸ ਤੇ ਐਫ.ਏਂਗਲਜ਼ ਦੇ ਲੁੱਟ-ਰਹਿਤ ਸਮਾਜ ਵਾਲੇ ਫਲਸਫ਼ੇ ਨੂੰ, ਪਹਿਲੀਵਾਰ ਲੈਨਿਨ ਨੇ ਬਾਲਸ਼ਵਿਕ ਪਾਰਟੀ (ਕਮਿਊਨਿਸਟ ਪਾਰਟੀ) ਦੀ ਅਗਵਾਈ ਵਿੱਚ ਰੂਸ ਅੰਦਰ ਅਮਲੀ ਜਾਮਾ ਪਹਿਨਾਅ ਕੇ ਦੁਨੀਆਂ ਅੰਦਰ ਕਿਰਤੀ ਜਮਾਤ ਨੂੰ ਰਾਜਸੀ ਮਾਨਤਾ ਦਿਵਾਉਣ ਦਾ ਅਰੰਭ ਕੀਤਾ ਸੀ।
ਨਾ-ਬਰਾਬਰੀ ਵਾਲੀਆਂ ਸਦੀਆਂ ਪੁਰਾਣੀਆਂ ਮਿੱਥਾਂ ਨੂੰ ਚੱਕਨਾਚੂਰ ਕਰਦੇ ਹੋਏ ਮਨੁੱਖੀ ਸਮਾਜ ਅੰਦਰ ਇਕ ਸਮਾਜਕ ਬਰਾਬਰੀ ਦਾ ਰਾਹ ਖੋਲ੍ਹ ਕੇ ਇਕ ਨਵੇਂ ਇਤਿਹਾਸ ਨੂੰ ਅਮਲੀ ਰੂਪ ਦੇ ਕੇ ਸਮਾਜਵਾਦੀ ਮਨੁੱਖੀ ਹੋਣ ਨੂੰ ਅਸਲੀ ਰੂਪ ਵਿੱਚ ਜਨਮ ਦਿੱਤਾ ਸੀ। ਮਹਾਨ ਰੂਸੀ ਕ੍ਰਾਂਤੀ ਦੌਰਾਨ ਹਾਜ਼ਰ ਮਸ਼ਹੂਰ ਅਮਰੀਕੀ ਪੱਤਰਕਾਰ ‘‘ਜੌਹਨ ਰੀਡ“ ਨੇ ਇਸ ਇਤਿਹਾਸਕ ਘਟਨਾ ਨੂੰ ਹੱਡੀ ਹੰਡਾਉਦੇ ਹੋਏ ਲਿਖਿਆ ਸੀ, ‘‘ਦਸ-ਦਿਨ ਜਿਸ ਨੇ ਦੁਨੀਆਂ ਹਿਲਾ ਦਿੱਤੀ“ ਦਾ ਨਾਂ ਦੇ ਕੇ ਇਕ ਹਕੀਕੀ ਅਤੇ ਇਤਿਹਾਸਕ ਘਟਨਾ ਬਣਾ ਕੇ ਦੁਨੀਆਂ ਨੂੰ ਜਾਗਰੂਕ ਕਰਨ ਲਈ ਢੰਡੋਰਾ ਦਿੱਤਾ ਸੀ।
ਦੁਨੀਆਂ ਅੰਦਰ ਭਾਵੇਂ ਬਹੁਤ ਸਾਰੀਆਂ ਅਚੇਤ ਸਮਾਜਕ ਤਬਦੀਲੀਆਂ ਹੁੰਦੀਆਂ ਰਹੀਆਂ ਹਨ। ਪਰ ਸੁਚੇਤ ਤੌਰ ‘ਤੇ ਦੁਨੀਆਂ ਅੰਦਰ ਪੈਦਾਵਾਰੀ ਸਾਧਾਨਾਂ ਦੀ ਨਿਜੀ ਮਾਲਕੀ ਵਾਲੀ ਧੌਂਸ ਭਰੀ ਰਾਜਸਤਾ ਨੂੰ ਖਤਮ ਕਰਕੇ ਮਨੁੱਖ ਹੱਥੋਂ ਮਨੁੱਖ ਰਾਹੀ ਮਨੁੱਖੀ ਕਿਰਤ ਦੀ ਹੁੰਦੀ ਲੁੱਟ-ਖਸੁੱਟ (ਸ਼ੋਸ਼ਣ) ਵਾਲੇ ਰਾਜ ਪ੍ਰਬੰਧ ਦੀ ਥਾਂ, ‘ਕਿਰਤੀ-ਜਮਾਤ ਨੂੰ ਹਕੀਤੀ ਤੇ ਅਮਲੀ ਤੌਰ ‘ਤੇ ਮਾਲਕੀ ਦਾ ਅਧਿਕਾਰ 1917 ਨੂੰ ਪਹਿਲੀ ਵਾਰ ਸੋਵੀਅਤ ਰੂਸ ਅੰਦਰ ਹੀ ਪ੍ਰਾਪਤ ਹੋਇਆ ਸੀ।
