ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ): ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤੋਂ ਕਾਂਗਰਸ ਪਾਰਟੀ ਲਈ ਇੱਕ ਬੇਹੱਦ ਖ਼ੁਸ਼ੀ ਅਤੇ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੰਡੀਅਨ ਯੂਥ ਕਾਂਗਰਸ ਜਥੇਬੰਦਕ ਚੋਣਾਂ 2026 ਦੇ ਐਲਾਨੇ ਗਏ ਨਤੀਜਿਆਂ ਵਿੱਚ ਨੌਜਵਾਨ ਅਤੇ ਜੁਝਾਰੂ ਆਗੂ ਇੰਜੀਨੀਅਰ ਹਿੱਤਰਾਜ ਚੌਧਰੀ ਜੰਡੀ ਨੇ ਇੱਕ ਵੱਡੀ ਅਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਵੋਟਰਾਂ ਵੱਲੋਂ ਦਿੱਤੇ ਗਏ ਭਰਵੇਂ ਸਮਰਥਨ ਸਦਕਾ ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 2,420 ਵੋਟਾਂ ਦੇ ਵੱਡੇ ਫਰਕ ਨਾਲ ਪਛਾੜ ਕੇ ਜ਼ਿਲ੍ਹਾ ਨਵਾਂਸ਼ਹਿਰ ਦੇ ਯੂਥ ਕਾਂਗਰਸ ਪ੍ਰਧਾਨ ਦੀ ਵੱਕਾਰੀ ਕੁਰਸੀ ‘ਤੇ ਕਬਜ਼ਾ ਕਰ ਲਿਆ ਹੈ। ਜਿਵੇਂ ਹੀ ਅਧਿਕਾਰਤ ਤੌਰ ‘ਤੇ ਉਨ੍ਹਾਂ ਦੀ ਜਿੱਤ ਦਾ ਐਲਾਨ ਹੋਇਆ, ਤਾਂ ਪੂਰੇ ਜ਼ਿਲ੍ਹੇ ਦੇ ਕਾਂਗਰਸੀ ਵਰਕਰਾਂ ਅਤੇ ਨੌਜਵਾਨਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਇੰਜੀਨੀਅਰ ਹਿਤਰਾਜ ਚੌਧਰੀ ਜੰਡੀ ਨੇ ਸਭ ਤੋਂ ਪਹਿਲਾਂ ਜ਼ਿਲ੍ਹੇ ਦੇ ਸਮੂਹ ਨੌਜਵਾਨ ਵੋਟਰਾਂ, ਪਾਰਟੀ ਹਮਾਇਤੀਆਂ ਅਤੇ ਵਰਕਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਜਿੱਤ ਇਕੱਲੇ ਉਨ੍ਹਾਂ ਦੀ ਨਹੀਂ, ਬਲਕਿ ਨਵਾਂਸ਼ਹਿਰ ਦੇ ਹਰ ਉਸ ਨੌਜਵਾਨ ਦੀ ਜਿੱਤ ਹੈ ਜਿਸ ਨੇ ਸੱਚ, ਤਰੱਕੀ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ‘ਤੇ ਆਪਣਾ ਭਰੋਸਾ ਪ੍ਰਗਟਾਇਆ ਹੈ। ਉਨ੍ਹਾਂ ਨਵਾਂਸ਼ਹਿਰ ਨਿਵਾਸੀਆਂ ਦੇ ਆਸ਼ੀਰਵਾਦ ਅਤੇ ਮਿਲੇ ਵੱਡੇ ਸਹਿਯੋਗ ਲਈ ਸਿਰ ਝੁਕਾ ਕੇ ਸ਼ੁਕਰਾਨਾ ਅਦਾ ਕੀਤਾ। ਆਪਣੇ ਭਵਿੱਖ ਦੇ ਟੀਚਿਆਂ ਬਾਰੇ ਗੱਲ ਕਰਦਿਆਂ ਨਵ-ਨਿਯੁਕਤ ਯੂਥ ਪ੍ਰਧਾਨ ਨੇ ਪੰਜਾਬ ਯੂਥ ਕਾਂਗਰਸ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜ਼ਿਲ੍ਹੇ ਅੰਦਰ ਪਾਰਟੀ ਦੇ ਸੰਗਠਨ ਦਾ ਦਾਇਰਾ ਹੋਰ ਵਧਾਉਣ ਲਈ ਦਿਨ-ਰਾਤ ਇੱਕ ਕਰ ਦੇਣਗੇ। ਉਨ੍ਹਾਂ ਪ੍ਰਣ ਲਿਆ ਕਿ ਉਹ ਪਾਰਟੀ ਦੇ ਹਰ ਇੱਕ ਛੋਟੇ-ਵੱਡੇ ਵਰਕਰ ਦੀਆਂ ਉਮੀਦਾਂ ਅਤੇ ਉਮੰਗਾਂ ‘ਤੇ ਪੂਰੀ ਤਰ੍ਹਾਂ ਖਰਾ ਉਤਰਨ ਦੀ ਹਰਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਸਮੂਹ ਕਾਂਗਰਸੀ ਆਗੂਆਂ ਨੇ ਉਮੀਦ ਜਤਾਈ ਕਿ ਹਿਤਰਾਜ ਚੌਧਰੀ ਜਾਂਦੀ ਦੀ ਅਗਵਾਈ ਵਿੱਚ ਜ਼ਿਲ੍ਹਾ ਐਸ.ਬੀ.ਐਸ. ਨਗਰ ਅੰਦਰ ਯੂਥ ਕਾਂਗਰਸ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋ ਕੇ ਉੱਭਰੇਗੀ ਅਤੇ ਨੌਜਵਾਨਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





