ਸਮਾਜ ਵੀਕਲੀ ਯੂ ਕੇ

ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
99886-27880
ਸੁਰਿੰਦਰ ਕੌਰ ਪੰਜਾਬੀ ਸੰਗੀਤ ਇੰਡਸਟਰੀ ਦੀ ਮਹਾਂਨਾਇਕ ਸੀ/ਹੈ ਉਸ ਨੂੰ ਪੰਜਾਬ ਦੀ ਕੋਇਲ ਦੇ ਖ਼ਿਤਾਬ ਨਾਲ ਵੀ ਨਿਵਾਜਿਆ ਗਿਆ। ਉਸ ਦੀ ਸਾਦਗੀ ਤੇ ਸਰਲਤਾ ਚ ਉਸ ਦੀ ਉਸ ਦੀ ਸ਼ਖ਼ਸੀਅਤ ਝਲਕਦੀ ਹੈ। ਸੰਗੀਤ ਦੀਆਂ ਮੁਧਰ ਧੰਨਾਂ ਤੇ ਗਾਉਣ ਵਾਲੀ ਸੁਰਿੰਦਰ ਕੌਰ ਨੇ ਆਪਣੀ ਗਾਇਕੀ ਨੂੰ ਲੋਕ ਗਾਇਕੀ ਦਾ ਰੰਗ ਚਾੜਿਆ। ਉਸ ਦਾ ਗਾਇਆ ਹਰ ਇਕ ਗੀਤ ਲੋਕ ਦਿਲਾਂ ਦੀ ਤਰਜਮਾਨੀ ਕਰਦਾ ਹੋਇਆ ਲੋਕ ਗੀਤ ਬਣ ਗਿਆ ਜਿਵੇਂ ਕਿ:-
ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ,
ਚੰਨ ਵੇ ਕੇ ਸ਼ੌਕਣ ਮੇਲੇ ਦੀ,
ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਅਤੇ
ਇਹਨਾਂ ਅੱੳਖੀਆ ’ਚ ਪਾਵਾਂ ਕਿਵੇਂ ਕਜਲਾ ਵੇ ਵਰਗੇ ਹੋਰ ਗੀਤ ।
ਸੁਰ ਤਾਲ, ਸਹਿਜਤਾ ਦੀ ਧਾਰਨੀ, ਦੇਸੀ ਸੰਗੀਤ ਦੀ ਮਹਿਕ ਫੈਲਾਉਣ ਵਾਲੀ, ਮਿੱਠੀ ਆਵਾਜ਼ ਦੀ ਮਲਿਕਾ ਅਤੇ ਗਾਇਕੀ ਦੇ ਇਸ ਵਗਦੇ ਦਰਿਆ ਸੁਰਿੰਦਰ ਕੌਰ ਦਾ ਜਨਮ ਬ੍ਰਿਟਿਸ਼ ਭਾਰਤ ਵਿੱਚ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਇੱਕ ਪੰਜਾਬੀ ਸਿੱਖ ਪਰਿਵਾਰ ਵਿਚ ਪਿਤਾ ਬਿਸ਼ਨ ਦਾਸ ਦੇ ਘਰ ਅਤੇ ਮਾਤਾ ਮਾਇਆ ਦੇਵੀ ਦੀ ਕੁੱਖੋਂ 25 ਨਵੰਬਰ 1929 ਨੂੰ ਹੋਇਆ । ਪੰਜਾਬੀ ਸੰਗੀਤ ਦੀ ਪ੍ਰਮੁੱਖ ਸ਼ਖਸੀਅਤ ਰੇਨੂੰ ਰਾਜਨ ਦੀ ਗਾਇਕੀ ਤੋਂ ਪ੍ਰਭਾਵਿਤ ਵਾਲੀ ਸੁਰਿੰਦਰ ਕੌਰ ਨੂੰ ਗਾਇਕੀ ਦਾ ਸ਼ੌਂਕ ਬਚਪਨ ਵਿਚ ਘਰ ਵਿਚੋਂ ਹੀ ਲੱਗਿਆ। ਸੰਗੀਤ ਵਿਚ ਰੁਚੀ ਨੂੰ ਵੇਖਦੇ ਉਸ ਦੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸਦੇ ਵੱਡੇ ਭਰਾਵਾਂ ਨੇ ਸਾਥ ਦਿੱਤਾ ਤੇ ਬਾਕਾਇਦਾ ਸੰਗੀਤ ਦੀ ਤਾਲੀਮ ਦਿਵਾਉਣ ਲਈ ਪਟਿਆਲਾ ਦੇ ਸੰਗੀਤਕ ਘਰਾਣੇ ਦੇ ਲਾਹੌਰ ਰਹਿੰਦੇ ਮਾਸਟਰ ਇਨਾਇਤ ਹੁਸੈਨ ਕੋਲੋਂ ਕਲਾਸੀਕਲ ਸੰਗੀਤ ਦੀਆਂ ਬਾਰੀਕੀਆਂ ਸਿੱਖਣ ਲਈ ਭੇਜਿਆ।
ਉਸ ਨੇ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਮਿਲਕੇ 1943 ਵਿਚ ਲਾਹੌਰ ਰੇਡੀਓ ‘ਤੋਂ ਲਾਈਵ ਪ੍ਰਦਰਸ਼ਨ ਆਪਣੇ ਪੇਸ਼ੇਵਰ ਸ਼ੁਰੂਆਤ ਪਹਿਲਾ ਗੀਤ ”ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏ” ਰਿਕਾਰਡ ਕੀਤਾ। ਉਸ ਤੋਂ ਬਾਅਦ ਉਹ ਆਪਣੇ ਸਮੇਂ ਦੀ ਹੀ ਨਹੀਂ ਬਲਕਿ ਸੱਭਿਆਚਾਰਕ ਭਵਿੱਖ ਦੇ ਸੁਨਹਿਰੇ ਸਮਿਆਂ ਦੀ ਸਦੀਵੀਂ ਸਾਫ਼ ਸੁਥਰੀ ਗਾਇਕਾ ਬਣੀ। ਭਾਰਤ ਦੀ ਵੰਡ ਤੋਂ ਬਾਅਦ ਸੁਰਿੰਦਰ ਕੌਰ ਆਪਣੇ ਮਾਤਾ ਪਿਤਾ ਨਾਲ ਗਾਜ਼ੀਆਬਾਦ, ਉੱਤਰ ਪ੍ਰਦੇਸ਼, ਦਿੱਲੀ ਚਲੀ ਗਈ। ਇੱਥੇ ਹੀ ਇਸ ਦਾ ਵਿਆਹ ਦਿੱਲੀ ਯੂਨੀਵਰਸਿਟੀ ਵਿੱਚ ਨੌਕਰੀ ਕਰਦੇ ਪੰਜਾਬੀ ਸਾਹਿਤ ਦੇ ਲੈਕਚਰਾਰ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਨਾਲ 1948 ਨੂੰ ਹੋਇਆ। ਉਸ ਨੇ ਉਸਦੀ ਅੰਦਰਲੀ ਕਲਾ ਨੂੰ ਪਛਾਣਿਆਂ ਤੇ ਉਸ ਨੇ ਉਸਦੀ ਹਰ ਪੱਖੋ ਮਦਦ ਕਰਕੇ ਇੱਕ ਚੰਗੇ ਪਤੀ ਹੋਣ ਦੇ ਫਰਜ਼ ਨਿਭਾਇਆ। ਆਪਣੇ ਪਤੀ ਦੇ ਮਿਲੇ ਭਰਵੇਂ ਸਹਿਯੋਗ ਸਦਕੇ ਉਸਨੇ ਮੁੰਬਈ ਵਿਖੇ ਹਿੰਦੀ ਫਿਲਮ ਜਗਤ ਵਿਚ ਇਕ ਪਲੇਅਬੈਕ ਸਿੰਗਰ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਗੁਲਾਮ ਹੈਦਰ ਸੰਗੀਤ ਨਿਰਦੇਸ਼ਕ ਦੁਆਰਾ ਹਿੰਦੀ ”ਸ਼ਹੀਦ” ਵਿੱਚ ਤਿੰਨ ਗੀਤ ਗਾਏ ਜਿਸ ਵਿਚ ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫਸਾਨਾ, ਆਨਾ ਹੈ ਤੋ ਆ ਜਾਓ ਅਤੇ ਤਕਦੀਰ ਦੀ ਆਂਧੀ ਹਮ ਕਹਾਂ ਔਰ ਤੁਮ ਕਹਾਂ ਸ਼ਾਮਲ ਸਨ।
ਗੀਤਾਂ ਦੀ ਮਿਲੀ ਪ੍ਰਸਿੱਧਤਾ ਤੋਂ ਬਾਅਦ ਉਸ ਨੇ ਹੋਰ ਵੀ ਹਿੰਦੀ ਫ਼ਿਲਮਾਂ ਵਿਚ ਗੀਤ ਗਾਏ ਜਿਵੇਂ ਕਿ:-ਪਿਆਰ ਕੀ ਜੀਤ ,ਲਾਲ ਦੁਪੱਟਾ, ਨਦੀਆ ਕੇ ਪਾਰ, ਸ਼ਿੰਗਾਰ, ਕਨੀਜ਼, ਸਾਵਰੀਆ, ਰੂਪਰੇਖਾ ਦਾਦਾ, ਰਾਜਰਾਣੀ, ਸਬਕ, ਸ਼ਾਦੀ ਕੀ ਰਾਤ, ਖ਼ਾਮੋਸ਼ ਸਿਪਾਹੀ,ਬਾਵਰੇ ਨੈਣ ਅਤੇ ਆਂਧੀਆ ਵਰਗੀਆਂ ਫਿਲਮਾਂ। ਹਿੰਦੀ ਫ਼ਿਲਮਾਂ ਤੋਂ ਇਲਾਵਾ ਉਸ ਨੇ ਪੰਜਾਬੀ ਫ਼ਿਲਮਾਂ ਮਦਾਰੀ’, ‘ਮੁਟਿਆਰ’, ‘ਬਾਲੋ’ ਅਤੇ ‘ਸਤਲੁਜ ਦੇ ਕੰਢੇ ਵਿਚ ਵੀ ਆਪਣੇ ਗੀਤ ਗਾਏ। ਸੰਗੀਤ ਦੀਆਂ ਖੁੱਲ੍ਹੀਆਂ ਫਿਜਾਵਾਂ ਵਿਚ ਗਾਉਣ ਵਾਲੀ ਸੁਰਿੰਦਰ ਕੌਰ ਨੂੰ ਸਟੂਡੀਓ ਦੀ ਕੈਦ ਦੇ ਪਰਦਿਆਂ ਪਿੱਛੇ ਗਾਉਣਾ ਮਨ ਨੂੰ ਨਾ ਭਾਇਆ ਤੇ ਉਹ ਛੇਤੀ ਹੀ 1952 ਵਿਚ ਵਾਪਸ ਦਿੱਲੀ ਚਲੀ ਗਈ। ਇੱਥੇ ਇਸ ਨੇ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਮਿਲ ਕੇ ਪੰਜਾਬੀ ਲੋਕ ਸੰਗੀਤ ਨੂੰ ਗਾਉਣਾ ਸ਼ੁਰੂ ਕੀਤਾ ਅਤੇ ਦੋਵਾਂ ਭੈਣਾਂ ਨੇ ਪੂਰੀ ਦੁਨੀਆਂ ਵਿਚ ਪੰਜਾਬੀਅਤ ਨੂੰ ਮੁੜ ਸੁਰਜੀਤ ਕੀਤਾ।
ਐੱਚ.ਐੱਮ.ਵੀ. ਕੰਪਨੀ ਨੇ ਇਨ੍ਹਾਂ ਦੇ ਕਈ ਐੱਲ.ਪੀ. ਰਿਕਾਰਡ ਰਿਲੀਜ਼ ਕੀਤੇ। ਇਸ ਜੋੜੀ ਨੇ ਰਲ ਕੇ ਧਾਰਮਿਕ ਗੀਤ ਵੀ ਗਾਏ। ਪੰਜਾਬੀ ਗਾਇਕੀ ਨੂੰ ਪੌਣਾਂ ਦੇ ਪੱਤਿਆਂ ਵਾਂਗੂੰ ਪਿਆਰ ਕਰਨ ਵਾਲੀ ਸੁਰਿੰਦਰ ਕੌਰ ਨੇ ਮਿਲੇ ਬੇਹੱਦ ਪਿਆਰ ਅਤੇ ਸਤਿਕਾਰ ਸਦਕਾ ਉਸ ਨੇ ਆਪਣਾ ਜੀਵਨ ਪੰਜਾਬੀ ਗਾਇਕੀ ਅਤੇ ਸੱਭਿਆਚਾਰ ਨੂੰ ਅਰਪਿਤ ਕਰਨ ਲਈ ਪੱਕਾ ਮਨ ਬਣਾਇਆ। ਉਸਨੇ ਆਪਣੀ ਭੈਣ ਤੋਂ ਅਲੱਗ ਹੋ ਕੇ ਪੰਜਾਬ ਦੇ ਰਵਾਇਤੀ ਗੀਤਾਂ ਨੂੰ ਘਰਾਂ ਵਿਚੋਂ ਕੱਢ ਕੇ ਗਾਇਕੀ ਦੇ ਸਫ਼ਰ ਦੌਰਾਨ ਅਨੇਕਾਂ ਹੀ ਹਿੱਟ ਗੀਤ ਗਾਏ। ਜਿਵੇਂ ਕਿ:-ਡਾਚੀ ਵਾਲਿਆ ਮੋੜ ਮੁਹਾਰ ਵੇ, ਚੰਨਾਂ ਕਿੱਥਾਂ ਗੁਜ਼ਾਰੀ ਆਈ ਰਾਤ ਵੇ, ਨੀ ਇਕ ਮੇਰੀ ਅੱਖ ਕਾਸ਼ਨੀ, ਲੱਠੇ ਦੀ ਚਾਦਰ ਅਤੇ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ ਆਦਿ।
ਗਾਇਕੀ ਵਿਚ ਆਪਣੀ ਕਲਾ ਦਾ ਮੀਲ ਪੱਥਰ ਸਥਾਪਤ ਕਰਨ ਵਾਲੀ ਸੁਰਿੰਦਰ ਕੌਰ ਨੇ ਪੰਜਾਬ ਦੇ ਕਈ ਪ੍ਰਸਿੱਧ ਗਾਇਕਾਂ ਨਾਲ ਦੋਗਾਣੇ ਵੀ ਰਿਕਾਰਡ ਕਰਵਾਏ ਜਿਨ੍ਹਾਂ ਵਿਚ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਮੁਹੰਮਦ ਸਦੀਕ, ਕਰਨੈਲ ਗਿੱਲ, ਰਮੇਸ਼ ਰੰਗੀਲਾ, ਸਾਬਰ ਹੁਸੈਨ ਸਾਬਰ,ਰੰਗੀਲਾ ਜੱਟ, ਜਗਜੀਤ ਜੀਰਵੀ ਅਤੇ ਦੀਦਾਰ ਸੰਧੂ ਵਰਗਿਆਂ ਦੇ ਨਾਂ ਸ਼ਾਮਲ ਹਨ ਹਰਚਰਨ ਗਰੇਵਾਲ ਨਾਲ ਉਸ ਨੇ ਸਭ ਤੋਂ ਵੱਧ ਦੋਗਾਣੇ ਰਿਕਾਰਡ ਕਰਵਾਏ ਅਤੇ ਆਸਾ ਸਿੰਘ ਮਸਤਾਨਾ ਨਾਲ ਸਟੇਜਾਂ ਸਾਂਝੀਆਂ ਕੀਤੀਆਂ। ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਵਲੋਂ ਬੇਹੱਦ ਪਿਆਰ ਦੇ ਕੇ ਪਸੰਦ ਕੀਤਾ ਤੇ ਮਾਣਿਆ ਗਿਆ। 1975 ਵਿਚ ਪਤੀ ਦੀ ਮੌਤ ਹੋ ਜਾਣ ਕਾਰਨ ਸੁਰਿੰਦਰ ਕੌਰ ਨੂੰ ਗਹਿਰਾ ਸਦਮਾ ਲੱਗਿਆ ਘਰ ਦੀ ਜ਼ਿੰਮੇਵਾਰੀ ਦਾ ਭਾਰ ਉਸ ਦੇ ਇੱਕਲੀ ਦੇ ਮੋਢਿਆ ’ਤੇ ਆਣ ਪਾਇਆ। ਇਸ ਦੌਰਾਨ ਉਸ ਦਾ ਝੁਕਾਅ ਉਦਾਸ ਗੀਤ, ਗਜ਼ਲ ਗਾਉਣ ਵੱਲ ਹੋਇਆ ਉਨ੍ਹਾਂ ’ਚ ਪ੍ਰਮੁੱਖ ਸਨ:- ਵਿਛੜੇ ਚਿਰਾ ਤੋਂ ਉਹ ਮੈਨੂੰ , ਮਹਿਰਮ ਦਿਲਾਂ ਦੇ ਮਾਹੀ, ਇਨ੍ਹਾਂ ਅੱਖੀਆਂ ’ਚ ਪਾਵਾਂ ਕਿਵੇਂ ਕੱਜਲਾ।ਸੁਰਿੰਦਰ ਕੌਰ ਨੇ ਪਤੀ ਦੇ ਜਾਣ ਦੀ ਪੀੜਾ ਨੂੰ ਬਿਆਨ ਕਰਨ ਲਈ ਗਾਉਣ ਦੇ ਨਾਲ ਗੀਤ ਖੁਦ ਲਿਖਿਆ ਜਿਸਦੇ ਬੋਲ ਸਨ ”ਨੀਂ ਮੈਂ ਜਾਣਾ ਰੱਬ ਦੇ ਕੋਲ, ਦਿਲ ਮੇਰੇ ਨੂੰ ਚੈਨ ਨਾ ਆਵੇ ਫਿਰਨੀ ਆਂ ਡਾਂਵਾ ਡੋਲ”।
12-13 ਸਾਲ ਦੀ ਉਮਰ ਤੋਂ ਲੈ ਕੇ ਉਮਰ ਦੇ ਅਖ਼ੀਰੀ ਸਾਹਵਾਂ ਤੱਕ ਗਾਉਣ ਵਾਲੀ ਸੁਰਿੰਦਰ ਕੌਰ ਨੇ ਮਾਂ-ਬੋਲੀ ਪੰਜਾਬੀ ਰੱਜ ਸੇਵਾ ਕੀਤੀ। ਕੁੱਲ ਦੁਨੀਆ ਵਿਚ ਵੱਸਦੇ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਤਾਰੀਫ਼ ਕਰਦਿਆਂ ਉਸ ਨੂੰ ਮਣਾਂ ਮੂਹੀ ਪਿਆਰ ਨਾਲ ਨਿਵਾਜਿਆ । ਦਹਾਕਿਆਂ ਬੱਧੀ ਸਦਾ ਬਹਾਰ ਯਾਦਗਾਰੀ ਗੀਤ ਰਿਕਾਰਡ ਕਰਵਾਉਣ ਵਾਲੀ ਪੰਜਾਬੀ ਗਾਇਕਾ ਸੁਰਿੰਦਰ ਕੌਰ ਨੇ ਸਾਫ਼ ਸੁਥਰੀ ਗਾਇਕੀ ਦੇ ਚਾਨਣ ਮੁਨਾਰਾ ਲਈ ਬਾਬਾ ਬੁਲ੍ਹੇ ਸ਼ਾਹ ਦੀਆਂ ਕਾਫੀਆਂ ਤੋਂ ਇਲਾਵਾ ਬਾਬੂ ਸਿੰਘ ਮਾਨ,ਦੇਵ ਥਰੀਕਿਆਂ ਵਾਲਾ, ਗੁਰਦੇਵ ਸਿੰਘ ਮਾਨ, ਚਤਰ ਸਿੰਘ ਪਰਵਾਨਾ, ਨੰਦ ਲਾਲ ਨੂਰਪੁਰੀ, ਦੀਦਾਰ ਸੰਧੂ, ਇੰਦਰਜੀਤ ਹਸਨਪੁਰੀ, ਜੱਗਾ ਗਿੱਲ, ਸਾਧੂ ਸਿੰਘ, ਮਿਰਜਾ ਸੰਗੋਵਾਲੀਆ, ਹਰਭਜਨ ਸਿੰਘ ਚਮਕ, ਅਮ੍ਰਿਤਾ ਪ੍ਰੀਤਮ, ਹਾਸ਼ਮ, ਮੋਹਨ ਸਿੰਘ ਬੰਸੀਆਂ ਵਾਲਾ, ਚੰਨ ਜੰਡਿਆਲਵੀ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਪ੍ਰਮੁੱਖਤਾ ਦਿੱਤੀ। ਮਿੱਟੀ ਦੇ ਮੋਹ ਦੀ ਮਾਰੀ ਸੁਰਿੰਦਰ ਕੌਰ ਜ਼ਿੰਦਗੀ ਦੇ ਅਗਲੇ ਹਿੱਸੇ ਵੱਲ, ਆਪਣੀ ਮਿੱਟੀ ਦੇ ਨੇੜੇ ਜਾਣਾ ਚਾਹੁੰਦੀ ਸੀ ਤੇ ਉਹ ਆਪਣੀ ਦਿਲੀ ਇੱਛਾ ਅਨੁਸਾਰ ਚੰਡੀਗੜ੍ਹ ਦੇ ਨੇੜੇ ਜ਼ੀਰਕਪੁਰ ਇਕ ਘਰ ਉਸਾਰਨਾ ਚਾਹੁੰਦੀ ਸੀ ਅਤੇ ਉਹ ਸਾਲ 2004 ਵਿਚ ਦਿੱਲੀ ਛੱਡ ਚੰਡੀਗੜ੍ਹ ਨਜ਼ਦੀਕ ਪੰਚਕੂਲਾ ਆਪਣੀ ਵੱਡੀ ਧੀ ਡੌਲੀ ਗੁਲੇਰੀਆ ਕੋਲ ਆ ਕੇ ਰਹਿਣ ਲੱਗੀ 22 ਦਸੰਬਰ 2005 ਨੂੰ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਨੂੰ ਪੰਚਕੁਲਾ ਦੇ ਜਨਰਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਬੀਮਾਰੀ ਤੋਂ ਸਿਹਤਯਾਬ ਹੋਣ ਤੋਂ ਬਾਅਦ ਸੁਰਿੰਦਰ ਕੌਰ ਨੂੰ ਗਾਇਕੀ ਦੇ ਖੇਤਰ ਵਿਚ ਪੰਜਾਬੀ ਸੱਭਿਆਚਾਰ ਨੂੰ ਦਿੱਤੀ ਵੱਡੀ ਦੇਣ ਅਤੇ ਵਿਲੱਖਣ ਪ੍ਰਾਪਤੀਆਂ ਸਦਕੇ ਤਤਕਾਲੀ ਰਾਸ਼ਟਰਪਤੀ ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਵੱਲੋਂ ਸਾਲ 2006 ਵਿਚ ਪਦਮ ਸ਼੍ਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। ਐਵਾਰਡ ਪ੍ਰਾਪਤ ਕਰਨ ਲਈ ਦਿੱਲੀ ਗਈ ਸਮਾਗਮ ਚ ਪਹੁੰਚਦਿਆਂ ਸੁਰਿੰਦਰ ਕੌਰ ਦੇ ਮਨ ਨੂੰ ਬੜਾ ਧੱਕਾ ਜਿਹਾ ਲੱਗਿਆ ਉਸ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਸੋਚਿਆ ਕਿ ਲੰਮੇ ਅਰਸੇ ਤੱਕ ਮਾਂ ਬੋਲੀ ਦੀ ਸੇਵਾ ਕਰਦਿਆਂ ਪੰਜਾਬੀ ਸੰਗੀਤ ਵਿਚ ਉਸ ਦੇ ਬੇਮਿਸਾਲ ਯੋਗਦਾਨ ਪਾਉਣ ਦੇ ਬਾਵਜੂਦ ਜ਼ਿੰਦਗੀ ਦੇ ਅਖ਼ੀਰ ਵਿਚ ਉਸਨੂੰ ਸਨਮਾਨ ਕੀਤਾ ਗਿਆ। ਪੁਰਸਕਾਰ ਮਿਲਣ ਦੀ ਨਾਮਜ਼ਦਗੀ ਵੀ ਹਰਿਆਣਾ ਤੋਂ ਆਈ ਹੈ, ਨਾ ਕਿ ਪੰਜਾਬ, ਭਾਰਤ ਤੋਂ ਜਿਸ ਲਈ ਉਸਨੇ ਪੰਜ ਦਹਾਕਿਆਂ ਤੋਂ ਅਣਥੱਕ ਮਿਹਨਤ ਕੀਤੀ। ਸਧਾਰਨ ਲੋਕ ਸਾਜ਼ ਹੱਥ ਵਿਚ ਘੁੰਗਰੂ ਫ਼ੜ ਕੇ ਤਾਲ ਦੇਣ ਦਾ ਵਿਲੱਖਣ ਅੰਦਾਜ਼ ਤੇ ਮਨਮੋਹਕ ਉੱਚੀ ਹੇਕ ਨਾਲ ਸਰੋਤਿਆਂ ਮਨਾਂ ਨੂੰ ਕੀਲਣ ਵਾਲੀ ਪੰਜਾਬ ਦੀ ‘ਕੋਇਲ ਸੁਰਿੰਦਰ ਕੌਰ ਨੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਇਲਾਵਾ ਵਿਦੇਸ਼ਾਂ ਜਿਵੇਂ ਕੈਨੇਡਾ, ਅਮਰੀਕਾ, ਇੰਗਲੈਂਡ, ਅਫਰੀਕਾ ਵਰਗੇ ਦੁਨੀਆਂ ਭਰ ਦੇ ਦੇਸ਼ਾਂ ਵਿਚ ਆਪਣੀ ਸੁਰੀਲੀ ਗਾਇਕੀ ਦਾ ਲੋਹਾ ਮਨਵਾਇਆ। ਸੁਰੀਲੀ ਗਾਇਕੀ ਦੇ ਮੁਰੀਦਾਂ ਨੇ ਉਸ ਦੀ ਕਲਾ ਦੀ ਕਦਰ ਕਰਦਿਆਂ ਉਸ ਨੂੰ ਉੱਚੀ ਉਪਾਧੀ ਨਾਲ ਨਿਵਾਜਿਆ।
ਸੰਨ 1984 ਵਿਚ ਸੰਗੀਤ ਨਾਟਕ ਅਕਾਦਮੀ ਵੱਲੋਂ ਸੁਰਿੰਦਰ ਕੌਰ ਨੂੰ ‘ਮਿਲੇਨੀਅਮ ਪੰਜਾਬੀ ਗਾਇਕਾ ਪੁਰਸਕਾਰ ਅਤੇ 2002 ਵਿਚ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਡਾਕਟਰੇਟ ਦੀ ਡਿਗਰੀ ਦੇ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਸੱਭਿਆਚਾਰ ਦੇ ਖੇਤਰ ਵਿਚ ਗਾਇਕੀ ਰਾਹੀਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਾਉਣ ਵਾਲੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਇਕ ਲੰਬੀ ਬਿਮਾਰੀ ਕਾਰਨ ਯੂਨਾਈਟਿਡ ਸਟੇਟ ਵਿਚ ਇਲਾਜ ਕਰਾਉਣ ਲਈ ਭੇਜਿਆ ਗਿਆ ਜਿੱਥੇ ਉਸ ਨੇ ਅਮਰੀਕਾ ਦੇ ਨਿਊਜਰਸੀ ਹਸਪਤਾਲ ਵਿਚ 14 ਜੂਨ 2006 ਨੂੰ 77 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ । ਉੱਥੇ ਹੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ। ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਨ ਵਾਲੀ ਸੁਰਿੰਦਰ ਕੌਰ ਨੂੰ ਮਾਣ-ਸਤਿਕਾਰ, ਸ਼ੁਹਰਤ ਜੋਂ ਪ੍ਰਾਪਤ ਹੋਇਆ ਉਹ ਬੇਮਿਸਾਲ ਹੈ ਉਸ ਦਾ ਕੋਈ ਸਾਨੀ ਨਹੀਂ। ਪੰਜਾਬ ਦੀ ਹੀ ਨਹੀਂ, ਸਗੋਂ ਸੰਸਾਰ ਪੱਧਰ ‘ਤੇ ਪ੍ਰਸਿੱਧੀ ਹਾਸਲ ਕਰਨ ਵਾਲੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਉਨ੍ਹਾਂ ਦੀ ਗਾਇਕੀ ਲਈ ਹਮੇਸ਼ਾਂ ਯਾਦ ਕੀਤਾ ਜਾਂਵੇਗਾ। ਗਾਇਕੀ ਨੂੰ ਮੱਕਾ ਅਤੇ ਕਾਂਬਾ ਮੰਨਣ ਵਾਲੀ ਸੁਰਿੰਦਰ ਕੌਰ ਦੀ ਸੁਰੀਲੀ ਤੇ ਮਨਮੋਹਕ ਆਵਾਜ਼ ਸੱਭਿਆਚਾਰ ਦੇ ਖੇਤਰ ਵਿਚ ਉਭਰਨ ਵਾਲੇ ਨਵੇਂ ਕਲਾਕਾਰਾਂ ਨੂੰ ਸਹੀ ਲੋਕ ਗਾਇਕੀ ਦੀ ਪਰੰਪਰਾ ਦੇ ਅਭਿਆਸ ਲਈ ਪ੍ਰੇਰਿਤ ਕਰਦੀ ਰਹੇਗੀ।