ਮਹਾਨ ਅਕਤੂਬਰ ਇਨਕਲਾਬ ਜਿਸ ਦੀ ਪ੍ਰਾਪਤੀ ਜੱਥੇਬੰਦਕ ਅਤੇ ਸੁਚੇਤ ਢੰਗ ਨਾਲ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਹੋਈ ਇਕ ਸਮਾਜਿਕ ਤਬਦੀਲੀ, ਜਿਸ ਨੇ ਅਮਲ ਵਿੱਚ ਪਹਿਲੀ ਵਾਰ ਰੂਸ ਅੰਦਰ ਰਾਜਸਤਾ ਦੱਬੇ-ਕੁਚਲੇ ਲੋਕਾਂ ਕਿਰਤੀ ਵਰਗ ਦੇ ਹੱਥਾਂ ‘ਚ ਦੇ ਕੇ ਇਕ ਰਾਜਸੀ ਸਿਫ਼ਤੀ ਤਬਦੀਲੀ ਨੂੰ ਜਨਮ ਦਿੱਤਾ ਸੀ। ਇਸ ਤਬਲੀਲੀ ਨੇ ਰੂਸ ਹੀ ਨਹੀਂ ਸਗੋਂ ਦੁਨੀਆਂ ਭਰ ‘ਚ ਲੁੱਟ-ਖਸੁੱਟ ਅਤੇ ਨਾ-ਬਰਾਬਰੀ ‘ਤੇ ਗੁਲਾਮ ਦੇਸ਼ਾਂ ਅੰਦਰ ਬਸਤੀਵਾਦੀ ਧੌਂਸ ‘ਤੇ ਲੁੱਟ-ਚੋਂਘ ਵਾਲੀ ਰਾਜਸੀ ਮਾਨਸਿਕਤਾ ਦੇ ਖਾਤਮੇ ਵਿਰੁਧ ਇਕ ਤਕੜੀ ਲਹਿਰ ਨੂੰ ਜਨਮ ਦਿੱਤਾ ਸੀੇ।
ਧਿਆਨ ਮਾਰੀਏ ! ਇਕ ਸਦੀ ਤੋਂ ਕੁਝ ਕੁ ਸਮਾਂ ਪਹਿਲਾ ਸੰਸਾਰ ਦੀ ਰਾਜਨੀਤਕ ਦਸ਼ਾ ਦੀ ਹਕੀਕਤ ਕੀ ਸੀ ਅਤੇ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ-1917 ਤੋਂ ਲੈ ਕੇ ਅੱਜ ਤੱਕ ਕਿੰਨੀ ਤਬਦੀਲੀ ਆਈ ਹੈ ? 1917 ਦੇ ਇਨਕਲਾਬ ਦੇ ਪ੍ਰਭਾਵ ਹੇਠ ਦੁਨੀਆਂ ਦੇ ਕਰੋੋੜਾਂ ਕਿਰਤੀ ਲੋਕਾਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਬਸਤੀਵਾਦ, ਗੁਲਾਮੀ ਅਤੇ ਧੌਂਸ ਭਰੇ ਵੱਡੇ-ਵੱਡੇ ਸਾਮਰਾਜਾਂ ਨੂੰ ਚੱਕਨਾਚੂਰ ਕਰਕੇ ਆਜ਼ਾਦੀਆਂ ਪ੍ਰਾਪਤ ਕੀਤੀਆਂ। ਮਹਾਨ ਰੂਸੀ ਇਨਕਲਾਬ ਦੇ ਇਕ ਮਿਸਾਲੀ ਚਾਂਨਣ ਮੁਨਾਰੇ ਦੀ ਗਵਾਈ ਹੇਠ ਹੀ ਗੁਲਾਮ ਦੇਸ਼ਾਂ, ਕੌਮਾਂ ਤੇ ਹੱਕਾਂ ਲਈ ਲੜਦੇ ਆਵਾਮ ਨੂੰ ਖੁਲ੍ਹੀ ਹਵਾ ਦੇ ਬੁਲ੍ਹੇ ਪ੍ਰਾਪਤ ਹੋਏ !
ਏਸ਼ੀਆ, ਲਾਤੀਨੀ, ਅਮਰੀਕਾ ਅਤੇ ਅਫਰੀਕਾ ਮਹਾਂਦੀਪਾਂ ਅੰਦਰ ਕਿਰਤੀ ਲੋਕਾਂ ਨੇ ਮਹਾਨ ਅਕਤੂਬਰ ਤੋਂ ਪ੍ਰੇਰਨਾ ਲੈ ਕੇ ਮੁਕਤੀ ਅੰਦੋਲਨ ਵਿੱਢੇ ਅਤੇ ਬਸਤੀਵਾਦੀ ਸਾਮਰਾਜੀਆਂ ਦੇ ਗੁਲਾਮੀ ਵਾਲੇ ਜੂਲੇ ਲਾਹ ਕੇ ਆਜ਼ਾਦੀਆਂ ਪ੍ਰਾਪਤ ਕੀਤੀਆਂ। ਜੋ ਵੀ ਅੱਜ ਤੱਕ ਪੂੰਜੀਵਾਦੀ ਸਮਾਜ ਅੰਦਰ ਪ੍ਰਾਪਤ ਹੋਇਆ ਕਿਰਤੀਆਂ ਨੂੰ ਮਾਲਕਾਂ ਤੇ ਹਾਕਮਾਂ ਵੱਲੋ ਜੇ ਕੋਈ ਰਾਇਅਤਾਂ ਦਿੱਤੀਆਂ ਗਈਆਂ ਅਤੇ ਸੋਸ਼ਿਤ ਸਮਾਜ ਵਾਲੇ ਪੂੰਜੀਪਤੀਆਂ ਨੇ ਆਪਣੇ ਆਪ ਨੂੰ ਕਲਿਆਣਕਾਰੀ ਰਾਜ ਹੋਣ ਦੀਆਂ ਟਾਹਰਾ ਮਾਰੀਆਂ ਇਹ ਸਭ ਅਮਲ ਵਿੱਚ ਲਿਆਉਣਾ ਰੂਸੀ ਸਮਾਜਵਾਦੀ ਲਹਿਰਾਂ ਦਾ ਹੀ ਦਬਾਅ ਸੀ।
ਦੁਨੀਆਂ ਅੰਦਰ ਸਮਾਜਵਾਦੀ ਪ੍ਰਭਾਵ ਅਧੀਨ ਹੀ ਕਿਰਤੀ ਵਰਗ ਨੇ ਕਮਿਊਨਿਸਟ ਪਾਰਟੀਆਂ ਦੀ ਅਗਵਾਈ ਵਿੱਚ ਨਵੀਂ ਹੋਂਦ ਵਾਲੇ ਸਮਾਜ ਅੰਦਰ ਪੁਲਾਂਘਾ ਪੁੱਟੀਆਂ। ਸਮਾਜਵਾਦੀ ਅਰਥਚਾਰੇ ਦੀ ਸਥਾਪਨਾ ਅਧੀਨ ਕਿਰਤੀਆਂ ਵਲੋ ਸਮਾਜਕ, ਆਰਥਿਕ, ਰਾਜਨੀਤਕ ਅਤੇ ਬਰਾਬਰੀ ਦੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਚਲਾਏ ਗਏ ਜਨ-ਅੰਦੋਲਨ ਰਾਹੀਂ ਅਥਾਹ ਜਿਤਾਂ ਪ੍ਰਾਪਤ ਕੀਤੀਆਂ। ਦੁਨੀਆਂ ਦੇ ਗਰੀਬ ਅਤੇ ਪੱਛੜੇ ਦੇਸ਼ਾਂ ਅੰਦਰ ਮਹਾਨ ਅਕਤੂਬਰ ਇਨਕਲਾਬ ਦੇ ਅਰਥਚਾਰੇ ਦੇ ਪ੍ਰਭਾਵ ਅਧੀਨ ਹੀ ਉਥੋ ਦੇ ਪੂੰਜੀਪਤੀ ਹਾਕਮਾਂ ਵਲੋਂ ਲੋਕਾਂ ਨੂੰ ਮਾੜੀਆਂ-ਮੋਟੀਆਂ ਰਾਹਤਾਂ ਦੇਣੀਆਂ ਪਈਆਂ।
ਰੂਸੀ ਸਮਾਜਵਾਦੀ ਅਰਥਚਾਰੇ ਦੀਆਂ ਪ੍ਰਾਪਤੀਆਂ ਅਤੇ ਬਰਕਤਾਂ ਜਿਨ੍ਹਾਂ ਅੰਦਰ ਹਰ ਮਨੁੱਖ ਨੂੰ ਰੁਜ਼ਗਾਰ, ਗ੍ਰੰਟੀ, ਸਿਖਿਆ, ਸਿਹਤ ਅਤੇ ਰਿਹਾਇਸ਼ ਜਿਹੀਆਂ ਬੁਨਿਆਦੀ ਲੋੜਾਂ ਸਰਕਰਾਂ ਵੱਲੋਂ ਪੂਰੀਆਂ ਕਰਨ ਅਤੇ ਅਮਲ ਵਿੱਚ ਲਿਆਉਣ ਨਾਲ ਛਿੜੀ ਇਸ ਚਰਚਾ ਅਤੇ ਬਹਿਸ ਨੇ ਹੀ ਪੂੰਜੀਵਾਦੀ ਸਿਸਟਮ ਨੂੰ ਹਿਲਾਕੇ ਰੱਖ ਦਿੱਤਾ। ਜਿਸ ਚਰਚਾ ਨੇ ਹੀ ਪੂੰਜੀਵਾਦੀ ਅਰਥ ਵਿਵੱਸਥਾ ਅੰਦਰ ਲੁੱਟ-ਖਸੁੱਟ ਵਾਲੇ ਰਾਜ-ਪ੍ਰਬੰਧ ਨੂੰ ਪੈਰਾਂ ਤਕ ਹਿਲਾ ਕੇ ਰੱਖ ਦਿੱਤਾ। ਅੱਜ ਤਕ ਦੁਨੀਆਂ ਦਾ ਪੂੰਜੀਵਾਦ ਰੱਖਿਅਕ ਰੂਪ ਵਿੱਚ ਦੁਨੀਆਂ ਅੰਦਰ ਜੰਗਾਂ ਲਾ ਕੇ ਮਨੁੱਖਤਾ ਦੀ ਤਬਾਹੀ ਕਰ ਰਿਹਾ ਹੈ।
ਮਹਾਨ ਅਕਤੂਬਰ ਸਮਾਜਵਾਦੀ ਜਿੱਤ ਨੇ ਦੁਨੀਆਂ ਭਰ ਦੇ ਕਿਰਤੀਆਂ ਨੂੰ ਆਪਣੇ ਬੁਨਿਆਦੀ ਹੱਕਾ ਪ੍ਰਤੀ ਉਤਸ਼ਾਹਤ ਕੀਤਾ, ਜਿਸ ਦੇ ਸਦਕਾ ਸਮੇਂ-ਸਮੇਂ ਸਿਰ ਜਨ-ਸਮੂਹ ਦੀ ਬਿਹਤਰੀ ਲਈ ਉਠੀਆਂ ਲੋਕ ਲਹਿਰਾਂ ਨੂੰ ਠੋਸ ਹਾਂ-ਪੱਖੀ ਮਾਨਸਿਕ ਅਤੇ ਪਦਾਰਥਕ ਸਹਾਇਤਾ ਅਤੇ ਬਲ ਮਿਲਣ ਕਾਰਨ ਹੀ ਲੁਟੇਰੇ ਵਰਗਾਂ ਵਿਰੁੱਧ ਲੁੱਟੇ ਜਾਣ ਵਾਲੇ ਵਰਗ ਵਲੋਂ ਸੰਘਰਸ਼ ਤੇਜ ਹੋਏ ਅਤੇ ਪ੍ਰਾਪਤੀਆ ਵੀ ਹੋਈਆਂ। ਇਸੇ ਪੜਾਅ ਅਧੀਨ ਬਸਤੀਵਾਦ ਵਿਰੁਧ ਸ਼ੁਰੂ ਹੋਏ ਸੰਘਰਸ਼ ਜਿਹੜੇ ਕਈ ਪੜਾਵਾਂ ‘ਚ ਅੱਗੋ ਪੁੱਜ ਕੇ ਗੁਲਾਮ ਦੇਸ਼ਾਂ ਦੀ ਮੁਕਤੀ ਸੰਘਰਸ਼ਾਂ ਰਾਹੀਂ ਆਜ਼ਾਦੀਆਂ ਦੇ ਮੁਹਾਣੇ ਤਕ ਪੁੱਜੇ।
ਭਾਰਤ ਸਮੇਤ ਬਹੁਤ ਸਾਰੇ ਗੁਲਾਮ ਦੇਸ਼ਾਂ ਅੰਦਰ ਚਲੀਆਂ ਲੋਕ ਲਹਿਰਾਂ ਨੂੰ ਮਹਾਨ ਅਕਤੂਬਰ ਇਨਕਲਾਬ ਤੋਂ ਪ੍ਰੇਰਨਾ ਹੀ ਨਹੀਂ ਮਿਲੀ, ਸਗੋਂ ਸਮਾਜਕ-ਪ੍ਰੀਵਰਤਨ ਦੇ ਡਰੋਂ ਡਰ ਤੋਂ ਭੈਅ-ਭੀਤ ਹੋਣ ਕਾਰਨ ਇਨ੍ਹਾਂ ਦੇਸ਼ਾਂ ਨੂੰ ਆਜ਼ਾਦ ਕਰ ਦਿੱਤਾ। ਭਾਰਤ ਅੰਦਰ ਵੀ ਨੇਂਵੀ ਦੀ ਬਗ਼ਾਵਤ ਅਤੇ ਲੋਕ ਅੰਦਲੋਨਾਂ ਕਾਰਨ ਗੋਰੇ ਸਾਮਰਾਜੀਆਂ ਨੇ ਦੇਸ਼ ਵਿੱਚੋਂ 1947 ਨੂੰ ਛੱਡ ਜਾਣਾ ਚੰਗਾ ਸਮਝਿਆ। ਚੀਨ, ਕੋਰੀਆ, ਕਿਊਬਾ, ਵੀਤਨਾਮ ਕਈ ਦੇਸ਼ਾਂ ਨੇ ਸਾਮਰਾਜੀ ਪੂੰਜੀਵਾਦੀ ਬਸਤੀਵਾਦੀ ਰਾਜ ਪ੍ਰਬੰਧ ਤੋ਼ ਸੰਘਰਸ਼ਾਂ ਰਾਹੀ ਦੇਸ਼ਾਂ ਆਜ਼ਾਦ ਕਰਾ ਕੇ ਸਮਾਜਵਾਦੀ ਰਾਹ ਨੂੰ ਅਪਣਾਇਆ।
