ਨਵਾਂਸ਼ਹਿਰ/ ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ): ਥਾਣਾ ਕਾਠਗੜ੍ਹ ਦੇ ਮੁੱਖ ਅਫ਼ਸਰ (ਐਸ.ਐਚ.ਓ.) ਅਭਿਸ਼ੇਕ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਏ.ਡੀ.ਬੀ. ਪਰਾਗਪੁਰ ਵਿੱਚ ਵਾਪਰੀ ਇੱਕ ਗੰਭੀਰ ਘਟਨਾ ਦੇ ਸਬੰਧ ਵਿੱਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਕਾਠਗੜ੍ਹ ਵਿਖੇ ਮਿਤੀ 21 ਜੂਨ 2026 ਨੂੰ ਇੱਕ ਦਰਖ਼ਾਸਤ ਪ੍ਰਾਪਤ ਹੋਈ ਸੀ, ਜਿਸ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਐਸ.ਐਚ.ਓ. ਅਭਿਸ਼ੇਕ ਸ਼ਰਮਾ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਪਿੰਡ ਏ.ਡੀ.ਬੀ. ਪਰਾਗਪੁਰ ਸਥਿਤ ਆਪਣੀ ਤਕਰੀਬਨ 7 ਏਕੜ ਜ਼ਮੀਨ ਵਿੱਚ ਮੱਕੀ ਦੀ ਫ਼ਸਲ ਬੀਜੀ ਹੋਈ ਸੀ। ਬੀਤੀ ਮਿਤੀ 20-06-2026 ਨੂੰ ਲਖਵੀਰ ਸਿੰਘ ਉਰਫ਼ ਲੱਡੂ ਪੁੱਤਰ ਮੋਹਨ ਸਿੰਘ, ਮੋਹਨ ਸਿੰਘ ਵਾਸੀ ਘੁੜਕਾ (ਥਾਣਾ ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ) ਅਤੇ ਇੱਕ ਹੋਰ ਅਣਪਛਾਤਾ ਵਿਅਕਤੀ, ਜੋ ਕਿ ਹਥਿਆਰਾਂ ਨਾਲ ਲੈਸ ਸਨ, ਇੱਕ ਸੋਨਾਲੀਕਾ ਟ੍ਰੈਕਟਰ ਲੈ ਕੇ ਸ਼ਿਕਾਇਤਕਰਤਾ ਦੀ ਪੈਲੀ ਵਿੱਚ ਦਾਖ਼ਲ ਹੋਏ ਅਤੇ ਉੱਥੇ ਬੀਜੀ ਹੋਈ ਮੱਕੀ ਦੀ ਫ਼ਸਲ ਨੂੰ ਵਾਹ ਕੇ ਬਰਬਾਦ ਕਰ ਦਿੱਤਾ। ਜਦੋਂ ਖੇਤ ਵਿੱਚ ਮੌਜੂਦ ਸ਼ਿਕਾਇਤਕਰਤਾ ਦੇ ਨੌਕਰ ਨੇ ਉਕਤ ਵਿਅਕਤੀਆਂ ਨੂੰ ਇਸ ਗੈਰ-ਕਾਨੂੰਨੀ ਹਰਕਤ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮਾਂ ਨੇ ਉਸ ਨਾਲ ਗਾਲੀ-ਗਲੋਚ ਕਰਦਿਆਂ ਉਸ ਨੂੰ ਜਾਨੋਂ ਮਾਰਨ ਦੀਆਂ ਸਿੱਧੀਆਂ ਧਮਕੀਆਂ ਦਿੱਤੀਆਂ। ਇਸ ਤੋਂ ਇਲਾਵਾ, ਉਕਤ ਵਿਅਕਤੀ ਖੇਤ ਵਿੱਚ ਲੱਗੀ ਮੋਟਰ ‘ਤੇ ਪਿਆ ਸਾਮਾਨ, ਜਿਸ ਵਿੱਚ 2 ਕਹੀਆਂ, ਪਾਣੀ ਵਾਲਾ ਪਾਈਪ ਅਤੇ ਹੋਰ ਕੀਮਤੀ ਸਾਮਾਨ ਸ਼ਾਮਲ ਸੀ, ਚੋਰੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਜਾਂਦੇ ਹੋਏ ਮੁਲਜ਼ਮਾਂ ਨੇ ਨੌਕਰ ਨੂੰ ਇਹ ਧਮਕੀ ਵੀ ਦਿੱਤੀ ਕਿ ਉਹ ਆਪਣੇ ਮਾਲਕ ਨੂੰ ਕਹਿ ਦੇਵੇ ਕਿ ਉਸ ਦੀ ਵੀ ਹੁਣ ਖੈਰ ਨਹੀਂ ਹੈ। ਐਸ.ਐਚ.ਓ. ਅਭਿਸ਼ੇਕ ਸ਼ਰਮਾ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਪੱਸ਼ਟ ਕੀਤਾ ਕਿ ਪੀੜਤ ਦੀ ਜਾਨ-ਮਾਲ ਦੀ ਰਾਖੀ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਥਿਤ ਦੋਸ਼ੀਆਂ ਖ਼ਿਲਾਫ਼ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





