(ਸਮਾਜ ਵੀਕਲੀ) ਸਾਡੇ ਕਾਲਜ ਦੇ ਪ੍ਰੋਫੈਸਰ ਗੈਂਡਾ ਸਿੰਘ ਜੀ (ਨਾਂ ਬਦਲਿਆ ਹੋਇਆ ਹੈ) ਸਰੀਰ ਵਲੋਂ ਐਨੇ ‘ਹੈਲਦੀ’ ਹਨ ਕਿ ਜੇਕਰ ਉਹ ਲੰਘਦੇ ਹੋਏ ਕਿਸੇ ਨਾਲ ਮਾੜੇ ਜਿਹੇ ਖਹਿ ਜਾਣ, ਤਾਂ ਅਗਲੇ ਨੂੰ ਹਸਪਤਾਲ ਜਾ ਕੇ ਐਕਸ-ਰੇਅ ਕਰਵਾਉਣਾ ਪੈ ਜਾਂਦਾ ਹੈ। ਜਦੋਂ ਉਹ ਚੱਲਦੇ ਹਨ, ਤਾਂ ਇੰਝ ਲੱਗਦਾ ਹੈ ਜਿਵੇਂ ਕੋਈ ਤੁਰਦਾ-ਫਿਰਦਾ ਮਿੰਨੀ-ਟਰੱਕ ਆ ਰਿਹਾ ਹੋਵੇ। ਪ੍ਰੋਫੈਸਰ ਸਾਹਿਬ ਕਾਲਜ ਵਿੱਚ ‘ਸਿਹਤ ਅਤੇ ਸਮਾਜ’ ਵਿਸ਼ਾ ਪੜ੍ਹਾਉਂਦੇ ਹਨ ਅਤੇ ਉਨ੍ਹਾਂ ਦਾ ਮਨਪਸੰਦ ਸ਼ੌਕ ਹੈ—ਹਰ ਐਰੇ-ਗੈਰੇ ਨੂੰ ਸ਼ਰਾਬ ਛੱਡਣ ਦਾ ਮੁਫ਼ਤ ਗਿਆਨ ਵੰਡਣਾ।
ਪ੍ਰੋਫੈਸਰ ਸਾਹਿਬ ਜਦੋਂ ਸਟੇਜ ‘ਤੇ ਖੜ੍ਹ ਕੇ ਭਾਸ਼ਣ ਦਿੰਦੇ ਹਨ, ਤਾਂ ਉਨ੍ਹਾਂ ਦਾ ਪੇਟ ਮਾਈਕ੍ਰੋਫੋਨ ਨੂੰ ਪਿੱਛੇ ਧੱਕ ਰਿਹਾ ਹੁੰਦਾ ਹੈ। ਉਹ ਬੜੀ ਗੰਭੀਰ ਆਵਾਜ਼ ਵਿੱਚ ਕਹਿੰਦੇ ਹਨ, “ਭਰਾਵੋ! ਇਹ ਸ਼ਰਾਬ ਨਾਸਾਂ ਦਾ ਖੂਹ ਹੈ, ਇਹ ਲਿਵਰ ਫੂਕ ਦਿੰਦੀ ਹੈ, ਬੰਦੇ ਨੂੰ ਗੋਡਿਆਂ ਭਾਰ ਕਰ ਦਿੰਦੀ ਹੈ! ਛੱਡ ਦਿਓ ਇਸ ਨੂੰ!” ਉਨ੍ਹਾਂ ਦਾ ਇਹ ਲੈਕਚਰ ਸੁਣ ਕੇ ਕਈ ਸ਼ਰਾਬੀ ਤਾਂ ਅੱਖਾਂ ਵਿੱਚ ਹੰਝੂ ਭਰ ਲੈਂਦੇ ਹਨ।
ਪਰ ਅਸਲ ਕਹਾਣੀ ਸ਼ਾਮ ਨੂੰ ਸ਼ੁਰੂ ਹੁੰਦੀ ਹੈ। ਲੰਘੀ ਸ਼ਾਮ ਮੈਂ ਪ੍ਰੋਫੈਸਰ ਸਾਹਿਬ ਦੇ ਘਰ ਕਿਸੇ ਕੰਮ ਗਿਆ। ਡਰਾਇੰਗ ਰੂਮ ਵਿੱਚ ਪ੍ਰੋਫੈਸਰ ਸਾਹਿਬ ਸੋਫ਼ੇ ‘ਤੇ ਇੰਝ ਬਿਰਾਜਮਾਨ ਸਨ, ਜਿਵੇਂ ਸੋਫ਼ਾ ਉਨ੍ਹਾਂ ਦੇ ਭਾਰ ਹੇਠ ਆਖਰੀ ਸਾਹ ਲੈ ਰਿਹਾ ਹੋਵੇ। ਸਾਹਮਣੇ ਮੇਜ਼ ‘ਤੇ ਸਲਾਦ ਦੀ ਪਲੇਟ ਅਤੇ ਇੱਕ ਚਮਕਦੀ ਹੋਈ ਸਕਾਚ ਦੀ ਬੋਤਲ ਅੱਧੀ ਖਾਲੀ ਪਈ ਸੀ। ਪ੍ਰੋਫੈਸਰ ਸਾਹਿਬ ਬੜੇ ਸਵਾਦ ਨਾਲ ‘ਪੈੱਗ’ ਅੰਦਰ ਲੰਘਾ ਰਹੇ ਸਨ।
ਮੈਂ ਹੱਕਾ-ਬੱਕਾ ਰਹਿ ਗਿਆ ਅਤੇ ਹੱਸਦਿਆਂ ਕਿਹਾ, “ਕਮਾਲ ਹੈ ਪ੍ਰੋਫੈਸਰ ਸਾਹਿਬ! ਸਵੇਰੇ ਸਟੇਜ ‘ਤੇ ਤਾਂ ਤੁਸੀਂ ਕਹਿ ਰਹੇ ਸੀ ਕਿ ਸ਼ਰਾਬ ਨੂੰ ਹੱਥ ਨੀ ਲਾਉਣਾ ਚਾਹੀਦਾ… ਤੇ ਇੱਥੇ ਖ਼ੁਦ? ਲੱਗਦਾ ਹੈ ਤੁਹਾਨੂੰ ਸ਼ਰਾਬ ਛੱਡਣੀ ਹੀ ਨਹੀਂ ਆਉਂਦੀ!”
ਪ੍ਰੋਫੈਸਰ ਸਾਹਿਬ ਨੇ ਆਪਣੇ ਭਾਰੇ ਢਿੱਡ ‘ਤੇ ਹੱਥ ਫੇਰਿਆ, ਇੱਕ ਡਕਾਰ ਮਾਰਿਆ ਅਤੇ ਬੜੀ ਫਿਲਾਸਫੀਕਲ ਮੁਸਕਰਾਹਟ ਨਾਲ ਬੋਲੇ, “ਓਏ ਮੂਰਖਾ! ਤੂੰ ਮੇਰੀ ਖੋਜ (Research) ਨੂੰ ਸਮਝਿਆ ਹੀ ਨਹੀਂ। ਮੈਂ ਤਾਂ ਸ਼ਰਾਬ ਛੱਡਣ ਦੀਆਂ ਨਵੀਆਂ ਤਕਨੀਕਾਂ ਲੱਭ ਰਿਹਾ ਹਾਂ।”
ਮੈਂ ਪੁੱਛਿਆ, “ਉਹ ਕਿਵੇਂ?”
ਪ੍ਰੋਫੈਸਰ ਸਾਹਿਬ ਨੇ ਗਲਾਸ ਹਵਾ ਵਿੱਚ ਲਹਿਰਾਉਂਦੇ ਹੋਏ ਕਿਹਾ, “ਦੇਖ, ਡਾਕਟਰਾਂ ਨੇ ਮੈਨੂੰ ਕਿਹਾ ਹੈ ਕਿ ਜੇਕਰ ਵਜ਼ਨ ਘਟਾਉਣਾ ਹੈ ਤਾਂ ‘ਸੌਲਿਡ ਫੂਡ’ (ਰੋਟੀ-ਪਾਣੀ) ਛੱਡ ਕੇ ‘ਲਿਕਵਿਡ ਡਾਈਟ’ (ਤਰਲ ਪਦਾਰਥ) ‘ਤੇ ਆ ਜਾਓ। ਹੁਣ ਤੂੰ ਹੀ ਦੱਸ, ਇਸ ਬੋਤਲ ਨਾਲੋਂ ਵਧੀਆ ਲਿਕਵਿਡ ਕਿਹੜਾ ਹੋ ਸਕਦਾ ਹੈ? ਮੈਂ ਰੋਟੀ ਛੱਡ ਸਕਦਾ ਹਾਂ, ਪਰ ਡਾਕਟਰ ਦੀ ਸਲਾਹ ਨਹੀਂ ਮੋੜ ਸਕਦਾ!”
ਮੈਂ ਹੱਸਦਿਆਂ ਕਿਹਾ, “ਪਰ ਪ੍ਰੋਫੈਸਰ ਸਾਹਿਬ, ਸਵੇਰੇ ਤਾਂ ਤੁਸੀਂ ਕਹਿ ਰਹੇ ਸੀ ਕਿ ਇਹ ਲਿਵਰ ਖ਼ਰਾਬ ਕਰਦੀ ਹੈ, ਬੰਦੇ ਨੂੰ ਨਿਮਾਣਾ ਬਣਾ ਕੇ ਪਿੱਠ ‘ਤੇ ਸਵਾਰ ਹੋ ਜਾਂਦੀ ਹੈ।”
ਪ੍ਰੋਫੈਸਰ ਸਾਹਿਬ ਨੇ ਤੁਰੰਤ ਦਲੀਲ ਘੜੀ, “ਬਿਲਕੁਲ ਸਹੀ! ਉਹ ਗਿਆਨ ਆਮ ਲੋਕਾਂ ਲਈ ਹੈ, ਜਿਨ੍ਹਾਂ ਦਾ ਹਾਜ਼ਮਾ ਕਮਜ਼ੋਰ ਹੈ। ਮੇਰਾ ਸਰੀਰ ਦੇਖ, ਕੁਦਰਤ ਨੇ ਮੈਨੂੰ ‘ਹੈਵੀ ਡਿਊਟੀ’ ਬਣਾਇਆ ਹੈ। ਇਹ ਬੋਤਲ ਮੇਰੀ ਪਿੱਠ ‘ਤੇ ਸਵਾਰ ਹੋਣ ਦੀ ਕੋਸ਼ਿਸ਼ ਤਾਂ ਕਰਦੀ ਹੈ, ਪਰ ਮੇਰੇ 120 ਕਿੱਲੋ ਦੇ ਭਾਰ ਅੱਗੇ ਇਹ ਖ਼ੁਦ ਦੱਬ ਜਾਂਦੀ ਹੈ। ਮੈਂ ਸ਼ਰਾਬ ਇਸ ਲਈ ਪੀਂਦਾ ਹਾਂ ਤਾਂ ਜੋ ਦੇਸ਼ ਦਾ ਕੋਟਾ ਖ਼ਤਮ ਹੋਵੇ ਅਤੇ ਬਾਕੀ ਨੌਜਵਾਨ ਇਸ ਬੁਰਾਈ ਤੋਂ ਬਚ ਸਕਣ। ਇਹ ਮੇਰੀ ਦੇਸ਼-ਭਗਤੀ ਹੈ!”
ਮੈਂ ਪ੍ਰੋਫੈਸਰ ਸਾਹਿਬ ਦੀ ਇਸ ‘ਮੋਟੇ ਸਰੀਰ ਅਤੇ ਪਤਲੇ ਵਿਚਾਰਾਂ’ ਵਾਲੀ ਫਿਲਾਸਫੀ ਨੂੰ ਸਿਰ ਝੁਕਾ ਕੇ ਸਲਾਮ ਕੀਤਾ ਅਤੇ ਘਰ ਆ ਗਿਆ।
ਲੇਖਕ ਗੁਰਸੇਵਕ ਸਿੰਘ। ਝੁਨੀਰ , ਪੰਜਾਬੀ ਮਾਸਟਰ , ਸ ਸ ਸ ਸ ਫੱਤਾ ਮਾਲੋਕਾ (ਮਾਨਸਾ )
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly




