ਸੰਗਰੂਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)– ਸੰਗਰੂਰ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ‘ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ’ ਵਿਖੇ ਰਾਸ਼ਟਰੀ ਸਿੱਖਿਆ ਨੀਤੀ 2020 (NEP 2020) ਦੇ ਤਹਿਤ ਵਿਦਿਆਰਥੀਆਂ ਲਈ ਲਗਾਇਆ ਗਿਆ 120 ਘੰਟਿਆਂ ਦਾ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਅੱਜ ਸ਼ਾਨਦਾਰ ਢੰਗ ਨਾਲ ਸਫਲਤਾਪੂਰਵਕ ਸਮਾਪਤ ਹੋ ਗਿਆ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਏ ਗਏ 20 ਤੋਂ 25 ਦਿਨਾਂ ਦੇ ਇਸ ਸਿਖਲਾਈ ਕੈਂਪ ਵਿੱਚ ਵੱਖ-ਵੱਖ ਨਾਮਵਰ ਕਾਲਜਾਂ ਜਿਵੇਂ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ, ਦੇਸ਼ ਭਗਤ ਕਾਲਜ ਬਰੜਵਾਲ, ਯੂਨੀਵਰਸਿਟੀ ਕਾਲਜ ਬੇਨੜਾ, ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ, ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ, ਸਰਕਾਰੀ ਰਣਬੀਰ ਕਾਲਜ ਸੰਗਰੂਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਲਾਂਡਰਾਂ ਦੇ 66 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਟ੍ਰੇਨਿੰਗ ਪੂਰੀ ਕੀਤੀ। ਅੱਜ ਆਸ਼ਰਮ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਪਹੁੰਚੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫ਼ਲਤਾ ਲਈ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਆਸ਼ਰਮ ਦੇ ਬਜ਼ੁਰਗ ਵਾਸੀਆਂ ਸੁਰਜੀਤ ਸਿੰਘ ਖੇਤਲਾ ਅਤੇ ਰੁਪਿੰਦਰ ਕੌਰ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਪੇਸ਼ ਕਰਕੇ ਮਾਹੌਲ ਨੂੰ ਬੇਹੱਦ ਖ਼ੁਸ਼ਨੁਮਾ ਅਤੇ ਭਾਵੁਕ ਬਣਾ ਦਿੱਤਾ, ਜਿਸ ਨੇ ਪੰਜਾਬੀ ਸੱਭਿਆਚਾਰ ਦੇ ਸੁਹਜਮਈ ਰੰਗ ਬਿਖੇਰੇ। ਸਮਾਗਮ ਦੌਰਾਨ ਟਰੱਸਟ ਦੇ ਮੁੱਖ ਬੁਲਾਰਿਆਂ ਪ੍ਰੋਫੈਸਰ ਸੰਤੋਖ ਕੌਰ, ਸੁਰਿੰਦਰ ਸਿੰਘ ਵਾਲੀਆ, ਸੇਵਾਮੁਕਤ ਡੀ.ਐੱਸ.ਪੀ. ਬਹਾਦਰ ਸਿੰਘ ਰਾਓ, ਸੁਰਿੰਦਰ ਪਾਲ ਸਿੰਘ ਸਿਦਕੀ (ਡਿਪਟੀ ਚੀਫ਼ ਆਰਗੇਨਾਈਜ਼ਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ), ਇੰਦਰਪਾਲ ਸਿੰਘ ਗੋਸਲ ਅਤੇ ਗੁਰਮੀਤ ਕੌਰ ਗਗੜਪੁਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜੀਵਨ ਵਿੱਚ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਅਤੇ ਸਮਾਜ ਵਿੱਚ ਬਜ਼ੁਰਗਾਂ ਦੀ ਸੇਵਾ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਟੀਫਿਕੇਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਵੀ ਆਸ਼ਰਮ ਦੇ ਬਜ਼ੁਰਗਾਂ ਨਾਲ ਬਿਤਾਏ ਪਲਾਂ ਦੇ ਅਨੁਭਵ ਸਾਂਝੇ ਕੀਤੇ ਅਤੇ ਕਿਹਾ ਕਿ ਇਸ ਟ੍ਰੇਨਿੰਗ ਨੇ ਉਨ੍ਹਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ ਹੈ ਅਤੇ ਬਜ਼ੁਰਗਾਂ ਦੇ ਸਤਿਕਾਰ ਤੇ ਸਨਮਾਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਇਆ ਹੈ। ਪ੍ਰੋਗਰਾਮ ਦੇ ਮੰਚ ਸੰਚਾਲਨ ਦੀ ਬਾਖ਼ੂਬੀ ਜ਼ਿੰਮੇਵਾਰੀ ਸਕੱਤਰ ਸੁਖਮਿੰਦਰ ਸਿੰਘ ਭੱਠਲ ਨੇ ਨਿਭਾਈ ਅਤੇ ਇਸ ਮੌਕੇ ਸੰਸਥਾ ਦੇ ਮੈਂਬਰ ਰਜਿੰਦਰ ਪਾਲ, ਮਾਸਟਰ ਮਹਿੰਦਰ ਸਿੰਘ, ਹਨੀਪਾਲ ਸਿੰਘ ਕਾਹਲੋਂ ਗਗੜਪੁਰ, ਪਵਨ ਕੁਮਾਰ ਅਤੇ ਬਲਬੀਰ ਸਿੰਘ ਔਲਖ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਨੇ ਸਮਾਗਮ ਦੀ ਸਫ਼ਲਤਾ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






