HOME ਫ਼ਗਵਾੜਾ-ਰੋਪੜ੍ਹ ਨੈਸ਼ਨਲ ਹਾਈਵੇ ਬਣਿਆ ‘ਮੌਤ ਦਾ ਖੂਨੀ ਰੋਡ’, ਟੋਲ ਕੰਪਨੀ ਤੇ ਐਨ...

ਫ਼ਗਵਾੜਾ-ਰੋਪੜ੍ਹ ਨੈਸ਼ਨਲ ਹਾਈਵੇ ਬਣਿਆ ‘ਮੌਤ ਦਾ ਖੂਨੀ ਰੋਡ’, ਟੋਲ ਕੰਪਨੀ ਤੇ ਐਨ ਐਚ ਏ ਆਈ ਖਿਲਾਫ ਭੜਕਿਆ ਇਲਾਕੇ ਦਾ ਗੁੱਸਾ, ਸੰਘਰਸ਼ ਦੀ ਚੇਤਾਵਨੀ

3
ਨਵਾਂਸ਼ਹਿਰ /ਕਾਠਗੜ੍ਹ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) : ਫਗਵਾੜਾ ਤੋਂ ਰੋਪੜ੍ਹ ਨੂੰ ਜੋੜਨ ਵਾਲਾ ਨੈਸ਼ਨਲ ਹਾਈਵੇ-344 ਅਤੇ ਖਾਸ ਕਰਕੇ ਟੌਂਸਾ ਤੋਂ ਰੈਲ ਮਾਜਰਾ ਤੱਕ ਦਾ ਸਰਵਿਸ ਰੋਡ ਇਸ ਵੇਲੇ ਰਾਹਗੀਰਾਂ ਲਈ ‘ਖੂਨੀ ਰੋਡ’ ਬਣ ਚੁੱਕਾ ਹੈ, ਜਿੱਥੇ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਸਮਾਜ ਸੇਵੀ  ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲ ਮਾਜਰਾ ਨੇ ਹਾਈਵੇਅ ਦੀ ਖਸਤਾ ਹਾਲਤ ਅਤੇ ਪ੍ਰਸ਼ਾਸਨਿਕ ਨਾਕਾਮੀ ‘ਤੇ ਗਹਿਰੀ ਚਿੰਤਾ ਤੇ ਰੋਸ ਜ਼ਾਹਰ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸੜਕ ਵਿਚਾਲੇ ਪਏ ਡੂੰਘੇ ਖੱਡਿਆਂ ਅਤੇ ਰੋਡ ਉੱਪਰ ਜੰਮੇ ਦੋ-ਦੋ ਫੁੱਟ ਮਿੱਟੀ-ਘੱਟੇ ਤੇ ਰੇਤੇ ਕਾਰਨ ਰੋਜ਼ਾਨਾ ਕੀਮਤੀ ਜਾਨਾਂ ਜਾ ਰਹੀਆਂ ਹਨ ਅਤੇ ਮਹਿੰਗੀਆਂ ਗੱਡੀਆਂ ਤਬਾਹ ਹੋ ਰਹੀਆਂ ਹਨ। ਇਸ ਤੋਂ ਇਲਾਵਾ ਹਾਈਵੇਅ ‘ਤੇ ਦਰਜਨਾਂ ਦੇ ਹਿਸਾਬ ਨਾਲ ਘੁੰਮਦੇ ਬੇਸਹਾਰਾ ਪਸ਼ੂ ਅਤੇ ਗਾਵਾਂ ਅਤੇ ਸਾਨ੍ਹ ਇਸ ਖ਼ਤਰੇ ਨੂੰ ਹੋਰ ਵਧਾ ਰਹੇ ਹਨ, ਜਿਸ ਕਾਰਨ ਮਹੀਨੇ ਵਿੱਚ 40 ਤੋਂ 50 ਦੇ ਕਰੀਬ ਐਕਸੀਡੈਂਟ ਹੋ ਰਹੇ ਹਨ। ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਇੱਕ ਦਰਦਨਾਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਬੀਤੀ ਰਾਤ ਫੈਕਟਰੀ ਤੋਂ ਆਪਣੀ ਡਿਊਟੀ ਖ਼ਤਮ ਕਰਕੇ ਪਰਤ ਰਿਹਾ ਤਿੰਨ ਭੈਣਾਂ ਦਾ ਇਕਲੌਤਾ ਭਰਾ, ਜੋ ਕਿ ਰੈਲ ਮਾਜਰਾ ਪਿੰਡ ਦਾ ਨੌਜਵਾਨ ਹੈ, ਟੋਲ ਕੰਪਨੀ ਦੀ ਲਾਪ੍ਰਵਾਹੀ ਕਾਰਨ ਸੜਕ ਦੇ ਖੱਡੇ ਵਿੱਚ ਵੱਜ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਪਹਿਲਾਂ ਰੋਪੜ੍ਹ ਅਤੇ ਫਿਰ ਗੰਭੀਰ ਹਾਲਤ ਵਿੱਚ ਪੀ.ਜੀ.ਆਈ. ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਸਰੀਰ ‘ਤੇ ਪੰਜ-ਛੇ ਜਗ੍ਹਾ ਫਰੈਕਚਰ ਹੋਣ ਕਾਰਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪਿੰਡ ਦਾ ਇੱਕ ਹੋਰ ਨੌਜਵਾਨ ਇਸੇ ਹਾਈਵੇਅ ਕਾਰਨ ਪੀ.ਜੀ.