14 ਤੋਂ 16 ਜੁਲਾਈ ਤੱਕ ਬਰਸੀ ‘ਤੇ ਵਿਸ਼ੇਸ਼
(ਸਮਾਜ ਵੀਕਲੀ) ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਅਨਿੰਨ ਸੇਵਕ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰੋਂ-ਘਰੋਂ ਵਰੋਸਾਏ ਭਾਈ ਕਨੱਈਆ ਰਾਮ ਜੀ ਹੋਏ ਸਨ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨੱਈਆ ਰਾਮ ਜੀ ਨੂੰ ਕਿਹਾ ਸੀ ਕਿ ਤੇਰੇ ਨਾਂ ‘ਤੇ ਇੱਕ ਪੰਥ ਚੱਲੇਗਾ ਸੋ ਇਹ ਸੇਵਾਪੰਥੀ ਸੰਪਰਦਾਇ ਭਾਈ ਕਨੱਈਆ ਰਾਮ ਜੀ ਦੀ ਦੇਣ ਹੈ । ਸੇਵਾਪੰਥੀ ਸਾਧੂ ਅਨੇਕਾਂ ਹੋਏ, ਉਹਨਾਂ ਮਹਾਂਪੁਰਸ਼ਾਂ ਵਿੱਚੋਂ ਹੀ ਸੰਤ ਨਰੈਣ ਸਿੰਘ ‘ਸੇਵਾਪੰਥੀ’ ਹੋਏ ਹਨ ।
ਸੰਤ ਨਰੈਣ ਸਿੰਘ ਦਾ ਜਨਮ 1866 ਈ: ਸੰਮਤ 1923 ਬਿਕਰਮੀ ਪੱਛਮੀ ਪੰਜਾਬ ਦੇ ਪਿੰਡ ਹੈਦਰਾਬਾਦ ਤਹਿਸੀਲ ਭੱਖਰ ਜ਼ਿਲ੍ਹਾ ਮੀਆਂਵਾਲੀ (ਪਾਕਿਸਤਾਨ) ਵਿਖੇ ਸ੍ਰ: ਆਇਆ ਸਿੰਘ ਦੇ ਘਰ ਹੋਇਆ । ਬਚਪਨ ਤੋਂ ਹੀ ਆਪ ਧਾਰਮਿਕ ਬਿਰਤੀ ਦੇ ਮਾਲਕ ਸਨ । ਆਪ ਦੇ ਦੋ ਵੱਡੇ ਭਰਾ ਭਾਈ ਉਦੇ ਭਾਨ ਤੇ ਭਾਈ ਸਹਾਈ ਰਾਮ ਜੀ ਸਨ । ਆਪ ਨੇ ਸਤੀ ਸੰਤੋਖ ਦਾਸ ਉਦਾਸੀ ਪਾਸੋਂ ਗੁਰਮੁਖੀ ਵਿੱਦਿਆ ਤੇ ਗੁਰਬਾਣੀ ਦਾ ਪਾਠ ਕਰਨਾ ਸਿੱਖਿਆ । ਆਪ ਦਾ ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਕੇ ਗੁਰਦੁਆਰੇ ਪੁੱਜਣਾ, ਗੁਰਬਾਣੀ ਪੜ੍ਹਨੀ ਤੇ ਕੀਰਤਨ ਸੁਣਨਾ ਰੋਜ਼ਾਨਾ ਨੇਮ ਸੀ।
