HOME ਗੁਰ ਕੈ ਸਬਦਿ ਮਨ ਕਉ ਸਮਝਾਵਹਿ 

ਗੁਰ ਕੈ ਸਬਦਿ ਮਨ ਕਉ ਸਮਝਾਵਹਿ 

 ਡਾ. ਸਤਿੰਦਰ ਪਾਲ ਸਿੰਘ 

ਡਾ. ਸਤਿੰਦਰ ਪਾਲ ਸਿੰਘ

  (ਸਮਾਜ ਵੀਕਲੀ)   ਕੂੜ੍ਹ  ਦੀ ਅਮਾਵਸਿਆ ਵਿੱਚ ਸੱਚ ਦੇ ਚੰਦ੍ਰਮਾ ਨੂੰ ਪ੍ਰਗਟ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਸ਼ਬਦ ਨੂੰ ਸ਼ਕਤੀ ਬਣਾ ਕੇ ਹਨੇਰੇ ਦਾ ਤੰਤਰ ਭੰਗ ਕੀਤਾ। ਆਪ ਨੇ ਸ਼ਬਦ ਵਿੱਚ ਸੰਪੂਰਨ ਗਿਆਨ ਦਾ ਚਾਨਣ ਸਮੋ ਕੇ ਮਨੁੱਖਤਾ ਦੀ ਰਾਹ ਨੂੰ  ਸਦਾ ਲਈ ਰੋਸ਼ਨ ਕਰ ਦਿੱਤਾ।ਗੁਰਸਿੱਖ ਲਈ ਗੁਰਬਾਣੀ ਹੀਰੇ , ਰਤਨਾਂ ਤੋਂ ਵੀ ਅਨਮੋਲ ਹੈ ਕਿਉਂਕਿ ਜੀਵਨ ਉੱਧਾਰ ਲਈ ਇਹ ਭਗਤੀ ਦਾ ਅਪਾਰ ਭੰਡਾਰ ਹੈ। ਇਸ ਖਜਾਨੇ ਨੂੰ ਪ੍ਰਾਪਤ ਕਰਨ ਲਈ ਉੱਦਮ ਕਰਨਾ ਪੈਂਦਾ ਹੈ। ਗੁਰੂ ਅਰਜਨ ਸਾਹਿਬ ਨੇ ਗੁਰਬਾਣੀ ਦੀ ਮਰਿਆਦਾ ਦੱਸੀ “ ਗਾਵਤ ਸੁਨਤ ਕਮਾਵਤ ਨਿਹਾਲ “ । ਗੁਰਬਾਣੀ ਗਾਵਣਾ ਤਾਂ ਸਕਾਰਥ ਹੈ ਜੇ ਮਨ ਅੰਦਰ ਆਨੰਦ ਵਿਆਪਤ ਹੋ ਜਾਵੇ “ ਮਨ ਰੇ ਸਦਾ ਅਨੰਦੁ ਗੁਣ ਗਾਇ “ । ਗੁਰਬਾਣੀ ਸੁੰਨਣਾ  ਤਾਂ ਲਾਹੇਵੰਦ ਹੈ ਜੇ ਇਹ  ਪਰਮਾਤਮਾ ਨਾਲ ਮੇਲ ਦੀ ਵਿਹਵਲਤਾ ਪੈਦਾ ਹੁੰਦੀ  ਹੈ “ ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ “ । ਗੁਰਬਾਣੀ ਨੂੰ ਕਮਾਉਣਾ ਸਚਿਆਰ ਆਚਾਰ ਹੈ “ ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ “ । ਗੁਰਬਾਣੀ ਗਾਵਣਾ ਮਨ ਅੰਦਰ ਆਨੰਦ ਤਾਂ ਪੈਦਾ ਕਰਦਾ ਹੈ ਜਦੋਂ ਗੁਰੂ ਦੀ ਆਗਿਆ ਮੰਨ ਮਾਇਆ , ਵਿਕਾਰਾਂ ਤੋਂ ਉਦਾਸ ਹੋ ਜਾਏ। ਮਨ ਜਦੋਂ ਸੰਸਾਰ ਨੇ ਨਾਸ਼ਵਾਨ ਰੂਪ ਨੂੰ ਜਾਣ ਲੈਂਦਾ ਹੈ , ਪਰਮਾਤਮਾ ਦੀ ਸੱਤਾ ਨੂੰ ਸਵੀਕਾਰ ਕਰ ਲੈਂਦਾ ਹੈ ਤਾਂ ਗੁਰਬਾਣੀ ਸੁੰਨਣਾ ਮਨ ਅੰਦਰ ਪਰਮਾਤਮਾ ਨਾਲ ਮੇਲ ਦੀ ਵਿਹਵਲਤਾ ਨੂੰ ਜਨਮ ਦਿੰਦਾ ਹੈ।ਗੁਰਸਿੱਖ ਮਨ , ਤਨ ਨਾਲ ਗੁਰੂ , ਪਰਮਾਤਮਾ ਨੂੰ ਪੂਰਨ ਸਮਰਪਿਤ ਹੋ ਜਾਏ ,  “ ਅਬ ਹਮ ਚਲੀ ਠਾਕੁਰ ਪਹਿ ਹਰਿ “ ਤਾਂ ਗੁਰੂ ਦੀਆਂ ਸਿਖਿਆਵਾਂ ਤੇ ਅਡੋਲ ਚੱਲਣ ਦਾ ਸੰਕਲਪ ਦ੍ਰਿੜ੍ਹ ਹੁੰਦਾ ਹੈ। ਮਨੁੱਖ ਦਾ ਜੀਵਨ “ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ “ ਦਾ ਪ੍ਰਤੀਕ ਬਣ ਜਾਂਦਾ ਹੈ। ਗੁਰਬਾਣੀ ਪੜ੍ਹਨ , ਸੁਨਣ ਦਾ ਮਨੋਰਥ “ ਸਚੁ ਆਚਾਰ “ ਤੱਕ ਪੁੱਜਣਾ ਹੈ। ਇਹ ਗੁਰਸਿੱਖ ਦੀ ਭਗਤੀ ਦੀ ਯਾਤਰਾ ਹੈ ਜੋ ਗੁਰਬਾਣੀ ਕਰਾਉਂਦੀ ਹੈ। ਗੁਰਬਾਣੀ ਦਾ ਪੜ੍ਹਨਾ , ਸੁਨਣਾ , ਕਮਾਉਣਾ , ਅਧਿਆਤਮਿਕ ਅਧਿਐਨ ਰਾਹੀਂ ਆਪਣੇ ਆਪ ਨੂੰ ਨਿਰਮਲਤਾ ਨਾਲ ਸੰਵਾਰ , ਗੁਣਾਂ ਨਾਲ ਸਿੰਗਾਰ ਕੇ  ਸਚਿਆਰ ਹੋ ਜਾਣਾ ਹੈ। ਗੁਰਬਾਣੀ ਦਾ ਇੱਕ ਇੱਕ ਸ਼ਬਦ ਧਰਮ ਦੇ ਸਾਰ ਤੱਤ  ਨਾਲ ਜੋੜਦਾ ਹੈ। 