ਆਈ. ਵਿੱਚ ਜ਼ੇਰੇ ਇਲਾਜ ਹੈ। ਸਮਾਜ ਸੇਵੀ ਸ਼ਿੰਦਾ ਨੇ ਕਿਹਾ ਕਿ ਉਹ ਇਲਾਕੇ ਦੇ ਸਰਪੰਚਾਂ, ਪੰਚਾਂ, ਮੋਹਤਬਰਾਂ, ਕਲੱਬਾਂ ਦੇ ਨੌਜਵਾਨਾਂ ਅਤੇ ਬੁੱਧੀਜੀਵੀਆਂ ਦੇ ਦਸਤਖਤ ਕਰਵਾ ਕੇ ਮਾਨਯੋਗ ਐਸ.ਐਸ.ਪੀ. ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪ ਰਹੇ ਹਨ, ਜਿਸ ਰਾਹੀਂ ਲਾਪਰਵਾਹ ਟੋਲ ਕੰਪਨੀ ਅਤੇ ਐਨ.ਐਚ.ਏ.ਆਈ.  ਦੇ ਮੈਨੇਜਰ ਦੇ ਖਿਲਾਫ ਸਖਤ ਕਾਨੂੰਨੀ ਪਰਚਾ ਦਰਜ ਕਰਨ ਅਤੇ ਪੀੜਤ ਨੌਜਵਾਨਾਂ ਦੇ ਇਲਾਜ ਦਾ ਖਰਚਾ ਤੇ ਕਲੇਮ ਦੁਆਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਟੋਲ ਕੰਪਨੀ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਗਈ, ਤਾਂ ਸਮੁੱਚੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇੱਕ ਵੱਡਾ ਜਨ-ਅੰਦੋਲਨ ਉਲੀਕਿਆ ਜਾਵੇਗਾ। ਇਸ ਸੰਘਰਸ਼ ਤਹਿਤ ਹਾਈਵੇਅ ‘ਤੇ ਖਿਲਰਿਆ ਰੇਤਾ, ਮਿੱਟੀ ਅਤੇ ਬੇਸਹਾਰਾ ਪਸ਼ੂਆਂ ਨੂੰ ਇਕੱਠਾ ਕਰਕੇ ਟੋਲ ਕੰਪਨੀ ਦੇ ਦਫਤਰ ਅਤੇ ਡੀ.ਸੀ. ਦਫਤਰ ਅੱਗੇ ਸੁੱਟਿਆ ਜਾਵੇਗਾ ਅਤੇ ਟੋਲ ਪਲਾਜ਼ਾ ਨੂੰ ਘੇਰ ਕੇ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ। ਦੂਜੇ ਪਾਸੇ, ਸਥਾਨਕ ਲੋਕਾਂ ਨੇ ਵੀ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਦੇ ਰਵੱਈਏ ‘ਤੇ ਤਿੱਖੇ ਸਵਾਲ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਨੈਸ਼ਨਲ ਹਾਈਵੇਅ ਦੇ ਜ਼ਿੰਮੇਵਾਰ ਅਧਿਕਾਰੀ ਪੂਰੀ ਤਰ੍ਹਾਂ ਕੁੰਭਕਰਨੀ ਨੀਂਦ ਸੁੱਤੇ ਪਏ ਹਨ।   ਸਮੱਸਿਆਵਾਂ ਦਾ ਜਵਾਬ ਦੇਣ  ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਕੀਮਤੀ ਜਾਨਾਂ ਬਚਾਉਣ ਲਈ ਇਸ ਹਾਈਵੇਅ ‘ਤੇ ਤੁਰੰਤ ਸੁਰੱਖਿਆ ਸੁਵਿਧਾਵਾਂ ਯਕੀਨੀ ਬਣਾਈਆਂ ਜਾਣ ਅਤੇ ਸਰਵਿਸ ਰੋਡ ਦੀ ਹਾਲਤ ਸੁਧਾਰੀ ਜਾਵੇ। ਜਦੋਂ ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਦੇ ਸੀਨੀਅਰ ਅਧਿਕਾਰੀ ਵਿਸ਼ਾਲ ਗੁਪਤਾ ਨਾਲ ਗੱਲਬਾਤ ਕੀਤੀ ਹੈ ਤਾਂ ਉਨ੍ਹਾਂ ਨੇ ਕਿਹਾ ਇਸ ਪਏ ਖੱਡੇ ਨੂੰ ਤਰੁੰਤ ਸਹੀ ਕੀਤਾ ਜਾ ਰਿਹਾ ਹੈ ਅੱਗੇ ਤੋਂ ਇਸ ਦਾ ਧਿਆਨ ਰੱਖਿਆ ਜਾਵੇਗਾ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਸਿੰਘ ਪੁਰ ਦੇ ਹੋਣਹਾਰ ਵਿਦਿਆਰਥੀਆਂ ਦਾ ਪੰਚਾਇਤ, ਨੌਜਵਾਨਾਂ ਅਤੇ ਫ਼ੌਜੀ ਗਰੁੱਪ ਵੱਲੋਂ ਵਿਸ਼ੇਸ਼ ਸਨਮਾਨ
Next articleਇਕ ਦਿਨ ‘ਚ ਕਿਸਾਨਾਂ ਲਈ 200 ਲੀਟਰ ਡੀਜ਼ਲ ਤੇਲ ਦੀ ਰੱਖੀ ਸ਼ਰਤ ਨਿੰਦਣਯੋਗ