ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਆਰ.ਐਸ.ਐਸ. ਦੇ ਫ਼ਿਰਕੂ ਸਮਾਗਮ ਕਰਵਾਉਣੇ ਗ਼ੈਰ ਸੰਵਿਧਾਨਕ – ਤਰਕਸ਼ੀਲ਼ ਸੁਸਾਇਟੀ
ਸੰਗਰੂਰ (ਸਮਾਜ ਵੀਕਲੀ) ਤਰਕਸ਼ੀਲ਼ ਸੁਸਾਇਟੀ ਪੰਜਾਬ ਦੀ ਇਕਾਈ ਸੰਗਰੂਰ ਨੇ ਨੀਟ ਦੇ ਪੇਪਰ ਲੀਕ ਮੁੱਦੇ ਸਮੇਤ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਜੰਤਰ ਮੰਤਰ ਤੋਂ ਸੰਸਦ ਭਵਨ ਤੱਕ ਰੋਸ ਮਾਰਚ ਕਰ ਰਹੇ ਵਿਦਿਆਰਥੀਆਂ ਉਤੇ ਦਿੱਲੀ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟਣ, ਅੰਨ੍ਹੇਵਾਹ ਲਾਠੀਚਾਰਜ ਕਰਨ, ਗ੍ਰਿਫ਼ਤਾਰ ਕਰਨ ਅਤੇ ਪੰਡਾਲ ਦੀ ਤੋੜ ਭੰਨ ਕਰਕੇ ਜਬਰੀ ਧਰਨਾ ਉਠਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸਦੇ ਨਾਲ ਹੀ ਸੁਸਾਇਟੀ ਨੇ ਪੰਜਾਬ ਵਿੱਚ ਮਗਨਰੇਗਾ ਕਰਮਚਾਰੀਆਂ ਉੱਤੇ ਅੰਨ੍ਹੇਵਾਹ ਲਾਠੀਚਾਰਜ ਕਰਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੰਪਲੈਕਸ ਵਿੱਚ ਆਰ.ਐਸ.ਐਸ.ਨਾਲ ਸੰਬੰਧਿਤ ਫ਼ਿਰਕੂ ਸਮਾਗਮ ਦਾ ਵਿਰੋਧ ਕਰਦੇ ਵਿਦਿਆਰਥੀਆਂ ਨਾਲ ਧੂਹ ਘੜੀਸ ਅਤੇ ਬਦਸਲੂਕੀ ਕਰਨ ਦੀ ਵੀ ਨਿੰਦਾ ਕੀਤੀ ਹੈ। ਇਸ ਸਬੰਧੀ ਇੱਕ ਮੀਟਿੰਗ ਕਰਨ ਉਪਰੰਤ ਰੋਸ ਜ਼ਾਹਿਰ ਕਰਦਿਆਂ ਤਰਕਸ਼ੀਲ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ ਬਾਲਦ ਕਲਾਂ, ਸੁਰਿੰਦਰ ਪਾਲ, ਗੁਰਦੀਪ ਸਿੰਘ ਲਹਿਰਾ, ਪ੍ਰਗਟ ਸਿੰਘ, ਲੈਕਚਰਾਰ ਕ੍ਰਿਸ਼ਨ ਸਿੰਘ, ਮਾਸਟਰ ਗੁਰਜੰਟ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਪੇਪਰ ਲੀਕ,ਬੇਰੁਜ਼ਗਾਰੀ ਅਤੇ ਨਖਿਧ ਹੋਏ ਸਿੱਖਿਆ ਢਾਂਚੇ ਸਮੇਤ ਮੌਜੂਦਾ ਹਕੂਮਤ ਦੀਆਂ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਅਤੇ ਭ੍ਰਿਸ਼ਟ ਕਾਰਵਾਈਆਂ ਦਾ ਜਮਹੂਰੀ ਢੰਗ ਨਾਲ ਵਿਰੋਧ ਕਰਨ ਦਾ ਸੰਵਿਧਾਨਕ ਹੱਕ ਹੈ ਪਰ ਕੇਂਦਰ ਸਰਕਾਰ ਗੱਲਬਾਤ ਦਾ ਰਸਤਾ ਅਖ਼ਤਿਆਰ ਕਰਨ ਦੀ ਥਾਂ ਅਸਹਿਮਤੀ ਅਤੇ ਸਿਆਸੀ ਵਿਰੋਧੀਆਂ ਦੀਆਂ ਆਵਾਜ਼ਾਂ ਨੂੰ ਲਾਠੀ ਅਤੇ ਗੋਲੀ ਦੇ ਤਾਨਾਸ਼ਾਹੀ ਹੱਥਕੰਡਿਆਂ ਰਾਹੀਂ ਦਬਾਉਣ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸ਼ਨ ਵੱਲੋਂ ਕੁੱਝ ਦਿਨ ਪਹਿਲਾਂ ਵਿਦਿਆਰਥੀ ਜਥੇਬੰਦੀਆਂ ਨੂੰ ਆਰ.ਐਸ.ਐਸ. ਨਾਲ ਸੰਬੰਧਿਤ ਸੰਸਥਾਵਾਂ ਦਾ ਫ਼ਿਰਕੂ ਸਮਾਗਮ ਨਾ ਕਰਵਾਉਣ ਦਾ ਭਰੋਸਾ ਦੇਣ ਦੇ ਬਾਵਜੂਦ ਚੋਰੀ ਛੁੱਪੇ ਸਮਾਗਮ ਕਰਵਾਉਣਾ ਅਤੇ ਵਿਰੋਧ ਕਰਦੇ ਵਿਦਿਆਰਥੀਆਂ ਉਤੇ ਜ਼ਬਰ ਕਰਨ ਦੀ ਫਾਸ਼ੀਵਾਦੀ ਕਾਰਵਾਈ ਨੇ ਯੂਨੀਵਰਸਿਟੀ ਅਧਿਕਾਰੀਆਂ ਦੇ ਭਗਵੇਂ ਏਜੰਡੇ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿਖਿਆ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ,ਸੋਨਮ ਵਾਂਗਚੁਕ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਵਿਦਿਆਰਥੀਆਂ ਤੇ ਲਾਠੀਚਾਰਜ ਕਰਨ ਤੇ ਕਰਵਾਉਣ ਵਾਲੇ ਅਧਿਕਾਰੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ ,ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ,ਔਰਤ ਵਿਰੋਧੀ ਮਾਨਸਿਕਤਾ ਵਾਲੇ ਬੁਲਾਰਿਆਂ ਨੂੰ ਬੁਲਾਉਣ ਲਈ ਯੂਨੀਵਰਸਿਟੀ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






