HOME ਸਮੱਸਿਆਵਾਂ ਨਾਲ ਜੂਝਦੇ ਸ਼ਹਿਰ

ਸਮੱਸਿਆਵਾਂ ਨਾਲ ਜੂਝਦੇ ਸ਼ਹਿਰ

3
ਸੰਜੀਵ ਸਿੰਘ ਸੈਣੀ
     (ਸਮਾਜ ਵੀਕਲੀ)   ਕੁੱਝ ਕੁ ਸਾਲ ਪਹਿਲਾਂ ਪੀ ਐਮ ਸ੍ਰੀ ਨਰਿੰਦਰ ਮੋਦੀ ਜੀ ਨੇ ਇੱਕ ਵੈਬੀਨਾਰ ਵਿੱਚ ਆਖਿਆ ਸੀ ਕਿ ਆਜ਼ਾਦੀ ਦੇ ਇੰਨੇ ਵਰ੍ਹੇ ਬੀਤਣ ਤੋਂ ਬਾਅਦ ਵੀ ਸ਼ਹਿਰਾਂ ਦਾ ਚੰਗੀ ਤਰ੍ਹਾਂ ਵਿਕਾਸ ਨਹੀਂ ਹੋ ਪਾਇਆ ਹੈ। ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਅੱਜ ਸ਼ਹਿਰ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਹਰ ਮੌਨਸੂਨ ‘ਚ ਦੇਸ਼ ਦੇ ਲੋਕ ਬਰਸਾਤ ਸਬੰਧੀ ਸਮੱਸਿਆਵਾਂ ਨਾਲ ਜੂਝਦੇ ਹਨ। ਅੱਜ ਦੇਸ਼ ਦੇ ਛੋਟੇ ਵੱਡੇ ਸ਼ਹਿਰ ਪਾਣੀ ਭਰਨ ਨਾਲ ਜੂਝ ਰਹੇ ਹਨ। ਮੌਨਸੂਨ ਦੀ ਪਹਿਲੀ ਬਾਰਿਸ਼ ਕਈ ਥਾਵਾਂ ਤੇ ਆਫ਼ਤ ਲੈ ਕੇ ਆਈ ਹੈ। ਲਗਾਤਾਰ ਮੀਹ ਪੈਣ ਕਾਰਨ ਕਈ ਥਾਵਾਂ ਤੇ ਪਾਣੀ ਭਰਨ ਨਾਲ ਹਾਦਸੇ ਹੁੰਦੇ ਹਨ, ਟਰੈਫਿਕ ਜਾਮ ਹੋ ਜਾਂਦੀ ਹੈ। ਸੜਕਾਂ ਟੁੱਟ ਜਾਂਦੀਆਂ ਹਨ। ਖੁੱਲੇ ਮੈਨਹੋਲਾਂ ਵਿੱਚ ਵੀ ਕਈ ਲੋਕ ਜਾ ਡਿੱਗਦੇ ਹਨ। ਨਦੀਆਂ ਨਾਲਿਆਂ ਦੀ ਚੰਗੀ ਤਰ੍ਹਾਂ ਸਫਾਈ ਤੱਕ ਨਹੀਂ ਹੋਈ।ਬਿਜਲੀ ਦੇ ਖੰਭਿਆਂ ਵਿੱਚ ਕਰੰਟ ਆਉਣ ਕਾਰਨ ਅਣਸੁਖਾਵੀਂ ਘਟਨਾਵਾਂ ਵਾਪਰ ਜਾਂਦੀਆਂ ਹਨ। ਪਹਾੜੀ ਖੇਤਰਾਂ ਵਿੱਚ ਲਗਾਤਾਰ ਬੱਦਲ ਫਟਣ ਦੀਆਂ ਖਬਰਾਂ ਅਸੀਂ ਆਮ ਸੁਣਦੇ ਹਾਂ। ਅੱਗੇ ਜਦੋਂ ਹੋਰ ਲਗਾਤਾਰ ਬਾਰਿਸ਼ ਹੋਣੀ ਹੈ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ। ਮੁੰਬਈ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਦੀਆਂ ਖਬਰਾਂ ਅਸੀਂ ਆਮ ਸੁਣ ਰਹੇ ਹਾਂ। ਪਹਾੜੀ ਖੇਤਰਾਂ ਵਿੱਚ ਲੈਂਡਸਲਾਈਡ ਜਾਂ ਢਿੱਗਾਂ ਡਿੱਗਣ ਦੀਆਂ ਖਬਰਾਂ ਪੜਦੇ ਹਾਂ। ਅੱਜ ਵੱਡੇ ਮਹਾਂ ਨਗਰਾਂ ਨੂੰ ਬਾਰਿਸ਼ ਦੌਰਾਨ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੇਂਡੂ ਸ਼ਹਿਰੀ ਕਸਬਿਆਂ ਦਾ ਤਾਂ ਕੀ ਹਾਲ ਹੋਵੇਗਾ? ਯੋਜਨਾਬੱਧ  ਤਰੀਕੇ ਨਾਲ ਵਿਕਾਸ ਨੂੰ ਤਰਜੀਹ ਨਹੀਂ ਦਿੱਤੀ ਗਈ। ਕਈ ਸ਼ਹਿਰਾਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਕੋਈ ਵਿਰਲਾ ਹੀ ਸ਼ਹਿਰ ਹੋਣਾ , ਜਿਸ ਵਿੱਚ ਸੀਵਰੇਜ਼ ਤੇ ਪੀਣ ਵਾਲੇ ਪਾਣੀ ਦੀ ਸਪਲਾਈ  ਵਧੀਆ ਹੋਵੇ। ਨਹੀਂ ਤਾਂ ਵੱਡੇ ਵੱਡੇ ਪ੍ਰਾਪਰਟੀ ਡੀਲਰਜ ਨੇ  ਸਿਆਸੀ ਲੋਕਾਂ ਨਾਲ ਮਿਲ ਕੇ ਅਣ-ਅਧਿਕਾਰਤ ਕਲੋਨੀਆਂ ਕੱਟ ਦਿੱਤੀਆਂ । ਜਿਸ ਕਾਰਨ ਕਲੋਨੀਆਂ ਅਨੇਕ ਸਮੱਸਿਆਵਾਂ ਨਾਲ ਘਿਰਿਆਂ ਹੋਈਆਂ ਹਨ। ਨਾਂ ਤਾਂ ਉੱਥੇ  ਪੀਣ ਵਾਲੇ ਪਾਣੀ ਦੀ ਚੰਗੀ ਤਰ੍ਹਾਂ ਸਪਲਾਈ ਹੈ, ਤੇ ਨਾ ਹੀ ਸੀਵਰੇਜ ਦਾ ਕੋਈ ਢੁਕਵਾਂ ਪ੍ਰਬੰਧ ਹੈ। ਸੀਵਰ ਓਵਰ ਫਲੋ ਕਰਕੇ ਗਲੀਆਂ ਵਿੱਚ ਜਾ ਰਿਹਾ ਹੈ। ਪਿੱਛੇ ਜੇ ਇੰਦੋਰ ਸ਼ਹਿਰ ਵਿੱਚ ਸੀਵਰ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਲਣ ਕਾਰਨ ਕਈ ਜਾਨਾਂ ਗਈਆਂ । ਹਾਲਾਂਕਿ ਸਫਾਈ ਪੱਖੋਂ ਇੰਦੌਰ ਹਮੇਸ਼ਾ ਪਹਿਲੇ ਨੰਬਰ ਤੇ ਰਿਹਾ।ਕਈ ਜਗ੍ਹਾ ਤੇ ਟਰੀਟਮੈਂਟ ਪਲਾਂਟ ਵੀ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਨਤੀਜੇ ਵਜੋਂ ਸ਼ਹਿਰ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਘੱਟਣ ਦੇ ਕੋਈ ਆਸਾਰ ਨਹੀਂ ਦਿਖਦੇ ਹਨ।ਟੁੱਟੀਆਂ ਸੜਕਾਂ ਤੇ ਚਿੱਕੜ ਵਾਲੀਆਂ ਗਲੀਆਂ ਵਿਚੋਂ ਲੋਕ ਲੰਘਣ ਲਈ ਮਜ਼ਬੂਰ ਹਨ। ਸਫਾਈ ਮੁਲਾਜ਼ਮਾਂ ਨੂੰ  ਤਨਖਾਹਾਂ ਲਈ ਹੜਤਾਲਾਂ ਕਰਨੀਆਂ ਪੈਂਦੀਆਂ ਹਨ। ਸ਼ਹਿਰਾਂ ਮੂਹਰੇ ਵੀ ਅਨੇਕਾਂ ਸਮੱਸਿਆਵਾਂ ਚਟਾਨ ਵਾਂਗੂੰ ਖੜ੍ਹੀਆ ਹਨ।ਵਿਚਾਰਨ ਵਾਲੀ ਗੱਲ ਹੈ ਕਿ ਲੋਕ ਪ੍ਰਾਪਰਟੀ ਟੈਕਸ ਭਰਦੇ ਹਨ। ਅੱਜ ਵੀ ਅਜਿਹੀਆਂ ਬਹੁਤ ਕਲੋਨੀਆਂ ਹਨ, ਜਿੱਥੇ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਬਰਸਾਤਾਂ ਦੌਰਾਨ ਸੜਕਾਂ ਤੇ ਪਾਣੀ ਖੜ੍ਹਾ ਹੋ ਜਾਂਦਾ ਹੈ।ਫੁੱਟਪਾਥਾਂ  ਤੇ ਨਜਾਇਜ਼ ਕਬਜ਼ੇ ਹਨ। ਜਿਸ ਕਾਰਨ ਰਾਹਗੀਰਾਂ ਨੂੰ ਚੱਲਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਮੋਦੀ ਜੀ ਨੇ ਸੰਬੋਧਨ ਕਰਦਿਆਂ  ਕਿਹਾ ਸੀ  ਕਿ ਨਗਰ ਕੌਂਸਲ, ਨਗਰ ਨਿਗਮ ,ਨਗਰ ਪੰਚਾਇਤਾਂ ਸਥਾਨਕ ਸਰਕਾਰਾਂ ਦੇ ਅਧੀਨ ਆਉਂਦੀਆਂ ਹਨ,ਹਜੇ ਤੱਕ ਵੀ  ਇਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ ਹਨ। ਸ਼ਹਿਰਾਂ ਦਾ ਵਿਕਾਸ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਮੋਦੀ ਜੀ ਨੇ ਕਿਹਾ ਕਿ ਆਜ਼ਾਦੀ ਦੇ ਇੰਨੇ ਵਰ੍ਹੇ ਬਾਅਦ ਵੀ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਵੀ ਨਹੀਂ ਮਿਲ ਰਿਹਾ ਹੈ। ਜਿਸ ਕਾਰਨ ਲੋਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਹਨ। ਸ਼ਹਿਰੀ  ਸਮੱਸਿਆਵਾਂ ਨਾ ਸਿਰਫ ਲੋਕਾਂ ਦੀ ਸਰੀਰਕ ਸਿਹਤ ਬਲਕਿ ਉਹਨਾਂ ਦੀ ਦਿਮਾਗੀ ਸਿਹਤ ਤੇ ਵੀ ਮਾੜਾ ਪ੍ਰਭਾਵ ਪਾ ਰਹੀਆਂ ਹਨ। ਭ੍ਰਿਸ਼ਟਾਚਾਰ ਵੀ ਬਹੁਤ ਗੰਭੀਰ ਮੁੱਦਾ  ਹੈ। ਸਮਾਰਟ ਸਿਟੀ ਯੋਜਨਾ ਤਹਿਤ ਸ਼ਹਿਰਾਂ ਨੂੰ ਗਰਾਂਟਾਂ ਵੀ ਵੰਡੀਆਂ ਜਾਂਦੀਆਂ ਹਨ । ਅੰਦਾਜ਼ੇ ਤੋਂ ਤਾਂ ਇਹੀ ਜਾਪਦਾ ਹੈ ਕਿ ਗਰਾਂਟਾਂ ਦੀ ਸਹੀ ਵਰਤੋਂ ਨਹੀਂ ਹੁੰਦੀ ਹੈ।ਅਜਿਹੇ ਕਾਲੋਨਾਈਜ਼ਰ ਦੀਆਂ ਕਾਲੋਨੀਆਂ  ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਨੂੰ ਬਿਲਕੁਲ ਵੀ ਪਾਸ ਨਹੀਂ ਕਰਨੀ ਚਾਹੀਦੀਆਂ। ਵੋਟਾਂ ਖ਼ਾਤਰ ਕਈ ਨੇਤਾ ਅਜਿਹੇ  ਕਾਲੋਨਾਈਜ਼ਰ ਦਾ ਸਾਥ ਦਿੰਦੇ ਹਨ। ਹਾਲਾਂਕਿ ਅਣ-ਅਧਿਕਾਰਿਤ ਕਾਲੋਨੀਆਂ ਦੀਆਂ ਰਜਿਸਟਰੀਆਂ ਵੀ ਬੰਦ ਹਨ, ਫ਼ਿਰ ਵੀ ਕਈ ਜਗ੍ਹਾ ਅਧਿਕਾਰੀਆਂ ਰਾਹੀਂ ਪੈਸੇ ਲੈ ਕੇ ਰਜਿਸਟਰੀਆਂ ਕਰਨ ਦੀਆਂ ਖ਼ਬਰਾਂ ਸੁਣਦੇ  ਹਨ ।