ਸੰਤ ਨਰੈਣ ਸਿੰਘ, ਸੰਤ ਗ਼ਰੀਬ ਦਾਸ ਜੀ ਕੋਲ 13-14 ਸਾਲ ਦੀ ਉਮਰ ਵਿੱਚ ਗੁਰਦੁਆਰੇ ਰਹਿ ਕੇ ਸੇਵਾ ਕਰਨ ਲੱਗੇ । ਅੱਠੇ ਪਹਿਰ ਗੁਰਬਾਣੀ, ਸਤਿਸੰਗ, ਕਥਾ-ਕੀਰਤਨ ਦਾ ਅਨੰਦ ਮਾਣਦੇ । ਲੰਗਰ ਵਾਸਤੇ ਲੱਕੜਾਂ ਲਿਆਉਣ ਦੀ ਸੇਵਾ ਕਰਨੀ, ਪਾਣੀ ਢੋਣ ਦੀ ਸੇਵਾ ਕਰਨੀ, ਸਾਰੇ ਗੁਰਦੁਆਰੇ ਵਿੱਚ ਝਾੜੂ ਫੇਰਨਾ, ਅੱਠੇ ਪਹਿਰ ਰਸਨਾ ਉੱਪਰ ਗੁਰਬਾਣੀ ਦਾ ਪਾਠ ਜਾਰੀ ਰਹਿਣਾ, ਨੂਰਪੁਰ ਡੇਰੇ ‘ਤੇ ਰਹਿ ਕੇ ਜੋ ਸੰਤਾਂ ਨੂੰ ਗੁਰਬਾਣੀ, ਸੇਵਾ, ਸਿਮਰਨ ਦਾ ਗੂੜ੍ਹਾ ਰੰਗ ਚੜ੍ਹਿਆ, ਉਹ ਬੇਮਿਸਾਲ ਹੈ । ਸੰਤ ਨਰੈਣ ਸਿੰਘ ਨੇ ਡੇਰੇ ਤੇ ਰਹਿ ਕੇ ਜਪੁਜੀ ਸਾਹਿਬ, ਸ਼ਬਦ ਹਜ਼ਾਰੇ, ਆਸਾ ਕੀ ਵਾਰ, ਸੁਖਮਨੀ ਸਾਹਿਬ ਬਾਣੀਆਂ ਕੰਠ ਕੀਤੀਆਂ । ਸੁਖਮਨੀ ਸਾਹਿਬ ਬਾਣੀ ਦੇ ਨਾਲ ਐਸਾ ਪ੍ਰੇਮ ਲੱਗਾ ਕਿ ਆਪ ਸੁਖਮਨੀ ਰੂਪ ਹੋ ਗਏ । ਰਾਤ-ਦਿਨ ਆਪ ਦੀ ਰਸਨਾ ਤੇ ਸੁਖਮਨੀ ਸਾਹਿਬ ਦੀਆਂ ਤੁਕਾਂ ਹੀ ਨਿਵਾਸ ਰੱਖਦੀਆਂ । ਝਾੜੂ ਫੇਰਦਿਆਂ, ਲੰਗਰ ਦੇ ਭਾਂਡੇ ਮਾਂਜਦਿਆਂ, ਪਾਣੀ ਢੋਂਦਿਆਂ ਆਪ ਸਦਾ ਹੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹਿੰਦੇ । ਸੁਖਮਨੀ ਸਾਹਿਬ ਪੜ੍ਹਦਿਆਂ – ਪੜ੍ਹਦਿਆਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਸਨ।
ਸੰਤ ਗਰੀਬ ਦਾਸ ਜੀ ਨੇ ਸੰਤ ਨਰੈਣ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, “ਤੁਸੀਂ ਆਪਣੇ ਸ਼ਹਿਰ ਹੈਦਰਾਬਾਦ ਜਾਉ, ਉੱਥੇ ਜਾ ਕੇ ਗੁਰਦੁਆਰਾ ਆਬਾਦ ਕਰੋ । ਨਾਮ ਰਸ ਅੰਮ੍ਰਿਤ ਦੇ ਗੱਫੇ ਥਲ ਦੀਆਂ ਸੰਗਤਾਂ ਨੂੰ ਛਕਾਉ। ਸੰਤ ਨਰੈਣ ਸਿੰਘ ਨੇ ਸੰਤ ਗਰੀਬ ਦਾਸ ਦੇ ਹੁਕਮ ਅਨੁਸਾਰ ਸੰਮਤ 1940 ਬਿਕਰਮੀ ਸੰਨ 1883 ਈ: ਵਿੱਚ ਹੈਦਰਾਬਾਦ ਵਿਖੇ ਸਤਿਸੰਗ ਕਰਨ ਦੀ ਲਹਿਰ ਚਲਾ ਦਿੱਤੀ । ਸੰਤ ਜੀ ਆਪ ਸ਼ਹਿਰ ‘ਚੋਂ ਮੰਦੂਕੜੀ (ਪ੍ਰਸ਼ਾਦੇ) ਮੰਗ ਕੇ ਲਿਆਉਂਦੇ ਅਤੇ ਮੁਸਾਫ਼ਰਾਂ ਨੂੰ ਲੰਗਰ ਛਕਾਉਂਦੇ ਸਨ । ਸੰਮਤ 1943 ਬਿਕਰਮੀ ਸੰਨ 1886 ਈ: ਨੂੰ ਚੇਤਰ ਦੀ ਸੰਗਰਾਂਦ ਵਾਲੇ ਦਿਨ ਸੰਤ ਨਰੈਣ ਸਿੰਘ ਨੇ ਖੜ੍ਹੇ ਹੋ ਕੇ ਸਾਧਸੰਗਤ ਅੱਗੇ ਅਪੀਲ ਕੀਤੀ ਕਿ ਗੁਰੂ ਦਾ ਦਰਬਾਰ ਸਾਹਿਬ ਵੱਡਾ ਤੇ ਪੱਕਾ ਬਣਨਾ ਹੈ, ਸਾਧਸੰਗਤ ਮਾਇਆ ਸਫਲ ਕਰੋ । ਗੁਰੂ ਨਾਨਕ ਸਾਹਿਬ ਦੇ ਸੋਹਣੇ ਦਰਬਾਰ ਦੀ ਸੇਵਾ ਕਰਕੇ ਜਨਮ ਸਫਲਾ ਕਰੋ। ਸੰਤ ਨਰੈਣ ਸਿੰਘ ਦੇ ਬਚਨ ਸੁਣ ਕੇ ਸੰਗਤਾਂ ਨੇ ਜੋ ਸੇਵਾ ਕੀਤੀ, ਉਸ ਦਾ ਵਰਣਨ ਕਰਨਾ ਕਠਿਨ ਹੈ। ਸੰਤ ਨਰੈਣ ਸਿੰਘ ਜੀ ਨੇ ਸੰਮਤ 1944 ਬਿਕਰਮੀ ਸੰਨ 1887 ਈਸਵੀ ਨੂੰ ਗੁਰਦੁਆਰਾ ਸਾਹਿਬ ਦੀ ਨੀਂਹ ਆਪਣੇ ਕਰ-ਕਮਲਾਂ ਨਾਲ ਰੱਖੀ । ਚਾਰ ਸਾਲ ਲਗਾਤਾਰ ਗੁਰਦੁਆਰੇ ਦੀ ਕਾਰ-ਸੇਵਾ ਚੱਲਦੀ ਰਹੀ । ਹੈਦਰਾਬਾਦ, ਮਨਕੇਰਾ, ਕਾਰਲੂਆਲਾ, ਸਾਧਵਾਲਾ, ਗੋਹਰਵਾਲਾ, ਮਾਂਹਣੀ, ਧਿਘਾਨਾ ਆਦਿਕ ਪਿੰਡਾਂ ਦੀਆਂ ਸੰਗਤਾਂ ਨੇ ਪ੍ਰੇਮ, ਸ਼ਰਧਾ ਤੇ ਤਨ-ਮਨ-ਧਨ ਨਾਲ ਸੇਵਾ ਕੀਤੀ । ਸੰਤ ਨਰੈਣ ਸਿੰਘ ਨੇ ਲੰਗਰ ਵਾਸਤੇ, ਵਿਸ਼ਰਾਮ ਕਰਨ ਵਾਸਤੇ, ਮੁਸਾਫ਼ਰਾਂ ਦੇ ਰਹਿਣ ਵਾਸਤੇ ਛੋਟੇ-ਛੋਟੇ ਕਮਰੇ ਤਿਆਰ ਕਰਵਾਏ । ਗੁਰਦੁਆਰੇ ਵਾਲੇ ਖੂਹ ਤੇ ਮਾਹਲ ਲੌਟੇ ਪਵਾਏ । ਪਾਣੀ ਇਕੱਠਾ ਕਰਨ ਵਾਸਤੇ ਇੱਕ ਚੁਬੱਚਾ ਬਣਵਾਇਆ । ਉਸ ਅੱਗੇ ਵੱਡੀਆਂ ਦੋ ਖੇਲਾਂ ਬਣਵਾਈਆਂ ਜਿਨ੍ਹਾਂ ਵਿੱਚ ਹਰ ਵੇਲੇ ਪਾਣੀ ਭਰਿਆ ਰਹਿੰਦਾ ਸੀ । ਗਊਆਂ, ਬੱਕਰੀਆਂ, ਭੇਡਾਂ ਆਦਿਕ ਸਭ ਪਸ਼ੂ ਪਾਣੀ ਪੀ ਕੇ ਤ੍ਰਿਪਤ ਹੁੰਦੇ ਸਨ। ਸੰਤ ਜੀ ਨੇ ਕਿਲ੍ਹੇ ਦੀ ਸ਼ਕਲ ਵਿੱਚ ਚਾਰਦੀਵਾਰੀ ਵਿੱਚ ਹਰ ਕੋਨੇ ਤੇ ਚਾਰ ਕਮਰੇ ਬਣਵਾਏ । ਇੱਥੇ ਹਰ ਇੱਕ ਭੇਖ ਦੇ ਉਦਾਸੀ, ਸੰਨਿਆਸੀ ਸੰਤ ਮਹਾਤਮਾ ਆ ਕੇ ਠਹਿਰਦੇ ਸਨ । ਸੰਤ ਜੀ ਨੇ ਸ਼ਹਿਰ ਤੋਂ ਬਾਹਰ ਇੱਕ ਕੁਟੀਆ ਵੀ ਬਣਾਈ।
ਸੰਤ ਨਰੈਣ ਸਿੰਘ ਨੇ ਹੈਦਰਾਬਾਦ ਵਿੱਚ ਮੀਆਂਵਾਲੀ ‘ਚ ਡੇਰਾ ਬਣਾ ਕੇ ਗੁਰਬਾਣੀ, ਗੁਰਮਤਿ ਦਾ ਪ੍ਰਵਾਹ ਚਲਾਇਆ । ਬੱਚੇ-ਬੱਚੀਆਂ ਨੂੰ ਗੁਰਬਾਣੀ ਗੁਰਮਤਿ ਦੀ ਵਿੱਦਿਆ ਸਿਖਾਈ । ਸੰਤ ਜੀ ਕੋਲ ਜੋ ਵੀ ਆਉਂਦਾ, ਉਸ ਨੂੰ ਜਪੁਜੀ ਸਾਹਿਬ ਦਾ ਪਾਠ ਕਰਨ ਲਈ ਕਹਿੰਦੇ । ਸੰਤ ਨਰੈਣ ਸਿੰਘ ਜੀ, ਗੁਰੂ ਕਾ ਲੰਗਰ 24 ਘੰਟੇ ਖੁੱਲ੍ਹਾ ਰੱਖਦੇ ਸਨ । ਰਾਤ ਦੇ 12 ਵਜੇ ਕੋਈ ਮੁਸਾਫ਼ਿਰ ਆ ਜਾਏ, ਪ੍ਰਸ਼ਾਦਾ ਮਿਲਦਾ ਸੀ । ਗੁਰੂ ਕਾ ਲੰਗਰ ਇਤਨਾ ਅਤੁੱਟ ਚੱਲਦਾ ਸੀ ਕਿ ਮਨੁੱਖ ਤਾਂ ਕੀ ਪਸ਼ੂ ਪੰਛੀ ਵੀ ਛਕ ਕੇ ਤ੍ਰਿਪਤ ਹੁੰਦੇ ਸਨ । ਸੰਤ ਨਰੈਣ ਸਿੰਘ ਜੀ ਕੁੱਤਿਆਂ ਨੂੰ ਮਿੱਠੇ ਪ੍ਰਸ਼ਾਦੇ, ਪੰਛੀਆਂ ਲਈ ਕੋਠੇ (ਛੱਤ) ਤੇ ਦੋ- ਦੋ ਸੇਰ ਦਾਣੇ ਪਾਉਂਦੇ ਸਨ । ਸੰਤ ਨਰੈਣ ਸਿੰਘ ਨੇ ਕਾਰਲੂਆਲਾ, ਸਾਧਵਾਲਾ, ਗੌਹਰਵਾਲਾ, ਮਾਂਹਣੀ ਧਿਘਾਨਾ ਵਿਖੇ ਗੁਰਦੁਆਰਿਆਂ ਵਿੱਚ ਗੁਰਬਾਣੀ, ਗੁਰਮਤਿ, ਸਤਿਸੰਗ ਦੀ ਲਹਿਰ ਚਲਾਈ । ਹਿੰਦੂ, ਮੁਸਲਮਾਨ, ਸਿੱਖ, ਸਭ ਨੂੰ ਇੱਕ ਨਜ਼ਰ ਨਾਲ ਵੇਖਦੇ ਸਨ । ਗੁਰਦੁਆਰੇ ਕਿਸੇ ਮਜ਼੍ਹਬ ਦਾ ਕੋਈ ਵੀ ਮਨੁੱਖ ਆ ਜਾਵੇ ਸਭ ਨੂੰ ਬਿਨਾਂ ਵਿਤਕਰੇ ਖੁੱਲ੍ਹਾ ਲੰਗਰ ਛਕਾਇਆ ਜਾਂਦਾ ਸੀ । ਹਿੰਦੂ ਆਪ ਨੂੰ ਸੰਤ ਮਹਾਰਾਜ ਸੁਆਮੀ ਜੀ, ਮੁਸਲਮਾਨ ਖੂੰਡੇ ਵਾਲਾ ਬਾਬਾ ਤੇ ਖੰਡੇ ਵਾਲਾ ਭਾਈ ਸਾਹਿਬ ਕਹਿ ਕੇ ਸਤਿਕਾਰ ਕਰਦੇ ਸਨ।