ਮਹਾਨ ਚਿੰਤਕ ਅਤੇ ਸਮਾਜ ਵਿਗਿਆਨੀ ‘ਕਾਰਲ ਮਾਰਕਸ ਅਤੇ ਫੈਡਰਿਕ ਏਂਗਲ` ਵੱਲੋ ਦੁਨੀਆਂ ਅੰਦਰ ਮਨੁੱਖੀ ਸਮਾਜ ਦੇ ਵਿਕਾਸ ਅਤੇ ਆਰਥਿਕ ਰਿਸ਼ਤਿਆਂ ਸਬੰਧੀ ਵਿਗਿਆਨਕ ਦ੍ਰਿਸ਼ਟੀ ਕੋਣ ਪੇਸ਼ ਕਰਦੇ ਹੋਏ ਕਿਹਾ ਸੀ, ‘ਕਿ ਜਦੋਂ ਮਨੁੱਖ ਨੇ ਆਪਣੇ ਆਪਣੀ ਨਿਜੀ ਲੋੜ ਤੋਂ ਵੱਧ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਸੀ, ਉਸ ਦਿਨ ਤੋਂ ਹੀ ਮਨੁੱਖ ਹੱਥੋ ਮਨੁੱਖ ਦੀ ਲੁੱਟ ਦਾ ਦੌਰ ਸ਼ੁਰੂ ਹੋ ਗਿਆ ਸੀ। ਸਰਮਾਇਆ (ਪੂੰਜੀ) ਕਿਰਤੀ ਦੀ ਉਜ਼ਰਤ ਵਿੱਚੋਂ ਕਟੌਤੀ ਕਰਕੇ ਇਕੱਠਾ ਕੀਤਾ ਹੋਇਆ ‘ਧੰਨ` ਹੈ। ਇਸ ‘ਧੰਨ` ਨੂੰ ਪੂੰਜੀਪਤੀ ਅੱਗੋ ਕਿਰਤੀਆਂ ਦੀ ਹੋਰ ਲੁੱਟ ਕਰਨ ਲਈ ਵਰਤਦੇ ਹਨ।
ਮਨੁੱਖੀ ਸਮਾਜ ਦਾ ਇਤਿਹਾਸ ਮਾਲਕ ਤੇ ਮਜ਼ਦੂਰ ਵਿਚਕਾਰ ਸੰਘਰਸ਼ ਦੀ ਗਾਥਾ ਹੈ। ਇਹ ਦੋ ਜਮਾਤਾਂ ਵਿਚਕਾਰ ਜਮਾਤੀ ਘੋਲ ਹੀ ਅੱਗੋ ਮਨੁੱਖੀ ਸਮਾਜ ਦੇ ਇਤਿਹਾਸ ਦੀ ਚਾਲਕ ਸ਼ਕਤੀ ਬਣਦਾ ਹੈ। ਜਦੋਂ ਕਿਰਤੀ-ਜਮਾਤ ਰਾਜ ਸਤਾ ਨੂੰ ਆਪਣੇ ਹੱਥਾਂ ‘ਚ ਲੈਣ ਦੇ ਸਮੱਰਥ ਹੋ ਜਾਵੇਗੀ ਤੇ ਸਤਾ ‘ਤੇ ਕਬਜ਼ਾ ਕਰਕੇ ਹੀ ਇਸ ਲੁੱਟ ਵਾਲੇ ਵਰਗੀ-ਨਿਜ਼ਾਮ ਨੂੰ ਖਤਮ ਕੀਤਾ ਜਾ ਸੱਕੇਗਾ ? ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ, 1917-ਰੂਸ ਨੇ ਇਸ ਧਾਰਨਾ ਨੂੰ ਸਹੀ ਸਾਬਤ ਕਰਦੇ ਹੋਏ ਰੂਸੀ ਰਾਜਸਤਾ ‘ਤੇ ਕਿਰਤੀ ਜਮਾਤ ਦੀ ਸਰਦਾਰੀ ਕਾਇਮ ਕਰਕੇ ਉਥੇ ਕਿਰਤੀ ਵਰਗ ਦੀ ਜਿੱਤ ਨੂੰ ਸਾਕਾਰ ਕੀਤਾ ਸੀ। ਸਮਾਜਕ ਤਬਦੀਲੀ ਰਾਹੀਂ ਹੀ ਗਰੀਬੀ-ਅਮੀਰੀ ਵਿਚਕਾਰ ਪੈਦਾ ਹੋਈ ਅਸਮਾਨਤਾ ਵੀ ਖਤਮ ਕਰਨ ਲਈ ਵਿਗਿਆਨਕ ਰਾਹ ਪੇਸ਼ ਕੀਤਾ ਸੀ ਜੋ ਰੂਸੀ ਇਨਕਲਾਬ 1917 ਦੀ ਸਮਾਜਵਾਦੀ ਸੋਚ ਸੀ।
ਸੋਵੀਅਤ ਰੂਸ ਅਤੇ ਪੂਰਬੀ ਯੂਰਪ ਦੇ ਦੇਸ਼ਾ ਅੰਦਰ ਭਾਵ ਅੱਜ ਤੋਂ ਤਿੰਨ ਦਹਾਕਿਆਂ ਤੋਂ ਪਹਿਲਾ ਉੱਥੇ ਸਥਾਪਤ ਤੇ ਹੋਏ ਸਮਾਜਵਾਦੀ ਢਾਂਚੇ ਦੇ ਟੁੱਟਣ ਨਾਲ ਕੌਮਾਤਰੀ ਪੱਧਰ ਤੇ ਸਮਾਜਵਾਦੀ ਵਿਚਾਰਧਾਰਾ ਅਤੇ ਸੋਚ ਨੂੰ ਭਾਰੀ ਚੋਟਾਂ ਲੱਗੀਆਂ ਅਤੇ ਠੇਸਾਂ ਵੀ ਪੁਜੀਆਂ ਹਨ। ਪਰ ਅੱਜ ਵੀ ਸਮਾਜਵਾਦੀ ਅਰਥਚਾਰੇ ਵਾਲੇ ਕਮਿਊਨਿਸਟ ਪਾਰਟੀ ਨੇ ਅਗਵਾਈ ਹੇਠ ਦੇਸ਼ਾਂ ਲੋਕ ਚੀਨ, ਕਿਊਬਾ, ਵੀਤਨਾਮ, ਉੱਤਰੀ ਕੋਰੀਆਂ,ਲਾਊਸ ਆਦਿ ਦੇਸ਼ਾ ਨੇ ਸਮਾਜਵਾਦੀ ਸੋਚ ਅਤੇ ਅਰਥਚਾਰੇ ਦੀ ਉਤਮਤਾ ਨੂੰ ਮਨੌਤੀ ਦਿਵਾਈ ਹੈ ਜੋ ਇੱਕ ਇਤਿਹਾਸਿਕ ਪ੍ਰਾਪਤੀ ਹੈ। ਇਸ ਤੋਂ ਘਬਰਾਅ ਕੇ ਅੱਜ ਸਾਮਰਾਜ ਅਤੇ ਉਸਦੇ ਉਦਾਰੀਵਾਦੀ ਮੀਡੀਆਂ ਨੇ ਸਮਾਜਵਾਦੀ ਫਸਸਫੇ ਅਤੇ ਉਸਦੇ ਉਦਾਰਵਾਦੀ ਮੀਡੀਆਂ ਨੇ ਸਮਾਜਵਾਦੀ ਫਲਸਫੇ ਅਤੇ ਵਿਚਾਰਧਾਰਾ ਵਿਰੁੱਧ ਕੂੜ ਪ੍ਰਚਾਰ ਅਤੇ ਗੈਰ -ਵਿਗਿਆਨਕ ਦਲੀਲਾਂ ਰਾਹੀ ਮਾਰਕਸਵਾਦ -ਲੈਨਿਨਵਾਦ ਨੂੰ ਢਾਅ ਲਾਉਣ ਦੇ ਅਸਫਲ ਯਤਨ ਕੀਤੇ ਜੋ ਅੱਜ ਵੀ ਜਾਰੀ ਹਨ।
ਪਰ ਅੱਜ ਖੁਦ ਪੂਜੀਵਾਦੀ ਸਿਸਟਮ ਮੂਧੇ ਮੂੰਹ ਹੋਇਆਂ ਖੁੱਲੀ ਮੰਡੀ, ਮੁਕਤ ਬਾਜਾਰ ਵਿਤੀ -ਪੂੰਜੀ , ਵਿਤੀ ਫੰਡ ਵਾਲੀ ਸੰਕਟਾਂ ਭਰੀ ਅਰਥ ਵਿਵਸਥਾ ਨੂੰ ਹਰ ਹੀਲੇ ਬਚਾਉਣ ਲਈ ਫਰਜੀ ਡਿਜੀਟਲ ਮੀਡੀਆਂ ਤੇ ਸਾਈਬਰ ਦੇ ਕੂੜ ਪ੍ਰਚਾਰ ਰਾਹੀ ਆਪਣੇ ਮੰਦੇ ਦਾ ਹਲ ਲਭ ਰਿਹਾ ਹੈ, ਜੋ ਗੈਰ-ਮੁਮਕਨ ਜਾਪਦਾ ਹੈ, ਦੂਸਰੇ ਪਾਸੇ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਨੂੰ ਬਰਕਰਾਰ ਰੱਖਕੇ ਦੁਨੀਆਂ ਨੂੰ ਆਰਥਿਕ ਅਸਮਾਨਤਾ , ਭੁੱਖਮਰੀ, ਗਰੀਬੀ,ਬੇਰੁਜਗਾਰੀ ਵਾਲੀ ਤਬਾਹੀ ਵਲ ਧੱਕ ਰਿਹਾ ਹੈ।
ਅੱਜ ਸਾਰੇ ਸੰਸਾਰ ਅੰਦਰ ਸੰਕਟ ਗ੍ਰਹਸਥ ਪੂਜੀਵਾਦੀ ਅਰਥ ਵਿਵਸਥਾਂ ਦੇ ਚਲਦਿਆਂ ਬਹੁਤ ਸਾਰੇ ਦੇਸ਼ਾ ਅੰਦਰ ਕਿਰਤੀ ਜਮਾਤ ਵੱਲੋ ਵਿਰੋਧ ਵਿਖਾਵੇ ਅਤੇ ਸੰਘਰਸ਼ ਤੇਜ ਹੋ ਰਹੇ ਹਨ। ਦੱਖਣੀ ਲਾਤੀਨੀ ਦੇਸ਼ਾ ਬੋਲਵੀਆਂ, ਵੈਨਜੂਏਲਾ, ਨਿਕਾਰਾਗੁਆ, ਪੇਰੂ, ਚਿੱਲੀ ਆਦਿ ਦੇਸ਼ਾ ਅੰਦਰ ਹੋਈਆਂ ਰਾਜਨੀਤਿਕ ਤਬਦੀਲੀਆਂ ਨੇ ਉੱਥੋਂ ਦੀ ਰਾਜਨੀਤੀ ਅੰਦਰ ਸਮਾਜਵਾਦੀ ਵਿਚਾਰਧਾਰਾ ਵੱਲ ਰੁੱਖ ਮੋੜਿਆਂ ਹੈ। ਅਰਜਨਟੀਨਾ, ਬਰਾਜੀਲ, ਕੋਲੰਬੀਆਂ ਮੈਕਸੀਕੋ, ਉਰੋਗਾਏ ਆਦਿ ਦੇਸ਼ਾ ਅੰਦਰ ਵੀ ਕਿਰਤੀ ਲੋਕਾਂ ਵੱਲੋਂ ਖੱਬੀ ਸੋਚ ਵਾਲੇ ਸਮਾਜਵਾਦੀ ਰਾਹ ਵਲ ਮੋੜੇ ਕੱਟਣੇ ਸ਼ੁਰੂ ਕੀਤੇ ਹਨ।
