ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਯੋਜਨਾ ਤਹਿਤ ਜਨਰਲ ਸ਼੍ਰੇਣੀ ਨੂੰ 1000 ਅਤੇ ਐਸ.ਸੀ. ਭਾਈਚਾਰੇ ਦੀਆਂ ਔਰਤਾਂ ਨੂੰ ਮਿਲਣਗੇ 1500 ਰੁਪਏ, ਮਹਿਲਾ ਸਖੀਆਂ ਘਰ-ਘਰ ਜਾ ਕੇ ਭਰਨਗੀਆਂ ਫਾਰਮ
ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਤਾਵਾਂ ਅਤੇ ਭੈਣਾਂ ਨੂੰ ਦਿੱਤੀ ਗਈ ਗਾਰੰਟੀ ਨੂੰ ਪੂਰਾ ਕਰਦਿਆਂ ਵਿਸ਼ੇਸ਼ ਯੋਜਨਾ ਤਹਿਤ ਫਾਰਮ ਭਰਨ ਅਤੇ ਰਜਿਸਟ੍ਰੇਸ਼ਨ ਦਾ ਕੰਮ ਹਲਕਾ ਬਲਾਚੌਰ ਵਿੱਚ ਬੇਹਤਰੀਨ ਤਰੀਕੇ ਨਾਲ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧੀ ਵਿਸਤ੍ਰਿਤ ਚਾਨਣਾ ਪਾਉਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜਿਲ੍ਹਾਂ ਪਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਗਈ ਇਸ ਲੋਕ-ਭਲਾਈ ਯੋਜਨਾ ਤਹਿਤ ਜਨਰਲ ਸ਼੍ਰੇਣੀ ਦੀਆਂ ਗਰੀਬ ਔਰਤਾਂ ਨੂੰ 1000 ਰੁਪਏ ਅਤੇ ਐਸ.ਸੀ. ਭਾਈਚਾਰੇ ਨਾਲ ਸਬੰਧਿਤ ਔਰਤਾਂ ਨੂੰ 1500 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ, ਜਿਸ ਦਾ ਮੁਕੰਮਲ ਸਿਸਟਮ ਹਲਕੇ ਅੰਦਰ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ।ਕਰਨਵੀਰ ਕਟਾਰੀਆ ਨੇ ਆਮ ਲੋਕਾਂ ਅਤੇ ਔਰਤਾਂ ਦੀ ਸਹੂਲਤ ਲਈ ਫਾਰਮ ਭਰਨ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਮਾਤਾ-ਭੈਣ ਨੂੰ ਕਨਫਿਊਜ਼ ਹੋਣ ਦੀ ਬਿਲਕੁਲ ਲੋੜ ਨਹੀਂ ਹੈ। ਸਰਕਾਰ ਅਤੇ ਸਬੰਧਿਤ ਡਿਪਾਰਟਮੈਂਟ ਵੱਲੋਂ ਇਸ ਕੰਮ ਲਈ ਵਿਸ਼ੇਸ਼ ਤੌਰ ‘ਤੇ ‘ਮਹਿਲਾ ਸਖੀਆਂ’ ਤਾਇਨਾਤ ਕੀਤੀਆਂ ਗਈਆਂ ਹਨ, ਜੋ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਘਰ-ਘਰ ਜਾ ਕੇ ਖੁਦ ਫਾਰਮ ਭਰਨਗੀਆਂ ਅਤੇ ਉਨ੍ਹਾਂ ਨੂੰ ਜਮਾਂ ਕਰਵਾਉਣ ਦੀ ਜ਼ਿੰਮੇਵਾਰੀ ਵੀ ਨਿਭਾਉਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਕਾਰਨ ਕਰਕੇ ਕੋਈ ਮਹਿਲਾ ਸਖੀ ਕਿਸੇ ਦੇ ਘਰ ਨਹੀਂ ਪਹੁੰਚ ਪਾਉਂਦੀ, ਤਾਂ ਉਹ ਔਰਤਾਂ ਆਪਣੇ ਨੇੜਲੇ ਆਂਗਣਵਾੜੀ ਸੈਂਟਰ ਵਿਖੇ ਜਾ ਕੇ ਇਸ ਯੋਜਨਾ ਲਈ ਬਹੁਤ ਹੀ ਆਸਾਨੀ ਨਾਲ ਅਪਲਾਈ ਕਰ ਸਕਦੀਆਂ ਹਨ। ਸਰਕਾਰ ਵੱਲੋਂ ਬਣਾਏ ਗਏ ਡਿਜੀਟਲ ਅਤੇ ਪਾਰਦਰਸ਼ੀ ਸਿਸਟਮ ਦੀ ਸ਼ਲਾਘਾ ਕਰਦਿਆਂ ਕਟਾਰੀਆ ਨੇ ਦੱਸਿਆ ਕਿ ਜਿਸ ਦਿਨ ਲੋੜਵੰਦ ਵੱਲੋਂ ਫਾਰਮ ਅਪਲਾਈ ਕੀਤਾ ਜਾਂਦਾ ਹੈ, ਉਸੇ ਦਿਨ ਵਿਭਾਗ ਵੱਲੋਂ ਬਕਾਇਦਾ ਫੋਨ ਕਾਲ ਰਾਹੀਂ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ, ਜਿਸ ਨੂੰ ਬਿਨੈਕਾਰ ਨੇ ਵੈਰੀਫਾਈ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਖਾਤੇ ਦੀ ਸੁਰੱਖਿਆ ਅਤੇ ਸਪੱਸ਼ਟਤਾ ਦੀ ਜਾਂਚ ਲਈ ਟੈਸਟਿੰਗ ਵਜੋਂ ਖਾਤੇ ਵਿੱਚ ਇੱਕ ਰੁਪਿਆ ਪਾ ਕੇ ਚੈੱਕ ਕੀਤਾ ਜਾਂਦਾ ਹੈ ਕਿ ਦਿੱਤਾ ਗਿਆ ਬੈਂਕ ਖਾਤਾ ਬਿਲਕੁਲ ਸਹੀ ਹੈ ਜਾਂ ਨਹੀਂ। ਖਾਤੇ ਵਿੱਚ ਪੈਸੇ ਟ੍ਰਾਂਸਫਰ ਹੋਣ ਤੋਂ ਬਾਅਦ ਵਿਭਾਗ ਵੱਲੋਂ ਦੁਬਾਰਾ ਫੋਨ ਕਰਕੇ ਮੈਸੇਜ ਆਉਣ ਦੀ ਪੁਸ਼ਟੀ ਕੀਤੀ ਜਾਂਦੀ ਹੈ ਅਤੇ ਵੈਰੀਫਿਕੇਸ਼ਨ ਮੁਕੰਮਲ ਹੁੰਦਿਆਂ ਹੀ ਆਉਣ ਵਾਲੇ ਜੁਲਾਈ ਮਹੀਨੇ ਤੋਂ ਇਸ ਸਕੀਮ ਦੇ ਪੈਸੇ ਹਰ ਮਹੀਨੇ ਨਿਰੰਤਰ ਖਾਤਿਆਂ ਵਿੱਚ ਪੈਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਨੇ ਹਲਕੇ ਦੀਆਂ ਸਮੂਹ ਮਾਤਾਵਾਂ ਅਤੇ ਭੈਣਾਂ ਨੂੰ ਇੱਕ ਵਿਸ਼ੇਸ਼ ਤੇ ਜ਼ਰੂਰੀ ਬੇਨਤੀ ਕਰਦਿਆਂ ਕਿਹਾ ਕਿ ਜਿਨ੍ਹਾਂ ਔਰਤਾਂ ਦੇ ਮੋਬਾਈਲ ਨੰਬਰ ਉਨ੍ਹਾਂ ਦੇ ਬੈਂਕ ਖਾਤਿਆਂ ਨਾਲ ਲਿੰਕ ਜਾਂ ਅਪਡੇਟ ਨਹੀਂ ਹਨ, ਉਹ ਤੁਰੰਤ ਆਪਣੇ ਬੈਂਕ ਜਾ ਕੇ ਨੰਬਰ ਅਪਡੇਟ ਕਰਵਾ ਲੈਣ। ਵਿਭਾਗ ਵੱਲੋਂ ਖਾਤੇ ਦੀ ਜਾਂਚ ਸਮੇਂ 10 ਤੋਂ 15 ਮਿੰਟਾਂ ਦੇ ਅੰਦਰ ਬੈਕ ਕਾਲ ਕਰਕੇ ਮੈਸੇਜ ਬਾਰੇ ਪੁੱਛਿਆ ਜਾਂਦਾ ਹੈ, ਜੋ ਕਿ ਖਾਤੇ ਨਾਲ ਮੋਬਾਈਲ ਨੰਬਰ ਅਟੈਚ ਹੋਣ ‘ਤੇ ਹੀ ਸੰਭਵ ਹੋ ਸਕੇਗਾ। ਅੰਤ ਵਿੱਚ ਕਰਨਵੀਰ ਕਟਾਰੀਆ ਨੇ ਵਿਸ਼ਵਾਸ ਦਵਾਇਆ ਕਿ ਜੇਕਰ ਹਲਕਾ ਬਲਾਚੌਰ ਦੇ ਕਿਸੇ ਵੀ ਪਿੰਡ, ਸ਼ਹਿਰ ਜਾਂ ਮੁਹੱਲੇ ਵਿੱਚ ਕਿਸੇ ਮਾਤਾ-ਭੈਣ ਨੂੰ ਫਾਰਮ ਭਰਨ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ, ਤਾਂ ਉਹ 24 ਘੰਟੇ ਸਾਡੇ ਦਫ਼ਤਰ ਵਿਖੇ ਆ ਕੇ ਸਟਾਫ਼ ਨਾਲ ਸੰਪਰਕ ਕਰ ਸਕਦੀਆਂ ਹਨ, ਪਾਰਟੀ ਲੀਡਰਸ਼ਿਪ ਅਤੇ ਸਟਾਫ਼ ਹਰ ਵੇਲੇ ਜਨਤਾ ਦੀ ਸੇਵਾ ਲਈ ਹਾਜ਼ਰ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