ਹਿੰਦ ਪਾਕਿ ਦੀ ਵੰਡ ਸਮੇਂ ਆਪ ਨੇ ਬੜੀ ਸੂਝ- ਬੂਝ ਨਾਲ ਸਭ ਸੰਗਤ ਦੀ ਅਗਵਾਈ ਕੀਤੀ। ਸਭ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਇਕੱਠਾ ਕੀਤਾ । ਅਖੰਡ ਪਾਠ ਰੱਖੇ ਗਏ । ਲੰਗਰ ਸਭ ਵਾਸਤੇ ਚੱਲਦਾ ਰਿਹਾ । ਆਪ ਨੇ ਸੰਗਤਾਂ ਨੂੰ ਬਚਨ ਕੀਤਾ ਕਿ ਜਿਸ ਵੀ ਪਰਿਵਾਰ ਵਿੱਚ ਬੱਚੇ ਵੱਡੇ ਹਨ ਸਭ ਦੇ ਅਨੰਦ-ਕਾਰਜ ਕਰ ਦਿਉ। ਸੰਤ ਜੀ ਨੇ ਕਈ ਲੜਕੇ-ਲੜਕੀਆਂ ਦੇ ਅਨੰਦ-ਕਾਰਜ ਪਤਾਸਿਆਂ ਦੇ ਪ੍ਰਸ਼ਾਦ ਨਾਲ ਕਰ ਦਿੱਤੇ । ਆਪ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਟੇਕ ਰੱਖਣ ਦਾ ਉਪਦੇਸ਼ ਦਿੰਦੇ । ਆਪ ਦੇ ਪ੍ਰਤਾਪ ਸਦਕਾ ਹੈਦਰਾਬਾਦ ਵਿਖੇ ਕੋਈ ਉਪੱਧਰ (ਨੁਕਸਾਨ) ਨਾ ਹੋਇਆ । ਆਪ ਮਿਲਟਰੀ ਦੇ ਟਰੱਕਾਂ ਵਿੱਚ ਸਭ ਸੰਗਤਾਂ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਦੇ ਗੁਟਕੇ ਆਦਿ ਨਾਲ ਲੈ ਕੇ ਪਹਿਲਾਂ ਸ਼੍ਰੀ ਅੰਮ੍ਰਿਤਸਰ ਆਏ, ਉਥੋਂ ਕਈ ਥਾਵਾਂ ਤੋਂ ਹੁੰਦੇ ਹੋਏ ਬਾਅਦ ਵਿੱਚ ਪਾਣੀਪਤ ਆ ਗਏ।
ਸੰਤ ਨਰੈਣ ਸਿੰਘ ਜੀ ਹਰ ਸਾਲ ਨਵਾਂ ਸੰਮਤ (ਬਿਕਰਮੀ) ਮਨਾਇਆ ਕਰਦੇ ਸਨ। ਤਿੰਨ ਦਿਨ ਸਤਿਸੰਗ, ਕੀਰਤਨ, ਕਥਾ ਦੇ ਪ੍ਰਵਾਹ ਚੱਲਦੇ ਸਨ। ਪੰਥ ਪ੍ਰਸਿੱਧ ਗੁਣੀ-ਗਿਆਨੀ, ਕਥਾਵਾਚਕ, ਕੀਰਤਨੀ ਜਥੇ ਵਿਸ਼ੇਸ਼ ਤੌਰ ‘ਤੇ ਬਾਹਰੋਂ ਬੁਲਾਉਂਦੇ ਸਨ । ਸੰਗਤਾਂ ਬੜੇ ਪ੍ਰੇਮ ਅਤੇ ਚਾਅ ਨਾਲ ਸੇਵਾ ਕਰਦੀਆਂ ਤੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਦੀਆਂ।
