ਪਟਿਆਲਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅੱਜ ਮੇਰੇ ਅਤੇ ਛੋਟੇ ਵੀਰ ਗੁਰਸੇਵਕ ਮਾਨ ਦੇ ਉਸਤਾਦ ਸਤਿਕਾਰਯੋਗ ਸੁਰਗਵਾਸੀ ਬਾਪੂ ਜੀ ਸ਼ਰੋਮਣੀ ਕਵੀਸ਼ਰ ਕਰਨੈਲ ਸਿੰਘ “ਪਾਰਸ” ਜੀ ਦਾ ਜਨਮ ਦਿਹਾੜਾ ਹੈ। ਮੈਂ ਖ਼ੁਸ਼ਨਸੀਬ ਹਾਂ ਕਿ ਮੈਨੂੰ ਬਚਪਨ ਤੋਂ ਲੈ ਕੇ ਜਵਾਨੀ ਤੱਕ ਬਾਪੂ ਜੀ ਦੀ ਸੰਗਤ ਮਾਣਨ ਦਾ ਮੌਕਾ ਮਿਲਿਆ। ਬਾਪੂ ਜੀ ਉਹ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਅਤੇ ਗਿਆਨਵਾਨ ਇਨਸਾਨ ਸਨ, ਜਿਨ੍ਹਾਂ ਨੇ ਮੈਨੂੰ ਸਿਰਫ਼ ਕਵੀਸ਼ਰੀ ਦੇ ਹੀ ਗੁਰ ਨਹੀਂ ਸਿਖਾਏ, ਸਗੋਂ ਜ਼ਿੰਦਗੀ ਵਿੱਚ ਵਿਚਰਨ ਦੇ ਗੁਰ ਵੀ ਸਿਖਾਏ ਸਨ। ਉਚਾਈ ’ਤੇ ਪਹੁੰਚ ਕੇ ਵੀ ਆਪਣੇ ਪੈਰ ਜ਼ਮੀਨ ਨਾਲ ਜੋੜੀ ਰੱਖਣੇ, ਆਪਣੇ ਸਾਥੀਆਂ ਦਾ ਸਨਮਾਨ ਅਤੇ ਅਹਿਮੀਅਤ ਆਪਣੇ ਤੋਂ ਉੱਚੀ ਰੱਖਣੀ ਅਤੇ ਵੱਡੇ-ਛੋਟੇ ਦਾ ਸਤਿਕਾਰ ਕਰਨਾ, ਇਹ ਸਭ ਉਹ ਸਬਕ ਹਨ, ਜਿਨ੍ਹਾਂ ਦਾ ਰੰਗ ਬਾਪੂ ਜੀ ਨੇ ਮੇਰੀ ਸ਼ਖ਼ਸੀਅਤ ਦੇ ਕੈਨਵਸ ਉੱਤੇ ਭਰਿਆ। ਮੈਂ ਕਵੀਸ਼ਰੀ ਤੋਂ ਸਿਨੇਮਾ ਤੱਕ ਅਤੇ ਪਿੰਡ ਤੋਂ ਦੁਨੀਆਂ ਭਰ ਦੀਆਂ ਵੱਡੀਆਂ ਸਟੇਜਾਂ ਤੱਕ ਦਾ ਸਫ਼ਰ ਕੀਤਾ ਹੈ। ਜ਼ਮੀਨ ਤੋਂ ਅਸਮਾਨ ਤੱਕ ਦੀ ਬੁਲੰਦੀ ਦੇ ਇਸ ਸਾਰੇ ਸਫ਼ਰ ਵਿੱਚ ਖ਼ਾਸ ਕਰ ‘ਚਿੱਠੀਏ ਨੀ ਚਿੱਠੀਏ’ ਤੋਂ ਬਾਅਦ, ਰਿਸ਼ਤੇ ਵਿੱਚ ਬਾਪੂ ਜੀ ਦੀ ਪੋਤੀ ਅਤੇ ਮੇਰੀ ਧਰਮ ਪਤਨੀ ਹਰਮਨ ਮਾਨ ਅਤੇ ਮੈਂ ਜਦੋਂ ਵੀ ਬੇਬੇ ਜੀ ਅਤੇ ਬਾਪੂ ਜੀ ਨੂੰ ਮਿਲਣ ਟਰੰਟੋ ਜਾਂ ਪਿੰਡ ਰਾਮੂੰਵਾਲਾ ਜਾਂਦੇ ਤਾਂ ਬਾਪੂ ਜੀ ਮੈਨੂੰ ਬੱਸ ਇੱਕੋ ਗੱਲ ਵਾਰ-ਵਾਰ ਕਹਿੰਦੇ, ‘ਓ ਦੇਖੀਂ ਕਿਤੇ ਮੇਰੇ ਜਿਊਂਦੇ ਜੀ ਮੈਨੂੰ ਇਹ ਨਾ ਸੁਣਨ ਨੂੰ ਮਿਲੇ ਕਿ ਸ਼ੁਹਰਤ ਹਰਭਜਨ ਦੇ ਸਿਰ ਉੱਤੇ ਚੜ੍ਹ ਗਈ ਹੈ!’ਉਹ ਮੈਨੂੰ ਅਕਸਰ ਕਿਹਾ ਕਰਦੇ ਸਨ ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਤੂੰ ਕਲਾ ਦੀ ਦੁਨੀਆਂ ਦੇ ਅਸਮਾਨ ‘ਤੇ ਧਰੂ ਤਾਰੇ ਵਾਂਗ ਚਮਕ ਰਿਹਾ ਹੈਂ। ਚਾਹੇ ਤੂੰ ਦੁਨੀਆਂ ਦੀ ਵੱਡੀ ਤੋਂ ਵੱਡੀ ਸਟੇਜ ਉੱਤੇ ਜਾਵੇਂ ਪਰ ਇੱਕ ਗੱਲ ਕਦੀ ਨਾ ਵਿਸਾਰੀਂ ਕਿ ਜਿਹੜੀ ਆਪਣੀ ਵਿਰਾਸਤ, ਲੋਕ-ਗਾਇਕੀ ਹੈ, ਇਸ ਨੂੰ ਤੂੰ ਅੱਗੇ ਲੈ ਕੇ ਆਉਣਾ ਹੈ। ਮੈਨੂੰ ਖ਼ੁਸ਼ੀ ਹੈ ਕਿ ਬਾਪੂ ਜੀ ਦੀਆਂ ਅੱਜ ਤੋਂ ਕ਼ਰੀਬ 60 ਸਾਲ ਪਹਿਲਾਂ ਗਾਈਆਂ ਕਵੀਸ਼ਰੀਆਂ, ਜਦੋਂ ਮੈਂ ਅਤੇ ਮੇਰੇ ਛੋਟੇ ਵੀਰ ਗੁਰਸੇਵਕ ਨੇ ਰਿਕਾਰਡ ਕਰ ਕੇ ਗਾਈਆਂ, ਉਹ ਬੇਹੱਦ ਮਕ਼ਬੂਲ ਹੋਈਆਂ ਅਤੇ ਅੱਜ ਤੱਕ ਮਕ਼ਬੂਲ ਹਨ। ‘ਜਗ ਜੰਕਸ਼ਨ ਰੇਲਾਂ ਦਾ’ ਅਤੇ ‘ਹੈ ਆਉਣ ਜਾਣ ਬਣਿਆਂ’ ਇਹ ਬਾਪੂ ਜੀ ਦੀਆਂ ਹੀ ਤਾਂ ਕਵੀਸ਼ਰੀਆਂ ਨੇ, ਜੋ ਸਾਡੇ ਮਾਨ ਭਰਾਵਾਂ ਦੀ ਆਵਾਜ਼ ਵਿੱਚ ਅੱਜ ਵੀ ਲੋਕ ਸੁਣ ਰਹੇ ਹਨ। ਤੇ ਭਵਿੱਖ ਵਿੱਚ ਵੀ ਮੇਰੀ ਕੋਸ਼ਿਸ਼ ਰਹੇਗੀ ਕਿ ਬਾਪੂ ਜੀ ਦੀਆਂ ਖ਼ੂਬਸੂਰਤ ਕਵੀਸ਼ਰੀਆਂ ਦੇ ਰੰਗਾਂ ਨੂੰ ਰਿਕਾਰਡ ਕਰਵਾ ਕੇ ਤੁਹਾਡੇ ਸਭ ਤੱਕ ਪਹੁੰਚਾਵਾਂ।
ਹਰਭਜਨ ਮਾਨ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