ਗੁਰਬਾਣੀ ਨੂੰ ਭਵਜਲ ਤੋਂ ਪਾਰ ਕਰਨ ਵਾਲਾ ਬੋਹਿਥ ਵੀ ਕਿਹਾ ਗਿਆ ਹੈ “ ਗੁਰੁ ਬੋਹਿਥੁ ਸਬਦਿ ਭੈ ਤਰਣਾ “ । ਪਾਰ ਜਾਣਾ ਹੋਵੇ ਤਾਂ ਪੂਰਾ ਹੀ ਜਹਾਜ ਤੇ ਚੜ੍ਹਨਾ ਪੈਂਦਾ ਹੈ। ਗੁਰਬਾਣੀ ਜੀਵਨ ਨੂੰ ਤਾਂ ਹੀ ਸੁਆਰਦੀ  ਹੈ ਜੇ ਪੜ੍ਹਨ , ਸੁਨਣ ਤੇ ਕਮਾਉਣ ਦੇ  ਤਿੰਨੋਂ ਸੰਕਲਪ ਗੁਰ ਸਬਦ ਅਨੁਸਾਰ ਪੂਰੇ ਹੋਣ। ਇਹ ਨਾਲ ਨਾਲ ਚੱਲਦੇ ਹਨ , ਜਿਵੇਂ ਜਹਾਜ ਚੱਲਦਾ ਹੈ ਤਾਂ ਬਹੁਤ ਸਾਰੇ ਪੁਰਜੇ ਇੱਕ ਨਾਲ ਕਿਰਿਆਸ਼ੀਲ ਹੁੰਦੇ ਹਨ।  ਇੱਕ ਵੀ ਪੁਰਜਾ ਨਾਂ ਚੱਲੇ ਤਾਂ ਜਹਾਜ ਰੁੱਕ ਜਾਂਦਾ ਹੈ।ਗੁਰਬਾਣੀ ਦੀ ਯਾਤਰਾ ਵੀ ਇਹੋ ਜਿਹੀ ਹੀ ਹੈ।ਗੁਰਬਾਣੀ ਪੜ੍ਹੀ ਜਾਣਾ ਬਿਨਾ ਇਹ ਜਾਣਿਆਂ ਕਿ ਗੁਰਬਾਣੀ ਪੜ੍ਹਨ ਨਾਲ ਮਨ ਦੀ ਕਿਹੋ ਜਿਹੀ ਅਵਸਥਾ ਦਾ ਸਿਰਜਣ ਹੋਣਾ ਚਾਹੀਦੇ ਕਿਵੇਂ ਗੁਰਬਾਣੀ ਪੜ੍ਹਿਆ ਜਾਣਾ ਕਿਹਾ ਜਾ ਸਕਦਾ ਹੈ। ਪੜ੍ਹਨਾ ਹੀ ਮਨੋਰਥ ਨਹੀਂ ਹੈ “ ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ “ । ਨਿਤਨੇਮ ਦੀਆਂ ਬਾਣੀਆਂ ਜਪੁ ਸਾਹਿਬ , ਜਾਪੁ ਸਾਹਿਬ , ਤ੍ਵ ਪ੍ਰਸਾਦਿ ਸਵੈਯੇ , ਸੋਦਰ ਤੇ ਸੋਹਿਲਾ ਤੋਂ ਬਾਅਦ ਸੱਭ ਤੋਂ ਜਿਆਦਾ ਪੜ੍ਹੀ ਜਾਣ ਵਾਲੀ ਬਾਣੀ ਸੁਖਮਨੀ ਸਾਹਿਬ ਹੈ। ਗੁਰੂ ਅਰਜਨ ਸਾਹਿਬ ਦੀ ਉਚਾਰੀ ਇਸ ਬਾਣੀ ਨੂੰ ਸੁੱਖ ਪ੍ਰਾਪਤੀ ਲਈ ਵਿਸ਼ੇਸ਼ ਬਾਣੀ ਮੰਨ ਲਿਆ ਗਿਆ ਹੈ ਜਬਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਹੀ ਸੁੱਖ ਦਾਇਕ ਬਾਣੀ ਹੈ।  