(ਸਮਾਜ ਵੀਕਲੀ)
ਉਹ ਗੂੰਗੇ ਦਾ, ਉਹ ਬੋਲ਼ੇ ਦਾ, ਉਹ ਅੰਨੇ ਦਾ, ਉਹ ਕਾਣੇ ਦਾ,
ਜੋ ਕੁਝ ਵੀ ਹੈ ਧਰਤੀ ਉੱਤੇ, ਸਭ ਉਸ ਪਰਵਰਦਿਗਾਰ ਦਾ ਏ।
ਉਹ ਪੰਛੀਆਂ ਦਾ, ਉਹ ਰੁੱਖਾਂ ਦਾ, ਉਹ ਮੱਛੀ ਦਾ, ਉਹ ਪਾਣੀ ਦਾ,
ਉਹ ਮਿੱਟੀ, ਪੱਥਰ, ਪੌਣ ਦਾ ਵੀ, ਇੱਕੋ ਰੰਗ ਪਿਆਰ ਦਾ ਏ।
ਉਹ ਚੰਗਿਆਂ ਦਾ, ਉਹ ਮਾੜਿਆਂ ਦਾ, ਉਹ ਉੱਚਿਆਂ ਦਾ, ਉਹ ਨੀਵਿਆਂ ਦਾ,
ਉਹ ਕਿੰਨਰਾਂ ਦਾ, ਫ਼ਕੀਰਾਂ ਦਾ, ਹਰ ਜਿਉਂਦੇ ਕਿਰਦਾਰ ਦਾ ਏ।
ਉਹ ਬੁਰਾ ਕਿਸੇ ਦਾ ਚਾਹੁੰਦਾ ਨਹੀਂ, ਉਹ ਸਭ ਦੇ ਲੇਖ ਸਵਾਰਦਾ ਏ,
ਉਹ ਰਾਜੇ ਦਾ, ਭਿਖਾਰੀ ਦਾ, ਇੱਕੋ ਜਿਹੀ ਮਿਹਰ ਉਤਾਰਦਾ ਏ।
ਨਾ ਮੰਦਰ ਦਾ, ਨਾ ਮਸਜਿਦ ਦਾ, ਨਾ ਕਿਸੇ ਇੱਕ ਦਰਬਾਰ ਦਾ,
ਜਿੱਥੇ ਦਿਲ ਵਿੱਚ ਨੂਰ ਜਗ ਪਏ, ਰੱਬ ਉਸੇ ਦਰਬਾਰ ਦਾ ਏ।
ਵੀਰਪਾਲ ਆਖੇ, ਨਾ ਰੱਬ ਨੂੰ ਵੰਡੋ, ਉਹ ਸਭ ਦੇ ਅੰਦਰ ਵੱਸਦਾ ਏ,
ਉਹ ਆਪ ਨਹੀਂ ਕਿਸੇ ਇੱਕ ਦਾ, ਉਹ ਸਾਰੇ ਸੰਸਾਰ ਦਾ ਏ।
ਵੀਰਪਾਲ ਕੌਰ ਭੱਠਲ






