(ਵਿਸ਼ਵ ਵਾਤਾਵਰਣ ਦਿਵਸ ਤੇ ਵਿਸ਼ੇਸ)

(ਸਮਾਜ ਵੀਕਲੀ) ਹਰ ਸਾਲ 05 ਜੂਨ ਨੂੰ ਪੂਰੇ ਵਿਸਵ ਪੱਧਰ ਤੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਵਿਸਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸਦੀ ਸੁਰੂਆਤ ਸੰਯੁਕਤ ਰਾਸ਼ਟਰ ਦੁਆਰਾ ਸਾਲ 1972 ਵਿੱਚ ਕੀਤੀ ਗਈ ਤਾਂ ਜੋ ਲੋਕਾਂ ਵਿੱਚ ਵਾਤਾਵਰਣ ਸੰਭਾਲ ਪ੍ਤੀ ਰਾਜਨੀਤਕ ਅਤੇ ਸਮਾਜਿਕ ਚੇਤਨਾ ਉਤਪੰਨ ਕੀਤੀ ਜਾ ਸਕੇ। ਯੁਨਾਈਟਡ ਨੇਸ਼ਨ ਵਾਤਾਵਰਣ ਪ੍ਰੋਗਰਾਮ ਦੁਆਰਾ ਹਰ ਸਾਲ ਇਸ ਦਿਵਸ ਸਬੰਧੀ ਇੱਕ ਖਾਸ ਵਿਸ਼ਾ (ਥੀਮ) ਨਿਰਧਾਰਿਤ ਕੀਤਾ ਜਾਂਦਾ ਹੈ। ਇਸ ਸਾਲ ਵਾਤਾਵਰਣ ਦਿਵਸ ਦਾ ਵਿਸ਼ਾ ਹੈ “ਪ੍ਰਕਿਰਤੀ ਤੋਂ ਪ੍ਰੇਰਿਤ। ਜਲਵਾਯੂ ਲਈ। ਸਾਡੇ ਭਵਿੱਖ ਲਈ।” ਇਹ ਥੀਮ ਮੁੱਖ ਰੂਪ ਵਿੱਚ ਜਲਵਾਯੂ ਪਰਿਵਰਤਨ ਦੇ ਖਿਲਾਫ ਤਤਕਾਲ ਅਤੇ ਠੋਸ ਕਦਮ ਚੁੱਕਣ ਤੇ ਆਧਾਰਿਤ ਹੈ।ਇਸ ਸਾਲ ਅੰਤਰਰਾਸ਼ਟਰੀ ਪੱਧਰ ਤੇ ਵਾਤਵਰਣ ਦਿਵਸ ਦੀ ਮੇਜ਼ਬਾਨੀ ਅਜਰਬੈਜਾਨ ਦੇਸ਼ ਕਰ ਰਿਹਾ ਹੈ।ਇਸ ਸਬੰਧੀ ਬਹੁਤ ਸਾਰੇ ਸਮਾਰੋਹ ਇਸ ਦੇਸ ਦੀ ਰਾਜਧਾਨੀ ਬਾਕੂ ਵਿੱਚ ਕਰਵਾਏ ਜਾ ਰਹੇ ਹਨ।
ਹਰ ਸਾਲ ਵਿਸ਼ਵ ਪੱਧਰ ਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਹੋਰਨਾਂ ਦੇਸ਼ਾਂ ਵਾਂਗ ਸਾਡੇ ਦੇਸ ਵਿਚ ਵੀ ਇਸ ਦਿਨ ਅਨੇਕਾਂ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ। ਵਾਤਾਵਰਣ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਸਹਿਰਾਂ ਵਿੱਚ ਲੋਕਾਂ ਨੂੰ ਵਾਤਾਵਰਣ ਪੱਖੀ ਜੀਵਨ ਸ਼ੈਲੀ ਅਪਨਾਉਣ ਅਤੇ ਹੋਰਨਾਂ ਨੂੰ ਵੀ ਵਾਤਾਵਰਣ ਸੰਭਾਲ ਸਬੰਧੀ ਸੁਚੇਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਂਝ ਮੇਰਾ ਇਹ ਨਿੱਜੀ ਵਿਚਾਰ ਹੈ ਕਿ ਇੱਕ ਦਿਨ ਵਾਤਾਵਰਣ ਦਿਵਸ ਮਨਾ ਕੇ ਅਸੀਂ ਆਪਣੀ ਜਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ ਬਲਕਿ ਵਾਤਾਵਰਣ ਸੰਭਾਲ ਸਾਨੂੰ ਹਰ ਸਮੇਂ ਹਰ ਦਿਨ ਕਰਨੀ ਚਾਹੀਦੀ ਹੈ। ਇਹ ਡਿਉਟੀ ਸਾਡੀ ਸਾਰਿਆਂ ਦੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਹੋਣੀ ਚਾਹੀਦੀ ਹੈ। ਵਾਤਵਰਣ ਰੱਖਿਆ ਸਾਡਾ ਸਾਰਿਆਂ ਦਾ ਮੁਢਲਾ ਕਰਤੱਵ ਹੈ।
ਧਰਤੀ ਇੱਕ ਵਿਲੱਖਣ ਗ੍ਹਹਿ ਹੈ। ਇਸ ਤੇ ਆਕਸੀਜਨ ਅਤੇ ਪਾਣੀ ਦੀ ਮੌਜੂਦਗੀ ਕਾਰਣ ਹੀ ਇੱਥੇ ਜੀਵਨ ਦੀ ਉਤਪਤੀ ਸੰਭਵ ਹੋ ਸਕੀ। ਪਰ ਅੱਜ ਪੂਰੇ ਵਿਸਵ ਵਿੱਚ ਮਨੁੱਖ ਦੁਆਰਾ ਕੁਦਰਤ ਨਾਲ ਕੀਤੇ ਖਿਲਵਾੜ ਕਾਰਨ ਵਾਤਾਵਰਣ ਸਬੰਧੀ ਅਨੇਕਾਂ ਹੀ ਸਮੱਸਿਆਵਾਂ ਉਤਪੰਨ ਹੋ ਗਈਆਂ ਹਨ ਜੋ ਕਿ ਸਾਡੀ ਧਰਤੀ ਤੇ ਚੱਲ ਰਹੇ ਜੀਵਨ ਲਈ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਸਾਡਾ ਸੂਬਾ ਵੀ ਕਈ ਤਰ੍ਹਾਂ ਦੀਆਂ ਵਾਤਾਵਰਣ ਸਮੱਸਿਆਵਾਂ ਨਾਲ ਘਿਰਦਾ ਜਾ ਰਿਹਾ ਹੈ। ਕਿਸੇ ਵੇਲੇ ਪੰਜਾਬ ਦਾ ਨਾਮ ਪੰਜ ਦਰਿਆਵਾਂ ਦੀ ਧਰਤੀ ਪੰਜ + ਆਬ ਤੋਂ ਪਿਆ ਭਾਵ ਇੱਥੇ ਪਾਣੀ ਦੀ ਬਹੁਤਾਤ ਸੀ ਪਰ ਅੱਜ ਸਾਡਾ ਪੰਜਾਬ ਮਾਰੂਥਲ ਬਨਣ ਵੱਲ ਵਧਦਾ ਜਾ ਰਿਹਾ ਹੈ। ਸਾਡੇ ਦੁਆਰਾ ਕੁਦਰਤ ਦੀ ਅਨਮੋਲ ਦਾਤ ਨੀਲੇ ਸੋਨੇ ਭਾਵ ਪਾਣੀ ਦੀ ਦੁਰਵਰਤੋਂ ਕਾਰਨ ਹੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਬਚੇਗਾ ਜਾਂ ਨਹੀਂ, ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸੇ ਤਰ੍ਹਾਂ ਹਰ ਸਾਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਲਗਦੀਆਂ ਅੱਗਾਂ ਨਾਲ ਵੀ ਪੰਜਾਬ ਦਾ ਵਾਤਾਵਰਣ ਬੁਰੀ ਤਰ੍ਹਾਂ ਪ੍ਭਾਵਿਤ ਹੋ ਰਿਹਾ ਹੈ। ਸਾਡੀ ਦੂਰ ਦਿ੍ਸ਼ਟੀ ਦੀ ਘਾਟ ਕਾਰਨ ਜਿੱਥੇ ਅਸੀਂ ਧਰਤੀ ਦੀ ਹਿੱਕ ਸਾੜ ਕੇ ਮਿੱਤਰ ਕੀੜੇ ਮਾਰ ਰਹੇ ਹਾਂ, ਉਸਦੇ ਨਾਲ ਹੀ ਵਾਤਾਵਰਣ ਨੂੰ ਸੰਤਲੁਤ ਰੱਖਣ ਵਿੱਚ ਸਹਾਈ ਰੁੱਖਾਂ ਅਤੇ ਪੰਛੀਆਂ ਦਾ ਅੰਨ੍ਹੇਵਾਹ ਨੁਕਸਾਨ ਕਰ ਰਹੇ ਹਾਂ। ਜੇ ਇਹ ਵਰਤਾਰਾ ਜਾਰੀ ਰਿਹਾ ਤਾਂ ਕੁਦਰਤ ਦੇ ਪ੍ਕੋਪ ਕਾਰਨ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਜਰਖੇਜ਼ ਉਪਜਾਊ ਜ਼ਮੀਨ ਬੰਜਰ ਬਣ ਜਾਵੇਗੀ। ਵਾਤਾਵਰਣ ਨਾਲ ਖਿਲਵਾੜ ਕਾਰਨ ਸਾਡੀਆਂ ਫਸਲਾਂ ਅਤੇ ਨਸਲਾਂ ਤੇ ਵੀ ਬਹੁਤ ਮਾਰੂ ਪ੍ਭਾਵ ਪੈ ਰਹੇ ਹਨ।
ਪੰਜਾਬ ਇੱਕ ਖੇਤੀ ਪ੍ਧਾਨ ਸੂਬਾ ਹੈ ਇਸ ਲਈ ਪੰਜਾਬ ਦੇ ਵਾਤਾਵਰਣ ਨੂੰ ਸੰਤੁਲਿਤ ਰੱਖਣ ਲਈ ਸਾਡੇ ਕਿਸਾਨ ਭਰਾ ਮੋਹਰੀ ਰੋਲ ਅਦਾ ਕਰ ਸਕਦੇ ਹਨ। ਮੇਰੀ ਪੁਰਜੋ਼ਰ ਬੇਨਤੀ ਹੈ ਹਰ ਕਿਸਾਨ ਆਪਣੀ ਮੋਟਰ ਜਾਂ ਖੇਤ ਵਿੱਚ ਘੱਟ ਤੋਂ ਘੱਟ 10 ਰੁੱਖ ਫਲਦਾਰ ਅਤੇ 10 ਰੁੱਖ ਛਾਂਦਾਰ ਜਰੂਰ ਲਗਾਏ ਤਾਂ ਜੋ ਸਾਡਾ ਪੰਜਾਬ ਦਾ ਵਾਤਾਵਰਣ ਸਾਡੀਆਂ ਫਸਲਾਂ ਲਈ ਅਨੂਕੂਲ ਬਣਿਆ ਰਹੇ । ਇਸੇ ਤਰ੍ਹਾਂ ਘਰਾਂ ਵਿੱਚ ਮੈਡੀਸ਼ਨ ਅਤੇ ਸਜਾਵਟੀ ਪੌਦੇ ਲਗਾਏ ਜਾਣ । ਇਸ ਨਾਲ ਜਿੱਥੇ ਅਸੀਂ ਆਪਣੇ ਵਾਤਾਵਰਣ ਨੂੰ ਠੀਕ ਰੱਖ ਸਕਦੇ ਹਾਂ, ਉਥੇ ਚੰਗੀ ਸਿਹਤ ਲਈ ਵੀ ਇਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇ ਘਰ ਵਿੱਚ ਜਗ੍ਹਾ ਘੱਟ ਹੋਵੇ ਤਾਂ ਗਮਲਿਆਂ ਵਿੱਚ ਵੀ ਤੁਲਸੀ, ਐਲੋਵੀਰਾ ਜਿਹੇ ਪੌਦੇ ਲਗਾਏ ਜਾ ਸਕਦੇ ਹਨ। ਪੰਜਾਬ ਦੀ ਆਬਾਦੀ ਲਗਭਗ 3 ਕਰੋੜ ਤੋਂ ਵੱਧ ਹੈ ਅਤੇ ਜੇਕਰ ਹਰ ਵਿਅਕਤੀ ਇਸ ਵਾਤਵਰਣ ਦਿਵਸ ਤੇ ਇੱਕ ਰੁੱਖ ਲਗਾ ਕੇ ਉਸਦੀ ਸੰਭਾਲ ਕਰੇ ਤਾਂ ਸਿੱਧੇ 3 ਕਰੋੜ ਦਰੱਖਤ ਉੱਗਣਗੇ। ਨਤੀਜੇ ਵਜੋਂ ਅਗਲੀਆਂ ਗਰਮੀਆਂ ਵਿੱਚ ਤਾਪਮਾਨ ਘਟੇਗਾ, ਲੂੰ ਤੋਂ ਰਾਹਤ ਮਿਲੇਗੀ ਅਤੇ ਮੀਂਹ ਵੀ ਵੱਧ ਪੈਣਗੇ।
ਵਾਤਾਵਰਣ ਸੰਭਾਲ ਲਈ ਪੰਜਾਬ ਦੇ ਹਰ ਵਾਸੀ ਨੂੰ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। ਵਾਤਾਵਰਣ ਸੰਭਾਲ ਲਈ ਪੰਜਾਬ ਸਰਕਾਰ ਵਲੋਂ ਵੀ ਸਮੇਂ- ਸਮੇਂ ਤੇ ਅਨੇਕਾਂ ਸਕੀਮਾਂ ਚਲਾਈਆਂ ਜਾਂਦੀਆਂ ਹਨ। ਇਸ ਸਾਲ ਵਣ ਵਿਭਾਗ ਵੱਲੋਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 6.5 ਲੱਖ ਬੂਟੇ ਲਗਾਏ ਜਾ ਰਹੇ ਹਨ। ਸਾਨੂੰ ਸਭ ਨੂੰ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਪੰਜਾਬ ਨੂੰ ਹਰਿਆ-ਭਰਿਆ ਬਨਾਉਣ ਲਈ ਸਹਿਯੋਗ ਅਤੇ ਹਰ ਸੰਭਵ ਉਪਰਾਲਾ ਕਰਨਾ ਚਾਹੀਦਾ ਹੈ। ਚੰਗਾ ਵਾਤਾਵਰਣ ਸਾਡੀ ਸਭ ਦੀ ਸਾਂਝੀ ਜ਼ਰੂਰਤ ਵੀ ਹੈ ਅਤੇ ਸਾਂਝੀ ਜਿੰਮੇਵਾਰੀ ਵੀ ਹੈ। ਆਓ ਇਸ ਵਿਸਵ ਵਾਤਾਵਰਣ ਦਿਵਸ ਮੌਕੇ ਆਪਾਂ ਰਲ ਮਿਲ ਕੇ ਇਹ ਪ੍ਣ ਕਰੀਏ ਕਿ ਪਾਣੀ ਬਚਾਈਏ, ਲਗਾਏ ਹੋਏ ਰੁੱਖਾਂ ਦੀ ਸੰਭਾਲ ਕਰੀਏ, ਪੰਛੀਆਂ ਅਤੇ ਜਾਨਵਰਾਂ ਦਾ ਖਿਆਲ ਰੱਖੀਏ, ਪ੍ਦੂਸਣ ਘਟਾਈਏ ਅਤੇ ਆਉਣ ਵਾਲੇ ਬਰਸਾਤੀ ਸੀਜਨ ਵਿੱਚ ਵੱਧ ਤੋਂ ਵੱਧ ਰੁੱਖ ਲਗਾ ਕੇ ਪੰਜਾਬ ਨੂੰ ਹਰਿਆ- ਭਰਿਆ ਤੇ ਖੁਸ਼ਹਾਲ ਬਣਾਈਏ।
ਕੁਲਦੀਪ ਸਿੰਘ ਬਾਦਸ਼ਾਹਪੁਰੀ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