ਗੁਰੂ ਅਰਜਨ ਸਾਹਿਬ ਨੇ ਆਪ ਵਚਨ ਕੀਤਾ “ ਗੁਰ ਕੀ ਬਾਣੀ ਸਿਉ ਰੰਗੁ ਲਾਇ।।  ਗੁਰੁ ਕਿਰਪਾਲੁ ਹੋਇ ਦੁਖੁ ਜਾਇ।।  ‘ ।  ਸੁਖਮਨੀ ਸਾਹਿਬ ਦੀ ਬਾਣੀ ਨੂੰ ਹੀ ਸੁੱਖ ਪ੍ਰਾਪਤੀ ਲਈ ਪੜ੍ਹਨਾ ਆਪ ਗੁਰੂ ਅਰਜਨ ਸਾਹਿਬ ਦੇ ਵਚਨ ਦੀ ਉਲੰਘਣਾ ਹੈ।  ਸ੍ਰੀ ਗੁਰੂ ਗਰੰਥ ਸਾਹਿਬ ਦੇ ਅੰਗ ੨੬੨ ਤੋਂ ੨੯੬ ਤੱਕ ਸੁਸ਼ੋਭਿਤ ਇਸ ਬਾਣੀ ਵਿੱਚ ੨੪  ਅਸ਼ਟਪਦੀਆਂ ਹਨ।  ਹਰ ਅਸ਼ਟਪਦੀ ਇੱਕ ਸ਼ਲੋਕ ਨਾਲ ਆਰੰਭ ਹੁੰਦੀ ਹੈ।  ਇਹ ਗਿਆਨ ਦੀ ਬਾਣੀ ਹੈ ਜਿਸ ਵਿੱਚ ਸਿਮਰਨ ਦੀ ਮਹੱਤਤਾ , ਨਾਮ ਦੀ ਟੇਕ , ਸੱਚੇ ਕਰਮਾਂ ਦੀ ਪ੍ਰੇਰਣਾ , ਪ੍ਰਮਾਤਮਾ ਦੇ ਗੁਣ , ਜੀਵਨ ਵਿਵਹਾਰ , ਸਾਧ ਸੰਗ, ਬ੍ਰਹਮ ਗਿਆਨੀ ਦੇ ਲੱਖਣ , ਧਰਮ ਮੰਡਲ ਦਾ ਹਾਲ , ਧਾਰਨ ਜੋਗ ਗੁਣ , ਸੱਚੀ ਭਗਤੀ , ਸੱਚੇ ਭਗਤ ਦੇ ਗੁਣ ਦੱਸੇ ਗਏ ਹਨ। ਇਸ ਬਾਣੀ ਦੀ ਇੱਕ ਇੱਕ ਪੰਕਤੀ ਧਿਆਨ ਨਾਲ ਪੜ੍ਹ ਕੇ ਵਿਚਾਰਨ ਅਤੇ ਆਚਾਰ ਵਿੱਚ ਧਾਰਨ ਕਰਨ ਜੋਗ ਹੈ। ਸੁਖਮਨੀ ਸਾਹਿਬ ਦੀ ਬਾਣੀ ਨਿੱਤ ਪੜ੍ਹ ਕੇ ਨਿੱਤ ਵਿਚਾਰਨ ਤੇ ਆਤਮਿਕ ਅਵਸਥਾ ਦੇ ਨਿਰੰਤਰ ਸਿਰਜਣ ਦੀ ਪ੍ਰੇਰਣਾ ਪ੍ਰਾਪਤ ਹੁੰਦੀ ਹੈ। ਜਿਸ ਨੇ ਇਸ ਪਾਵਨ ਬਾਣੀ ਨੂੰ ਗੰਭੀਰਤਾ ਨਾਲ ਪੜ੍ਹ ਕੇ ਵਿਚਾਰ ਲਿਆ ਉਹ ਆਪ ਹੀ ਸਵਾਲ ਕਰੇਗਾ ਕਿ ਸਿਰਫ ਬਾਣੀ ਪੜ੍ਹਨ ਨਾਲ ਕਿਵੇਂ ਸੁੱਖ ਪ੍ਰਾਪਤ ਹੋ ਜਾਣਗੇ।  ਗੁਰ ਸ਼ਬਦ ਦੀ ਭਾਵਨਾ  ਤੇ ਪ੍ਰਚਲਿਤ ਧਾਰਨਾ ਵਿੱਚ ਇੱਕ ਵੱਡਾ ਵਿਰੋਧਾਭਾਸ ਸਪਸ਼ਟ ਨਜਰ ਆ ਜਾਂਦਾ ਹੈ। 

ਗੁਰਬਾਣੀ ਪੂਰਨ ਗਿਆਨ ਹੈ। ਗੁਰਬਾਣੀ ਵਿੱਚ ਪੂਰਨ ਸਪਸ਼ਟਤਾ ਹੈ , ਵਰਤਮਾਨ ਜਾਂ ਭਵਿੱਖ ਵਿੱਚ ਉੱਠਣ  ਵਾਲੀ ਹਰ ਸ਼ੰਕਾ ਦਾ ਨਿਦਾਨ ਹੈ। ਗੁਰੂ ਸਾਹਿਬਾਨ ਦੀ ਦ੍ਰਿਸ਼ਟੀ ਜੁਗਾਂ ਤੋਂ ਹੀ ਨਹੀਂ ਕਾਲ ਤੋਂ ਵੀ ਪਰੇ ਤੱਕ ਸੀ। ਸੰਸਾਰ ਦੇ ਸਾਰੇ ਧਰਮ ਗ੍ਰੰਥਾਂ ਵਿੱਚੋਂ ਮਨੁੱਖੀ ਮਨੋਵਿਗਿਆਨ ਦੀ ਸੱਭ ਤੋਂ ਗਹਿਰੀ ਸਮਝ  ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ। ਜਿਵੇਂ ਗੁਰਬਾਣੀ ਅੱਜ ਪ੍ਰਾਸੰਗਿਕ ਹੈ ਉਵੇਂ ਹੀ ਰਹਿੰਦੀ ਦੁਨੀਆ ਤੱਕ ਇਸ ਦੀ ਪ੍ਰਾਸੰਗਿਕਤਾ ਕਾਇਮ ਰਹਿਣ ਵਾਲੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਦਾ ਸਿੱਖ ਪੰਥ ਹੀ ਨਹੀਂ ਸੰਪੂਰਨ ਮਨੁੱਖਤਾ ਤੇ ਮਹਾਨ ਉਪਕਾਰ ਸੀ। ਇਸ ਉਪਕਾਰ ਦੀ ਮਹੱਤਤਾ ਨਾ ਸਮਝਣ ਕਾਰਨ ਹੀ ਨਵੀਆਂ ਨਵੀਆਂ ਪਰੰਪਰਾਵਾਂ ਕਾਇਮ ਕੀਤੀਆਂ ਜਾ ਰਹੀਆਂ ਹਨ।  ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਚਾਲੀਹ ਦਿਨ ਦੀ  ਸੁਖਮਨੀ ਸਾਹਿਬ ਦੇ ਪਾਠ ਦੀ ਲੜੀ ਚਲਾਈ ਜਾਣ ਲੱਗ ਪਈ ਹੈ।ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਯਾਦ ਕਰਨਾ ਹੈ ਤਾਂ ਕੀ ਉਨ੍ਹਾਂ ਦੀ ਸਿਫਤ ਦੀ ਬਾਣੀ ਪੜ੍ਹਨਾ ਜੋਗ ਨਹੀਂ। ਭੱਟ ਸਾਹਿਬਾਨ ਦੀ  ਗੁਰੂ ਸਾਹਿਬ ਦੀ ਉਸਤਤ ਵਿੱਚ ਰਚੀ ਬਾਣੀ ਸ੍ਰੀ ਗੁਰੂ ਗ੍ਰੰਥ  ਸਾਹਿਬ ਵਿੱਚ ਅੰਕਿਤ ਹੈ। ਸੁਖਮਨੀ ਸਾਹਿਬ ਤਾਂ ਗੁਰਸਿੱਖ ਨੂੰ ਉਪਦੇਸ਼ ਤੇ ਪ੍ਰੇਰਨਾ ਦੀ ਬਾਣੀ ਹੈ , ਸਚੁ ਆਚਾਰ ਦੀ ਬਾਣੀ ਹੈ।  ਇਸ ਬਾਣੀ ਨੂੰ  ਪੜ੍ਹਨ ਨਾਲ ਗੁਰੂ ਅਰਜਨ ਸਾਹਿਬ ਦੀ ਲਾਸਾਨੀ ਸ਼ਹੀਦੀ ਨੂੰ ਨਮਨ ਕਿਵੇਂ ਹੋ ਜਾਂਦਾ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਮਨ ਅੰਦਰ ਭਾਵਨਾ ਪੈਦਾ ਕਰੇ ਇਸ ਲਈ ‘ ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ।। ਜਿਸੁ ਸਿਮਰਤ ਦੁਰਮਤਿ ਮਲੁ ਨਾਸੀ।। ਸਤਿਗੁਰ ਚਰਣ ਕਵਲ ਰਿਦਿ ਧਾਰੰ।।  ਗੁਰ ਅਰਜੁਨ ਗੁਣ ਸਹਜਿ ਬਿਚਾਰੰ। ।  “ ਜਿਹੀ ਬਾਣੀ ਦੇ ਜਾਪ ਦਾ ਕੀ ਕੋਈ ਸ੍ਰੇਸ਼ਟ  ਵਿਕਲਪ ਹੋ ਸਕਦਾ ਹੈ ਜੇ ਅਵਸਰ ਨੂੰ ਹੀ ਮੁੱਖ ਰੱਖਿਆ ਜਾਵੇ । ਗੁਰਬਾਣੀ ਸਦਾ ਹੀ ਸੋਚ , ਵਿਚਾਰ ਤੇ  ਆਤਮ ਸੋਧ ਦਾ ਮੌਕਾ ਦਿੰਦੀ ਹੈ। ਗੁਰਸਿੱਖ ਦੇ ਸਾਹਮਣੇ ਸਦਾ ਹੀ ‘ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ “ ਇੱਕ ਮਨੋਰਥ ਬਣ ਕੇ ਖੜਾ ਰਹਿੰਦਾ ਹੈ। ਇਹ ਤਾਂ ਹੀ ਸੰਭਵ ਹੈ ਜਦੋਂ ਗੁਰਬਾਣੀ ਨੂੰ ਗਿਆਨ  ਚਾਨਣ ਦੀ ਬਾਣੀ  ,ਆਤਮਿਕ ਨਿਰਮਲਤਾ ਦੀ ਅੰਮ੍ਰਿਤ ਬਾਣੀ , ਗੁਰ ਪੂਰੇ ਦੀ ਬਾਣੀ , ਗੁਰ ਪੀਰਾ ਗਹਿਰ ਗੰਭੀਰਾ ਦੀ ਬਾਣੀ, ਮਹਾ ਪੁਰਖ ਦੀ ਬਾਣੀ   ਮੰਨਣ ਲਈ ਮਨ ਸੱਚੇ ਹਿਰਦੈ ਨਾਲ ਤਿਆਰ ਹੋਵੇ। 

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

                                             

                                                                                     

                                                                            

 

                                      

Previous articleਕਿਰਗਿਜ਼ਸਤਾਨ ਸਮੇਤ ਪੰਜ ਦੇਸ਼ UNSC ਦੇ ਗੈਰ-ਸਥਾਈ ਮੈਂਬਰਾਂ ਵਜੋਂ ਚੁਣੇ ਗਏ ਹਨ ਅਤੇ 1 ਜਨਵਰੀ ਤੋਂ ਆਪਣੀਆਂ ਸੀਟਾਂ ਸੰਭਾਲਣਗੇ।
Next articleਹੁਣ, ਪੁਣੇ ਵਿੱਚ ਨਾਸਿਕ ਵਰਗਾ ਟੀਸੀਐਸ ਘੁਟਾਲਾ ਸਾਹਮਣੇ ਆਇਆ ਹੈ, ਜਿਸ ਵਿੱਚ ਵਿਪਰੋ ਦੀ ਇੱਕ ਮਹਿਲਾ ਕਰਮਚਾਰੀ ਨੇ ਧਰਮ ਪਰਿਵਰਤਨ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ।