HOME “ਸਿਰਜਣਾ ਦੇ ਆਰ-ਪਾਰ” ਵਿੱਚ ਗਿਆਨ, ਨਿਮਰਤਾ ਅਤੇ ਦੂਰਦ੍ਰਿਸ਼ਟੀ ਦਾ ਅਦਭੁੱਤ ਸੰਗਮ

“ਸਿਰਜਣਾ ਦੇ ਆਰ-ਪਾਰ” ਵਿੱਚ ਗਿਆਨ, ਨਿਮਰਤਾ ਅਤੇ ਦੂਰਦ੍ਰਿਸ਼ਟੀ ਦਾ ਅਦਭੁੱਤ ਸੰਗਮ

7
 ਡਾ. ਕਰਮਜੀਤ ਸਿੰਘ ਨਾਲ ਪ੍ਰੇਰਣਾਦਾਇਕ ਰੂਬਰੂ ਇਤਿਹਾਸਿਕ ਮੀਲ ਪੱਥਰ ਸਥਾਪਿਤ ਕਰ ਗਿਆ 

ਬਰੇਂਪਟਨ,  (ਸਮਾਜ ਵੀਕਲੀ)   (ਰਮਿੰਦਰ ਵਾਲੀਆ):- ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਰਮਿੰਦਰ ਰੰਮੀ ਦੀ ਅਗਵਾਈ ਹੇਠ ਆਯੋਜਿਤ ਲੋਕਪ੍ਰਿਯ ਲੜੀ “ਸਿਰਜਣਾ ਦੇ ਆਰ-ਪਾਰ” ਅਧੀਨ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ ਪ੍ਰੋ. (ਡਾ. ) ਕਰਮਜੀਤ ਸਿੰਘ ਨਾਲ ਇੱਕ ਪ੍ਰੇਰਣਾਦਾਇਕ ਰੂਬਰੂ 27 ਜੁਲਾਈ ਸੋਮਵਾਰ ਨੂੰ ਕਰਵਾਇਆ ਗਿਆ। ਪ੍ਰੋਗਰਾਮ ਦਾ ਸੰਚਾਲਨ ਅਤੇ ਸੰਵਾਦ ਪ੍ਰੋ. ਕੁਲਜੀਤ ਕੌਰ ਵੱਲੋਂ ਕੀਤਾ ਗਿਆ। ਇਹ ਉਹਨਾਂ ਵੱਲੋਂ ਕਰਵਾਇਆ ਗਿਆ 55ਵਾਂ ਰੂਬਰੂ ਸੀ, ਜਿਸ ਨੇ ਗਿਆਨ, ਸਾਦਗੀ, ਸੰਘਰਸ਼ ਅਤੇ ਸਫ਼ਲਤਾ ਦੇ ਅਨੇਕ ਪੱਖਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰੋ. ਕੁਲਜੀਤ ਕੌਰ ਨੇ ਕਿਹਾ ਕਿ ਡਾ. ਕਰਮਜੀਤ ਸਿੰਘ ਵਰਗੀ ਪ੍ਰੇਰਨਾਦਾਇਕ ਅਤੇ ਦੂਰਅੰਦੇਸ਼ ਸ਼ਖ਼ਸੀਅਤ ਨਾਲ ਸੰਵਾਦ ਕਰਨਾ ਸਮੂਹ ਸਾਹਿਤਕ ਪਰਿਵਾਰ ਲਈ ਮਾਣ ਅਤੇ ਸੁਭਾਗ ਦੀ ਗੱਲ ਹੈ। ਇਸ ਮੌਕੇ ਡਾ. ਬਲਜੀਤ ਕੌਰ ਰਿਆੜ ਨੇ ਡਾ. ਸਾਹਿਬ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਦੀ ਯੋਜਨਾਬੱਧ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਵੀਆਂ ਉੱਚਾਈਆਂ ਨੂੰ ਛੂਹਿਆ ਹੈ ਅਤੇ ਉਹ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਿੱਖਿਆ ਪ੍ਰਤੀ ਸਮਰਪਿਤ ਸ਼ਖ਼ਸੀਅਤ ਹਨ।
ਰਮਿੰਦਰ ਰੰਮੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਹਰ ਮਹੀਨੇ ਕਰਵਾਈਆਂ ਜਾਂਦੀਆਂ ਕਾਵਿ-ਮਿਲਣੀਆਂ, ਰੂਬਰੂ ਪ੍ਰੋਗਰਾਮਾਂ ਅਤੇ ਈ-ਕਾਵਿ ਮੈਗਜ਼ੀਨ ਬਾਰੇ ਜਾਣਕਾਰੀ ਸਾਂਝੀ ਕੀਤੀ। ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਡਾ. ਕਰਮਜੀਤ ਸਿੰਘ ਦੀ ਸ਼ਖ਼ਸੀਅਤ ਵਿੱਚ ਪੰਜਾਬੀਅਤ, ਸਿੱਖੀ ਦੇ ਸਿਧਾਂਤਾਂ ਅਤੇ ਆਧੁਨਿਕ ਦੂਰਦ੍ਰਿਸ਼ਟੀ ਦਾ ਅਨੋਖਾ ਸੁਮੇਲ ਹੈ। ਉਹਨਾਂ ਕੋਲ ਸਮੇਂ ਦੇ ਹਾਣ ਦੀ ਯੂਨੀਵਰਸਿਟੀ ਸਿਰਜਣ ਦਾ ਵਿਜ਼ਨ ਹੈ।
ਡਾ. ਨਵਜੋਤ( ਓ ਐਸ ਡੀ )ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਕਰਮਜੀਤ ਸਿੰਘ ਉੱਘੇ ਸਿੱਖਿਆ-ਸ਼ਾਸਤਰੀ ਹੋਣ ਦੇ ਨਾਲ-ਨਾਲ ਸਿੱਖ ਫ਼ਲਸਫ਼ੇ ਦੇ ਗੰਭੀਰ ਚਿੰਤਕ ਵੀ ਹਨ ਅਤੇ ਆਪਣੀ ਕਲਮ ਰਾਹੀਂ ਗਿਆਨ ਦਾ ਪ੍ਰਕਾਸ਼ ਫੈਲਾ ਰਹੇ ਹਨ।ਚੇਅਰਮੈਨ ਵਰਲਡ ਪੰਜਾਬੀ ਕਾਨਫ਼ਰੰਸ ਸ . ਅਜੈਬ ਸਿੰਘ ਚੱਠਾ ਨੇ ਡਾ. ਸਾਹਿਬ ਨਾਲ ਆਪਣੇ ਲੰਬੇ ਸਾਥ ਦਾ ਜ਼ਿਕਰ ਕਰਦਿਆਂ ਉਹਨਾਂ ਦੀ ਨੈਤਿਕ ਕਦਰਾਂ-ਕੀਮਤਾਂ ਅਤੇ ਲੇਖਨੀ ਦੀ ਵਿਸ਼ੇਸ਼ਤਾ ਉੱਤੇ ਚਾਨਣਾ ਪਾਇਆ।
ਰੂਬਰੂ ਦੌਰਾਨ ਪ੍ਰੋ. ਕੁਲਜੀਤ ਕੌਰ ਨੇ ਡਾ. ਕਰਮਜੀਤ ਸਿੰਘ ਦੇ ਜੀਵਨ-ਸਫ਼ਰ ਦੀਆਂ ਵੱਖ-ਵੱਖ ਪਰਤਾਂ ਨੂੰ ਪ੍ਰਸ਼ਨਾਂ ਰਾਹੀਂ ਖੋਲ੍ਹਿਆ। ਡਾ. ਸਾਹਿਬ ਨੇ ਆਪਣੇ ਬਚਪਨ, ਪਰਿਵਾਰਕ ਸੰਸਕਾਰਾਂ ਅਤੇ ਮਾਤਾ ਜੀ ਤੋਂ ਮਿਲੀ ਅਧਿਆਤਮਿਕ ਪ੍ਰੇਰਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੁਖਮਨੀ ਸਾਹਿਬ ਦਾ ਪਾਠ, ਪਰਮਾਤਮਾ ਦਾ ਸ਼ੁਕਰਾਨਾ ਅਤੇ ਪਰਿਵਾਰ ਦਾ ਪਿਆਰ ਹੀ ਉਹਨਾਂ ਦੀ ਸ਼ਖ਼ਸੀਅਤ ਦੀ ਨੀਂਹ ਬਣੇ। ਉਹਨਾਂ ਨੇ ਦੱਸਿਆ ਕਿ ਕੇਵਲ ਤੇਰਾਂ ਸਾਲ ਦੀ ਉਮਰ ਵਿੱਚ ਦਸਵੀਂ ਪਾਸ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬਾਅਦ ਵਿੱਚ ਬੀ.ਕਾਮ. ਵਿੱਚ ਵੀ ਮੈਰਿਟ ਹਾਸਲ ਕੀਤੀ।
ਉਹਨਾਂ ਨੇ ਦੱਸਿਆ ਕਿ ਵਿਦਿਆਰਥੀ ਜੀਵਨ ਵਿੱਚ ਬੋਲਣ ਦੇ ਆਤਮ-ਵਿਸ਼ਵਾਸ ਦੀ ਘਾਟ ਨੂੰ ਆਪਣੇ ਅਧਿਆਪਕਾਂ ਦੀ ਪ੍ਰੇਰਨਾ ਅਤੇ ਸਵੈ-ਮਿਹਨਤ ਨਾਲ ਦੂਰ ਕੀਤਾ। ਵਣਜ ਵਪਾਰ ਵਿਸ਼ੇ ਦੀ ਚੋਣ ਤੋਂ ਲੈ ਕੇ ਅਧਿਆਪਨ ਖੇਤਰ ਵਿੱਚ ਪ੍ਰਵੇਸ਼, ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਨਿਭਾਈਆਂ ਜ਼ਿੰਮੇਵਾਰੀਆਂ ਅਤੇ ਇੱਕ ਅਧਿਆਪਕ ਤੋਂ ਵਾਈਸ ਚਾਂਸਲਰ ਤੱਕ ਦੇ ਸਫ਼ਰ ਨੂੰ ਉਹਨਾਂ ਨੇ ਬੜੀ ਸਾਦਗੀ ਨਾਲ ਸਾਂਝਾ ਕੀਤਾ।
ਉਹਨਾਂ ਨੇ ਦੱਸਿਆ ਕਿ ਜੀਵਨ ਵਿੱਚ ਕਈ ਵਾਰ ਨਿਰਾਸ਼ਾਵਾਂ ਵੀ ਆਈਆਂ, ਪਰ ਹਰ ਵਾਰ ਉਹਨਾਂ ਨੇ ਉਹਨਾਂ ਨੂੰ ਨਵੀਂ ਊਰਜਾ ਵਿੱਚ ਬਦਲਿਆ। ਪੰਜਾਬ ਯੂਨੀਵਰਸਿਟੀ ਵਿੱਚ ਹੋਸਟਲ ਵਾਰਡਨ ਤੋਂ ਰਜਿਸਟਰਾਰ ਤੱਕ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਵਾਈਸ ਚਾਂਸਲਰ ਵਜੋਂ ਮਿਲੀਆਂ ਜ਼ਿੰਮੇਵਾਰੀਆਂ ਨੂੰ ਵੀ ਉਹਨਾਂ ਨੇ ਪੂਰੀ ਸਮਰਪਣ-ਭਾਵਨਾ ਨਾਲ ਨਿਭਾਇਆ।
ਪਰਿਵਾਰ ਬਾਰੇ ਗੱਲ ਕਰਦਿਆਂ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਮਾਤਾ-ਪਿਤਾ, ਭੈਣਾਂ, ਧਰਮਪਤਨੀ ਅਤੇ ਬੱਚਿਆਂ ਦਾ ਸਹਿਯੋਗ ਉਹਨਾਂ ਦੀ ਹਰ ਪ੍ਰਾਪਤੀ ਦੀ ਬੁਨਿਆਦ ਹੈ। ਉਹਨਾਂ ਨੇ ਮੰਨਿਆ ਕਿ ਸਾਦਗੀ, ਨਿਮਰਤਾ ਅਤੇ ਸਹਿਜਤਾ ਪਰਿਵਾਰ ਤੋਂ ਹੀ ਪ੍ਰਾਪਤ ਹੋਏ ਸੰਸਕਾਰ ਹਨ।
ਇੱਕ ਸਫ਼ਲ ਪ੍ਰਬੰਧਕ ਵਜੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਗੱਲ ਧੀਰਜ ਨਾਲ ਸੁਣਨਾ ਹੀ ਹੱਲ ਵੱਲ ਪਹਿਲਾ ਕਦਮ ਹੈ। ਨਿਰਪੱਖਤਾ, ਆਸ਼ਾਵਾਦੀ ਸੋਚ, ਨਿਰੰਤਰ ਸਿੱਖਣ ਦੀ ਲਗਨ, ਮਿਹਨਤ, ਸੇਵਾ ਅਤੇ ਸਰਬੱਤ ਦੇ ਭਲੇ ਦਾ ਸੰਕਲਪ ਹੀ ਸੱਚੇ ਨੇਤ੍ਰਿਤਵ ਦੀ ਪਹਿਚਾਣ ਹਨ।
ਸਿੱਖੀ ਦੇ ਸਿਧਾਂਤਾਂ ਨਾਲ ਆਪਣੀ ਡੂੰਘੀ ਸਾਂਝ ਬਾਰੇ ਉਹਨਾਂ ਦੱਸਿਆ ਕਿ ਮਾਤਾ ਜੀ ਦੀ ਪ੍ਰੇਰਨਾ ਨਾਲ ਹੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਅਤੇ ਲੇਖਨ ਵੱਲ ਪ੍ਰੇਰਿਤ ਹੋਏ। ਉਹਨਾਂ ਕਿਹਾ ਕਿ ਉਹਨਾਂ ਦੀ ਹਰ ਲਿਖਤ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਦਾ ਇੱਕ ਨਿਮਾਣਾ ਯਤਨ ਹੁੰਦੀ ਹੈ।
ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸ ਰਹੀ ਤੀਜੀ ਪੀੜ੍ਹੀ ਲਈ ਵਿਸ਼ੇਸ਼ ਕੋਰਸ ਤਿਆਰ ਕੀਤੇ ਜਾ ਰਹੇ ਹਨ, ਵਿਗਿਆਨ ਦੇ ਵਿਸ਼ਿਆਂ ਨੂੰ ਪੰਜਾਬੀ ਵਿੱਚ ਉਪਲਬਧ ਕਰਵਾਉਣ ਦੇ ਯਤਨ ਜਾਰੀ ਹਨ ਅਤੇ ਪੰਜਾਬੀ ਨੂੰ ਵਿਸ਼ਵ ਪੱਧਰ ‘ਤੇ ਹੋਰ ਮਜ਼ਬੂਤ ਬਣਾਉਣ ਲਈ ਯੂਨੀਵਰਸਿਟੀ ਲਗਾਤਾਰ ਕੰਮ ਕਰ ਰਹੀ ਹੈ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਬੇਹੱਦ ਰੌਸ਼ਨ ਹੈ।
ਪ੍ਰੋਗਰਾਮ ਦੌਰਾਨ ਜੁਲਾਈ ਮਹੀਨੇ ਦਾ ਈ-ਮੈਗਜ਼ੀਨ ਵੀ ਲੋਕ ਅਰਪਿਤ ਕੀਤਾ ਗਿਆ। ਸਮਾਪਤੀ ਸਮੇਂ ਸਭਾ ਦੇ ਚੇਅਰਮੈਨ ਸ . ਪਿਆਰਾ ਸਿੰਘ ਕੁੱਦੋਵਾਲ ਨੇ ਹਮੇਸ਼ਾਂ ਵਾਂਗ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਕੀਤਾ ਤੇ ਡਾ. ਕਰਮਜੀਤ ਸਿੰਘ ਦਾ ਰੁਝੇਵਿਆਂ ਭਰੇ ਸਮੇਂ ਵਿੱਚੋਂ ਸਮਾਂ ਕੱਢਣ ਲਈ ਧੰਨਵਾਦ ਕੀਤਾ ਅਤੇ ਰਮਿੰਦਰ ਰੰਮੀ ਤੇ ਪ੍ਰੋ. ਕੁਲਜੀਤ ਕੌਰ ਦੀ ਵਿਦਵਤਾ, ਸੰਚਾਲਨ-ਕਲਾ ਅਤੇ ਪ੍ਰਭਾਵਸ਼ਾਲੀ ਪ੍ਰਸ਼ਨ-ਸ਼ੈਲੀ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਡਾ. ਕਰਮਜੀਤ ਸਿੰਘ ਦਾ ਜੀਵਨ-ਸਫ਼ਰ ਇਹ ਸਿਖਾਉਂਦਾ ਹੈ ਕਿ ਕਮਜ਼ੋਰੀਆਂ ਨੂੰ ਤਾਕਤ ਅਤੇ ਨਿਰਾਸ਼ਾ ਨੂੰ ਨਵੀਂ ਉਡਾਣ ਵਿੱਚ ਬਦਲਿਆ ਜਾ ਸਕਦਾ ਹੈ।
ਅੰਤ ਵਿੱਚ ਰਮਿੰਦਰ ਰੰਮੀ ਨੇ ਡਾ. ਕਰਮਜੀਤ ਸਿੰਘ ਸਮੇਤ ਸਾਰੀਆਂ ਹਾਜ਼ਰ ਸ਼ਖ਼ਸੀਅਤਾਂ ਅਤੇ ਦੇਸ਼-ਵਿਦੇਸ਼ ਤੋਂ ਫੇਸਬੁੱਕ ਅਤੇ ਜ਼ੂਮ ਰਾਹੀਂ ਜੁੜੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ :- “ ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ “ ।ਰਮਿੰਦਰ ਰੰਮੀ ਨੇ ਇਹ ਵੀ ਕਿਹਾ ਕਿ ਪ੍ਰੋ. ਕੁਲਜੀਤ ਜੀ ਉੱਪਰ ਜਿੰਨਾ ਮਾਣ ਕੀਤਾ ਜਾਏ ਬਹੁਤ ਥੋੜਾ ਹੈ । ਉਹਨਾਂ ਦੀ ਹੋਸਟਿੰਗ ਕਾਬਿਲੇ ਤਾਰੀਫ਼ ਹੁੰਦੀ ਹੈ । ਇਸ ਮੌਕੇ ਸਤਬੀਰ ਸਿੰਘ, ਗੁਰਚਰਨ ਸਿੰਘ ਜੋਗੀ ਅਤੇ ਪ੍ਰੋ. ਪਵਨ ਖਿੱਚੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਨੂੰ ਦੇਸ਼-ਵਿਦੇਸ਼ ਦੀਆਂ ਅਣਗਿਣਤ ਸਾਹਿਤ-ਪ੍ਰੇਮੀ ਸ਼ਖ਼ਸੀਅਤਾਂ ਨੇ ਬੜੇ ਉਤਸ਼ਾਹ ਅਤੇ ਸਤਿਕਾਰ ਨਾਲ ਮਾਣਿਆ।
ਸਰਪ੍ਰਸਤ ਸੁਰਜੀਤ ਕੌਰ , ਹਰਭਜਨ ਕੌਰ ਗਿੱਲ , ਡਾ . ਪੁਸ਼ਵਿੰਦਰ ਖੋਖਰ , ਡਾ . ਸਤਿੰਦਰ ਕੌਰ ਕਾਹਲੋਂ , ਰਿੰਟੂ ਭਾਟੀਆ , ਡਾ . ਅਮਰ ਜੋਤੀ ਮਾਂਗਟ , ਡਾ . ਰਾਜਬੀਰ ਕੌਰ ਗਰੇਵਾਲ ,ਡਾ. ਅਮਰਜੀਤ ਕੌਂਕੇ , ਪਰਮਜੀਤ ਸਿੰਘ ਢਿੱਲੋਂ , ਡਾ . ਰਾਜਵਿੰਦਰ ਹੁੰਦਲ , ਡਾ . ਆਂਚਲ ਅਰੋੜਾ , ਸੁਰਿੰਦਰ ਭੋਗਲ ਅਤੇ ਹੋਰ ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਤੇ ਨਿੱਠ ਕੇ ਪ੍ਰੋਗਰਾਮ ਨੂੰ ਸੁਣਿਆ ।ਧੰਨਵਾਦ ਸਹਿਤ । ਇਹ ਰਿਪੋਰਟ ਡਾ . ਪੁਸ਼ਵਿੰਦਰ ਕੌਰ ਖੋਖਰ ਜੀ ਅਤੇ ਪ੍ਰੋ. ਕੁਲਜੀਤ ਕੌਰ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ
ਰਮਿੰਦਰ ਰੰਮੀ ਫ਼ਾਊਂਡਰ ਪ੍ਰਧਾਨ ਤੇ ਪ੍ਰਬੰਧਕ ,
 ਅੰਤਰਰਾਸ਼ਟਰੀ ਸਾਹਿਤਕ ਸਾਂਝਾਂ । 🙏🙏

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਾਹਿਤਕ ਕਾਨਫਰੰਸ 2026. ਪੰਜਾਬੀ ਆਰਟ ਐਡ ਲਿਟਰੇਰੀ ਅਕੈਡਮੀ ਯੂ.ਕੇ. ਵੱਲੋਂ ਕਰਵਾਈ ਗਈ।
Next articleਡਾ: ਏ.ਪੀ.ਜੇ.ਅਬਦੁਲ ਕਲਾਮ ਦੀ ਬਰਸੀ ਬੀ.ਵੀ.ਐਮ., ਯੂ.ਐਸ.ਐਨ. ਵਿਖੇ ਸ਼ਰਧਾ ਨਾਲ ਮਨਾਈ ਗਈ