ਸਾਲ 1931 ਦੀ ਜਨਗਣਨਾ ਵਾਂਗ ‘ਆਦਿ ਧਰਮ’ ਦਾ ਖਾਨਾ ਮੁੜ ਬਹਾਲ ਕਰਨ ਦੀ ਉੱਠੀ ਜ਼ੋਰਦਾਰ ਮੰਗ, ਦੇਸ਼-ਵਿਦੇਸ਼ ਦੀਆਂ ਸੰਗਤਾਂ ‘ਚ ਚਰਚਾ ਤੇਜ਼
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) –ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਵੱਲੋਂ ਸਮੂਹ ਸੰਗਤਾਂ ਦੇ ਨਾਂ ਇੱਕ ਬੇਹੱਦ ਅਹਿਮ ਤੇ ਵਿਸ਼ੇਸ਼ ਸੰਦੇਸ਼ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਦਰਮਿਆਨ ‘ਆਦਿ ਧਰਮ’ ਦੀ ਪਛਾਣ ਅਤੇ ਸਾਲ 1931 ਵਾਲੇ ਖਾਨੇ ਦੀ ਮੁੜ ਬਹਾਲੀ ਨੂੰ ਲੈ ਕੇ ਚਰਚਾ ਕਾਫੀ ਤੇਜ਼ ਹੋ ਗਈ ਹੈ। ਸੰਤ ਕੁਲਵੰਤ ਰਾਮ ਨੇ ਆਪਣੇ ਸੰਦੇਸ਼ ਵਿੱਚ ਜ਼ੋਰ ਦੇ ਕੇ ਕਿਹਾ ਕਿ ‘ਆਦਿ ਧਰਮ’ ਸਾਡੀ ਇਤਿਹਾਸਕ ਪਛਾਣ, ਵਿਰਾਸਤ ਅਤੇ ਅਸਲ ਧਾਰਮਿਕ ਪਛਾਣ ਹੈ, ਜਿਸ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ, ਬਰਾਬਰੀ, ਆਪਸੀ ਭਾਈਚਾਰੇ ਅਤੇ ਸਮਾਜਿਕ ਨਿਆਂ ਦਾ ਹੋਕਾ ਦਿੰਦੀਆਂ ਹਨ। ‘ਆਦਿ ਧਰਮ’ ਸਿਰਫ਼ ਇੱਕ ਨਾਮ ਨਹੀਂ, ਸਗੋਂ ਸਮਾਨਤਾ, ਸਤਿਕਾਰ ਅਤੇ ਮਨੁੱਖੀ ਅਧਿਕਾਰਾਂ ਦੀ ਇੱਕ ਮਹਾਨ ਵਿਚਾਰਧਾਰਾ ਦਾ ਪ੍ਰਤੀਕ ਹੈ। ਉਹਨਾਂ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਾਲ 1931 ਦੀ ਜਨਗਣਨਾ ਵਿੱਚ “ਆਦਿ ਧਰਮ” ਲਈ ਇੱਕ ਵੱਖਰਾ ਖਾਨਾ ਮੌਜੂਦ ਸੀ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੀ ਪਛਾਣ ‘ਆਦਿ ਧਰਮੀ’ ਵਜੋਂ ਦਰਜ ਕਰਵਾਈ ਸੀ। “ਆਦਿ ਧਰਮ” ਲਹਿਰ ਨੇ ਸਮਾਜ ਨੂੰ ਆਪਣੀ ਵੱਖਰੀ ਪਛਾਣ ਅਤੇ ਸਵੈ-ਮਾਣ ਨਾਲ ਜੀਵਨ ਬਤੀਤ ਕਰਨ ਦਾ ਇੱਕ ਨਵਾਂ ਰਾਹ ਦਿਖਾਇਆ ਸੀ। ਬਾਬੂ ਮੰਗੂ ਰਾਮ ਮੁਗੋਵਾਲ ਵੱਲੋਂ ਕੀਤੇ ਗਏ ਲੰਮੇ ਅਤੇ ਅਣਥੱਕ ਸੰਘਰਸ਼ ਤੋਂ ਬਾਅਦ ਹੀ “ਆਦਿ” ਧਰਮ ਦਾ ਇਹ ਖਾਨਾ ਬਹਾਲ ਹੋਇਆ ਸੀ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸਮੇਂ ਦੇ ਨਾਲ ਇਸ ਅਹਿਮ ਖਾਨੇ ਨੂੰ ਜਨਗਣਨਾ ਵਿੱਚੋਂ ਹਟਾ ਦਿੱਤਾ ਗਿਆ, ਜਿਸ ਕਾਰਨ “ਆਦਿ ਧਰਮ” ਨਾਲ ਜੁੜੇ ਲੋਕਾਂ ਦੀ ਇਤਿਹਾਸਕ ਪਛਾਣ ਨੂੰ ਇੱਕ ਵੱਡਾ ਨੁਕਸਾਨ ਪਹੁੰਚਿਆ। ਅੱਜ ਇੱਕ ਵਾਰ ਫਿਰ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਇਹ ਮੰਗ ਜ਼ੋਰ-ਸ਼ੋਰ ਨਾਲ ਉੱਠ ਰਹੀ ਹੈ ਕਿ ਜਨਗਣਨਾ ਵਿੱਚ ਆਦਿ ਧਰਮ ਦੇ ਖਾਨੇ ਨੂੰ ਮੁੜ ਬਹਾਲ ਕੀਤਾ ਜਾਵੇ, ਤਾਂ ਜੋ ਇਸ ਧਰਮ ਨਾਲ ਸਬੰਧਤ ਲੋਕ ਆਪਣੀ ਅਸਲ ਧਾਰਮਿਕ ਪਛਾਣ ਨੂੰ ਸਰਕਾਰੀ ਅੰਕੜਿਆਂ ਵਿੱਚ ਦਰਜ ਕਰਵਾ ਸਕਣ। ਸੰਤ ਕੁਲਵੰਤ ਰਾਮ ਨੇ ਸਮੂਹ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਇਤਿਹਾਸ, ਅਮੀਰ ਵਿਰਸੇ ਅਤੇ ਮਹਾਨ ਸੰਤ ਪਰੰਪਰਾ ਨਾਲ ਮਜ਼ਬੂਤੀ ਨਾਲ ਜੁੜੇ ਰਹਿਣ। ਉਨ੍ਹਾਂ ਕਿਹਾ ਕਿ ਆਪਣੀ ਪਛਾਣ ਦੀ ਰੱਖਿਆ ਕਰਨਾ ਹਰ ਸਮਾਜ ਦਾ ਮੂਲ ਅਧਿਕਾਰ ਹੈ। ਉਨ੍ਹਾਂ ਸੰਗਤਾਂ ਨੂੰ ਸ਼ਾਂਤਮਈ ਢੰਗ ਨਾਲ ਇੱਕਜੁੱਟ ਹੋ ਕੇ ਆਪਣੀ ਇਸ ਜਾਇਜ਼ ਮੰਗ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ, ਤਾਂ ਜੋ ਕੌਮ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






