ਸਮਾਜ ਵੀਕਲੀ ਯੂ ਕੇ
ਮਾਲੇਰਕੋਟਲਾ-24 ਜੁਲਾਈ (ਕੁਲਵੰਤ ਸਿੰਘ ਮੁਹਾਲੀ)- ਬੀਤੇ ਦਿਨੀ ਬਰਨਾਲਾ ਵਿਖ਼ੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਉੱਪਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਅੰਨਾ ਤਸ਼ੱਦਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਆਖਰੀ ਕਿੱਲ ਸਾਬਿਤ ਹੋਵੇਗਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸੀ ਵਿਭਾਗ ਦੇ ਸਾਬਕਾ ਕੋ ਚੇਅਰਮੈਨ ਸ੍ਰੀ ਜੰਗ ਬਹਾਦਰ ਨੇ ਅੱਜ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਬੀਤੇ ਦਿਨੀਂ ਬਰਨਾਲਾ ਵਿਖੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਸਫ਼ਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦੇ ਮਾਮਲੇ ਦੀ ਗੂੰਜ ਦਿੱਲੀ ਤੱਕ ਪੁੱਜ ਗਈ ਹੈ, ਜਿਸ ਦੇ ਨਤੀਜੇ ਵਜੋਂ ਰਾਸ਼ਟਰੀ ਸਫ਼ਾਈ ਕਮਿਸ਼ਨ ਨੇ ਇਸ ਲਾਠੀਚਾਰਜ ਦਾ ਸੂਮੋਟੋ ਨੋਟਸ ਲੈਂਦੇ ਹੋਏ ਪੰਜਾਬ ਸਰਕਾਰ ਤੋਂ ਇੱਕ ਹਫ਼ਤੇ ਦੇ ਅੰਦਰ ਰਿਪੋਰਟ ਤਲਬ ਕੀਤੀ ਹੈ।ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਟੀਮ ਵੱਲੋਂ ਪੁਲਿਸ ਦੀ ਨਿਗਰਾਨੀ ਹੇਠ ਕੂੜਾ ਚੁੱਕੇ ਜਾਣ ਦਾ ਵਿਰੋਧ ਕਰ ਰਹੇ ਸਫ਼ਾਈ ਕਰਮਚਾਰੀਆਂ ਉਪਰ ਪੁਲਿਸ ਵੱਲੋਂ ਬੇਰਹਿਮੀ ਨਾਲ ਕੀਤੇ ਲਾਠੀਚਾਰਜ ਦੇ ਵੀਡੀਓ ਕਲਿੱਪ ਅਤੇ ਤਸਵੀਰਾਂ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਤਰੇਲੀਆਂ ਲਿਆ ਰਹੀਆਂ ਹਨ। ਦੂਜੇ ਪਾਸੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਸਫ਼ਾਈ ਕਰਮਚਾਰੀਆਂ ਉੱਪਰ ਕੀਤੇ ਲਾਠੀਚਾਰਜ ਦੀ ਚਾਰ-ਚੂਫੇਰੀਓਂ ਘੋਰ ਨਿੰਦਾ ਕੀਤੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ਉਪਰ ਸਬੰਧਿਤ ਪੁਲਿਸ ਅਫ਼ਸਰਾਂ ਦੀ ਬਰਖਾਸਤਗੀ ਦੀ ਮੰਗ ਦੀਆਂ ਪੋਸਟਾਂ ਦੀ ਭਰਮਾਰ ਵੇਖੀ ਵੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀ ਭੂਮਿਕਾ ‘ਤੇ ਵੀ ਵੱਡੇ ਸਵਾਲ ਉੱਠ ਰਹੇ ਹਨ ਕਿ ਆਖ਼ਰ ਸਫ਼ਾਈ ਕਰਮਚਾਰੀਆਂ ‘ਤੇ ਲਾਠੀਚਾਰਜ ਦਾ ਹੁਕਮ ਕਿਹੜੇ ਅਫ਼ਸਰ ਨੇ ਅਤੇ ਕਿਉਂ ਦਿੱਤਾ ਗਿਆ। ਬਰਨਾਲਾ ਵਿਖੇ ਵਾਪਰੇ ਇਸ ਵੱਡੇ ਘਟਨਾਕ੍ਰਮ ਦੀ ਗੂੰਜ ਜਿੱਥੇ ਦਿੱਲੀ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਵਿਦੇਸ਼ਾਂ ਵਿੱਚ ਵੀ ਪੁੱਜੀ ਉੱਥੇ ਸਮੁੱਚੇ ਪੰਜਾਬ ਵਿੱਚ ਇਸ ਘਟਨਾਕ੍ਰਮ ਦੀ ਗੰਭੀਰ ਚਰਚਾ ਹੋ ਰਹੀ ਹੈ, ਪਰੰਤੂ ਦੂਜੇ ਪਾਸੇ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਆਗੂ ਨੇ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਫ਼ਾਈ ਕਰਮਚਾਰੀਆਂ ਅਤੇ ਪੁਲਿਸ ਦੇ ਟਕਰਾਅ ਦਾ ਇਹ ਮਾਮਲਾ ਅਜੇ ਹੋਰ ਭਖਣ ਦੇ ਆਸਾਰ ਹਨ, ਕਿਉਂਕਿ ਸਮੁੱਚੀਆਂ ਜਨਤਕ ਅਤੇ ਸਮਾਜ ਸੇਵੀ ਜਥੇਬੰਦੀਆਂ ਇਨ੍ਹਾਂ ਸਫ਼ਾਈ ਕਰਮਚਾਰੀਆਂ ਦੀ ਹਮਾਇਤ ‘ਤੇ ਆ ਖੜ੍ਹੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਸਮੁੱਚੇ ਸ਼ਹਿਰ ਦੇ ਲੋਕ ਚਾਹੁੰਦੇ ਸਨ ਕਿ ਕੂੜੇ ਦੇ ਢੇਰ ਚੁੱਕੇ ਜਾਣ ਪਰੰਤੂ ਲਾਠੀਚਾਰਜ ਦੀ ਘਟਨਾ ਤੋਂ ਬਾਅਦ ਸ਼ਹਿਰ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਅਤੇ ਇਸ ਵਿਗੜੇ ਹੋਏ ਮਾਹੌਲ ਲਈ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀਆਂ ਵੀਡੀਓ ਕਲਿੱਪਜ਼ ਅਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਵੀ ਪੰਜਾਬ ਦੇ ਮਹਿਲਾ ਕਮਿਸ਼ਨ,ਐਸ.ਸੀ ਕਮਿਸ਼ਨ, ਮਨੁੱਖੀ ਅਧਿਕਾਰ ਕਮਿਸ਼ਨ ਆਦਿ ਇਨ੍ਹਾਂ ਸਾਰੇ ਕੀਮਸ਼ਨਾਂ ਵੱਲੋਂ ਧਾਰੀ ਹੋਈ ਚੁੱਪੀ ਉਪਰ ਵੀ ਸੂਬੇ ਦੇ ਲੋਕਾਂ ਵੱਲੋਂ ਕਈ ਤਰਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਲੋਕੀਂ ਜਵਾਬ ਮੰਗ ਰਹੇ ਹਨ।ਇਸ ਮੌਕੇ ਇਸ ਘਟਨਾ ਦੀ ਨਿੰਦਾ ਕਰਨ ਵਾਲਿਆਂ ਵਿੱਚ ਗੁਰਮੀਤ ਸਿੰਘ ਲਸੋਈ, ਰਾਜਿੰਦਰ ਸਿੰਘ ਬਰਨਾਲਾ, ਦਲਜੀਤ ਸਿੰਘ ਦੁੱਗਰੀ, ਸੋਖੀ ਰਾਮ ਨਵਾਂ ਸ਼ਹਿਰ, ਹਰਬੰਸ ਸਿੰਘ ਜਲੰਧਰ,ਰਜਿੰਦਰ ਸਿੰਘ ਸੰਧੂ ਫਲੌਰ,ਸੁਖਦੇਵ ਸਿੰਘ ਰਸੂਲਪੁਰੀ ਆਦਿ ਦਾ ਨਾਮ ਲਿਖਿਆ ਸੀ।
KULWANT SINGH MOHALI PRESS REPORTER MALERKOTLA