ਉੱਥੋ ਦੇ ਲੋਕ ਪੂੰਜੀਵਾਦ ਨੂੰ ਰੱਦ ਕਰਨ ਅਤੇ ਸਮਾਜਵਾਦੀ ਸਮਾਜ ਦੀ ਸਿਰਜਣਾ ਵਲ ਕਦਮ ਪੁੱਟਣ ਦੀਆਂ ਪਹਿਲ ਕਦਮੀਆਂ ਲੈ ਕੇ ਭੁੱਖਮਰੀ, ਗਰੀਬੀ, ਬੇਰੁਜਗਾਰੀ ਅਤੇ ਪੂੰਜੀਵਾਦੀ ਸ਼ੋਸ਼ਣ ਵਿਰੁੱਧ ਸੰਘਰਸਸ਼ੀਲ ਹੋ ਰਹੇ ਜੋ ਇਕ ਹਾਂ ਪੱਖੀ ਰੁਝਾਨ ਹਨ। ਦੂਸਰੇ ਪਾਸੇ ਬਰਿਕ, ਸਿੰਘਾਈ ਕੋ-ਅਪਰੇਸ਼ਨ, ਨਾਟੋ ਵਿਰੁੱਧ- ਰੂਸ-ਯੂਕਰੇਨ ਜੰਗ ਅੰਦਰ ਰੂਸ ਦਾ ਪੈਤੜਾ, ਫਲਾਸਤੀਨ, ਯਮਨ ਮੱਸਲਾ, ਰੂਸ-ਚੀਨ ਨੇੜਤਾ ਆਦਿ ਬਹੁ-ਧਰੁਵੀ ਸਮੀਕਰਨਾਂ ਵਲ ਮੋੜੇ ਕੱਟੇ ਜਾ ਰਹੇ ਹਨ ਜੋ ਸਿਫਤੀ ਤਬਦੀਲੀਆਂ ਹਨ ਜਿਨ੍ਹਾਂ ਨੂੰ ਮਿਕਦਾਰੀ ਤਬਦੀਲੀਆਂ ਵਿੱਚ ਬਦਲਣ ਸਮਾ ਲੱਗੇਗਾ?
ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਦੀ ਇਤਿਹਾਸਕ ਮਹੱਤਤਾ ਅਤੇ ਯੁੱਗ ਪਲਟਾਊ ਘਟਨਾਵਾਂ ਦੀਆ ਅਹਿਮ ਸਿਖਿਆਵਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਮਾਰਕਸਵਾਦ-ਲੈਨਿਨਵਾਦ ਅੱਜ ਵੀ ਸੰਪੂਰਨ ਅਤੇ ਸਿਧਾਂਤਕ ਪ੍ਰਪੱਕ ਸਮਾਜਕ-ਵਿਗਿਆਨ ਹੈ ਜੋ ਲੁੱਟ-ਖਸੁੱਟ ਵਾਲੀ ਰਾਜਸਤਾ ਨੂੰ ਕੇਵਲ ਬਗਾਵਤ ਕਰਕੇ ਹੀ ਨਹੀਂ; ਸਗੋਂ ਸੁਚੇਤ ਤੌਰ ‘ਤੇ ਵਰਗ-ਸੰਘਰਸ਼ ਰਾਹੀ ਹੀ ਬਦਲ ਕੇ ਸੁਚੇਤ ਰੂਪ ਵਿੱਚ ਇਨਕਲਾਬ ਹੋ ਸਕਦਾ ਹੈ। ਇਹ ਵੀ ਇਤਿਹਾਸਕ ਸਚਾਈ ਹੈ ਕਿ ਕਿਰਤੀ-ਜਮਾਤ ਦੀ ਅਗਵਾਈ ‘ਚ ਇਨਕਲਾਬੀ ਪਾਰਟੀ ਜੋ ਵਿਗਿਆਨਕ ਪਰਕਾਰਜ਼ਾਂ ‘ਚ ਪੂਰੀ ਤਰਾਂ ਲੈਸ ਹੋਵੇ ਅਤੇ ਮਾਰਕਸਵਾਦੀ -ਲੈਨਿਨਵਾਦੀ ਸਿਧਾਂਤ ਨਾਲ ਪ੍ਰਪੱਕ ਹੋਵੇ, ਹੀ ਸਮਾਜਕ ਪ੍ਰੀਵਰਤਨ ਲਿਆ ਕੇ ਵਿਗਿਆਨਕ ਸਮਾਜਵਾਦ ਵੱਲ ਵੱਧ ਸਕਦੀ ਹੈ। ਦੇਸ਼ ਦੀਆਂ ਠੋਸ ਹਕੀਕੀ ਹਾਲਤਾਂ, ਵਰਗ ਸੰਘਰਸ਼ਾਂ ਅੰਦਰ ਜਮਾਤੀ ਦੁਸ਼ਮਣ ਦੀ ਪਛਾਣ ਅਤੇ ਦੋਸਤਾਂ ਨਾਲ ਨੇੜ੍ਹਤਾ ਹੀ ਜਮਹੂਰੀ ਮੋਰਚੇ ਦੀ ਸਥਾਪਨਾ ਕਰਕੇ ਲੁੱਟ-ਖਸੁੱਟ ਵਾਲੀ ਰਾਜਸਤਾ ਨੂੰ ਜੜ੍ਹੋ ਪੁੱਟਣ ਲਈ ਲੋਕ ਜਮਹੂਰੀ ਇਨਕਲਾਬ ਵੱਲ ਵੱਧਿਆ ਜਾ ਸਕਦਾ ਹੈ।
ਸਮਾਜਵਾਦੀ ਧਿਰਾਂ (ਬਲਾਕ) ਦੇ ਕਮਜ਼ੋਰ ਹੋਣ ਕਰਕੇ ਕੋਮਾਂਤਰੀ ਸ਼ਕਤੀਆਂ ਦੇ ਸਮਤੁਲਨ ਵਿੱਚ ਬਦਲਾਅ ਆਉਣਾ ਵੀ ਲਾਜਮੀ ਹੈ। ਦੁਨੀਆਂ ਅੰਦਰ ਜਮਹੂਰੀ, ਲੋਕ ਪੱਖੀ ਅਤੇ ਖੱਬੇ ਪੱਖੀ ਸ਼ਕਤੀਆਂ ਜੋ ਆਵਾਮ ਦੀਆਂ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ਾਂ ਲਈ ਤੱਤਪਰ ਰਹਿੰਦੀਆਂ ਸਨ, ‘ਦੇ ਮੁਕਾਬਲੇ ਅੱਜ ਬਹੁ-ਕੌਮੀ ਕਾਰਪੋਰੇਸ਼ਨਾਂ ਅਤੇ ਸਥਾਨਕ ਲੋਟੂ ਘਰਾਣੇ ਜੋ ਮੌਜੂਦਾ ਵੋਟ ਰਾਹੀ ਕਾਬਜ਼ ਹੋ ਰਹੇ ਹਨ, ਪੂੰਜੀਪਤੀ ਹਾਕਮਾਂ ਨਾਲ ਮਿਲ ਕੇ ਆਪਣੇ ਮੁਨਾਫ਼ਿਆਂ ਅਤੇ ਲਾਭਾਂ ਨੂੰ ਵਧਾਉਣ ਲਈ ਆਮ ਲੋਕਾਂ ‘ਤੇ ਆਰਥਿਕ ਬੋਝ ਪਾ ਰਹੇ ਹਨ। ਛਾਂਟੀਆਂ, ਕਫਾਇਤ, ਜੁਜ਼-ਵਕਤੀ ਠੇਕੇ ‘ਤੇ ਨੌਕਰੀਆਂ ਦੇ ਕੇ ਕਿਰਤੀਆਂ ਦਾ ਵੱਧ ਤੋਂ ਵੱਧ ਸ਼ੋਸ਼ਣ ਕਰ ਰਹੇ ਇਸ ਆਰਥਿਕ ਲੁੱਟ ਦੇ ਖਾਤਮੇ ਲਈ ਮਹਾਨ ਅਕਤੂਬਰ ਇਨਕਲਾਬ ਕਿਰਤ ਦੀ ਰਾਖੀ ਲਈ ਸਾਨੂੰ ਅੱਜ ਸੰਘਰਸ਼ਾਂ ਲਈ ਸੁਨੇਹਾ ਦੇ ਰਿਹਾ ਹੈ !
ਆਉ ! ਆਰਥਿਕ ਬਰਾਬਰਤਾ ਲਈ ਅਤੇ ਕਿਰਤ ਦੀ ਲੁੱਟ ਵਿਰੁੱਧ ਅਸੀਂ ਆਪਣੀਆਂ ਆਉਣ ਵਾਲੀਆ ਪੀੜੀਆਂ ਦੇ ਉਜਲੇ ਭਵਿੱਖ ‘ਤੇ ਸਮਾਜਕ ਪ੍ਰੀਵਰਤਨ ਲਿਆਉਣ ਲਈ 7-ਨਵੰਬਰ ਮਹਾਨ ਅਕਤੂਬਰ ਇਨਕਲਾਬ ਦੀਆਂ ਇਨਕਲਾਬੀ ਪ੍ਰਪੰਰਾਵਾ ਨੂੰ ਅੱਗੇ ਵਧਾਉਂਦੇ ਹੋਏ ਹੱਕਾਂ ਦੀ ਰਾਖੀ ਲਈ ਚਲ ਰਹੇ ਸੰਘਰਸ਼ਾ ‘ਤੇ ਲਹਿਰਾਂ ‘ਚ ਬਣਦਾ ਯੋਗਦਾਨ ਪਾਈਏ !!
ਮਹਾਨ ! (ਸਮਾਜਵਾਦੀ) ਅਕਤੂਬਰ ਇਨਕਲਾਬ ਜਿੰਦਾਬਾਦ !
ਜਗਦੀਸ਼ ਸਿੰਘ ਚੋਹਕਾ
91-9217997445
001-403-285-4208 ਕੈਲਗਰੀ (ਕੈਨੇਡਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly