HOME ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੀ ਮਾਤਾ ਸੁਰਜੀਤ ਕੌਰ ਦਾ ਕਾਵੈਂਟਰੀ ਵਿਖੇ...

ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੀ ਮਾਤਾ ਸੁਰਜੀਤ ਕੌਰ ਦਾ ਕਾਵੈਂਟਰੀ ਵਿਖੇ ਵਿਸ਼ੇਸ਼ ਸਨਮਾਨ

7

ਜ਼ੁਲਮਾਂ ਦੀ ਦਾਸਤਾਨ ਸੁਣ ਕੇ ਸਿੱਖ ਸੰਗਤਾਂ ਦੀਆਂ ਅੱਖਾਂ ਹੋਈਆਂ ਨਮ

ਕਾਵੈਂਟਰੀ,   (ਸਮਾਜ ਵੀਕਲੀ)   (ਰਸ਼ਪਿੰਦਰ ਕੌਰ ਗਿੱਲ): ਸਿੱਖ ਸੰਘਰਸ਼ ਦੌਰਾਨ ਆਪਣੀ ਜਾਨ ਨਿਛਾਵਰ ਕਰਨ ਵਾਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ, ਜੋ ਅੱਜਕੱਲ੍ਹ ਯੂ.ਕੇ. ਫੇਰੀ ‘ਤੇ ਆਏ ਹੋਏ ਹਨ, ਦਾ ਬੀਤੇ ਐਤਵਾਰ ਨੂੰ ਕਾਵੈਂਟਰੀ ਦੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਭਾਈ ਬਲਵੀਰ ਸਿੰਘ ਧਾਮੀ, ਸਾਬਕਾ ਪ੍ਰਧਾਨ ਭਾਈ ਅਮਰਜੀਤ ਸਿੰਘ ਖਟੜਾ, ਸਾਬਕਾ ਪ੍ਰਧਾਨ ਭਾਈ ਪਵਿੱਤਰ ਸਿੰਘ ਖੈਹਰਾ, ਸਾਬਕਾ ਪ੍ਰਧਾਨ ਭਾਈ ਬਲਵੀਰ ਸਿੰਘ ਖਾਲਸਾ, ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ (FSO) ਯੂ.ਕੇ. ਦੇ ਕੋਆਰਡੀਨੇਟਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਪ੍ਰਸਿੱਧ ਕਥਾਵਾਚਕ ਗਿਆਨੀ ਰਾਜਪਾਲ ਸਿੰਘ ਵੱਲੋਂ ਮਾਤਾ ਸੁਰਜੀਤ ਕੌਰ ਜੀ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਮਾਤਾ ਸੁਰਜੀਤ ਕੌਰ ਨੇ ਆਪਣੇ ਸ਼ਹੀਦ ਪੁੱਤਰ ਭਾਈ ਬਲਜਿੰਦਰ ਸਿੰਘ ਰਾਜੂ ਦੇ ਸਿੱਖ ਸੰਘਰਸ਼ ਵਿੱਚ ਸ਼ਾਮਲ ਹੋਣ ਤੋਂ ਲੈ ਕੇ ਸ਼ਹਾਦਤ ਤੱਕ ਦੀ ਦਰਦਨਾਕ ਅਤੇ ਪ੍ਰੇਰਨਾਦਾਇਕ ਵਿਥਿਆ ਸਾਂਝੀ ਕੀਤੀ। ਮਾਤਾ ਜੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਨੇ ਖੁਦ ਅਰਦਾਸ ਕਰਕੇ ਆਪਣੇ ਪੁੱਤਰ ਭਾਈ ਰਾਜੂ ਨੂੰ ਕੌਮੀ ਸੰਘਰਸ਼ ਦੇ ਰਾਹ ‘ਤੇ ਤੋਰਿਆ ਸੀ ਅਤੇ ਤਾਕੀਦ ਕੀਤੀ ਸੀ ਕਿ ਕਦੇ ਡੋਲਣਾ ਨਹੀਂ, ਸਗੋਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਕੇ ਪੁਲਿਸ ਦਾ ਹਰ ਤਸ਼ੱਦਦ ਝੱਲਣਾ ਹੈ। ਮਾਤਾ ਜੀ ਨੇ ਰਾਜਸਥਾਨ ਦੀ ਸਥਾਨਕ ਪੁਲਿਸ ਵੱਲੋਂ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਕਈ ਦਿਲ-ਕੰਬਾਊ ਯਾਦਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਸੁਣ ਕੇ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸਮੂਹ ਸਿੱਖ ਸੰਗਤਾਂ ਬਹੁਤ ਭਾਵੁਕ ਹੋ ਗਈਆਂ।

ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ, ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਜਥੇ ਦੇ ਬੇਹੱਦ ਜਾਂਬਾਜ਼ ਯੋਧੇ ਸਨ, ਜਿਨ੍ਹਾਂ ਨੇ ਕੌਮ ਦੇ ਦੋਖੀਆਂ, ਗੁਰੂ ਘਰ ਦੇ ਨਿੰਦਕਾਂ ਅਤੇ ਜ਼ਾਲਮ ਪੁਲਿਸ ਅਧਿਕਾਰੀਆਂ ਨੂੰ ਸੋਧਣ ਲਈ ਕਈ ਅਹਿਮ ਕਾਰਵਾਈਆਂ ਨੂੰ ਅੰਜਾਮ ਦਿੱਤਾ ਸੀ। ਸ਼ਹੀਦ ਭਾਈ ਕੰਵਲਜੀਤ ਸਿੰਘ ਸੁਲਤਾਨਵਿੰਡ ‘ਤੇ ਹੋਏ ਪੁਲਿਸ ਹਮਲੇ ਦੌਰਾਨ ਉਨ੍ਹਾਂ ਨੂੰ ਅੰਮ੍ਰਿਤਸਰ ਦੀਆਂ ਕਚਹਿਰੀਆਂ ਵਿੱਚੋਂ ਛੁਡਵਾਉਣ ਵਾਲੇ ਖ਼ਤਰਨਾਕ ਅਤੇ ਇਤਿਹਾਸਕ ਐਕਸ਼ਨ ਵਿੱਚ ਵੀ ਭਾਈ ਬਲਜਿੰਦਰ ਸਿੰਘ ਰਾਜੂ ਦੀ ਮੁੱਖ ਭੂਮਿਕਾ ਰਹੀ ਸੀ।

ਭਾਈ ਬਲਜਿੰਦਰ ਸਿੰਘ ਰਾਜੂ ਦੀ ਜਲੰਧਰ ਦੇ ਨਜ਼ਦੀਕ ਤੋਂ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ‘ਤੇ ਬੇਤਹਾਸ਼ਾ ਅਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਸੀ। ਪਰ ਇਸ ਅਣਖੀਲੇ ਜੁਝਾਰੂ ਨੇ ਹਕੂਮਤ ਦੇ ਹਥਿਆਰਬੰਦ ਜ਼ਾਲਮ ਕਰਿੰਦਿਆਂ ਨੂੰ ਵੰਗਾਰਦਿਆਂ ਅਤੇ ਲਲਕਾਰਦਿਆਂ ਸਿਰੜ ਨਹੀਂ ਛੱਡਿਆ। ਅਖੀਰ 9 ਜੂਨ 1989 ਵਾਲੇ ਦਿਨ ਪੁਲਿਸ ਵੱਲੋਂ ਬੇਹੱਦ ਜ਼ਾਲਮਾਨਾ ਤਰੀਕੇ ਨਾਲ ਤਸ਼ੱਦਦ ਕਰਨ ਮਗਰੋਂ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ।

ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਸ਼ਹੀਦ ਪਰਿਵਾਰ ਦੀਆਂ ਕੁਰਬਾਨੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੌਮ ਨੂੰ ਅਜਿਹੇ ਮਹਾਨ ਸੂਰਬੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਹਮੇਸ਼ਾ ਮਾਣ ਰਹੇਗਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੀ.ਐਚ.ਸੀ ਹਠੂਰ ’ਚ ਡਾ.ਗੁਰਬਿੰਦਰ ਕੌਰ ਨੇ ਐਸ.ਐਮ.ਓ ਦਾ ਆਹੁੱਦਾ ਸੰਭਾਲਿਆ
Next articleSAMAJ WEEKLY = 03/07/2026