HOME ਪੰਜਾਬ ‘ਚ ਝੋਨੇ ਦੀ ਬਜਾਈ ਅੱਧ ਵਿਚਾਲੇ ਲਟਕੀ; ਮਾਨਸੂਨ ਦੀ ਦੇਰੀ ਕਾਰਨ...

ਪੰਜਾਬ ‘ਚ ਝੋਨੇ ਦੀ ਬਜਾਈ ਅੱਧ ਵਿਚਾਲੇ ਲਟਕੀ; ਮਾਨਸੂਨ ਦੀ ਦੇਰੀ ਕਾਰਨ ਕਿਸਾਨ ਪੂਰੀ ਤਰ੍ਹਾਂ ਬਿਜਲੀ ‘ਤੇ ਨਿਰਭਰ, ਮਜ਼ਦੂਰਾਂ ਦੀ ਕਿੱਲਤ ਨੇ ਵਧਾਈਆਂ ਮੁਸ਼ਕਿਲਾਂ:ਸੁਰਜੀਤ ਸਿੰਘ ਦੋਭਾਲੀ

1
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ): ਪੰਜਾਬ ਭਰ ਵਿੱਚ ਝੋਨੇ ਦੀ ਬਜਾਈ ਦਾ ਕੰਮ ਇਸ ਵੇਲੇ ਜੰਗੀ ਪੱਧਰ ‘ਤੇ ਚੱਲ ਰਿਹਾ ਹੈ, ਪਰ ਮਾਨਸੂਨ ਦੇ ਪੱਛੜਨ ਕਾਰਨ ਅੰਨਦਾਤਾ ਪੂਰੀ ਤਰ੍ਹਾਂ ਬਿਜਲੀ ਦੀ ਸਪਲਾਈ ‘ਤੇ ਨਿਰਭਰ ਹੋ ਕੇ ਰਹਿ ਗਿਆ ਹੈ। ਮੰਡ ਖੇਤਰ ਦੇ ਦੌਰੇ ਕਿਸਾਨੀ ਨਾਲ ਜੁੜੇ ਤੇ ਉੱਘੇ ਸਮਾਜਸੇਵੀ ਅਤੇ ਸਫਲ ਕਿਸਾਨ ਸੁਰਜੀਤ ਸਿੰਘ ਦੋਭਾਲੀ ਨੇ ਕਿਹਾ ਕਿ ਇਲਾਕੇ ਵਿੱਚ ਲਗਭਗ 50 ਫੀਸਦੀ ਝੋਨੇ ਦੀ ਬਜਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ ਬਾਕੀ ਰਹਿੰਦੀ 50 ਫੀਸਦੀ ਬਜਾਈ ਦਾ ਕੰਮ ਅਜੇ ਵੀ ਜਾਰੀ ਹੈ। ਮਹਿੰਗਾਈ ਦੇ ਇਸ ਦੌਰ ਵਿੱਚ ਕਿਸਾਨ ਹੁਣ ਟਿਊਬਵੈੱਲਾਂ ਲਈ ਡੀਜ਼ਲ ਦਾ ਵਾਧੂ ਖਰਚਾ ਝੱਲਣ ਦੇ ਮੂਡ ਵਿੱਚ ਨਹੀਂ ਹਨ, ਜਿਸ ਕਾਰਨ ਮੁਫ਼ਤ ਬਿਜਲੀ ਸਪਲਾਈ ਹੀ ਉਨ੍ਹਾਂ ਦਾ ਇੱਕੋ-ਇੱਕ ਸਹਾਰਾ ਬਣੀ ਹੋਈ ਹੈ। ਖੇਤਾਂ ਵਿੱਚ ਹਰ ਪਾਸੇ ਰੌਣਕ ਨਜ਼ਰ ਆ ਰਹੀ ਹੈ—ਕਿਤੇ ਮਜ਼ਦੂਰ ਝੋਨਾ ਲਗਾ ਰਹੇ ਹਨ, ਕਿਤੇ ਟਰੈਕਟਰਾਂ ਨਾਲ ਕੱਦੂ ਕੀਤਾ ਜਾ ਰਿਹਾ ਹੈ ਅਤੇ ਕਿਤੇ ਪਾਣੀ ਛੱਡ ਕੇ ਖੇਤਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਸਥਾਨਕ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਮਾਨਸੂਨ ਦੀ ਬਾਰਿਸ਼ ਹੋ ਜਾਵੇ ਤਾਂ ਪਾਣੀ ਦੀ ਸਾਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਛੋਟੇ ਕਿਸਾਨਾਂ ਕੋਲ ਆਪਣੇ ਟਿਊਬਵੈੱਲ ਨਹੀਂ ਹਨ ਅਤੇ ਉਹ ਗੁਆਂਢੀਆਂ ਤੋਂ ਪਾਣੀ ਲੈਂਦੇ ਹਨ, ਉਹ ਇਸ ਵੇਲੇ ਸਭ ਤੋਂ ਵੱਧ ਨਿਰਾਸ਼ ਹਨ ਅਤੇ ਇੰਦਰ ਦੇਵਤਾ ਵੱਲ ਤੱਕ ਰਹੇ ਹਨ। ਦੂਜੇ ਪਾਸੇ, ਜਿਨ੍ਹਾਂ ਕਿਸਾਨਾਂ ਨੇ ਅਡਵਾਂਸ ਬਜਾਈ ਕਰ ਲਈ ਹੈ, ਉਹ ਵੀ ਫ਼ਸਲ ਨੂੰ ਪਾਲਣ ਲਈ ਮੀਂਹ ਦਾ ਇੰਤਜ਼ਾਰ ਕਰ ਰਹੇ ਹਨ। ਜੇਕਰ ਚੰਗੀ ਬਾਰਿਸ਼ ਹੋ ਜਾਂਦੀ ਹੈ ਤਾਂ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਵੀ ਵੱਡੀ ਰਾਹਤ ਮਿਲ ਸਕਦੀ ਹੈ, ਪਰ ਹੁਣ ਪੂਰੇ ਪੰਜਾਬ ਵਿੱਚ ਮਾਨਸੂਨ ਕਦੋਂ ਦਸਤਕ ਦਿੰਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਾਣੀ ਦੇ ਸੰਕਟ ਦੇ ਨਾਲ-ਨਾਲ ਇਸ ਵਾਰ ਕਿਸਾਨਾਂ ਨੂੰ ਮਜ਼ਦੂਰਾਂ ਦੀ ਭਾਰੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨਾ ਲਗਾਉਣ ਲਈ ਪ੍ਰਵਾਸੀ ਅਤੇ ਸਥਾਨਕ ਮਜ਼ਦੂਰਾਂ ਦੀਆਂ ਟੋਲੀਆਂ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਪਹੁੰਚੀਆਂ ਹਨ। ਕਿਸਾਨ ਹਰਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਬਜਾਈ ਦਾ ਰੇਟ 4000 ਤੋਂ 4500ਰੁਪਏ ਪ੍ਰਤੀ ਏਕੜ ਤੱਕ ਪਹੁੰਚ ਗਿਆ ਹੈ, ਪਰ ਮਹਿੰਗੇ ਰੇਟ ਦੇਣ ਦੇ ਬਾਵਜੂਦ ਕਿਸਾਨਾਂ ਨੂੰ ਮਜ਼ਦੂਰ ਲੱਭਣ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਖੇਤੀਬਾੜੀ ਦੇ ਨਾਲ-ਨਾਲ ਆਮ ਲੋਕ ਵੀ ਅੱਤ ਦੀ ਗਰਮੀ ਅਤੇ ਹੁੰਮਸ ਤੋਂ ਬੇਹਾਲ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਮੀਂਹ ਪੈ ਜਾਂਦਾ ਹੈ ਤਾਂ ਜਿੱਥੇ ਇਸ ਕਹਿਰ ਦੀ ਗਰਮੀ ਤੋਂ ਨਿਜਾਤ ਮਿਲੇਗੀ, ਉੱਥੇ ਹੀ ਮੌਸਮ ਬਦਲਣ ਨਾਲ ਚੱਲ ਰਹੀਆਂ ਖੰਘ, ਜ਼ੁਕਾਮ ਅਤੇ ਵਾਇਰਲ ਵਰਗੀਆਂ ਬਿਮਾਰੀਆਂ ਤੋਂ ਵੀ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSUNDAY SAMAJ WEEKLY = 05/07/2026
Next articleਸਨੈਕਪ੍ਰੋ ਲੀਡਰਜ਼ ਮੀਟ ਵਿੱਚ ਵਰਲਡ ਸਨੈਕਪ੍ਰੋ ਐਕਸਪੀਓ ਅਤੇ ਕਾਨਫਰੰਸ 2026 ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