ਸੰਤ ਨਰੈਣ ਸਿੰਘ ਜੀ ਪੂਰਨ ਬ੍ਰਹਮ- ਗਿਆਨੀ ਸਨ । ਉਹਨਾਂ ਨੂੰ ਇਸ ਨਾਸ਼ਵਾਨ ਸੰਸਾਰ ਤੋਂ ਜਾਣ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ। ਸੰਤ ਨਰੈਣ ਸਿੰਘ ਜੀ ਦੇ ਸਰੀਰ ਤੇ ਸੋਜ ਅਤੇ ਥੋਥਰ ਆ ਗਈ । ਬੁਖਾਰ ਹੋ ਗਿਆ । ਆਪ ਦਾ ਸਰੀਰ ਬਿਰਧ ਸੀ। ਸੰਗਤਾਂ ਨੂੰ ਹੁਕਮ ਕੀਤਾ ਕਿ ਸਾਡੇ ਕੋਲ ਬੈਠ ਕੇ ਕੇਵਲ ਗੁਰਬਾਣੀ ਦਾ ਪਾਠ ਕਰੋ । ਵਾਹਿਗੁਰੂ ਦਾ ਭਾਣਾ ਮੰਨਣਾ ਤੇ ਕੋਈ ਦੁੱਖ ਨਾ ਮਨਾਉਣਾ । ਨਾਮ- ਬਾਣੀ ਦੇ ਰਸੀਏ, ਸੇਵਾ ਦੇ ਪੁੰਜ ਸੰਤ ਨਰੈਣ ਸਿੰਘ ਜੀ ‘ਸੇਵਾਪੰਥੀ’ 31 ਹਾੜ ਸੰਮਤ 2009 ਬਿਕਰਮੀ ਸੰਨ 1952 ਈ: ਨੂੰ 86 ਸਾਲ ਦੀ ਉਮਰ ਬਤੀਤ ਕਰਕੇ ਸੁਖਮਨੀ ਸਾਹਿਬ ਦਾ ਪਾਠ ਸੁਣਦੇ-ਸੁਣਦੇ ਪੰਜ ਭੂਤਕ ਸਰੀਰ ਛੱਡ ਕੇ ਜੋਤੀ-ਜੋਤਿ ਸਮਾ ਗਏ।
ਸੰਤ ਨਰਾਇਣ ਸਿੰਘ ਜੀ ‘ਸੇਵਾਪੰਥੀ’ ਦੀ 74ਵੀਂ ਬਰਸੀ ਗੁਰਦੁਆਰਾ ਸੰਤ ਭਾਈ ਨਰੈਣ ਸਿੰਘ ਜੀ (ਰਜਿ:) ਵਾਰਡ ਨੰਬਰ 7, ਗੁਰਦੁਆਰਾ ਰੋਡ ਪਾਣੀਪਤ ਵਿਖੇ 14,15 ਤੇ 16 ਜੁਲਾਈ (ਸਾਵਣ ਦੀ ਸੰਗਰਾਂਦ) ਦਿਨ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ । ਜਿਸ ਵਿੱਚ ਸ੍ਰ: ਪ੍ਰਭਜੋਤ ਸਿੰਘ ਜੀ ਅਤੇ ਸਾਥੀ, ਸ੍ਰ: ਬਲਵਿੰਦਰ ਸਿੰਘ ਜੀ ਅਤੇ ਸਾਥੀ, ਸੰਤ ਭਾਈ ਨਰੈਣ ਸਿੰਘ ਕੀਰਤਨ ਅਕੈਡਮੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਪ੍ਰਚਾਰਕ, ਸੰਤ ਮਹਾਂਪੁਰਸ਼ ਅੰਮ੍ਰਿਤਮਈ ਕਥਾ, ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ । ਗੁਰੂ ਕਾ ਲੰਗਰ ਅਤੁੱਟ ਵਰਤੇਗਾ ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