ਅਜਿਹੀਆਂ ਖ਼ਬਰਾਂ ਆਉਂਦੀਆਂ ਹਨ ਕਿ ਅੱਜ ਸਾਡੇ ਸ਼ਹਿਰ ਪ੍ਰਦੂਸ਼ਣ, ਸੀਵਰੇਜ, ਗੰਦਗੀ, ਕੂੜੇ ਕਰਕਟ ਦੇ ਢੇਰ, ਆਵਾਜਾਈ ਸਮੱਸਿਆ ਨਾਲ ਜੂਝ ਰਹੇ ਹਨ। ਕਾਲੋਨਾਈਜ਼ਰ ਆਮ ਨਾਗਰਿਕਾਂ ਨੂੰ ਝੂਠ, ਤੁਫ਼ਾਨ ਬੋਲ ਕੇ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਪੈਸੇ ਲੈ ਕੇ ਆਪ ਤਿੱਤਰ ਹੋ ਜਾਂਦੇ ਹਨ ਤੇ ਜੋ ਲੋਕ ਉੱਥੇ ਰਹਿੰਦੇ ਹਨ ਉਨ੍ਹਾਂ ਨੂੰ ਸਾਰੀ ਉਮਰ ਲਈ ਪਿੱਟਣਾ ਪੈ ਜਾਂਦਾ ਹੈ। ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਧੀਆ ਸ਼ਹਿਰੀ ਬੁਨਿਆਦੀ ਢਾਂਚਾ ਹੋਣਾ ਜ਼ਰੂਰੀ ਹੈ। ਵਧੀਆ ਸ਼ਹਿਰੀਕਰਨ ਲਈ ਸੰਸਦਾਂ ਨੂੰ ਮਾਹਿਰਾਂ ਦੀ ਰਾਏ ਲੈਣੀ ਚਾਹੀਦੀ ਹੈ। ਨਗਰ ਨਿਗਮ ਦੇ ਅਧਿਕਾਰੀ ਤੇ ਨੁਮਾਇੰਦਿਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ। ਯੋਜਨਾਬੱਧ ਵਿਕਾਸ ਨਾਲ ਹੀ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਿਲ ਕੀਤਾ ਜਾ ਸਕਦਾ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ 
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਿਰੰਕਾਰੀ ਮਿਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ, ਭਿਆਨਕ ਗਰਮੀ ਦੇ ਬਾਵਜੂਦ 202 ਯੂਨਿਟ ਖੂਨ ਇਕੱਤਰ
Next articleਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 17 ਜੁਲਾਈ ਨੂੰ ਜਲੰਧਰ ਫੇਰੀ ਇਤਿਹਾਸਕ ਹੋਵੇਗੀ: ਭਾਜਪਾ ਆਗੂ ਸੰਦੀਪ ਭਾਟੀਆ (ਸੋਨੂੰ) ਆਦੋਆਨਾ